ਅਮਰੀਕਾ ਵਿਚ ਮਨੁੱਖੀ ਤਸਕਰੀ ਦੀਆਂ 3 ਵੱਖ ਵੱਖ ਘਟਨਾਵਾਂ ਵਿਚ 6 ਹੋਰ ਪ੍ਰਵਾਸੀਆਂ ਦੀ ਮੌਤ 10 ਨੂੰ ਬਚਾਇਆ

ਅਮਰੀਕਾ ਵਿਚ ਮਨੁੱਖੀ ਤਸਕਰੀ ਦੀਆਂ 3 ਵੱਖ ਵੱਖ ਘਟਨਾਵਾਂ ਵਿਚ 6 ਹੋਰ ਪ੍ਰਵਾਸੀਆਂ ਦੀ ਮੌਤ 10 ਨੂੰ ਬਚਾਇਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 1 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਾਸ ਰਾਜ ਵਿਚ ਪਿਛਲੇ 24 ਘੰਟਿਆਂ ਦੌਰਾਨ ਮਨੁੱਖੀ ਤਸਕਰੀ ਦੀਆਂ 3 ਵੱਖ ਵੱਖ ਘਟਨਾਵਾਂ ਵਿਚ 6 ਪ੍ਰਵਾਸੀਆਂ ਦੀ ਮੌਤ ਹੋ ਗਈ ਜਦ ਕਿ 10 ਨੂੰ ਬਚਾ ਲਿਆ ਗਿਆ। ਦੋ ਦਿਨ ਪਹਿਲਾਂ ਸੈਨ ਐਨਟੋਨੀਓ, ਟੈਕਸਾਸ ਵਿਚ ਲਾਵਾਰਸ ਖੜੇ ਇਕ ਟਰੱਕ-ਟ੍ਰੇਲਰ ਵਿਚੋਂ ਪ੍ਰਵਾਸੀਆਂ ਦੀਆਂ 53 ਲਾਸ਼ਾਂ ਬਰਾਮਦ ਹੋਈਆਂ ਸਨ।  ਅਮਰੀਕਾ ਦੇ ਇਤਿਹਾਸ ਵਿਚ ਮਨੁੱਖੀ ਤਸਕਰੀ ਦੀ ਇਹ ਸਭ ਤੋਂ ਭਿਆਨਕ ਘਟਨਾ ਮੰਨੀ ਜਾ ਰਹੀ ਹੈ। ਤਾਜਾ ਘਟਨਾ ਵਿਚ ਐਨਸੀਨਲ, ਟੈਕਸਾਸ ਵਿਚ ਯੂ ਐਸ ਬਾਰਡਰ ਗਸ਼ਤੀ ਦਲ ਤੋਂ ਬਚਣ ਦੀ ਕੋਸ਼ਿਸ਼ ਵਿਚ ਇਕ ਚਿੱਟੇ ਰੰਗ ਦੀ ਐਸ ਯੂ ਵੀ ਜੀਪ ਇੰਟਰਸਟੇਟ 35 ਰਾਸ਼ਟਰੀ ਮਾਰਗ ਉਪਰ ਤੇਜ ਰਫਤਾਰ ਨਾਲ ਨਿਕਲ ਗਈ। ਜਿਸ ਦਾ ਪਿੱਛਾ ਕੀਤਾ ਗਿਆ।  ਲਾਰੇਡੋ ਦੇ ਉੱਤਰ ਵਿਚ ਤਕਰੀਬਨ 40 ਮੀਲ ਦੂਰ ਜਾ ਕੇ ਇਹ ਜੀਪ ਆਪਣਾ ਸਤੁੰਲਣ ਗਵਾ ਕੇ ਹਾਦਸਾ ਗ੍ਰਸਤ ਹੋ ਗਈ ਜਿਸ ਵਿਚ ਸਵਾਰ 4 ਪ੍ਰਵਾਸੀ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤੇ ਗਏ। ਹਾਈਵੇਅ ਪੈਟਰੋਲ ਸਾਰਜੈਂਟ ਏਰਿਕ ਅਸਟਰਾਡਾ ਅਨੁਸਾਰ ਇਸ ਘਟਨਾ ਦੀ ਮਨੁੱਖੀ ਤਸਕਰੀ ਦੀ ਕੋਸ਼ਿਸ਼ ਵਜੋਂ ਜਾਂਚ ਕੀਤੀ ਜਾ ਰਹੀ ਹੈ। ਜੀਪ ਦੇ ਡਰਾਈਵਰ ਦੀ ਹਾਲਤ ਗੰਭੀਰ ਹੈ ਜਦ ਕਿ ਜੀਪ ਵਿਚ ਸਵਾਰ 2 ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਰੇ ਗਏ ਦੋ ਵਿਅਕਤੀ ਗੁਆਟੇਮਾਲਾ ਤੇ ਇਕ ਵਿਅਕਤੀ ਮੈਕਸੀਕੋ ਦਾ ਹੈ। ਚੌਥੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ। ਜਖਮੀ ਹੋਏ ਦੋ ਵਿਅਕਤੀ  ਵੀ ਗੁਆਟੇਮਾਲਾ ਦੇ ਹਨ ਜਦ ਕਿ ਡਰਾਈਵਰ ਅਮਰੀਕਾ ਦਾ ਹੈ। ਮਨੁੱਖੀ ਤਸਕਰੀ ਦੀ ਦੂਸਰੀ ਘਟਨਾ ਵਿਚ ਟੈਕਸਾਸ ਦੇ ਪਾਲਮਵਿਊ ਵਿਚ ਮੈਕਐਲਨ ਨੇੜੇ ਇਕ ਵਾਹਣ ਬਾਰਡਰ ਅਧਿਕਾਰੀਆਂ ਤੋਂ ਅੱਖ ਬਚਾ ਕੇੇ ਨਿਕਲ ਜਾਣ ਦੀ ਕੋਸ਼ਿਸ਼ ਵਿਚ ਹਾਦਸਾ ਗ੍ਰਸਤ ਹੋ ਗਿਆ ਜਿਸ ਵਿਚ ਸਵਾਰ 2 ਵਿਅਕਤੀ ਮਾਰੇ ਗਏ। ਇਕ ਵਿਅਕਤੀ ਤੇ ਇਕ ਔਰਤ ਦੀ ਹਾਲਤ ਗੰਭੀਰ ਹੈ। ਮਨੁੱਖੀ ਤਸਕਰੀ ਦੇ ਇਕ ਹੋਰ ਮਾਮਲੇ ਵਿਚ ਈਗਲ ਰਸਤੇ ਦੇ ਅਧਿਕਾਰੀਆਂ ਨੇ ਇਕ ਕੰਟੇਨਰ ਵਿਚ ਬੰਦ 10 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸਮੇ ਸਿਰ ਪਤਾ ਲੱਗ ਜਾਣ ਕਾਰਨ ਇਨਾਂ  ਲੋਕਾਂ ਦੀ ਜਾਨ ਬਚ ਗਈ।

4 ਵਿਰੁੱਧ ਦੋਸ਼ ਆਇਦ-

ਸੈਨ ਐਨਟੋਨੀਓ ਵਿਚ ਵਾਪਰੀ ਮਨੁੱਖੀ ਤਸਕਰੀ ਦੀ ਘਟਨਾ ਜਿਸ ਵਿਚ 53 ਪ੍ਰਵਾਸੀ ਮਾਰੇ ਗਏ ਸਨ,ਦੇ ਮਾਮਲੇ ਵਿਚ 4 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਇਹ ਚਾਰੇ ਵਿਅਕਤੀ ਪੁਲਿਸ ਹਿਰਾਸਤ ਵਿਚ ਹਨ। ਇਨਾਂ ਵਿਰੁੱਧ ਅਪਰਾਧਿਕ ਦੋਸ਼ ਲਾਏ ਗਏ ਹਨ। 45 ਸਾਲਾ ਹੋਮੇਰੋ ਜ਼ਾਮੋਰਾਨੋ ਜੂਨੀਅਰ ਨੂੰ ਬੁੱਧਵਾਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਵਿਅਕਤੀ ਪਾਸਾਡੇਨਾ, ਟੈਕਸਾਸ ਦਾ ਵਾਸੀ ਹੈ। ਇਸ ਦਾ ਲੰਬਾ ਅਪਰਾਧਿਕ ਰਿਕਾਰਡ ਹੈ। ਗ੍ਰਿਫਤਾਰ ਦੂਸਰੇ ਵਿਅਕਤੀ ਦਾ ਨਾਂ ਕ੍ਰਿਸਟੀਅਨ ਮਾਰਟੀਨੇਜ਼ ਹੈ। 28ਸਾਲਾ ਮਾਰਟੀਨੇਜ਼ ਨੂੰ ਪੇਲਸਟਾਈਨ, ਟੈਕਸਾਸ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ।  ਜੂਆਨ ਕਲੌਡੀਓ ਤੇ ਜੂਆਨ ਫਰਾਂਸਿਸਕੋ ਨਾਮੀ 2 ਹੋਰ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।