ਸਤਿੰਦਰ ਸਰਤਾਜ ਦਾ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਵਿਸ਼ਵ ਦੌਰਾ

ਸਤਿੰਦਰ ਸਰਤਾਜ ਦਾ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਵਿਸ਼ਵ ਦੌਰਾ

ਅੰਮ੍ਰਿਤਸਰ ਟਾਈਮਜ਼

ਕੈਲੇਫੋਰਨੀਆ  : ਅਮਰੀਕਾ ਦੀ ਧਰਤੀ 'ਤੇ ਸਤਿੰਦਰ ਸਰਤਾਜ ਦਾ ਰੀਜੁਵੇਨੇਸ਼ਨ ਟੂਰ ਦਾ ਆਗਾਜ਼, 2215 ਬ੍ਰੌਡਵੇਅ ਰੈੱਡ ਵੁੱਡ ਸਿਟੀ, ਸੀ.ਏ ਬੇ ਏਰੀਆ ਵਿਚ ਹੋ ਰਿਹਾ ਹੈ। ਪੰਜਾਬੀਆਂ ਦੀ ਸ਼ਾਨ ਸਤਿੰਦਰ ਸਰਤਾਜ ਸੁਰਾਂ ਦਾ ਉਹ ਬਾਦਸ਼ਾਹ ਹੈ ਜਿਸ ਦੀ ਗਾਇਕੀ ਵਿੱਚ ਰੂਹਾਨੀਅਤ ਦਾ ਅਜਿਹਾ ਪ੍ਰਕਾਸ਼ ਪੈਦਾ ਹੁੰਦਾ ਹੈ ਜਿਸ ਦੇ ਚਾਨਣ ਵਿੱਚ ਰੂਹ ਖਿਲ ਉੱਠਦੀ ਹੈ । ਸਤਿੰਦਰ ਸਰਤਾਜ ਦੀ ਗਾਇਕੀ  ਆਪਣੇ ਆਪ ਵਿਚ ਇਕ ਵਿਲੱਖਣਤਾ ਦਾ ਝਲਕਾਰਾ ਪਾਉਂਦੀ ਹੈ  ।  ਸੂਫ਼ੀਆਨਾ ਅੰਦਾਜ਼ ਅਤੇ ਸ਼ੁੱਧ ਸ਼ਬਦਾਂ ਦਾ ਉਚਾਰਣ ਸਰਤਾਜ ਦੀ ਗਾਇਕੀ ਨੂੰ  ਚਾਰ ਚੰਨ ਲਾ ਦਿੰਦਾ ਹੈ । ਸੁਣਨ ਵਾਲੇ ਸਰੋਤੇ ਵੀ ਆਪਣੇ ਆਪ ਨੂੰ ਉਸ ਸਮੇਂ ਵਿਚ ਮਹਿਸੂਸ ਕਰਦੇ ਹਨ, ਜਿਸ ਦਾ ਜ਼ਿਕਰ ਸਤਿੰਦਰ  ਸਰਤਾਜ ਆਪਣੇ ਗੀਤਾਂ ਵਿੱਚ ਕਰਦਾ ਹੈ। 

ਦੇਸ਼ ਵਿਦੇਸ਼ਾਂ ਵਿਚ  ਵੱਸਣ ਵਾਲੇ ਸਾਡੇ ਪੰਜਾਬੀਆਂ ਨੂੰ ਹਮੇਸ਼ਾ ਹੀ ਸਤਿੰਦਰ ਸਰਤਾਜ ਦੀ ਵਧੀਆ ਲੇਖਣੀ ਨੂੰ ਸੁਣਨ ਦੀ  ਉਡੀਕ ਰਹਿੰਦੀ ਹੈ। ਕਲਮਬੱਧ ਕੀਤੇ ਸ਼ਬਦਾਂ ਨੂੰ ਜਦੋਂ  ਸਰਤਾਜ ਆਪਣੀ ਸੁਰੀਲੀ ਆਵਾਜ਼  ਰਾਹੀਂ  ਸਰੋਤਿਆਂ ਤਕ ਪਹੁੰਚਾਉਂਦਾ ਹੈ ਤਦ  ਇਹ ਗੀਤ ਸੁਣਨ ਵਾਲਿਆਂ ਦੀ ਜ਼ੁਬਾਨ  ਦੇ ਆਪ ਮੁਹਾਰੇ ਹਰਫ਼ ਬਣ ਜਾਂਦੇ ਹਨ ।

  ਸੁਰਾਂ ਦੇ ਇਸ ਬਾਦਸ਼ਾਹ ਨੂੰ ਅਕਾਲ ਪੁਰਖ ਵੱਲੋਂ ਕਲਮ ਅਤੇ ਸੂਰਾਂ ਦੀ ਦਾਤ ਬਖਸ਼ਿਸ਼ ਹੋਈ ਹੈ । ਗੁਰਮੁਖੀ ਦੀ ਸੇਵਾ ਕਰਨ ਵਾਲੇ  ਸਿੱਖ ਕੌਮ ਦੇ ਇਸ ਅਨਮੋਲ ਹੀਰੇ ਨੂੰ ਪ੍ਰਤੱਖ ਸੁਣਨ ਦੇ ਲਈ  ਹਰ ਕੋਈ ਤਤਪਰ ਰਹਿੰਦਾ ਹੈ ਕਿਉਂਕਿ ਸਰਤਾਜ ਦੇ ਗੀਤਾਂ ਵਿੱਚ ਪੰਜਾਬ ਦੀ ਵਿਰਾਸਤ ਝਲਕਦੀ ਹੈ। ਅਜੋਕੇ ਸਮੇਂ ਦੀ ਭਾਰਤੀ ਰਾਜਨੈਤਿਕ ਸਿਆਸਤ ਦਾ ਪ੍ਰਗਟਾਵਾ, ਕਿਸਾਨੀ ਸੰਘਰਸ਼ ਨੂੰ ਬਿਆਨ ਕਰਦੇ ਗੀਤਾ ਨੂੰ ਇਕ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਜਾਂਦਾ ਹੈ ।  ਸਤਿੰਦਰ ਸਰਤਾਜ ਦੀ ਇਹ ਪੇਸ਼ਕਾਰੀ ਹੀ ਲੋਕਾਂ ਦਾ ਮਨ ਮੋਹ ਲੈਂਦੀ ਹੈ । ਇਕ ਸਾਫ ਸੁਥਰੀ ਗਾਇਕੀ ਦੇ ਨਾਲ ਨਾਲ ਸੱਭਿਆਚਾਰਕ ਪੱਖ, ਸੂਫ਼ੀਆਨਾ ਸੋਚ, ਵਿਰਾਸਤ ਦੀ ਸੰਭਾਲ ਅਤੇ  ਸਿੱਖ ਕੌਮ ਵਾਲੋ ਜੋ ਮੱਲਾਂ ਦੁਨੀਆ ਵਿਚ ਮਾਰੀਆਂ ਹਨ.

ਇਨ੍ਹਾਂ ਸਭ ਨੂੰ ਇਕ ਪਲੇਟਫਾਰਮ ਉੱਤੇ ਜਾ ਕੇ  ਆਮ ਲੋਕਾਂ ਦੇ ਸਾਹਮਣੇ ਰੱਖਣਾ  ਇੱਕ ਚੁਣੌਤੀਪੂਰਨ ਕੰਮ ਹੁੰਦਾ ਹੈ ਜਿਸ ਨੂੰ ਸਤਿੰਦਰ ਸਰਤਾਜ ਬੜੇ ਹੀ ਸੁਚੱਜੇ ਢੰਗ ਨਾਲ ਨਿਭਾ ਲੈਂਦਾ ਹੈ। ਸਤਿੰਦਰ ਸਰਤਾਜ ਦੀ ਲਾਈਵ ਪੇਸ਼ਕਾਰੀ ਨੂੰ ਵੇਖਣ ਲਈ ਹਰ ਇਕ ਪੰਜਾਬੀ ਉਡੀਕ ਕਰਦਾ ਹੈ, ਆਪਣੇ ਸਰੋਤਿਆਂ ਦੀ ਉਡੀਕ ਨੂੰ ਖ਼ਤਮ ਕਰਨ ਦੇ ਲਈ ਹੀ  ਰੀਜੁਵੇਨੇਸ਼ਨ ਟੂਰ  ਦਾ ਆਗਾਜ਼ ਸਰਤਾਜ ਵਲੋਂ ਕੀਤਾ ਗਿਆ ਹੈ। ਜਿਸ ਦਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਕੋਵਿਡ ਤੋਂ ਬਾਅਦ ਮੁੜ  ਸੁਰਜੀਤ ਕਰਨਾ ਹੈ।