ਪੁਲਿਸ ਅਫਸਰ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਮੌਤ ਦੀ ਸਜ਼ਾ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 4 ਮਾਰਚ (ਹੁਸਨ ਲੜੋਆ ਬੰਗਾ)- ਫਲੋਰਿਡਾ ਦੀ ਇਕ ਅਦਾਲਤ ਨੇ ਓਰਲੈਂਡੋ ਦੀ ਪੁਲਿਸ ਅਫਸਰ ਲੈਫਟੀਨੈਂਟ ਡੈਬਰਾ ਕਲੇਟਨ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਮਰਕੀਥ ਲਾਇਡ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਤਕਰੀਬਨ 3 ਮਹੀਨੇ ਪਹਿਲਾਂ ਜਿਊਰੀ ਵੱਲੋਂ ਮੌਤ ਦੀ ਸਜ਼ਾ ਦੀ ਸਿਫਾਰਿਸ਼ ਕਰਨ ਉਪਰੰਤ 9 ਵੀਂ ਸਰਕਟ ਜੱਜ ਲੈਟੀਸੀਆ ਮਾਰਕਸ ਨੇ ਆਪਣਾ ਫੈਸਲਾ ਸੁਣਾਇਆ। ਮਰਕੀਥ ਲਾਇਡ ਨੇ 5 ਸਾਲ ਤੋਂ ਵਧ ਸਮਾਂ ਪਹਿਲਾਂ ਡੈਬਰਾ ਕਲੇਟਨ ਦੀ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦ ਉਹ ਡਿਊਟੀ ਉਪਰ ਸੀ। ਪਿਛਲੇ ਸਾਲ ਨਵੰਬਰ ਵਿਚ ਜਿਊਰੀ ਨੇ ਲਾਇਡ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਉਸ ਨੂੰ ਸਿਰੇ ਦੀ ਮੌਤ ਦੀ ਸਜ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ। ਕਲੇਟਨ ਦੀ ਹੱਤਿਆ ਉਸ ਵੇਲੇ ਕੀਤੀ ਗਈ ਸੀ ਜਦੋਂ ਦਸੰਬਰ 2016 ਵਿਚ ਲਾਇਡ ਆਪਣੀ ਸਾਬਕਾ ਮਿੱਤਰ ਕੁੜੀ ਤੇ ਉਸ ਦੇ ਗਰਭ ਵਿਚਲੇ ਬੱਚੇ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਸੀ। ਜਨਵਰੀ 2017 ਵਿਚ ਇਕ ਵਾਲਮਾਰਟ ਦੇ ਬਾਹਰ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਗੋਲੀਆਂ ਮਾਰ ਕੇ ਕਲੇਟਨ ਦੀ ਹੱਤਿਆ ਕਰ ਦਿੱਤੀ। ਬਾਅਦ ਵਿਚ ਲਾਇਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਦਾਲਤ ਨੇ ਜਦੋਂ ਸਜ਼ਾ ਸੁਣਾਈ ਤਾਂ ਲਾਇਡ ਬੁਰੀ ਤਰਾਂ ਬੁਖਲਾ ਗਿਆ। ਉਹ ਉਚੀ ਸੁਰ ਵਿਚ ਚੀਕਿਆ ਤੇ ਉਸ ਦੇ ਚੇਹਰੇ ਦਾ ਰੰਗ ਫਿਕਾ ਪੈ ਗਿਆ। ਇਥੇ ਜਿਕਰਯੋਗ ਹੈ ਕਿ ਅਕਤੂਬਰ 2019 ਵਿਚ ਲਾਇਡ ਨੂੰ ਆਪਣੀ ਸਾਬਕਾ ਦੋਸਤ ਕੁੜੀ ਸੇਡ ਡਿਕਸਨ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰੰਤੂ ਜਿਊਰੀ ਦੀ ਸਿਫਾਰਿਸ਼ 'ਤੇ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਹੋ ਗਈ ਸੀ। ਹੱਤਿਆ ਵੇਲੇ 42 ਸਾਲਾ ਕਲੇਟਨ ਪੁਲਿਸ ਵਿਭਾਗ ਵਿਚ ਮਾਸਟਰ ਸਾਰਜੈਂਟ ਸੀ ਪਰੰਤੂ ਮੌਤ ਤੋਂ ਬਾਅਦ ਉਸ ਨੂੰ ਤਰੱਕੀ ਦੇ ਕੇ ਲੈਫਟੀਨੈਂਟ ਬਣਾ ਦਿੱਤਾ ਗਿਆ ਸੀ। ਓਰਲੈਂਡੋ ਦੇ ਪੁਲਿਸ ਮੁੱਖੀ ਓਰਲੈਂਡੋ ਰੋਲੋਨ ਨੇ ਸਜ਼ਾ ਉਪਰ ਟਿਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਹੋਰਨਾਂ ਨੂੰ ਵੀ ਸਖਤ ਸੰਦੇਸ਼ ਮਿਲੇਗਾ ਕਿ ਭਿਆਨਕ ਅਪਰਾਧ ਦਾ ਸਿੱਟਾ ਵੀ ਭਿਆਨਕ ਹੁੰਦਾ ਹੈ।
Comments (0)