ਰਾਸ਼ਟਰਪਤੀ ਦੇ ਦਸਤਖਤਾਂ ਨਾਲ ''ਇਨਫਲੇਸ਼ਨ ਰਿਡਕਸ਼ਨ ਬਿੱਲ'' ਕਨੂੰਨ ਬਣਿਆ

ਰਾਸ਼ਟਰਪਤੀ ਦੇ ਦਸਤਖਤਾਂ ਨਾਲ ''ਇਨਫਲੇਸ਼ਨ ਰਿਡਕਸ਼ਨ ਬਿੱਲ'' ਕਨੂੰਨ ਬਣਿਆ

* ਬਾਈਡਨ ਨੇ ਰਿਪਬਲੀਕਨ ਕਾਂਗਰਸ ਮੈਂਬਰਾਂ ਦੀ ਕੀਤੀ ਸਖਤ ਅਲੋਚਨਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 18 ਅਗਸਤ (ਹੁਸਨ ਲੜੋਆ ਬੰਗਾ) -ਰਾਸ਼ਟਰਪਤੀ ਜੋਅ ਬਾਈਡਨ ਨੇ 750 ਅਰਬ ਡਾਲਰ ਦੀ ਵਿਵਸਥਾ ਵਾਲੇ ਸਿਹਤ ਸੰਭਾਲ, ਟੈਕਸ ਤੇ ਵਾਤਾਵਰਣ ਨਾਲ ਸਬੰਧਤ ਬਿੱਲ ' ਇਨਫਲੇਸ਼ਨ ਰਿਡਕਸ਼ਨ ਬਿੱਲ' ਉਪਰ ਦਸਤਖਤ ਕਰ ਦਿੱਤੇ ਹਨ । ਮੱਧਕਾਲੀ ਚੋਣਾਂ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਤੇ ਡੈਮੋਕਰੈਟਿਕ ਪਾਰਟੀ ਦੀ ਇਹ ਵੱਡੀ ਜਿੱਤ ਮੰਨੀ ਜਾਂਦੀ ਹੈ। ਵਾਈਟ ਹਾਊਸ ਵਿਖੇ ਬਿੱਲ ਉਪਰ ਦਸਤਖਤ ਕਰਨ ਦੀ ਰਸਮ ਨਿਭਾਉਣ ਸਮੇ ਰਾਸ਼ਟਰਪਤੀ ਨੇ ਕਿਹਾ ਕਿ ''ਇਨਫਲੇਸ਼ਨ ਰਿਡਕਸ਼ਨ ਐਕਟ' ਸਾਡੇ ਇਤਿਹਾਸ ਦੇ ਸਭ ਤੋਂ ਵਧ ਮਹੱਤਵਪੂਰਨ ਕਾਨੂੰਨਾਂ ਵਿਚੋਂ ਇਕ ਹੈ। ਇਸ ਮੌਕੇ ਹਾਜਰ ਕਾਂਗਰਸ ਦੇ ਡੈਮੋਕਰੈਟਿਕ ਮੈਂਬਰਾਂ ਤੇ ਪ੍ਰਸ਼ਸਾਨਿਕ ਅਫਸਰਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਇਸ ਕਾਨੂੰਨ ਨਾਲ ਅਮਰੀਕੀ ਲੋਕਾਂ ਦੀ ਜਿੱਤ ਹੋਈ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਬਿੱਲ ਦੇ ਕਾਨੂੰਨ ਬਣਨ ਬਾਰੇ ਸ਼ੱਕ ਸੀ ਪਰੰਤੂ ਅਸੀਂ ਇਕ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਵਚਨਬੱਧਤਾ ਤੇ ਸਬਰ ਦੀ ਜਿੱਤ ਹੋਈ ਹੈ। ਇਸ ਕਾਨੂੰਨ ਤਹਿਤ ਵਾਤਾਵਰਣ ਖੇਤਰ ਵਿਚ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਨਿਵੇਸ਼ ਹੋਵੇਗਾ, ਸਿਹਤ ਖੇਤਰ ਵਿਚ ਵੱਡੀਆਂ ਤਬਦੀਲੀਆਂ ਹੋਣਗੀਆਂ, ਕੁਝ ਵਿਸ਼ੇਸ਼ ਦਵਾਈਆਂ ਦੀਆਂ ਕੀਮਤਾਂ ਘਟਣਗੀਆਂ ਤੇ ਖਤਮ ਹੋ ਰਹੀਆਂ ਸਿਹਤ ਸੰਭਾਲ ਰਿਆਇਤਾਂ ਦਾ ਸਮਾਂ 3 ਸਾਲ ਲਈ ਹੋਰ ਵਧ ਜਾਵੇਗਾ। ਨਵੇਂ ਟੈਕਸ ਨਾਲ ਬਜਟ ਘਾਟਾ ਘਟਾਉਣ ਵਿਚ ਮੱਦਦ ਮਿਲੇਗੀ। ਇਸ ਕਾਨੂੰਨ ਤਹਿਤ ਵੱਡੀਆਂ ਕਾਰਪੋਰੇਸ਼ਨਾਂ ਉਪਰ ਘੱਟੋ ਘੱਟ 15% ਟੈਕਸ ਤੇ ਸਟਾਕ ਬਾਈਬੈਕਸ ਉਪਰ 1% ਟੈਕਸ ਲੱਗੇਗਾ। ਅਗਲੇ ਸਾਲਾਂ ਦੌਰਾਨ ਸਰਕਾਰੀ ਆਮਦਨੀ ਵਿਚ 700 ਅਰਬ ਡਾਲਰ ਤੋਂ ਵਧ ਦਾ ਵਾਧਾ ਹੋਵੇਗਾ। ਬਾਈਡਨ ਨੇ ਬਿੱਲ ਵਿਰੁੱਧ ਵੋਟਾਂ ਪਾਉਣ ਵਾਲੇ ਰਿਪਬਲੀਕਨ ਮੈਂਬਰਾਂ ਦੀ ਸਖਤ ਅਲੋਚਨਾ ਕੀਤੀ। ਉਨਾਂ ਕਿਹਾ ਕਿ ਹਰੇਕ ਰਿਪਬਲੀਕਨ ਨੇ ਬਿੱਲ ਦੇ ਵਿਰੁੱਧ ਵੋਟਾਂ ਪਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਿੰਨ ਕੁ ਲੋਕ ਹਿਤੈਸ਼ੀ ਹਨ।