ਭਾਰੀ ਬਰਫ਼ਬਾਰੀ ਤੇ ਬਰਫ਼ੀਲੇ ਤੂਫਾਨ ਕਾਰਨ ਜਨ - ਜੀਵਨ ਬੁਰੀ ਤਰਾਂ ਪ੍ਰਭਾਵਿਤ, ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ

ਭਾਰੀ ਬਰਫ਼ਬਾਰੀ ਤੇ ਬਰਫ਼ੀਲੇ ਤੂਫਾਨ ਕਾਰਨ ਜਨ - ਜੀਵਨ ਬੁਰੀ ਤਰਾਂ ਪ੍ਰਭਾਵਿਤ, ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਦੱਖਣੀ ਤੇ ਮੱਧ ਐਟਲਾਂਟਾ ਵਿਚ ਭਾਰੀ ਬਰਫ਼ਬਾਰੀ ਤੇ ਬਰਫ਼ੀਲੇ ਤੂਫਾਨ ਕਾਰਨ ਆਮ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਇਲਾਕੇ ਵਿਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਤਕਰੀਬਨ 8,50,000 ਲੋਕ ਇਸ ਭਰ ਸਰਦੀ ਵਿਚ ਬਿਨਾਂ ਬਿਜਲੀ ਤੋਂ ਦਿਨ-ਰਾਤ ਕਟਣ ਲਈ ਮਜਬੂਰ ਹਨ। ਹਵਾਈ ਸੇਵਾਵਾਂ ਉਪਰ ਵੀ ਵਿਆਪਕ ਅਸਰ ਪਿਆ ਹੈ। ਵਾਸ਼ਿੰਗਟਨ , ਡੀ ਸੇ ਦੇ 3 ਪ੍ਰਮੁੱਖ ਹਵਾਈ ਅੱਡਿਆਂ ਉਪਰ ਅਧਿਉਂ ਵਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਵੱਲੋਂ ਕਈ ਥਾਵਾਂ 'ਤੇ 6 ਤੋਂ 12 ਇੰਚ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਐਕੂ ਵੈਦਰ ਅਨੁਸਾਰ ਵਰਜੀਨੀਆ ਦੇ ਪੂਰਬ ਤੋਂ ਲੈ ਕੇ ਮੈਰੀਲੈਂਡ ਦੇ ਪੂਰਬੀ ਕੰਢੇ, ਡੈਲਾਵੇਅਰ ਤੇ ਦੱਖਣੀ ਨਿਊਜਰਸੀ ਵਿਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਵਰਜੀਨੀਆ, ਮੈਰੀਲੈਂਡ, ਨਿਊਜਰਸੀ ਤੇ  ਉਤਰੀ ਕੈਰੋਲੀਨਾ ਵਿਚ 10 ਇੰਚ ਤੱਕ ਬਰਫ਼ਬਾਰੀ ਹੋਣ ਦੀਆਂ ਰਿਪੋਰਟਾਂ ਹਨ। ਕੌਮੀ ਮੌਸਮ ਸੇਵਾ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ 35 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਰਫ਼ੀਲੀਆਂ ਹਵਾਵਾਂ ਚੱਲਣ ਕਾਰਨ ਸਫਰ ਕਰਨਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਪੈਦਾ ਹੋਏ ਹਾਲਾਤ ਦੇ ਮੱਦੇਨਜਰ ਵਾਸ਼ਿੰਗਟਨ ਵਿਚ ਸੰਘੀ ਦਫਤਰ ਸੋਮਵਾਰ ਬੰਦ ਕਰ ਦਿੱਤੇ ਗਏ। ਅਨੇਕਾਂ ਸਕੂਲ ਵੀ ਬੰਦ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।

ਹਜਾਰਾਂ ਉਡਾਣਾਂ ਰੱਦ- ਅਮਰੀਕਾ ਦੇ ਵੱਖ ਵੱਖ ਹਵਾਈ ਅਡਿਆਂ ਉਪਰ 2900 ਤੋਂ ਵਧ ਉਡਾਣਾਂ ਸੋਮਵਾਰ ਰੱਦ ਕਰ ਦਿੱਤੀਆਂ ਗਈਆਂ ਜਿਸ ਕਾਰਨ ਯਾਤਰੀ ਹਵਾਈ ਅੱਡਿਆਂ ਉਪਰ ਹੀ ਭਟਕਦੇ ਰਹੇ। ਫਲਾਈਟ ਅਵੇਅਰ ਅਨੁਸਾਰ 4200 ਤੋਂ ਵਧ ਉਡਾਣਾਂ ਵਿਚ ਦੇਰੀ ਹੋਈ ਹੈ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਡੈਨਵਰ ਕੌਮਾਂਤਰੀ ਹਵਾਈ ਅੱਡੇ ਉਪਰ ਦੋ ਰਾਤਾਂ ਬਿਤਾਉਣੀਆਂ ਪਈਆਂ। ਇਕ ਯਾਤਰੀ ਨੇ ਦੱਸਿਆ ਕਿ ਉਹ ਫਰੰਟੀਅਰ ਏਅਰ ਲਾਈਨਜ ਦੀ ਉਡਾਣ ਉਪਰ  ਡੈਨਵਰ ਆਇਆ ਸੀ ਪਰੰਤੂ ਇਥੇ ਆ ਕੇ ਪਤਾ ਲੱਗਾ ਕੇ ਕੈਲੀਫੋਰਨੀਆ ਜਾਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਵਿਚ ਸਮਾਂ ਬਿਤਾਉਣਾ ਪਿਆ।