ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ-ਕੈਲੇਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ-ਕੈਲੇਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਵੱਖ ਵੱਖ ਆਗੂਆਂ ਨੇ ਤਕਰੀਰਾਂ ਕੀਤੀਆਂ

ਅੰਮ੍ਰਿਤਸਰ ਟਾਈਮਜ਼

ਸਟਾਕਟਨ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) :ਗਦਰੀ ਬਾਬਿਆਂ ਦੀ ਯਾਦ ਵਿਚ ਬਣੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ-ਕੈਲੇਫੋਰਨੀਆ ਵਿਖੇ ਖਾਲਸਾ ਸਾਜਨਾ ਦਿਹਾੜੇ ਮੌਕੇ ਲਗਭਗ ਮਹੀਨਾ ਭਰ ਚੱਲੇ ਧਾਰਮਿਕ ਦੀਵਾਨਾਂ ਅਤੇ ਸ੍ਰੀ ਆਖੰਡ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਐਤਕਾਂ ਸੰਗਤਾਂ ਦੀ ਇਸ ਨਗਰ ਕਿਰਤਨ ਦੌਰਾਨ ਰਿਕਾਰਡ ਤੋੜ ਆਮਦ ਰਹੀ। ਇਹ ਸ਼ਾਇਦ ਇਸ ਕਰਕੇ ਹੋਇਆ ਕਿਉਂ ਕਿ ਕਰੋਨਾ ਵਾਇਰਸ ਤੋਂ ਬਾਅਦ ਇਹ ਪਹਿਲਾ ਨਗਰ ਕੀਰਤਨ ਸੀ।

ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਚਲੀ ਆ ਰਹੀ ਲੜੀ ਦੀ ਸੰਪੂਰਨਤ ਹੋਈ। ਇਸੇ ਤਰ੍ਹਾਂ ਹੀ 15 ਅਪ੍ਰੈਲ ਤੋਂ ਹਰ ਸ਼ਾਮ ਛੇ ਵਜੇ ਤੋਂ ਆਰੰਭ ਹੋ ਕੇ ਲਗਾਤਾਰ 17 ਅਪ੍ਰੈਲ ਤੱਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਭਾਈ ਜੁਝਾਰ ਸਿੰਘ ਜੀ ਹੁਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਸੇਵਕ ਸਿੰਘ ਜੀ ਸੰਗਰੂਰ ਵਾਲੇ, ਭਾਈ ਮਨਜੀਤ ਸਿੰਘ, ਭਾਈ ਜਗਮੋਹਨ ਸਿੰਘ ਜੰਮੂ ਹਜੂਰੀ ਰਾਗੀ ਸਟਾਕਟਨ ਗੁਰੁ ਘਰ, ਢਾਡੀ ਭਾਈ ਕੁਲਵੰਤ ਸਿੰਘ ਪੰਡੋਰੀ ਵਾਲੇ ਦਾ ਢਾਡੀ ਜਥਾ ਲਗਾਤਾਰ ਗੁਰਬਾਣੀ ਕੀਰਤਨ ਤੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ।

ਆਖਰੀ ਦਿਨ ਦੇ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ। ਐਤਕਾਂ ਵੀ ਦਿਵਾਨ ਹਾਲ ਚ ਵੱਖ ਵੱਖ ਬੁਲਾਰਿਆਂ ਦੇ ਦੌਰਾਨ ਖਾਲਿਸਤਾਨ ਦੇ ਨਾਅਰੇ ਲਗਦੇ ਰਹੇ। ਛਨੀਵਾਰ ਅਤੇ ਐਤਵਾਰ ਵਾਲੇ ਦਿਨ ਵੱਖ ਵੱਖ ਧਾਰਮਿਕ ਤੇ ਸਿਆਸੀ ਸਖਸ਼ੀਅਤਾਂ ਨੂੰ ਸਨਮਾਨਿਤ ਕਿਤਾ ਗਿਆ ਇਸ ਵੇਰਾਂ ਵੀ ਅਮਰਕੀਨ ਅਸੈਂਬਲੀਮੈਨ, ਕਾਂਗਰਸਮੈਨ , ਪੁਲੀਸ ਚੀਫ ਤੇ ਫਾਇਰ ਡਿਪਰਾਟਮੈਂਟ ਦੇ ਅਫਸਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸਟਾਕਟਨ ਵਲੋਂ ਸਨਮਾਨਿਤ ਕੀਤਾ ਗਿਆ, ਇਸ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਆਗੂਆਂ ਨੇ ਨੇ ਵੱਖ ਵੱਖ ਵਿਚਾਰ ਰੱਖੇ ਜਿਸ ਦੌਰਾਨ ਉਨਾਂ ਭਾਰਤ ਵਿੱਚ ਸਿੱਖਾਂ ਨਾਲ ਹੋਰ ਰਹੀ ਜਿਆਦਤੀ, ਸਜਾ ਕੱਟ ਚੁੱਕੇ ਸਿੰਘਾਂ ਨੂੰ ਰਿਹਾ ਨਾ ਕਰਨਾ ਤੇ ਪੰਜਾਬ ਨਾਲ ਕੇਂਦਰ ਵਲੋਂ ਹੋ ਰਿਹਾ ਆਰਥਿਕ ਸ਼ੋਸ਼ਣ ਮੁੱਖ ਮੁੱਦੇ ਰਹੇ।

 ਇਸ ਨਗਰ ਕੀਰਤਨ ਦੌਰਾਨ ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਮੁੱਖ ਸੁੰਦਰ ਫਲੋਟ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਦੇਹ ਸ਼ਸੋਭਤ ਸੀ, ਇਸ ਤੋਂ ਇਲਾਵਾ ਵੱਖ ਵੱਖ ਗੁਰੂ ਘਰਾਂ ਤੋਂ ਵਿਸ਼ੇਸ਼ ਤੌਰ ਤੇ ਫਲੋਟ ਸਜਾ ਕੇ ਨਗਰ ਕੀਰਤਨ ਚ ਸ਼ਾਮਿਲ ਕੀਤੇ ਗਏ ਸਨ। ਇਸ ਨਗਰ ਕੀਰਤਨ ਚ ਸੈਂਕੜੇ ਤਰਾਂ ਦੇ ਲੰਗਰਾਂ ਦਾ ਸੰਗਤ ਨੇ ਜਿਥੇ ਸੁਆਦ ਚੱਖਿਆ ਉਥੇ ਸੰਗਤ ਵਲੋਂ ਲੋੜੋਂ ਵੱਧ ਲੰਗਰ ਨੂੰ ਪੁਆ ਕੇ ਅੱਧ ਪਚੱਧਾ ਖਾ ਕੇ ਅਜਾਂਈ ਸੁੱਟਿਆ ਗਿਆ।

ਇਸ ਮੌਕੇ ਸਟਾਕਟਨ ਪੁਲੀਸ ਵਲੋਂ ਪੁਲੀਸ ਭਰਤੀ ਲਈ ਕੈਂਪ ਵੀ ਲਗਾਇਆ ਗਿਆ। ਨਗਰ ਕੀਰਤਨ ਦੌਰਾਨ ਭਾਂਵੇਂ ਪ੍ਰਬੰਧਕਾਂ ਵਲੋਂ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਉਹ ਕਾਫੀ ਨਹੀਂ ਸੀ ਤੇ ਸੰਗਤਾਂ ਵਲੋਂ ਮਜਬੂਰ ਹੋ ਕੇ ਲੋਕਾਂ ਦੇ ਘਰਾਂ ਅੱਗੇ ਗੱਡੀਆਂ ਖੜੀਆਂ ਕਰਨ ਲਈ ਕਾਲੇ ਤੇ ਹੋਰ ਲੋਕ ਸੰਗਤਾਂ ਕੋਲੋਂ 20-25 ਡਾਲਰ ਵਸੂਲਦੇ ਰਹੇ, ਪ੍ਰਬੰਧਕਾਂ ਨੂੰ ਇਸਦਾ ਕੋਈ ਸਥਾਈ ਹੱਲ ਕਰਨਾ ਚਾਹੀਦਾ ਹੈ।

ਨਗਰ ਕੀਰਤਨ ਵਿੱਚ ਤਕਰੀਬਨ ਸਾਰੇ ਹੀ ਫਲੋਟ ਖਾਲਿਸਤਾਨ ਸੰਘਰਸ਼ ਨੂੰ ਸਮੱਰਪਤ ਸਨ। ਡਾਕਟਰ ਅਮਰਜੀਤ ਸਿੰਘ, ਖਾਲਿਸਤਾਨ ਅਫੇਅਰਜ਼ ਸੈਂਟਰ ਨੇ ਖਾਲਿਸਤਾਨ ਦੀ ਲੋੜ ਅਤੇ ਖਾਲਸੇ ਦੀ ਵਿਰਾਸਤ ਬਾਰੇ ਭਾਵਪੂਰਨ ਤਕਰੀਰ ਕੀਤੀ। ਸਿੱਖ ਫੈਡਰੇਸ਼ਨ ਦੇ ਭਾਈ ਜਸਦੇਵ ਸਿੰਘ ਨੇ ਕਿਹਾ ਕਿ ਕਿਸੇ ਸੰਘਰਸ਼ ਦੀ ਕਾਮਯਾਬੀ ਲਈ ਜਜ਼ਬਾ ਹੋਣਾ ਲਾਜ਼ਮੀ ਹੈ ਤੇ ਸਾਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿ ਅਸੀਂ ਸੰਘਰਸ਼ ਲਈ ਕਿੰਨੇ ਵੱਚਨਬੱਧ ਹਾਂ। ਸਿੱਖ ਯੂਥ ਆਫ ਅਮਰੀਕਾ ਦੇ ਭਾਈ ਸੰਦੀਪ ਸਿੰਘ ਨੇ ਵੀ ਪੰਜਾਬ ਦੀ ਹੋਂਦ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਲੜਾਈ ਸਾਨੂੰ ਲੜਨੀ ਹੀ ਪੈਣੀ ਹੈ।

ਸਿੱਖ ਫੈਡਰੇਸ਼ਨ ਦੇ ਭਾਈ ਮਨਜੀਤ ਸਿੰਘ ਨੇ ਸਟਾਕਟਨ ਗੁਰਦੂਆਰਾ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਹਮਾਰੀ ਤੋਂ ਬਾਅਦ ਨਗਰ ਕੀਰਤਨ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਕਰਨ ਲਈ ਉਹਨਾਂ ਦੀ ਸ਼ਲਾਘਾ ਵੀ ਕੀਤੀ।