ਪਿਛਲੇ ਸਮੇ ਦੌਰਾਨ ਸੋਕੇ ਵਰਗੇ ਹਾਲਾਤ ਨਾਲ ਜੂਝ ਰਹੇ ਕੈਲੀਫੋਰਨੀਆ ਨੂੰ ਬਾਰਿਸ਼ ਨੇ ਦਿੱਤੀ ਭਾਰੀ ਰਾਹਤ

ਪਿਛਲੇ ਸਮੇ ਦੌਰਾਨ ਸੋਕੇ ਵਰਗੇ ਹਾਲਾਤ ਨਾਲ ਜੂਝ ਰਹੇ ਕੈਲੀਫੋਰਨੀਆ ਨੂੰ ਬਾਰਿਸ਼ ਨੇ ਦਿੱਤੀ ਭਾਰੀ ਰਾਹਤ
ਕੈਪਸ਼ਨ : ਸੈਲਮਾ (ਅਲਬਾਮਾ) ਵਿਚ ਆਏ ਤੂਫ਼ਾਨ ਦਾ ਇਕ ਦ੍ਰਿਸ਼

* ਸੈਲਮਾ (ਅਲਬਾਮਾ) ਵਿਚ ਭਾਰੀ ਤੂਫਾਨ ਕਾਰਨ ਤਬਾਹੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)  ਅਮਰੀਕਾ ਦਾ ਅਹਿਮ ਰਾਜ ਕੈਲੀਫੋਰਨੀਆ ਪਿਛਲੇ 3 ਸਾਲਾਂ ਤੋਂ ਸੋਕੇ ਵਰਗੇ ਹਾਲਾਤ ਨਾਲ ਜੂਝਦਾ ਆ ਰਿਹਾ ਹੈ। ਸੋਕੇ ਕਾਰਨ ਰਾਜ ਦੇ ਜੰਗਲਾਂ ਨੂੰ ਅੱਗ ਦੀ ਮਾਰ ਝਲਣੀ ਪਈ ਹੈ ਜਿਸ ਕਾਰਨ ਜਿਥੇ ਲੋਕਾਂ ਤੇ ਜਾਨਵਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਵਾਤਾਵਰਣ ਉਪਰ ਵੀ ਬੁਰਾ ਅਸਰ ਪਿਆ ਹੈ।  ਪਾਣੀ ਦੀ ਕਿਲਤ ਦੀ ਸਮੱਸਿਆ ਨਾਲ ਵੀ ਲੋਕਾਂ ਨੂੰ ਦੋ ਚਾਰ ਹੋਣਾ ਪਿਆ ਹੈ ਪਰੰਤੂ ਪਿਛਲੇ ਅਨੇਕਾਂ ਹਫਤਿਆਂ ਦੌਰਾਨ ਪਈ ਬਾਰਿਸ਼ ਨੇ ਰਾਜ ਉਪਰ ਬਹੁਤ ਸੁਖਾਵਾਂ ਅਸਰ ਪਾਇਆ ਹੈ। ਹਾਲਾਂ ਕਿ ਬਾਰਿਸ਼ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਪਰੰਤੂ ਇਹ ਬਾਰਿਸ਼ ਰਾਜ ਲਈ ਚੰਗੀ ਖਬਰ ਲੈ ਕੇ ਆਈ ਹੈ। 'ਯੂ ਐਸ ਡਰਾਟ ਮੋਨੀਟਰ' ਦੀ ਤਾਜਾ ਰਿਪੋਰਟ ਅਨੁਸਾਰ ਬਾਰਿਸ਼ ਨੇ ਸੋਕੇ ਦੀ ਤੀਬਰਤਾ ਨੂੰ ਖੁੰਡਾ ਕਰ ਦਿੱਤਾ ਹੈ। ਹਫਤਾਵਾਰੀ ਵਿਸ਼ਲੇਸ਼ਣ ਜੋ ਬੀਤੇ ਦਿਨ ਜਾਰੀ ਹੋਇਆ ਹੈ, ਅਨੁਸਾਰ ਇਸ ਸਮੇ ਓਰੇਗੋਨ ਦੀ ਸਰਹੱਦ ਨੇੜੇ ਕੇਵਲ 1%  ਤੋਂ ਵੀ ਘੱਟ ਹਿਸੇ ਤੱਕ ਸੋਕਾ ਸੀਮਿਤ ਹੋ ਗਿਆ ਹੈ। ਦੋ ਹਫਤੇ ਪਹਿਲਾਂ ਕੈਲੀਫੋਰਨੀਆ ਦਾ ਇਕ ਤਿਹਾਈ ਤੋਂ ਵੀ ਵਧ ਹਿੱਸਾ ਭਿਆਨਕ ਸੋਕੇ ਦੀ ਸ਼੍ਰੇਣੀ ਵਿਚ ਸੀ। ਵਿਸ਼ਲੇਸ਼ਣ ਅਨੁਸਾਰ ਹਾਲਾਂ ਕਿ ਮਾਹੌਲ ਸਾਜਗਰ ਹੋਇਆ ਹੈ ਪਰੰਤੂ ਅਜੇ ਵੀ ਰਾਜ  ਨੂੰ ਹੋਰ ਬਾਰਿਸ਼ ਦੀ ਲੋੜ ਹੈ।

ਤੂਫ਼ਾਨ ਨਾਲ ਭਾਰੀ ਨੁਕਸਾਨ : ਅਲਬਾਮਾ ਦੇ ਸੈਲਮਾ ਸ਼ਹਿਰ ਵਿਚ ਤੂਫ਼ਾਨ ਨੇ ਭਾਰੀ ਨੁਕਸਾਨ ਕੀਤਾ ਹੈ। ਇਹ ਜਾਣਕਾਰੀ ਸੈਲਮਾ ਦੇ ਮੇਅਰ ਨੇ ਦਿੰਦਿਆਂ ਕਿਹਾ ਹੈ ਕਿ ਦਰਜਨ ਤੋਂ ਵਧ ਮਿਲੀਆਂ ਰਿਪੋਰਟਾਂ ਅਨੁਸਾਰ ਦੱਖਣ-ਪੂਰਬ ਹਿੱਸੇ ਵਿਚ ਭਿਆਨਕ ਤੂਫ਼ਾਨ ਆਇਆ ਹੈ ਜਿਸ ਕਾਰਨ ਅਨੇਕਾਂ ਲੋਕ ਜ਼ਖਮੀ ਹੋਏ ਹਨ। ਕੌਮੀ ਮੌਸਮ ਸੇਵਾ ਨੇ ਸੈਲਮਾ ਵਿਚ ਭਿਆਨਕ ਤੂਫ਼ਾਨ ਆਉਣ ਦੀ ਪੁਸ਼ਟੀ ਕੀਤੀ ਹੈ। ਡਲਾਸ ਕਾਊਂਟੀ ਦੇ ਕੋਰੋਨਰ ਵਿਲੀਅਮ ਐਲਨ ਡੇਲੀ ਨੇ ਕਿਹਾ ਹੈ ਕਿ ਤੂਫ਼ਾਨ ਨੇ ਵਿਆਪਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਡਲਾਸ ਕਾਊਂਟੀ ਦੇ ਇਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ  ਨੁਕਸਾਨ ਹੋਇਆ ਹੈ। ਉਨਾਂ ਕਿਹਾ ਹੈ ਕਿ ਤੂਫ਼ਾਨ ਕਾਰਨ ਜਾਨੀ ਨੁਕਸਾਨ ਤੋਂ ਭਾਵੇਂ ਬਚਾਅ ਰਿਹਾ ਹੈ ਪਰੰਤੂ ਲੋਕ ਜ਼ਖਮੀ ਹੋਏ ਹਨ ਜਿਨਾਂ ਨੂੰ ਖੇਤਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਤੂਫ਼ਾਨ ਕਾਰਨ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਹਨ ਤੇ ਸੜਕਾਂ ਉਪਰ ਮਲਬੇ ਦੇ ਢੇਰ ਲੱਗੇ ਹੋਏ ਹਨ।