ਅਮਰੀਕਾ ਦੇ ਪਿਟਸਬਰਗ ਸ਼ਹਿਰ ਵਿਚ 11 ਹੱਤਿਆਵਾਂ ਕਰਨ ਵਾਲੇ ਹਮਲਾਵਰ ਨੂੰ ਹੋਈ ਮੌਤ ਦੀ ਸਜ਼ਾ

ਅਮਰੀਕਾ ਦੇ ਪਿਟਸਬਰਗ ਸ਼ਹਿਰ ਵਿਚ 11 ਹੱਤਿਆਵਾਂ ਕਰਨ ਵਾਲੇ ਹਮਲਾਵਰ ਨੂੰ ਹੋਈ ਮੌਤ ਦੀ ਸਜ਼ਾ
ਕੈਪਸ਼ਨ: ਰਾਬਰਟ ਬੌਵਰਜ

1918 ਵਿਚ ਯਹੂਦੀਆਂ ਉਪਰ ਹੋਇਆ ਸੀ ਸਭ ਤੋਂ ਭਿਆਨਕ ਖੂਨੀ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬੰਦੂਕਧਾਰੀ ਰਾਬਰਟ ਬੌਵਰਜ ਜਿਸ ਨੇ 27 ਅਕਤੂਬਰ 2018 ਨੂੰ ਅਮਰੀਕਾ ਦੇ ਮਸ਼ਹੂਰ ਸ਼ਹਿਰ ਪਿਟਸਬਰਗ ਵਿਚ ਯਹੂਦੀਆਂ ਦੇ ਇਕ ਪੂਜਾ ਸਥਾਨ 'ਤੇ ਹਮਲਾ ਕਰਕੇ 11 ਸ਼ਰਧਾਲੂਆਂ ਦੀ ਹੱਤਿਆ ਕਰ ਦਿੱਤੀ ਸੀ ਤੇ 6 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਸੀ, ਨੂੰ ਇਕ ਸੰਘੀ ਜਿਊਰੀ ਨੇ ਮੌਤ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੇ ਇਤਿਹਾਸ ਵਿਚ ਯਹੂਦੀਆਂ ਉਪਰ ਹੋਏ ਇਸ ਸਭ ਤੋਂ ਭਿਆਨਕ ਖੂਨੀ ਹਮਲੇ ਦੇ ਦੋਸ਼ੀ ਨੂੰ ਸਮੁੱਚੀ ਜਿਊਰੀ ਨੇ ਸਰਬਸੰਮਤੀ ਨਾਲ ਮੌਤ ਦੀ ਸਜ਼ਾ ਸੁਣਾਈ ਜੇਕਰ ਇਕ ਵੀ ਜੱਜ ਇਸ ਦਾ ਵਿਰੋਧ ਕਰ ਦਿੰਦਾ ਤਾਂ ਰਾਬਰਟ ਬੌਵਰਜ ਮੌਤ ਦੀ ਸਜ਼ਾ ਤੋਂ ਬਚ ਜਾਂਦਾ । ਫਿਰ ਉਸ ਨੂੰ ਬਿਨਾਂ ਪੈਰੋਲ ਦੇ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਈ ਜਾਣੀ ਸੀ। ਬਾਈਡਨ ਪ੍ਰਸ਼ਾਸਨ ਜਿਸ ਨੇ ਮੌਤ ਦੀ ਸਜ਼ਾ ਦੇ ਅਮਲ ਉਪਰ ਰੋਕ ਲਾ ਦਿੱਤੀ ਸੀ, ਤਹਿਤ ਕਿਸੇ ਸੰਘੀ ਜਿਊਰੀ ਵੱਲੋਂ ਸੁਣਾਈ ਇਹ ਪਹਿਲੀ ਮੌਤ ਦੀ ਸਜ਼ਾ ਹੈ। ਪਿਛਲੇ ਦੋ ਦਿਨਾਂ ਦੌਰਾਨ ਜਿਊਰੀ ਦੇ ਮੈਂਬਰਾਂ ਨੇ 10 ਘੰਟੇ ਤੋਂ ਸਮਾਂ ਵਧ ਬਹਿਸ ਕੀਤੀ। ਬੌਵਰਜ (50) ਨੂੰ ਇਸ ਸਾਲ 16 ਜੂਨ ਨੂੰ ਨਸਲੀ ਅਪਰਾਧ ਸਮੇਤ ਕੁਲ 63 ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਨਾਂ ਵਿਚੋਂ 22 ਦੋਸ਼ਾਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਇਸ ਤੋਂ ਬਾਅਦ 13 ਜੁਲਾਈ ਨੂੰ ਵੀ ਜਿਊਰੀ ਨੇ ਪਾਇਆ ਕਿ ਬੌਵਰਜ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਇਸ ਉਪਰੰਤ ਮੁਕੱਦਮਾ ਆਖਰੀ ਅੰਤਿਮ ਸਜ਼ਾ ਦੇ ਪੱਧਰ 'ਤੇ ਪੁੱਜ ਗਿਆ ਸੀ। ਔਡਰੇ ਗਲਿਕਮੈਨ ਜੋ ਗੋਲੀਬਾਰੀ ਸਮੇ ' ਟਰੀ ਆਫ ਲਾਈਫ ਚੈਪਲ' ਵਿਖੇ ਸਭਾ ਦੀ ਅਗਵਾਈ ਕਰ ਰਿਹਾ ਸੀ, ਨੇ ਜਿਊਰੀ ਦੇ ਫੈਸਲੇ ਉਪਰ ਟਿਪਣੀ ਕਰਦਿਆਂ ਕਿਹਾ ਕਿ ਜੋ ਕੁਝ ਵੀ ਬੰਦੂਕਧਾਰੀ ਨੇ ਕੀਤਾ ਉਹ ਪਾਪ ਸੀ। ਉਸ ਨੇ ਬਿਨਾਂ ਸੋਚੇ ਸਮਝੇ ਲੋਕਾਂ ਉਪਰ ਗੋਲੀਆਂ ਵਰਾਈਆਂ ਤੇ ਬਹੁਤ ਹੀ ਨਿਰਦਈਪੁਣੇ ਨਾਲ ਹੱਤਿਆਵਾਂ ਕੀਤੀਆਂ। ਗਲਿਕਮੈਨ ਨੇ ਕਿਹਾ ਬੌਵਰਜ ਨੂੰ ਮੌਤ ਦੀ ਸਜ਼ਾ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ ਪਰੰਤੂ ਇਹ ਕਤਲੇਆਮ ਤੋਂ ਬਾਅਦ ਬੀਤੇ 5 ਸਾਲਾਂ ਦਾ ਨਿਚੋੜ ਹੈ। ਉਨਾਂ ਕਿਹਾ '' ਸਚਮੁੱਚ ਇਸ ਵਿਚ ਖੁਸ਼ ਹੋਣ ਵਾਲੀ ਕੋਈ ਵੀ ਗੱਲ ਨਹੀਂ ਹੈ। ਅਪਰਾਧ ਕੀਤਾ ਗਿਆ ਹੈ ਜਿਸ ਲਈ ਸਜ਼ਾ ਹੋਈ ਹੈ। ਹੁਣ ਇਹ ਅਧਿਆਇ ਬੰਦ ਹੋ ਚੁੱਕਾ ਹੈ।''