ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦੇ ਮਾਮਲੇ ‘ਚ ਕੀਤੀ ਚਿੰਤਾ ਜ਼ਾਹਿਰ

ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦੇ ਮਾਮਲੇ ‘ਚ ਕੀਤੀ ਚਿੰਤਾ ਜ਼ਾਹਿਰ

• ਸੰਸਦ ਮੈਂਬਰ ਐਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਨੇ ਜਾਰੀ ਕੀਤਾ ਸੰਯੁਕਤ ਬਿਆਨ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ, 27 ਮਈ (ਰਾਜ ਗੋਗਨਾ )- ਅਮਰੀਕਾ ਦੀ ਮੌਜੂਦਾ ਸੰਸਦ ਦੇ ਚਾਰੇ ਭਾਰਤੀ-ਅਮਰੀਕੀ ਮੈਂਬਰਾਂ ਨੇ ਟੈਕਸਾਸ ਦੇ ਇਕ ਸਕੂਲ ‘ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨਾਲ ਕੀਤੇ ਗਏ ਦੁਰਵਿਵਹਾਰ ਦੀ ਹਾਲੀਆ ਘਟਨਾ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰਾਂ ਐਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਨੇ ਸੋਮਵਾਰ ਨੂੰ ਜਾਰੀ ਇਕ ਸੰਯੁਕਤ ਬਿਆਨ ਵਿਚ ਕਿਹਾ, ‘ਅਸੀਂ ‘ਕੋਪੇਲ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ’ ਦੇ ‘ਕੋਪੇਲ ਮਿਡਲ ਸਕੂਲ ਨਾਰਥ’ ਵਿਚ ਵਾਪਰੀ ਹਾਲੀਆ ਘਟਨਾ ‘ਤੇ ਆਪਣੀ ਗੰਭੀਰ ਚਿੰਤਾ ਨੂੰ ਪ੍ਰਗਟ ਕਰਨ ਲਈ ਇਹ ਪੱਤਰ ਲਿੱਖ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਘਟਨਾ ਦੀ ਵਿਆਪਕ ਪੱਧਰ ‘ਤੇ ਪ੍ਰਸਾਰਿਤ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ 14 ਸਾਲਾ ਬੱਚੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕਥਿਤ ਰੂਪ ਨਾਲ ਕੁਸ਼ਤੀ ਦੇ ਇਕ ਦਾਅ ਕਾਰਨ ਉਸ ਦਾ ‘ਦਮ ਘੁੱਟਣ ਲੱਗਾ’, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਸਕਦਾ ਸੀ।’

ਇਹ ਪਹਿਲੀ ਵਾਰ ਹੈ, ਜਦੋਂ ਚਾਰੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਸੰਯੁਕਤ ਰੂਪ ਨਾਲ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ, ‘ਇਸ ਵੀਡੀਓ ਨੇ ਭਾਰਤੀ-ਅਮਰੀਕੀ ਭਾਈਚਾਰੇ ‘ਚ ਵਿਆਪਕ ਰੋਸ ਪੈਦਾ ਕੀਤਾ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰ ਅਤੇ ਆਪਣੇ ਵਿਭਿੰਨ ਭਾਈਚਾਰਿਆਂ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ, ਇਕ ਭਾਰਤੀ-ਅਮਰੀਕੀ ਬੱਚੇ ਨੂੰ ਇਸ ਤਰ੍ਹਾਂ ਨਿਸ਼ਾਨ ਬਣਾਏ ਜਾਣ ਦੀ ਘਟਨਾ ਬਹੁਤ ਪਰੇਸ਼ਾਨ ਕਰ ਰਹੀ ਹੈ।’ ਇਹ ਪੱਤਰ ਟੈਕਸਾਸ ਬ੍ਰਾਡ ਹੰਟ ਵਿਚ ਸੀ.ਆਈ.ਐੱਸ.ਡੀ. ਦੇ ਪ੍ਰਧਾਨ ਅਤੇ ਸਕੂਲ ਦੇ ਪ੍ਰਿੰਸੀਪਲ ਗ੍ਰੇਗ ਅਕਸੇਲਸਨ ਨੂੰ ਸੰਬੋਧਿਤ ਕਰਕੇ ਲਿਖਿਆ ਗਿਆ ਹੈ।ਦੱਸ ਦੇਈਏ ਕਿ ਇੰਟਰਨੈੱਟ ‘ਤੇ ਪ੍ਰਸਾਰਿਤ ਇਕ ਵੀਡੀਓ ‘ਚ ਦਿਸ ਰਿਹਾ ਹੈ ਕਿ ਇਕ ਕੁਰਸੀ ‘ਤੇ ਬੈਠੇ ਭਾਰਤੀ-ਅਮਰੀਕੀ ਵਿਦਿਆਰਥੀ ਦੀ ਧੌਣ ਨੂੰ ਇਕ ਗੋਰੇ ਵਿਦਿਆਰਥੀ ਨੇ ਕਾਫ਼ੀ ਦੇਰ ਤੱਕ ਮਰੋੜ ਕੇ ਰੱਖਿਆ। ਵੀਡੀਓ ਵਿਚ ਇਕ ਗੋਰੇ ਵਿਦਿਆਰਥੀ ਨੂੰ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਆਪਣੀ ਕੁਰਸੀ ਤੋਂ ਉਠਣ ਲਈ ਕਹਿੰਦੇ ਹੋਏ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ। ਜਦੋਂ ਭਾਰਤੀ-ਅਮਰੀਕੀ ਵਿਦਿਆਰਥੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਦਾ ਗਲਾ ਘੁੱਟ ਦਿੱਤਾ ਗਿਆ ਅਤੇ ਉਸ ਨੂੰ ਕੁਰਸੀ ਤੋਂ ਜ਼ਬਰਦਸਤੀ ਹਟਾਇਆ ਗਿਆ।