ਅਮਰੀਕਾ ਵਿਚ 14 ਸਾਲਾ ਵਿਦਿਆਰਥਣ ਵੱਲੋਂ ਖੁਦਕੁੱਸ਼ੀ ਕਰਨ ਉਪਰੰਤ ਸਕੂਲ ਦੇ ਸੁਪਰਡੈਂਟ ਨੇ ਦਿੱਤਾ ਅਸਤੀਫਾ

ਅਮਰੀਕਾ ਵਿਚ 14 ਸਾਲਾ ਵਿਦਿਆਰਥਣ ਵੱਲੋਂ ਖੁਦਕੁੱਸ਼ੀ ਕਰਨ ਉਪਰੰਤ ਸਕੂਲ ਦੇ ਸੁਪਰਡੈਂਟ ਨੇ ਦਿੱਤਾ ਅਸਤੀਫਾ
ਕੈਪਸ਼ਨ ਵਿਦਿਆਰਥਣ ਐਡਰੀਆਨਾ ਕੁਚ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊ ਜਰਸੀ ਸਕੂਲ ਡਿਸਟ੍ਰਿਕਟ ਜਿਥੇ ਆਪਣੇ ਉਪਰ ਹੋਏੇ ਹਮਲੇ  ਉਪਰੰਤ ਆਪਣੇ ਘਰ ਜਾ ਕੇ ਇਕ ਵਿਦਿਆਰਥਣ ਨੇ ਖੁਦਕੁੱਸ਼ੀ ਕਰ ਲਈ ਸੀ, ਦੇ ਸੁਪਰਡੈਂਟ ਨੇ ਅਸਤੀਫਾ ਦੇ ਦਿੱਤਾ ਹੈ। ਓਸ਼ੀਅਨ ਕਾਊਂਟੀ ਦੇ ਬਰਕਲੇਅ ਟਾਊਨਿਸ਼ਿੱਪ ਵਿਚ ਸਥਿੱਤ ਸੈਂਟਰਲ ਰੀਜਨਲ ਹਾਈ ਸਕੂਲ ਦੇ 4 ਵਿਦਿਆਰਥੀਆਂ ਜਿਨਾਂ ਨੇ ਵਿਦਿਆਰਥਣ ਉਪਰ ਹਮਲਾ ਕੀਤਾ ਸੀ, ਵਿਰੁੱਧ ਬਕਾਇਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵਿਚ ਵਿਆਪਕ ਰੋਸ ਤੇ ਗੁਸੇ ਦੀ ਭਾਵਨਾ ਪਾਈ ਜਾ ਰਹੀ ਹੈ ਜਿਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਸਕੂਲਾਂ ਵਿਚ ਡਰਾਉਣ ਧਮਕਾਉਣ ਵਾਲੇ ਸਭਿਆਚਾਰ ਦਾ ਪਤਾ ਲੱਗਦਾ ਹੈ। 14 ਸਾਲਾ ਐਡਰੀਆਨਾ ਕੁਚ ਜੋ ਆਪਣੇ ਬੇਅਵਿਲੇ,ਨਿਊ ਜਰਸੀ ਵਿਚਲੇ ਘਰ ਵਿੱਚ 3 ਫਰਵਰੀ ਨੂੰ ਮ੍ਰਿਤਕ ਹਾਲਤ ਵਿਚ ਮਿਲੀ ਸੀ, ਦੇ ਪਿਤਾ ਅਨੁਸਾਰ ਸਕੂਲ ਵਿਚ ਉਸ ਉਪਰ 1 ਫਰਵਰੀ ਨੂੰ ਹਮਲਾ ਕੀਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਦੀ ਧੀ  ਨੇ 2 ਫਰਵਰੀ ਨੂੰ ਰਾਤ 10.46 ਵਜੇ ਟੈਕਸਟ ਮੈਸੇਜ਼ ਭੇਜਿਆ ਸੀ , ਉਸ ਦਾ ਵਿਸ਼ਵਾਸ਼ ਹੈ ਕਿ ਇਸ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ। ਸਕੂਲ ਡਿਸਟ੍ਰਿਕਟ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੈਂਟਰਲ ਰੀਜਨਲ ਸਕੂਲ ਡਿਸਟ੍ਰਿਕਟ ਤੇ ਸੀਸਾਈਡ ਹਾਈਟਸ ਦੇ ਸੁਪਰਡੈਂਟ ਟਰੀਅਨਾਫਿਲੋਸ ਪਰਲੈਪਨੀਡਸ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ।