ਨਿਊਯਾਰਕ ਦੇ ਇਕ ਹਸਪਤਾਲ ਵਿਚ ਕੋਵਿਡ ਟੀਕਾ ਲਵਾਉਣ ਦੀ ਬਜਾਏ ਮੁਲਾਜ਼ਮਾਂ ਨੇ ਛੱਡੀਆਂ ਨੌਕਰੀਆਂ

ਨਿਊਯਾਰਕ ਦੇ ਇਕ ਹਸਪਤਾਲ ਵਿਚ ਕੋਵਿਡ ਟੀਕਾ ਲਵਾਉਣ ਦੀ ਬਜਾਏ ਮੁਲਾਜ਼ਮਾਂ ਨੇ ਛੱਡੀਆਂ ਨੌਕਰੀਆਂ

 

* ਜਨੇਪਾ ਸੇਵਾਵਾਂ ਹੋਈਆਂ ਠੱਪ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਦਿਹਾਤੀ ਖੇਤਰ ਵਿਚਲੇ ਇਕ ਹਸਪਤਾਲ ਦੇ ਸਟਾਫ ਨੇ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣ ਤੋਂ ਨਾਂਹ ਕਰ ਦਿੱਤੀ ਹੈ ਤੇ ਨੌਕਰੀਆਂ ਤੋਂ ਅਸਤੀਫੇ ਦੇ ਦਿੱਤੇ ਹਨ ਜਿਸ ਕਾਰਨ ਹਸਪਤਾਲ ਵਿਚ ਜੱਚਾ- ਬੱਚਾ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਤੇ ਹਸਪਤਾਲ ਨੇ ਗਰਭਵਤੀ ਔਰਤਾਂ ਲਈ ਜਨੇਪਾ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਹਸਪਤਾਲ ਦੇ ਮੁਲਾਜ਼ਮਾਂ ਲਈ ਕੋਵਿਡ ਵੈਕਸੀਨ ਲਵਾਉਣੀ ਜਰੂਰੀ ਕਰਨ ਉਪਰੰਤ ਲੈਵਿਸ ਕਾਊਂਟੀ ਜਨਰਲ ਹਸਪਤਾਲ ਦੇ 6 ਮੁਲਾਜ਼ਮਾਂ ਨੇ ਅਸਤੀਫੇ ਦੇ ਦਿੱਤੇ ਹਨ ਤੇ 7 ਹੋਰ ਮੁਲਾਜ਼ਮ ਕੋਵਿਡ ਟੀਕਾ ਨਹੀਂ ਲਵਾਉਣਾ ਚਹੁੰਦੇ ਪਰ ਉਨਾਂ ਨੇ ਅਜੇ ਅਸਤੀਫੇ ਨਹੀਂ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਮੁਲਾਜ਼ਮਾਂ ਦੀ ਘਾਟ ਕਾਰਨ ਜਨੇਪਾ  ਸੇਵਾਵਾਂ ਬੰਦ ਕਰ ਰਿਹਾ ਹੈ। ਲੈਵਿਸ ਕਾਊਂਟੀ ਹੈਲਥ ਸਿਸਟਮ ਦੇ ਸੀ ਈ ਓ ਗੇਰਾਲਡ ਆਰ ਕੇਅਰ ਨੇ ਕਿਹਾ ਹੈ ਕਿ 24 ਸਤੰਬਰ ਤੋਂ ਬਾਅਦ ਜਨੇਪਾ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨਾਂ ਇਹ ਵੀ  ਕਿਹਾ ਕਿ ਇਹ ਸੇਵਾਵਾਂ ਆਰਜੀ ਤੌਰ 'ਤੇ ਬੰਦ ਹੋਣਗੀਆਂ ਤੇ ਹੋਰ ਨਰਸਾਂ ਦੀ ਭਰਤੀ ਉਪਰੰਤ ਜਨੇਪਾ ਸੇਵਾਵਾਂ ਮੁੜ ਆਮ ਵਾਂਗ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਕੇਅਰ ਨੇ ਕਿਹਾ ਕਿ ਸਾਡੇ ਲਈ ਮੁਲਾਜ਼ਮਾਂ ਦਾ ਟੀਕਾਕਰਣ ਕਰਵਾਉਣਾ ਤੇ ਹਸਪਤਾਲ ਦੀਆਂ ਸੇਵਾਵਾਂ ਜਾਰੀ ਰਖਣੀਆਂ ਇਕ ਚੁਣੌਤੀ ਹਨ। ਕੇਅਰ ਨੇ ਕਿਹਾ ਕਿ ਉਹ ਵੈਕਸੀਨ ਲਾਜ਼ਮੀ ਲਾਉਣ ਦੇ ਹੱਕ ਵਿਚ ਹਨ ਕਿਉਂਕਿ ਸਿਹਤ ਮਲਾਜ਼ਮਾਂ ਦੀ ਤੰਦਰੁਸਤੀ ਲਈ ਇਹ ਜੂਰਰੀ ਹੈ। ਕੇਅਰ ਅਨੁਸਾਰ ਲੈਵਿਸ ਕਾਊਂਟੀ ਜਨਰਲ ਹਸਪਤਾਲ ਦੇ 27% ਮੁਲਾਜ਼ਮਾਂ ਨੇ ਕੋਵਿਡ ਵੈਕਸੀਨ ਨਹੀਂ ਲਵਾਈ ਹੈ।  ਇਥੇ ਜਿਕਰਯੋਗ ਹੈ ਕਿ ਨਿਊਯਾਰਕ ਦੇ ਸਾਬਕਾ ਗਵਰਨਰ ਐਂਡਰੀਊ ਕੂਮੋ ਨੇ 16 ਅਗਸਤ ਨੂੰ ਜਾਰੀ ਇਕ  ਆਦੇਸ਼ ਵਿਚ ਨਿਊਯਾਰਕ ਦੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦਾ ਟੀਕਾਕਰਣ ਯਕੀਨੀ ਬਣਾਉਣ ਲਈ ਕਿਹਾ ਸੀ। ਇਸ ਆਦੇਸ਼ ਵਿਚ ਕਿਹਾ ਗਿਆ ਹੈ ਕਿ ਵਿਸ਼ੇਸ਼ ਤੌਰ 'ਤੇ ਹਸਪਤਾਲਾਂ ਤੇ ਮਿਆਦੀ ਸਿਹਤ ਸੰਭਾਲ ਕੇਂਦਰਾਂ ਦੇ ਮੁਲਾਜ਼ਮਾਂ ਨੂੰ 27 ਸਤੰਬਰ ਤੱਕ ਕੋਵਿਡ ਵੈਕਸੀਨ ਦੀ ਇਕ ਖੁਰਾਕ ਜੂਰਰ ਦੇ ਦਿੱਤੀ ਜਾਵੇ।