ਨਿਊਯਾਰਕ ਦੇ ਮੇਅਰ ਨੇ ਪ੍ਰਵਾਸੀਆਂ ਦੇ ਸੰਕਟ ਨਾਲ ਨਜਿੱਠਣ ਲਈ ਹੰਗਾਮੀ ਸਥਿੱਤੀ ਦਾ ਕੀਤਾ ਐਲਾਨ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 9 ਅਕਤੂਬਰ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਮੇਅਰ ਏਰਿਕ ਐਡਮਜ ਨੇ ਸ਼ਹਿਰ ਵਿਚ ਭਾਰੀ ਤਾਦਾਦ ਵਿਚ ਪਹੁੰਚੇ ਪ੍ਰਵਾਸੀਆਂ ਵੱਲੋਂ ਪੈਦਾ ਕੀਤੇ ਹਾਲਾਤ ਨਾਲ ਨਜਿੱਠਣ ਲਈ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਹੈ ਕਿ ਇਸ ਵਿੱਤੀ ਸਾਲ ਦੌਰਾਨ ਪ੍ਰਵਾਸੀਆਂ ਉਪਰ ਇਕ ਅਰਬ ਡਾਲਰ ਦਾ ਖਰਚ ਆਵੇਗਾ। ਉਨਾਂ ਕਿਹਾ ਹੈ ਕਿ ਨਿਊਯਾਰਕ ਵਿਚ ਛੋਟੇ ਬੱਚਿਆਂ ਸਮੇਤ ਭਾਰੀ ਗਿਣਤੀ ਵਿਚ ਪ੍ਰਵਾਸੀ ਪਹੁੰਚ ਰਹੇ ਹਨ ਜਿਨਾਂ ਨੂੰ ਤੁਰੰਤ ਰਹਿਣ ਲਈ ਜਗਾ ਦੀ ਲੋੜ ਹੈ। ਮੇਅਰ ਨੇ ਹਾਲਾਤ ਨਾਲ ਨਜਿੱਠਣ ਲਈ ਹੰਗਾਮੀ ਸਥਿੱਤੀ ਦਾ ਐਲਾਨ ਕਰਦਿਆਂ ਸੰਘੀ ਸਰਕਾਰ ਤੇ ਰਾਜ ਸਰਕਾਰ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ। ਮੇਅਰ ਨੇ ਕਿਹਾ ਹੈ ਕਿ ਹੰਗਾਮੀ ਸਥਿੱਤੀ 30 ਦਿਨਾਂ ਲਈ ਲਾਗੂ ਰਹੇਗੀ ਤੇ ਇਸ ਮਿਆਦ ਨੂੰ ਲੋੜ ਅਨੁਸਾਰ ਵਧਾਇਆ ਵੀ ਜਾ ਸਕਦਾ ਹੈ। ਮੇਅਰ ਅਨੁਸਾਰ ਇਸ ਸਮੇ 61000 ਪ੍ਰਵਾਸੀ ਪਨਾਹ ਘਰਾਂ ਵਿਚ ਰਹਿ ਰਹੇ ਹਨ ਜਦ ਕਿ ਹਜਾਰਾਂ ਹੋਰਨਾਂ ਨੂੰ ਅਜੇ ਰਹਿਣ ਲਈ ਜਗਾ ਨਹੀਂ ਦਿੱਤੀ ਜਾ ਸਕੀ। ਉਨਾਂ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਬਾਅਦ ਦੱਖਣੀ ਸਰਹੱਦ ਤੋਂ 17000 ਤੋਂ ਵਧ ਸ਼ਰਨ ਲੈਣ ਦੇ ਚਾਹਵਾਨ ਪ੍ਰਵਾਸੀ ਬੱਸਾਂ ਰਾਹੀਂ ਨਿਊਯਾਰਕ ਪਹੁੰਚੇ ਹਨ।
Comments (0)