ਨਸਲਕੁਸ਼ੀ 1984 ਦੀ ਯਾਦ ਵਿੱਚ ਸਿੱਖ ਕੌਮ ਵੱਲੋਂ ਖੂਨ ਦਾਨ ਮੁਹਿੰਮ

ਨਸਲਕੁਸ਼ੀ 1984 ਦੀ ਯਾਦ ਵਿੱਚ ਸਿੱਖ ਕੌਮ ਵੱਲੋਂ ਖੂਨ ਦਾਨ ਮੁਹਿੰਮ

 ਯੂਬਾ ਸਿਟੀ ਨਗਰ ਕੀਰਤਨ 2021

 ਸੈਂਕੜੇ ਸਿੱਖ ਨੌਜਵਾਨ,ਬੀਬੀਆਂ ਅਤੇ ਬਜ਼ੁਰਗ ਖੂਨਦਾਨ ਕਰਨ ਲਈ ਅੱਗੇ ਆਏ

ਅੰਮ੍ਰਿਤਸਰ ਟਾਈਮਜ਼

 ਯੂਬਾ ਸਿਟੀ: (ਹਰਕੀਰਤ ਕੁਲਾਰ)ਦੁਨੀਆਂ ਭਰ ਵਿਚ ਵਸਦੀ ਸਿੱਖ ਕੌਮ ਹਰ ਸਾਲ ਨਵੰਬਰ ਮਹੀਨੇ ਵਿਚ ਨਸਲਕੁਸ਼ੀ 1984 ਨੂੰ ਯਾਦ ਕਰਦਿਆ ਖੂਨਦਾਨ ਮੁਹਿੰਮ ਚਲਾਉਂਦੀ ਹੈ।ਦੁਨੀਆਂ ਭਰ ਦੀਆਂ ਘੱਟ ਗਿਣਤੀਆਂ ਲਈ ਸੁਰੱਖਿਅਤ ਅਤੇ ਸਨਮਾਨਜਨਕ ਸਮਾਜ ਦੀ ਬਰਕਰਾਰੀ ਹੀ ਇਸ ਮੁਹਿੰਮ ਦਾ ਉਦੇਸ਼ ਹੈ।ਸਿੱਖ ਕੌਮ ਵੱਲੋਂ ਚਲਾਈ ਜਾਂਦੀ ਖੂਨਦਾਨ ਦੀ ਮੁਹਿੰਮ ਬੀਤੇ ਸਮੇਂ ਦੀ ਯਾਦ ਨੂੰ ਤਾਜਾ ਰੱਖਣ ਦੇ ਨਾਲ ਨਾਲ ਅਤੇ ਇਕ ਚੰਗੇ ਭਵਿੱਖ ਦੀ ਆਮਦ ਲਈ ਵੀ ਯਤਨਸ਼ੀਲ ਹੈ।ਇਹ ਮੁਹਿੰਮ ਜਿੱਥੇ ਨਵੰਬਰ 1984 ਦੇ ਪੀੜਤਾਂ ਨੂੰ ਸਨਮਾਨਜਨਕ ਸ਼ਰਧਾਂਜਲੀ ਦਿੰਦੀ ਹੈ ਉੱਥੇ ਇਹ ਸਮੁੱਚੀ ਲੋਕਾਈ ਨੂੰ ਨਸਲਕੁਸ਼ੀ ਦੀ ਮਾਨਸਿਕਤਾ ਵਿਰੁੱਧ ਲਾਮਬੰਦ ਕਰਦੀ ਹੈ। 1999 ਤੋਂ  ਲੋਅਰਮੇਨਲੈਂਡ (ਵੈਨਕੂਵਰ) ਤੋਂ ਸ਼ੁਰੂ ਹੋਈ ਇਹ ਮੁਹਿੰਮ ਹੁਣ ਕਨੇਡਾ ਤੋਂ ਇਲਾਵਾ ਅਮਰੀਕਾ, ਆਸਟਰੇਲੀਆ ਅਤੇ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿਚ ਫੈਲ ਚੁੱਕੀ ਹੈ।

ਇਸ ਮੁਹਿੰਮ ਰਾਹੀਂ ਦਸੰਬਰ 2014 ਤੱਕ 1 ਲੱਖ 60 ਹਜਾਰ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।ਸਿੱਖ ਕੌਮ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਨੁੰ ਇਸ ਵਿਲੱਖਣ ਸ਼ਾਂਤਮਈ ਜਾਨਾਂ ਬਚਾਉਣ ਦੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹੈ। ਕੈਲੇਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਵਿੱਚ ਪਿਛਲੇ  7 ਸਾਲ ਤੋਂ ਸਾਲਾਨਾ ਨਗਰ ਕੀਰਤਨ ਦੌਰਾਨ ਖੂਨਦਾਨ ਕੈਪੇਨ ਚਲਾਈ ਜਾਂਦੀ ਹੈ। ਜਿਸ ਵਿੱਚ ਸਿੱਖਾਂ ਦੀ ਨਸਲਕੁਸ਼ੀ 1984 ਨੂੰ ਯਾਦ ਕਰਦਿਆਂ ਖੂਨ ਦਾਨ ਕਰਨ ਲਈ ਸਿੱਖਾਂ ਦਾ ਹੜ੍ਹ ਉਮੱਡ ਪੈਂਦਾ ਹੈ।ਇਸ  ਸਾਲ ਯੂਬਾ ਸਿਟੀ  ਵਿਖੇ ਅਮਰੀਕਾ ਦੇ ਬਲੱਡ ਸੋਰਸ ਵਾਲਿਆ ਵੱਲੋਂ ਚਾਰ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਫੇਰ ਵੀ ਸੈਂਕੜੇ ਸਿੱਖ ਵੀਰ ਭੈਣਾਂ ਨੂੰ ਖੂਨ-ਦਾਨ ਦੇਣ ਤੋਂ ਵਾਂਝੇ ਰਹਿਣਾ ਪਿਆ,ਸਿਰਫ 230 ਸਿੱਖ ਹੀ ਰਜਿਸਟਰਡ ਹੋ ਸਕੇ।ਅਮਰੀਕਾ ਦੀ ਇਸ ਖੂਨਦਾਨ ਲੈਂਣ ਵਾਲੀ ਏਜੰਸੀ ਦੇ ਵਰਕਰ ਹੈਰਾਨ ਸਨ ਕਿ ਸਿੱਖ ਕੌਮ ਵਿੱਚ ਸਰਬੱਤ ਦੇ ਭਲੇ ਅਤੇ ਦੂਸਰੇ ਲੋਕਾਂ ਦੀਆਂ ਜਾਨਾ ਬਚਾਉਂਣ ਲਈ ਖੂਨਦਾਨ ਦੇਣ ਲਈ ਕਿੰਨਾ ਉਤਸ਼ਾਹ ਹੈ।ਭਾਵੇਂ ਕਿ 4 ਵਜ਼ੇ ਸ਼ਾਮ ਤੱਕ ਖੂਨ ਦਾਨ ਲੈਣ ਦਾ ਟਾਈਮ ਸੀ ਪਰ ਫਿਰ ਵੀ ਬਹੁਤ ਸਾਰੇ ਸਿੱਖ  ਲਾਈਨ ਵਿੱਚ ਖੜੇ ਸਨ ਜਿਨਾ ਤੋਂ ਅਮਲੇ ਨੇ ਮੁਆਫੀ ਮੰਗੀ ਅਸੀਂ ਹੁਣ ਹੋਰ ਖੂਨ ਨਹੀਂ ਲੈ ਸਕਦੇ।