ਕੈਲੀਫੋਰਨੀਆ ਵਿਚ 2 ਸਾਲ ਪਹਿਲਾਂ ਘਰ 'ਤੇ ਕਬਜਾ ਕਰਨ ਦੇ ਇਰਾਦੇ ਨਾਲ ਹੋਇਆ ਸੀ 96 ਸਾਲਾ ਔਰਤ ਦਾ ਕਤਲ ਸ਼ੈਰਿਫ ਬਿਲ ਬਰਾਊਨ

ਕੈਲੀਫੋਰਨੀਆ ਵਿਚ 2 ਸਾਲ ਪਹਿਲਾਂ ਘਰ  'ਤੇ ਕਬਜਾ ਕਰਨ ਦੇ ਇਰਾਦੇ ਨਾਲ ਹੋਇਆ ਸੀ 96 ਸਾਲਾ ਔਰਤ ਦਾ ਕਤਲ  ਸ਼ੈਰਿਫ ਬਿਲ ਬਰਾਊਨ
ਕੈਪਸ਼ਨ ਬਜੁਰਗ ਔਰਤ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ 4 ਵਿਚੋਂ 3 ਸ਼ੱਕੀ ਦੋਸ਼ੀ ਪੌਲਾਈਨ ਮੈਕਰੇਨੋ, ਹੈਰੀ ਬਸਮੈਡਜਿਆਨ (41) ਤੇ ਹੈਨਰੀ ਰੋਸਟੋਮਾਈਨ

* ਹੁਣ ਤੱਕ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਤਕਰੀਬਨ 2 ਸਾਲ ਪਹਿਲਾਂ ਇਕ 96 ਸਾਲਾ ਬਜ਼ੁਰਗ ਵਿਧਵਾ ਔਰਤ ਦੀ ਹੋਈ ਮੌਤ ਦੇ ਮਾਮਲੇ ਦੀ ਜਾਂਚ ਦੌਰਾਨ ਸਪਸ਼ਟ ਹੋਇਆ ਹੈ ਕਿ ਇਹ ਕੁੱਦਰਤੀ ਮੌਤ ਨਹੀਂ ਸੀ ਬਲਕਿ ਉਸ ਦੇ ਘਰ ਉਪਰ ਕਬਜ਼ਾ ਕਰਨ ਦੇ ਮਕਸਦ ਨਾਲ ਉਸ ਦੀ ਹੱਤਿਆ ਹੋਈ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਸਾਂਟਾ ਬਰਬਰਾ ਕਾਊਂਟੀ ਸ਼ੈਰਿਫ ਬਿਲ ਬਰਾਊਨ ਅਨੁਸਾਰ ਵੀਓਲੈਟ ਆਈਲਿਨ ਅਲਬਰਟਸ ਨਾਮੀ ਔਰਤ ਉਸ ਦੇ ਮੋਨਟੈਕਸੀਟੋ ਸਥਿੱਤ ਘਰ ਵਿਚ ਉਸ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ 27 ਮਈ 2022 ਨੂੰ ਮ੍ਰਿਤਕ ਹਾਲਤ ਵਿਚ ਮਿਲੀ  ਸੀ। ਉਸ ਦੇ ਘਰ ਦੀ ਇਕ ਖਿੜਕੀ ਟੁੱਟੀ ਹੋਈ ਸੀ। ਬਰਾਊਨ ਅਨੁਸਾਰ ਬਾਅਦ ਵਿਚ ਪੋਸਟ ਮਾਰਟਮ ਰਿਪੋਰਟ ਵਿਚ ਪਤਾ ਲੱਗਾ ਕਿ ਉਸ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਸਾਹ ਘੁੱਟਣ ਕਾਰਨ ਹੋਈ ਸੀ ਜਿਸ ਤੋਂ ਸਪੱਸ਼ਟ ਹੋਇਆ ਕਿ ਇਹ ਆਮ ਮੌਤ ਨਹੀਂ ਹੈ  ਬਲਕਿ ਕਤਲ ਹੈ। ਸ਼ੈਰਿਫ ਨੇ ਕਿਹਾ ਹੈ ਕਿ ਅਲਬਰਟਸ 'ਮਰਡਰ ਫਾਰ ਹਾਇਰ ਸਕੀਮ' ਦਾ ਨਿਸ਼ਾਨਾ ਬਣੀ ਹੈ।  ਅਲਬਰਟਸ ਕੋਲ ਕੀਮਤੀ ਘਰ ਸੀ ਪਰੰਤੂ ਉਹ ਵਿੱਤੀ ਹਾਲਾਤ ਨਾਲ ਜੂਝ ਰਹੀ ਸੀ। ਉਸ  ਨੂੰ ਪੈਸੇ ਦੀ ਲੋੜ ਸੀ। ਜਿਸ ਦਾ ਫਾਇਦਾ ਉਠਾਉਣ ਦੇ ਮਕਸਦ ਨਾਲ ਉਸ ਨੂੰ ਘਰ ਗਹਿਣੇ ਰਖਣ ਬਦਲੇ ਪੈਸੇ ਦੀ ਪੇਸ਼ਕਸ਼ ਕੀਤੀ ਗਈ ਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿਚ  ਰਿਕਾਰਡੋ ਮਾਰਟਿਨ ਡੈਲਕੈਂਪੋ (41) ਤੇ ਹੈਨਰੀ ਰੋਸਟੋਮਾਈਨ ਨੂੰ ਹਾਲ ਹੀ ਵਿਚ ਹੱਤਿਆ ਤੇ ਹੱਤਿਆ ਦੀ ਸਾਜਿਸ਼ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜੋ ਸਾਂਟਾ ਬਰਬਰਾ ਕਾਊਂਟੀ ਜੇਲ ਵਿਚ ਬੰਦ ਹਨ , ਤੀਸਰੇ ਵਿਅਕਤੀ ਹੈਰੀ ਬਸਮੈਡਜਿਆਨ (58) ਨੂੰ ਇਸ ਸਾਲ ਜਨਵਰੀ ਵਿਚ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ। ਜਦ ਕਿ ਪੌਲਾਈਨ ਮੈਕਰੇਨੋ (48) ਨਾਮੀ ਔਰਤ ਨੂੰ 2022 ਵਿਚ ਹੀ ਗਿਫਤਾਰ ਕਰ ਲਿਆ ਗਿਆ ਸੀ ਤੇ ਉਹ ਅਲਬਰਟਸ ਦੀ ਮੌਤ ਨਾਲ ਜੁੜੇ ਫਰਾਡ ਦੇ ਦੋਸ਼ਾਂ ਤਹਿਤ 6 ਸਾਲ ਦੀ ਸਜਾ ਕਟ ਰਹੀ ਹੈ । ਬਰਾਊਨ ਅਨੁਸਾਰ ਮੈਕਰੋਨੋ ਨੂੰ ਹੋਰ ਵਾਧੂ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪਵੇਗਾ।