ਸ਼ਰਾਬੀ ਪੁਲਸੀਏ ਨੇ ਸਿੱਖ ਬਜ਼ੁਰਗ ਦੀ ਦਾੜੀ ਖਿਚੀ

ਸ਼ਰਾਬੀ ਪੁਲਸੀਏ ਨੇ ਸਿੱਖ ਬਜ਼ੁਰਗ  ਦੀ ਦਾੜੀ ਖਿਚੀ

ਅੰਮ੍ਰਿਤਸਰ ਟਾਈਮਜ਼

ਮਲੋਟ-ਮਲੋਟ 'ਚ ਪੁਲਿਸ ਮੁਲਾਜ਼ਮ ਵਲੋਂ ਇਕ ਸਿੱਖ ਵਿਅਕਤੀ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਸਿੱਖ ਵਿਅਕਤੀ ਦਾ ਦੋਸ਼ ਹੈ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸ ਦੇ ਦਾੜੀ ਦੇ ਵਾਲ ਪੁੱਟ ਕੇ ਕੇਸਾਂ ਦੀ ਬੇਅਦਬੀ ਕੀਤੀ ਹੈ । ਇਸ ਸਬੰਧੀ ਮਾਮਲਾ ਸਿਟੀ ਪੁਲਿਸ ਦੁਆਰਾ ਜਾਂਚ ਅਧੀਨ ਹੈ ।ਪੀੜਤ ਵਿਅਕਤੀ ਸਥਾਨਕ ਐਗਰੀਕਲਚਰ ਇੰਡਸਟਰੀ ਦਾ ਮਾਲਕ ਹੈ । ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਅਤੇ ਰਸਤੇ ਵਿਚ ਇਕ ਸ਼ਰਾਬੀ ਪੁਲਿਸ ਮੁਲਾਜ਼ਮ ਰਾਹ ਰੋਕ 'ਕੇ ਆਪਣੀ ਗੱਡੀ ਵਿਚਾਲੇ ਲਾ ਕੇ ਖੜ੍ਹਾ ਸੀ ਜਦ ਉਸ ਨੇ ਗੱਡੀ ਪਾਸੇ ਕਰਨ ਲਈ ਕਿਹਾ ਤਾਂ ਉਸ ਨੇ ਭੱਦੀ ਸ਼ਬਦਾਵਲੀ ਵਰਤਦਿਆਂ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ । ਜਿਸ ਨੂੰ ਰੋਕਣ ਲਈ ਜਦ ਉਹ ਅੱਗੇ ਆਇਆ ਤਾਂ ਉਕਤ ਮੁਲਾਜ਼ਮ ਨੇ ਉਸ ਦੀ ਦਾੜ੍ਹੀ ਦੇ ਵਾਲ ਫੜ ਲਏ ਅਤੇ ਖਿੱਚਧੂਹ ਕਰਨੀ ਸ਼ੁਰੂ ਕਰ ਦਿੱਤੀ ।ਆਸ ਪਾਸ ਖੜੇ ਲੋਕਾਂ ਨੇ ਉਸ ਦੇ ਵਾਲ ਛੁਡਵਾਏ । ਸਿੱਖ ਵਿਅਕਤੀ ਨੇ ਦੱਸਿਆ ਕਿ ਥਾਣਾ ਸਿਟੀ ਮਲੋਟ ਵਿਖੇ ਸੂਚਿਤ ਕਰਨ ਉਪਰੰਤ ਕੁਝ ਮੁਲਾਜ਼ਮ ਮੌਕੇ 'ਤੇ ਪੁੱਜੇ ਪਰ ਉਹ ਵੀ ਆਪਣੇ ਸਾਥੀ ਮੁਲਾਜ਼ਮ ਦਾ ਪੱਖ ਪੂਰਦੇ ਸਾਵਧਾਨੀ ਨਾਲ ਉਸ ਨੂੰ ਉੱਥੋਂ ਲੈ ਗਏ ।ਸਿੱਖ ਵਿਅਕਤੀ ਨੇ ਦੱਸਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮਾਮਲਾ ਧਿਆਨ ਵਿਚ ਲਿਆ ਦਿੱਤਾ ਗਿਆ ਹੈ | ਉੱਧਰ ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਜਾਂਚ ਉਪਰੰਤ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।