ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ ਵਿਚ ਨਿਊਯਾਰਕ ਵਿਚ ਵਿਸ਼ਾਲ ਰੈਲੀ ਕੱਢੀ

ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ ਵਿਚ ਨਿਊਯਾਰਕ ਵਿਚ ਵਿਸ਼ਾਲ ਰੈਲੀ ਕੱਢੀ

* ਕੋਵਿਡ ਟੀਕਾਕਰਣ ਦੀ ਬਜਾਏ ਵੱਡੀ ਤਾਦਾਦ ਵਿਚ ਕਾਮੇ ਨੌਕਰੀਆਂ ਛੱਡਣ ਲਈ ਤਿਆਰ- ਸਰਵੇ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ ਵਿਚ ਨਿਊਯਾਰਕ ਵਿਚ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਇਕ ਵਿਸ਼ਾਲ ਰੈਲੀ ਕੱਢੀ ਗਈ। ਮੁਲਾਜ਼ਮ ਮੇਅਰ ਦੀ ਸਰਕਾਰੀ ਰਿਹਾਇਸ਼ ਗਰੇਸੀ ਮੈਨਸ਼ਨ ਵਿਖੇ ਇਕੱਠੇ ਹੋਏ ਤੇ ਕੋਵਿਡ ਵੈਕਸੀਨ ਲਾਜ਼ਮੀ ਲਵਾਉਣ ਦਾ ਵਿਰੋਧ ਕੀਤਾ। ਪ੍ਰਦਰਸ਼ਕਾਰੀਆਂ ਨੇ ਵੈਕਸੀਨ ਟੀਕਾਕਰਣ ਵਿਰੁੱਧ ਨਾਅਰੇਬਾਜੀ ਕੀਤੀ। ਉਨਾਂ ਨੇ 'ਮਾਈ ਬੌਡੀ ਮਾਈ ਚੌਇਸ' , ਨੈਚਰਲ ਇਮਊਨਿਟੀ' ਤੇ 'ਇਸ਼ੈਂਸ਼ੀਅਲ ਵਰਕਰਜ਼ ਆਰ ਨਾਟ ਡਿਸਪੋਜ਼ੇਬਲ ਹੀਰੋਜ਼' ਵਰਗੇ ਨਾਅਰੇ ਲਾ ਕੇ ਕੋਵਿਡ-19 ਟੀਕੀਕਰਨ ਦਾ ਵਿਰੋਧ ਕੀਤਾ। ਇਥੇ ਵਰਣਨਯੋਗ ਹੈ ਕਿ ਨਿਊਯਾਰਕ ਦੇ ਅੱਗ ਬੁਝਾਊ ਵਿਭਾਗ, ਪੁਲਿਸ ਵਿਭਾਗ ਤੇ  ਸ਼ਹਿਰ ਵਿਚ ਕੰਮ ਕਰਦੇ ਹੋਰ ਮੁਲਾਜ਼ਮਾਂ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਘੱਟੋ ਘੱਟ ਇਕ ਟੀਕਾ ਲੱਗੇ ਹੋਣ ਦਾ ਸਬੂਤ ਵਿਖਾਉਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਹ ਕੋਵਿਡ-19 ਟੀਕੇ ਨਹੀਂ ਲਵਾਉਣਗੇ ਤੇ ਨੌਕਰੀਆਂ ਛੱਡ ਜਾਣਗੇ।

  72% ਕਾਮੇ ਨੌਕਰੀਆਂ ਛੱਡਣ ਲਈ ਤਿਆਰ: ਕਾਰੋਬਾਰੀ ਅਦਾਰਿਆਂ ਵਿਚ ਕੰਮ ਕਰਦੇ ਵੱਡੀ ਤਾਦਾਦ ਵਿਚ ਕੋਵਿਡ ਟੀਕਾਕਰਣ ਨਾ ਕਰਵਾਉਣ ਵਾਲੇ ਕਾਮਿਆਂ ਦਾ ਕਹਿਣਾ ਹੈ ਕਿ ਜੇਕਰ ਉਨਾਂ ਦੇ ਮਾਲਕਾਂ ਨੇ ਕੋਵਿਡ-19 ਮਹਾਮਾਰੀ ਬਾਰੇ ਸੰਘੀ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨੌਕਰੀਆਂ ਛੱਡ ਦੇਣਗੇ। ਕੈਸਰ ਫੈਮਿਲੀ ਫਾਉਂਡੇਸ਼ਨ ਜੋ ਸਿਹਤ ਮੁੱਦਿਆਂ ਨਾਲ ਜੁੜੀ ਇਕ ਵੱਡੀ ਸੰਸਥਾ ਹੈ, ਵੱਲੋਂ ਕਰਵਾਏ ਇਕ ਸਰਵੇ ਵਿਚ ਸਪੱਸ਼ਟ ਹੋਇਆ ਹੈ ਕਿ ਕੋਵਿਡ-19 ਟੀਕਾਕਰਣ ਨਾ ਕਰਵਾਉਣ ਵਾਲੇ 72% ਕਾਮਿਆਂ ਨੇ ਕਿਹਾ ਹੈ ਕਿ ਜੇਕਰ ਉਨਾਂ ਦੇ ਮਾਲਕਾਂ ਨੇ ਕੋਵਿਡ ਵੈਕਸੀਨ ਜਰੂਰੀ ਲਵਾਉਣ ਲਈ ਕਿਹਾ ਤੇ ਟੈਸਟ ਕਰਵਾਉਣ ਦੀ ਪੇਸ਼ਕਸ਼ ਨਾ ਕੀਤੀ ਤਾਂ ਉਹ ਨੌਕਰੀਆਂ ਛੱਡ ਦੇਣਗੇ। 37% ਕਾਮਿਆਂ ਨੇ ਕਿਹਾ ਹੈ ਕਿ ਜੇਕਰ ਉਨਾਂ ਨੂੰ ਕੋਵਿਡ ਵੈਕਸੀਨ ਲਵਾਉਣ ਲਈ ਮਜਬੂਰ ਕੀਤਾ ਜਾਂ ਵੈਕਸੀਨ ਨਾ ਲਵਾਉਣ 'ਤੇ ਹਫਤਾਵਾਰੀ ਟੈਸਟ ਲਾਜਮੀ ਕਰ ਦਿੱਤਾ ਤਾਂ ਉਹ ਨੌਕਰੀਆਂ ਨੂੰ ਅਲਵਿਦਾ ਕਹਿ ਦੇਣਗੇ। ਜਿਕਰਯੋਗ ਹੈ ਕਿ ਬਾਈਡਨ ਪ੍ਰਸ਼ਾਸਨ ਨੇ ਕੋਵਿਡ-19 ਸਬੰਧੀ ਨਵੇਂ ਨਿਯਮ ਤਿਆਰ ਕੀਤੇ ਹਨ ਜਿਨਾਂ ਤਹਿਤ ਜੇਕਰ ਕਿਸੇ ਕਾਰੋਬਾਰੀ ਅਦਾਰੇ ਵਿਚ 100 ਜਾਂ ਇਸ ਤੋਂ ਵਧ ਮੁਲਾਜ਼ਮ ਕੰਮ ਕਰਦੇ ਹਨ ਤਾਂ ਉਸ ਨੂੰ ਆਪਣੇ ਸਾਰੇ ਮੁਲਾਜ਼ਮਾਂ ਦਾ ਟੀਕਾਕਰਣ ਕਰਵਾਉਣਾ ਲਾਜਮੀ ਹੋਵੇਗਾ ਤੇ ਜਿਹੜੇ ਮੁਲਾਜ਼ਮ ਟੀਕਾਕਰਣ ਨਹੀਂ ਕਰਵਾਉਣਗੇ ਉਨਾਂ ਨੂੰ ਹਫਤੇ ਵਿਚ ਦੋ ਵਾਰ ਕੋਰੋਨਾ ਟੈਸਟ ਕਰਵਾਉਣੇ ਪੈਣਗੇ। ਸਰਵੇ ਵਿਚ ਇਹ ਵੀ ਪਾਇਆ ਗਿਆ ਹੈ ਕਿ ਬਹੁਤ ਸਾਰੇ ਕਾਰੋਬਾਰੀ ਅਦਾਰਿਆਂ ਦੇ ਸਮੁੱਚੇ ਮੁਲਾਜ਼ਮ ਟੀਕਾਕਰਣ ਕਰਵਾਉਣ ਲਈ ਸਹਿਮਤ ਹੋਏ ਹਨ ਜਾਂ ਉਨਾਂ ਨੇ ਟੀਕਾਕਰਣ ਕਰਵਾ ਲਿਆ ਹੈ। ਯੁਨਈਇਟਡ ਏਅਰਲਾਈਨਜ਼ ਤੇ ਟਾਈਸਨ ਫੂਡਜ਼ ਜਿਨਾਂ ਨੇ ਟੀਕਾਕਰਣ ਲਾਜ਼ਮੀ ਕੀਤਾ ਹੈ, ਦੇ ਸਾਰੇ ਮੁਲਾਜ਼ਮ ਟੀਕਾਕਰਣ ਨਿਯਮਾਂ ਨੂੰ ਅਪਣਾਉਣ ਲਈ ਸਹਿਮਤ ਹੋਏ ਹਨ। ਕਾਰੋਬਾਰੀ ਅਦਾਰਿਆਂ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾਕਰਣ ਦੇ ਵਿਰੋਧ ਵਿਚ ਮੁਲਾਜ਼ਮਾਂ ਵੱਲੋਂ ਨੌਕਰੀਆਂ ਛੱਡ ਦੇਣ ਕਾਰਨ ਵੱਡੀ ਪੱਧਰ ਉਪਰ ਮੁਲਾਜ਼ਮਾਂ ਦੀ ਘਾਟ ਪੈਦਾ ਹੋ ਜਾਵੇਗੀ ਜਿਸ ਕਾਰਨ ਸਪਲਾਈ ਪ੍ਰਭਾਵਿਤ ਹੋਵੇਗੀ ਜਿਸ ਦਾ ਸਿੱਧਾ ਅਸਰ ਕਾਰੋਬਾਰੀ ਅਦਾਰਿਆਂ ਉਪਰ ਹੀ ਪਵੇਗਾ।