ਅਮਰੀਕਾ ਦੇ ਜਾਰਜੀਆ ਰਾਜ ਵਿਚ ਦੱਖਣੀ ਕੋਰੀਆ ਦੀ ਔਰਤ ਦੀ ਮੌਤ ਦੇ ਮਾਮਲੇ ਵਿਚ 6 ਜਣੇ ਗ੍ਰਿਫਤਾਰ

ਅਮਰੀਕਾ ਦੇ ਜਾਰਜੀਆ ਰਾਜ ਵਿਚ ਦੱਖਣੀ ਕੋਰੀਆ ਦੀ ਔਰਤ ਦੀ ਮੌਤ ਦੇ ਮਾਮਲੇ ਵਿਚ 6 ਜਣੇ ਗ੍ਰਿਫਤਾਰ
ਕੈਪਸ਼ਨ ਕੋਰੀਆਈ ਔਰਤ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ 5 ਵਿਅਕਤੀ। 6 ਵੇਂ ਸ਼ੱਕੀ ਦੋਸ਼ੀ ਦੀ ਤਸਵੀਰ ਤੇ ਨਾਂ ਨਬਾਲਗ ਹੋਣ ਕਾਰਨ ਜਾਰੀ ਨਹੀਂ ਕੀਤੇ ਗਏ

ਔਰਤ ਉਪਰ ਤਸ਼ੱਦਦ ਕੀਤਾ ਗਿਆ ਤੇ ਭੁੱਖਾ ਰਖਿਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਜਾਰਜੀਆ ਰਾਜ ਵਿਚ ਪੁਲਿਸ ਵੱਲੋਂ  ਦੱਖਣੀ ਕੋਰੀਆ ਦੀ ਇਕ ਔਰਤ ਦੀ ਮੌਤ ਦੇ ਮਾਮਲੇ ਵਿਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਇਕ ਧਾਰਮਿੱਕ ਸਮੂੰਹ '' ਸ਼ੋਲਜ਼ਰ ਆਫ ਕਰਾਈਸਟ'' ਦੇ ਮੈਂਬਰਾਂ ਵੱਜੋਂ ਕੀਤੀ ਗਈ ਹੈ। ਪੀੜਤ ਔਰਤ ਦੀ  ਉਮਰ ਤਕਰੀਬਨ 30 ਸਾਲ ਹੈ । ਗਵਿਨੈਟ ਕਾਊਂਟੀ ਪੁਲਿਸ ਵਿਭਾਗ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਔਰਤ ਦੀ ਲਾਸ਼ ਐਟਲਾਂਟਾ ਦੇ ਉਤਰ ਵਿਚ ਤਕਰੀਬਨ 25 ਮੀਲ ਦੂਰ ਡੁੂਲਥ ਸ਼ਹਿਰ ਦੇ ਪ੍ਰਸਿੱਧ ਦੱਖਣੀ ਕੋਰੀਆਈ ਸਪਾ ਜੇਜੂ ਸੌਨਾ ਦੇ ਬਾਹਰ ਖੜੀ ਕਾਰ  ਦੇ ਪਿੱਛਲੇ ਹਿੱਸੇ ਵਿਚੋਂ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਔਰਤ ਉਪਰ ਤਸ਼ੱਦਦ ਕੀਤਾ ਗਿਆ ਤੇ ਭੁੱਖਾ ਰਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਜਾਂਚ ਦਫਤਰ ਦਾ ਵਿਸ਼ਵਾਸ਼ ਹੈ ਕਿ ਔਰਤ ਦੀ ਮੌਤ ਕੁਪੋਸ਼ਣ ਕਾਰਨ ਹੋਈ ਹੈ ਪਰੰਤੂ ਮੌਤ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਦੱਖਣੀ ਕੋਰੀਆ ਤੋਂ ਇਸ ਸਾਲ ਗਰਮ ਰੁੱਤ ਦੌਰਾਨ ਇਕ ਧਾਰਮਿੱਕ ਸੰਗਠਨ ਵਿਚ ਸ਼ਾਮਿਲ ਹੋਣ ਦੇ ਮਕਸਦ ਨਾਲ  ਆਈ ਸੀ। ਪੁਲਿਸ ਅਨੁਸਾਰ ਸ਼ੱਕੀ 26 ਸਾਲਾ ਐਰਿਕ ਹਿਊਨ ਨੇ ਆਪਣੀ ਕਾਰ ਪਾਰਕਿੰਗ ਵਿਚ ਖੜੀ ਕੀਤੀ ਸੀ ਜਿਥੇ ਉਸ ਦੇ ਇਕ ਪਰਿਵਾਰਕ ਮੈਂਬਰ ਨੂੰ ਕਾਰ ਵਿਚ ਲਾਸ਼ ਹੋਣ ਬਾਰੇ ਪਤਾ ਲੱਗਣ 'ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਬਰਾਮਦ ਕਰਨ ਉਪਰੰਤ ਪੁਲਿਸ ਨੇ ਉਸ ਘਰ ਦੀ ਤਲਾਸ਼ੀ ਲਈ ਜਿਥੇ ਔਰਤ ਨੂੰ ਰਖਿਆ ਗਿਆ ਸੀ। ਪੁਲਿਸ ਅਨੁਸਾਰ 'ਸ਼ੋਲਜ਼ਰ ਆਫ ਕਰਾਈਸਟ' ਨੇ ਔਰਤ ਨੂੰ ਕੁੱਟਿਆ ਮਾਰਿਆ ਤੇ ਉਸ ਦੀ ਮੌਤ ਹੋਣ ਤੱਕ ਉਸ ਨੂੰ ਘਰ ਵਿਚ ਬੰਦ ਰਖਿਆ। ਹਿਊਨ ਤੋਂ ਇਲਾਵਾ ਸ਼ੱਕੀ ਦੋਸ਼ੀਆਂ ਦੀ ਪਛਾਣ ਗਾਵੋਮ ਲੀ (26),ਜੋਨਹੋ ਲੀ (26), ਹਿਊਨਜੀ ਲੀ (25) ਤੇ ਝੂਨਹਾਉਮ ਲੀ (22) ਵਜੋਂ ਹੋਈ ਹੈ ਜਦ ਕਿ ਇਕ ਸ਼ੱਕੀ ਦੀ ਉਮਰ 15 ਸਾਲਾ ਹੈ ਜਿਸ ਦਾ ਨਾਂ ਤੇ ਤਸਵੀਰ ਜਾਰੀ ਨਹੀਂ ਕੀਤੀ ਗਈ। ਪੁਲਿਸ ਅਨੁੁਸਾਰ ਗ੍ਰਿਫਤਾਰ ਸਾਰੇ ਸ਼ੱਕੀ ਦੋਸ਼ੀਆਂ ਨੂੰ ਹੱਤਿਆ, ਬੰਦੀ ਬਣਾਉਣ, ਸਬੂਤਾਂ  ਨਾਲ ਛੇੜਛਾੜ ਕਰਨ ਸਮੇਤ ਹੋਰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।