ਅਮਰੀਕੀ ਫੌਜ ਨੇ ਮਿਸ਼ੀਗਨ ਉਪਰ ਉੱਡ ਰਹੀ ਇਕ ਹੋਰ ਵਸਤੂ ਨੂੰ ਮਿਜਾਈਲ ਮਾਰ ਕੇ ਕੀਤਾ ਤਬਾਹ

ਅਮਰੀਕੀ ਫੌਜ ਨੇ ਮਿਸ਼ੀਗਨ ਉਪਰ ਉੱਡ ਰਹੀ ਇਕ ਹੋਰ ਵਸਤੂ ਨੂੰ ਮਿਜਾਈਲ ਮਾਰ ਕੇ ਕੀਤਾ ਤਬਾਹ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕੀ ਫੌਜ ਨੇ ਇਕ ਵੱਡੀ ਕਾਰਵਾਈ ਕਰਦਿਆਂ ਮਿਸ਼ੀਗਨ ਉਪਰ ਉਡ ਰਹੀ ਇਕ ਅਣਪਛਾਤੀ ਵਸਤੂ ਨੂੰ ਤਬਾਹ ਕਰ ਦਿੱਤਾ ਹੈ। 4 ਫਰਵਰੀ ਨੂੰ ਦੱਖਣੀ ਕੈਰੋਲੀਨਾ ਦੇ ਤੱਟ 'ਤੇ ਚੀਨ ਦੇ ਜਸੂਸੀ ਗੁਬਾਰੇ ਨੂੰ ਡੇਗਣ ਉਪਰੰਤ ਅਮਰੀਕਾ ਵਿਚ ਵਾਪਰੀ ਇਹ ਆਪਣੀ ਕਿਸਮ ਦੀ ਚੌਥੀ ਘਟਨਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਨਿਰਦੇਸ਼ 'ਤੇ ਲੰਘੇ ਐਤਵਾਰ ਨੂੰ ਵਾਪਰੀ ਤਾਜ਼ਾ ਘਟਨਾ ਦੌਰਾਨ ਸੰਘੀ ਹਵਾਬਾਜ਼ੀ ਪ੍ਰਸਾਸ਼ਨ ਵੱਲੋਂ ਲੇਕ ਮਿਸ਼ੀਗਨ ਉਪਰ ਪੁਲਾੜ ਆਰਜੀ ਤੌਰ 'ਤੇ ਬੰਦ ਕਰਨ ਦੇ ਕੁਝ ਘੰਟਿਆਂ ਬਾਅਦ  ਦੁਪਹਿਰ 2.42 ਵਜੇ  ਅਮਰੀਕੀ ਜੰਗੀ ਜਹਾਜ਼ ਐਫ-16 ਨੇ ਵਸਤੂ ਨੂੰ ਤਬਾਹ ਕਰ ਦਿੱਤਾ। ਇਹ ਜਾਣਕਾਰੀ ਏਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਪੈਂਟਾਗਨ ਪ੍ਰੈਸ ਸਕੱਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਐਫ 16 ਤੋਂ ਏ ਆਈ ਐਮ 9 ਐਕਸ ਸਾਈਡ ਵਿੰਡਰ ਮਿਜਾਈਲ ਦਾਗੀ ਗਈ ਜੋ ਨਿਰਧਾਰਤ ਨਿਸ਼ਾਨੇ 'ਤੇ ਜਾ ਵਜੀ। ਚੀਨੀ ਗੁਬਾਰਾ ਸੁੱਟਣ ਵੇਲੇ ਵੀ ਇਹ ਮਿਜਾਈਲ ਹੀ ਵਰਤੀ ਗਈ ਸੀ। ਵਸਤੂ ਦਾ ਮਲਬਾ ਕਿਥੇ ਡਿੱਗਾ ਹੈ,ਇਸ ਬਾਰੇ ਅਜੇ ਸਥਿੱਤੀ ਸਾਫ ਨਹੀਂ ਹੈ। ਰਾਈਡਰ ਅਨੁਸਾਰ ਵਸਤੂ  ਅਸਮਾਨ ਵਿਚ ਤਕਰੀਬਨ 20000 ਫੁੱਟ ਉਪਰ ਉੱਡ ਰਹੀ ਸੀ ਜੋ ਚਿੰਤਾ ਦਾ ਵਿਸ਼ਾ ਸੀ। ਇਸ ਨੂੰ  ਪਾਣੀ ਉਪਰ ਤਬਾਹ ਕੀਤਾ ਗਿਆ ਹੈ  ਤਾਂ ਜੋ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।