ਅਮਰੀਕਾ ਦੇ ਸ਼ਹਿਰ ਸੇਂਟ ਲੂਇਸ ਦੇ ਇਕ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿੱਚ 2 ਮੌਤਾਂ, 6 ਜ਼ਖਮੀ

ਅਮਰੀਕਾ ਦੇ ਸ਼ਹਿਰ ਸੇਂਟ ਲੂਇਸ ਦੇ ਇਕ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿੱਚ 2 ਮੌਤਾਂ, 6 ਜ਼ਖਮੀ
ਕੈਪਸ਼ਨ : ਸੇਂਟ ਲੂਇਸ ਦੇ ਇਕ ਹਾਈ ਸਕੂਲ ਵਿਚ ਹੋਈ ਗੋਲਬਾਰੀ ਉਪਰੰਤ ਸਕੂਲ ਦੇ ਬਾਹਰ ਇਕੱਠੇ ਹੋਏ ਵਿਦਿਆਰਥੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 25 ਅਕਤੂਬਰ (ਹੁਸਨ ਲੜੋਆ ਬੰਗਾ)-ਸੇਂਟ ਲੂਇਸ (ਮਿਸੂਰੀ) ਦੇ ਇਕ ਹਾਈ ਸਕੂਲ ਵਿਚ ਇਕ ਗੰਨਮੈਨ ਵੱਲੋਂ ਕੀਤੀ ਗੋਲੀਬਾਰੀ ਵਿਚ 2 ਜਣਿਆਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਕਮਿਸ਼ਨਰ ਮਾਈਕ ਸੈਕ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੈਂਟਰਲ ਵਿਜੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ ਦੇ ਅੰਦਰ ਹਮਲਾਵਰ ਨੇ ਗੋਲੀਆਂ ਮਾਰ ਕੇ ਇਕ ਬਾਲਗ ਔਰਤ ਤੇ ਇਕ ਨਬਾਲਗ ਲੜਕੀ ਦੀ ਹੱਤਿਆ ਕਰ ਦਿੱਤੀ। ਘਟਨਾ ਸਥਾਨਕ ਸਮੇ ਅਨੁਸਾਰ ਸਵੇਰੇ 9.10 ਵਜੇ ਵਾਪਰੀ। ਸੂਚਨਾ ਮਿਲਣ 'ਤੇ ਪੁਲਿਸ ਕੁਝ ਹੀ ਮਿੰਟਾਂ ਵਿਚ ਸਕੂਲ ਵਿਚ ਪਹੁੰਚ ਗਈ । ਸਕੂਲ ਦੀ ਤੀਜੀ ਮੰਜਿਲ ਉਪਰ ਪੁਲਿਸ ਤੇ ਗੰਨਮੈਨ ਵਿਚਾਲ ਹੋਏ ਗੋਲੀਆਂ ਦੇ ਵਟਾਂਦਰੇ ਦੌਰਾਨ ਗੰਨਮੈਨ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਉਨਾਂ ਦਸਿਆ ਕਿ ਨਬਾਲਗ ਲੜਕੀ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਔਰਤ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਉਨਾਂ ਕਿਹਾ ਕਿ ਸ਼ੱਕੀ ਹਮਲਾਵਰ ਦੀ ਅਜੇ ਪਛਾਣ ਕੀਤੀ ਜਾਣੀ ਹੈ ਜਦ ਕਿ ਗੋਲੀਬਾਰੀ ਵਿਚ ਮਾਰੀਆਂ ਗਈ ਔਰਤ ਤੇ ਲੜਕੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੈਕ ਨੇ ਦੱਸਿਆ ਕਿ ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ ਜਿਥੇ ਉਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਉਨਾਂ ਕਿਹਾ ਕਿ ਪੁਲਿਸ ਨੇ ਮਿਸਾਲੀ ਕਾਰਵਾਈ ਕੀਤੀ ਹੈ ਤੇ ਇਸ ਘਟਨਾ ਵਿਚ ਕੋਈ ਵੀ ਪੁਲਿਸ ਅਫਸਰ ਜ਼ਖਮੀ ਨਹੀਂ ਹੋਇਆ ਹੈ। ਸਕੂਲ ਵਿਚ ਹਮਲਾਵਰ ਕਿਸ ਤਰਾਂ ਦਾਖਲ ਹੋਇਆ, ਇਸ ਬਾਰੇ ਕਮਿਸ਼ਨਰ ਨੇ ਸਿੱਧਾ ਜਵਾਬ ਨਹੀਂ ਦਿੱਤਾ ਤੇ ਕੇਵਲ ਏਨਾ ਕਿਹਾ ਕਿ ਮਾਮਲੇ ਨੂੰ ਉਲਝਾਓ ਨਾ।  ਉਨਾਂ ਕਿਹਾ ਇਸ ਸਮੇ ਸਕੂਲ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ। ਉਨਾਂ ਨੇ ਹੋਰ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।