ਕੈਲੀਫੋਰਨੀਆ ਵਿਚ ਹੱਤਿਆਵਾਂ ਦੇ ਕਈ ਮਾਮਲਿਆਂ ਵਿਚ ਸ਼ਾਮਿਲ ਵੈਸਲੇ ਬਰਾਊਨਲੀ ਵਿਰੁੱਧ ਰਸਮੀ ਤੌਰ 'ਤੇ ਦੋਸ਼ ਆਇਦ

ਕੈਲੀਫੋਰਨੀਆ ਵਿਚ ਹੱਤਿਆਵਾਂ ਦੇ ਕਈ ਮਾਮਲਿਆਂ ਵਿਚ ਸ਼ਾਮਿਲ ਵੈਸਲੇ ਬਰਾਊਨਲੀ ਵਿਰੁੱਧ ਰਸਮੀ ਤੌਰ 'ਤੇ ਦੋਸ਼ ਆਇਦ
ਕੈਪਸ਼ਨ : ਵੈਸਲੇ ਬਰਾਊਨਲੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 19 ਅਕਤੂਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ, ਸਟਾਕਟਨ ਤੇ ਸੈਨ ਜੋਆਕੁਇਨ ਕਾਊਂਟੀ ਵਿਚ ਹਾਲ ਹੀ ਵਿਚ ਹੋਈਆਂ ਕਈ ਹੱਤਿਆਵਾਂ ਦੇ ਮਾਮਲਿਆਂ ਵਿਚ ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ 43 ਸਾਲਾ  ਵੈਸਲੇ ਬਰਾਊਨਲੀ ਵਿਰੁੱਧ ਰਸਮੀ ਤੌਰ 'ਤੇ ਦੋਸ਼ ਆਇਦ ਕੀਤੇ ਗਏ ਹਨ। ਇਸਤਗਾਸਾ ਪੱਖ ਨੇ ਕਿਹਾ ਹੈ ਕਿ ਫਿਲਹਾਲ  ਉਸ ਵਿਰੁੱਧ 3 ਹੱਤਿਆਵਾਂ ਦੇ ਮਾਮਲਿਆਂ ਵਿਚ ਦੋਸ਼ ਆਇਦ ਹੋਏ ਹਨ। ਇਨਾਂ ਵਿਚ ਜੋਨਾਥਨ ਰੌਡਰਿਗਜ਼ ਹਰਨਾਨਡੇਜ਼ ,ਜੂਆਨ ਕਾਰਲੋਸ ਕਾਰਾਨਜ਼ਾਕਰੂਜ਼ ਤੇ ਲਾਰੈਂਸ ਲੋਪੇਜ਼ ਦੀਆਂ ਹੋਈਆਂ ਹਤਿਆਵਾਂ ਦੇ 3 ਮਾਮਲੇ ਸ਼ਾਮਿਲ ਹਨ। ਬਰਾਊਨਲੀ ਨੂੰ ਬਿਨਾਂ ਜਮਾਨਤ ਦੇ ਜੇਲ ਵਿਚ ਰਖਿਆ ਜਾਵੇਗਾ। ਡਿਸਟ੍ਰਿਕਿਟ ਅਟਾਰਨੀ ਟੋਰੀ ਵਰਬਰ ਸਲਾਜ਼ਰ ਨੇ ਕਿਹਾ  ਹੈ ਕਿ ਅਸੀਂ ਤਿੰਨ ਹੱਤਿਆਵਾਂ ਦੇ ਮਾਮਲਿਆਂ ਵਿਚ ਬਰਾਊਨਲੀ ਵਿਰੁੱਧ ਦੋਸ਼ ਲਾਏ ਹਨ ਕਿਉਂਕਿ ਇਹ ਦੋਸ਼ ਸਾਬਤ ਕਰਨ ਲਈ ਸਾਡੇ ਕੋਲ ਤਸਲਬਖਸ਼ ਸਬੂਤ ਮੌਜੂਦ ਹਨ। ਉਨਾਂ ਕਿਹਾ ਕਿ ਅਸੀਂ ਆਮ ਜਨਤਾ ਨੂੰ ਇਹ ਯਾਦ ਕਰਵਾਉਣਾ ਚਹੁੰਦੇ ਹਾਂ ਕਿ ਮਾਮਲਿਆਂ ਦੀ ਜਾਂਚ ਅਜੇ ਜਾਰੀ ਹੈ ਤੇ ਬਰਾਊਨਲੀ ਵਿਰੁੱਧ ਹੋਰ ਦੋਸ਼ ਤੈਅ ਕੀਤੇ ਜਾਣਗੇ।