ਨਿਊਯਾਰਕ ਦੇ ਇਕ ਰੇਲਵੇ ਸਟੇਸ਼ਨ 'ਤੇ ਛੁਰਾ ਮਾਰਕੇ 14 ਸਾਲਾ ਲੜਕੇ ਦੀ ਹੱਤਿਆ

ਨਿਊਯਾਰਕ ਦੇ ਇਕ ਰੇਲਵੇ ਸਟੇਸ਼ਨ 'ਤੇ ਛੁਰਾ ਮਾਰਕੇ 14 ਸਾਲਾ ਲੜਕੇ ਦੀ ਹੱਤਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 11 ਜੁਲਾਈ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਉਤਰੀ ਹਰਲੇਮ ਰੇਲਵੇ ਸਬ ਸਟੇਸ਼ਨ ਦੇ ਪਲੇਟਫਾਰਮ ਉਪਰ ਇਕ 14 ਸਾਲਾ ਲੜਕੇ ਦੀ ਛੁਰਾ ਮਾਰਕੇ ਹੱਤਿਆ ਕਰ ਦਿੱਤੀ ਗਈ। ਨਿਊਯਾਰਕ ਪੁਲਿਸ ਵਿਭਾਗ ਦੇ ਚੀਫ ਆਫ ਟਰਾਂਜਿਟ ਜੈਸਨ ਵਿਲਕਾਕਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਕੁਝ ਲੋਕਾਂ ਵਿਚਾਲੇ ਸੜਕ ਉਪਰ ਝਗੜਾ ਹੋਇਆ ਤੇ ਇਹ ਝਗੜਾ ਰੇਲਵੇ ਸਟੇਸ਼ਨ 'ਤੇ ਵੀ ਜਾਰੀ ਰਿਹਾ ਜਿਸ ਦਾ ਸਿੱਟਾ ਇਕ ਲੜਕੇ ਦੀ ਹੱਤਿਆ ਦੇ ਰੂਪ ਵਿਚ ਨਿਕਲਿਆ। ਲੜਕੇ ਦੇ ਢਿੱਡ 'ਤੇ ਛੁਰੇ ਨਾਲ ਵਾਰ ਕੀਤੇ ਗਏ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ  ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਕ 15 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੌਕੇ ਤੋਂ ਛੁਰਾ ਵੀ ਬਰਾਮਦ ਕਰ ਲਿਆ ਹੈ। ਉਸ ਵਿਰੁੱਧ ਹੱਤਿਆ ਦੇ ਦੋਸ਼ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪੁਲਿਸ ਨੇ ਗ੍ਰਿਫਤਾਰ ਲੜਕੇ ਦਾ ਨਾਂ ਨਹੀਂ ਦਸਿਆ ਹੈ ਤੇ ਨਾ ਹੀ ਇਹ ਪਤਾ ਲੱਗਾ ਹੈ ਕਿ ਗ੍ਰਿਫਤਾਰ ਲੜਕਾ ਮ੍ਰਿਤਕ ਲੜਕੇ ਦਾ ਵਾਕਫ ਸੀ ਜਾਂ ਨਹੀਂ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਦੀਆਂ ਕੁਝ ਤਸਵੀਰਾਂ ਪ੍ਰਾਪਤ ਕੀਤੀਆਂ ਹਨ ਜਿਨਾਂ ਦੇ ਆਧਾਰ 'ਤੇ ਸ਼ੱਕੀ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਕੁਝ ਲੋਕਾਂ ਤੋਂ ਵੀ ਘਟਨਾ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।