ਅਮਰੀਕਾ ਵਿਚ ਸਿਆਹਫਿਆਮ ਵਿਅਕਤੀ ਹੋਇਆ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ

ਅਮਰੀਕਾ ਵਿਚ ਸਿਆਹਫਿਆਮ ਵਿਅਕਤੀ ਹੋਇਆ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ
ਫੋਟੋ ਕੈਪਸ਼ਨ: ਪ੍ਰਦਰਸ਼ਨਕਾਰੀਆਂ ਨੇ ਓਹੀਓ ਦੇ ਅਕਰੋਨ ਵਿੱਚ ਜੈਲੈਂਡ ਵਾਕਰ ਉਪਰ ਪੁਲਿਸ ਗੋਲੀਬਾਰੀ ਦਾ ਵਿਰੋਧ ਕੀਤਾ।

ਜੇਲੈਂਡ ਵਾਕਰ ਦੇ 60 ਗੋਲੀਆਂ ਮਾਰੀਆਂ ਗਈਆਂ,ਅਧਿਕਾਰੀਆਂ ਵੱਲੋਂ ਗੋਲੀਬਾਰੀ ਦੀ ਵੀਡੀਓ ਜਾਰੀ, ਲੋਕਾਂ ਵੱਲੋਂ ਜਬਰਦਸਤ ਪ੍ਰਦਰਸ਼ਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 4 ਜੁਲਾਈ (ਹੁਸਨ ਲੜੋਆ ਬੰਗਾ)- ਆਕਰਨ, ਓਹੀਓ ਵਿਚ ਕਾਰ ਸਵਾਰ ਸਿਆਹਫਿਆਮ ਜੇਲੈਂਡ ਵਾਕਰ ਜੋ ਪਿਛਲੇ ਹਫਤੇ ਪੁਲਿਸ ਅਫਸਰਾਂ ਹੱਥੋਂ ਮਾਰਿਆ ਗਿਆ ਸੀ, ਦੀ ਪੋਸਟ ਮਾਰਟਮ ਰਿਪੋਰਟ ਵਿਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪੋਸਟ ਮਾਰਟਮ ਕਰਨ ਵਾਲੇ ਡਾਕਟਰ ਅਨੁਸਾਰ ਵਾਕਰ ਦੇ 60 ਗੋਲੀਆਂ ਦੇ ਜਖਮ ਹਨ ਹਾਲਾਂ ਕਿ ਪੁਲਿਸ ਨੇ ਕੁਲ ਕਿੰਨੀਆਂ ਗੋਲੀਆਂ ਚਲਾਈਆਂ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਆਕਰਨ ਪੁਲਿਸ ਦਾ ਕਹਿਣਾ ਹੈ ਕਿ ਵਾਕਰ ਟਰੈਫਿਕ ਸਟਾਪ ਤੋਂ ਭੱਜ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਉਸ ਦਾ ਪਿਛਾ ਕੀਤਾ ਜਿਸ ਦੌਰਾਨ ਉਹ ਮਾਰਿਆ ਗਿਆ। ਇਸ ਮਾਮਲੇ ਵਿਚ ਸਿੱਧੇ ਤੌਰ 'ਤੇ ਸ਼ਾਮਿਲ 8 ਪੁਲਿਸ ਅਫਸਰਾਂ ਨੂੰ ਪ੍ਰਸ਼ਾਸਨਿਕ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਇਸ ਘਟਨਾ ਦੇ ਮੱਦੇਨਜਰ ਸ਼ਹਿਰ ਵਿਚ ਹੋਣ ਵਾਲਾ 4 ਦਿਨਾ ਚੌਥਾ ਮੇਲਾ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਸਾਫ ਨਜਰ ਆ ਰਿਹਾ ਹੈ ਕਿ ਵਾਕਰ ਆਪਣੀ ਕਾਰ ਵਿਚੋਂ ਨਿਕਲ ਕੇ ਥੋਹੜਾ ਜਿਹਾ ਪੁਲਿਸ ਅਧਿਕਾਰੀਆਂ ਵੱਲ ਵਧਦਾ ਹੈ ਜਿਸ ਦੌਰਾਨ ਪੁਲਿਸ ਅਧਿਕਾਰੀ ਉਸ ਉਪਰ ਅੰਧਾਧੁੰਦ ਗੋਲੀਆਂ ਚਲਾ ਦਿੰਦੇ ਹਨ। ਪੁਲਿਸ ਮੁੱਖੀ ਸਟੀਫਨ ਮਾਈਲੈਟ ਨੇ ਕਿਹਾ ਹੈ ਕਿ ਪੁਲਿਸ ਅਫਸਰਾਂ ਨੇ ਵਾਕਰ ਨੂੰ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਉਪਰ ਹੀ ਦਮ ਤੋੜ ਚੁੱਕਾ ਸੀ। ਉਨਾਂ ਕਿਹਾ ਵੀਡੀਓ ਵਿਚ ਵਾਕਰ ਦੀ ਕਾਰ ਦੀ  ਮੋਹਰਲੀ ਸੀਟ ਉਪਰ ਗੰਨ ਪਈ ਨਜਰ ਆ ਰਹੀ ਹੈ ਜਿਸ ਤੋਂ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਵਾਕਰ ਹਥਿਆਰਬੰਦ ਸੀ ਜਦ ਕਿ ਉਹ ਖਾਲੀ ਹੱਥ ਸੀ ਤੇ ਉਸ ਕੋਲ ਕੋਈ ਹਥਿਆਰ ਨਹੀਂ ਸੀ।  ਘਟਨਾ ਦੀ 'ਓਹੀਓ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ' ਜਾਂਚ ਕਰ ਰਹੀ ਹੈ।  ਇਸ ਘਟਨਾ ਦੇ ਵਿਰੋਧ ਵਿਚ ਐਨ ਏ ਏ ਸੀ ਪੀ ਦੀ ਆਕਰਨ ਇਕਾਈ ਦੀ ਅਗਵਾਈ ਵਿਚ ਲੋਕਾਂ ਨੇ  ਜਬਰਦਸਤ ਪ੍ਰਦਰਸ਼ਨ ਕੀਤਾ । ਲੋਕ ਨਾਹਰੇ ਮਾਰਦੇ ਹੋਏ ਸਿਟੀ ਹਾਲ ਵਲ ਗਏ ਜਿਥੇ ਸ਼ਹਿਰ ਤੇ ਰਾਜ ਦੇ ਪ੍ਰਤੀਨਿੱਧੀਆਂ ਸਮੇਤ ਸਾਹਫਿਆਮ ਸੰਸਦ ਮੈਂਬਰਾਂ ਨੇ ਸੰਬੋਧਨ  ਕੀਤਾ। 1000 ਤੋਂ ਵਧ ਲੋਕਾਂ ਦੇ ਇਕੱਠ ਨੇ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਸ਼ਹਿਰ ਦੇ  ਮੇਅਰ ਡੈਨੀਅਲ ਹੋਰੀਗਨ ਨੇ ਸ਼ਾਂਤੀ ਤੇ ਸਬਰ ਰਖਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਵੀਡੀਓ ਦਿਲ ਨੂੰ ਝੰਝੋੜ ਦੇਣ ਵਾਲੀ ਹੈ ਪਰੰਤੂ ਮਾਮਲਾ ਜਾਂਚ ਅਧੀਨ ਹੈ ਇਸ ਲਈ ਸਬਰ ਰਖਿਆ ਜਾਵੇ। ਐਨ ਏ ਏ ਸੀ ਪੀ ਦੇ ਪ੍ਰਧਾਨ ਡੈਰਿਕ ਜੌਹਨਸਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਘਟਨਾ ਲਈ ਸਬੰਧਤ ਪੁਲਿਸ ਅਫਸਰਾਂ ਨੂੰ ਜਿੰਮੇਵਾਰ ਠਹਿਰਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਇਹ ਕੋਈ ਸਵੈ ਰਖਿਆ ਲਈ ਚਲਾਈ ਗੋਲੀ ਦਾ ਮਾਮਲਾ ਨਹੀਂ ਹੈ ਤੇ ਨਾ ਹੀ ਇਹ ਕੋਈ ਹਾਦਸਾ ਹੈ। ਇਹ ਕਤਲ ਦਾ ਮਾਮਲਾ ਹੈ। ਉਨਾਂ ਕਿਹਾ ''ਸੰਭਾਵੀ ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਇਕ ਸਿਆਹਫਿਆਮ ਵਿਅਕਤੀ ਨੂੰ ਮਾਰ ਦਿੱਤਾ ਗਿਆ। ਉਸ ਉਪਰ 90 ਗੋਲੀਆਂ ਚਲਾਈਆਂ ਗਈਆਂ ਜਿਨਾਂ ਵਿਚੋਂ 60 ਤੋਂ ਵਧ ਉਸ ਦੇ ਵੱਜੀਆਂ। ਅਮਰੀਕਾ ਵਿਚ ਅਜਿਹਾ ਗੋਰਿਆਂ ਨਾਲ ਨਹੀਂ ਵਾਪਰਦਾ।''