ਤਪਤੇਜਦੀਪ ਸਿੰਘ  ਨੂੰ ਸਮਰਪਿਤ ਖੂਨ ਦਾਨ ਕੈਪ ਅਤੇ ਵੈਕਸੀਨ ਡਰਾਈਵ

 ਤਪਤੇਜਦੀਪ ਸਿੰਘ  ਨੂੰ ਸਮਰਪਿਤ ਖੂਨ ਦਾਨ ਕੈਪ ਅਤੇ ਵੈਕਸੀਨ ਡਰਾਈਵ

 ਗੁਰਦੁਆਰਾ ਸਾਹਿਬ ਫਰੀਮੌਟ ਵਿਖੇ ਸਹਿਜ ਪਾਠਾਂ ਦੀ ਆਰੰਭਤਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਫਰੀਮੌਟ: ਗੁਰਦੁਆਰਾ ਸਾਹਿਬ ਫਰੀਮੌਟ ਵਿਖੇ ਸਮੂਹਿਕ ਤੌਰ ਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ, ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ 132 ਦੇ ਕਰੀਬ ਸਹਿਜ ਪਾਠ ਆਰੰਭ ਕੀਤੇ ਜਾ ਰਹੇ ਹਨ। ਇਹਨਾਂ ਪਾਠਾਂ ਦੀ ਸੰਪੂਰਨਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ 19 ਨਵੰਬਰ 2021 ਨੂੰ ਕੀਤੀ ਜਾਵੇਗੀ।ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਇਕ ਹਫ਼ਤੇ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਦੇ ਜਥਿਆਂ ਨੇ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਅਤੇ ਭਾਈ ਮਹਿਲ ਸਿੰਘ ਜੀ ਪਟਿਆਲੇ ਵਾਲ਼ਿਆਂ ਨੇ ਗੁਰਮਤਿ ਵਿਚਾਰਾਂ ਸਰਵਣ ਕਰਾਕੇ ਸੰਗਤਾਂ ਨੂੰ ਨਿਹਾਲ ਕੀਤਾ।

ਪਿਛਲੇ ਦਿਨੀ VTA ਯਾਰਡ ਸੈਨਹੋਜੇ ਵਿਖੇ ਹੋਈ ਗੋਲੀਬਾਰੀ ਦੌਰਾਨ ਯੂਨੀਅਨ ਸਿਟੀ ਨਿਵਾਸੀ ਗੁਰਸਿੱਖ ਨੌਜਾਵਾਨ ਭਾਈ ਤਪਤੇਜਦੀਪ ਸਿੰਘ ਅਤੇ ਉਸ ਨਾਲ ਨਿਹੱਥੇ ਮਾਰੇ ਗਏ ਅੱਠ ਹੋਰ ਵਿਅਕਤੀਆਂ ਦੀ ਯਾਦ ਵਿੱਚ ਖੂਨ ਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਸਿੱਖ ਸੰਗਤਾਂ ਨੇ ਸਵੇਰੇ ਨੌ ਵਜੇ ਤੋਂ ਲੈਕੇ ਸ਼ਾਮੀਂ ਪੰਜ ਵਜੇ ਤੱਕ ਖੂਨ ਦਾਨ ਕੀਤਾ।ਇਸ ਦੇ ਨਾਲ ਹੀ ਪਿਛਲੇ ਲੰਮੇ ਸਮੇ ਤੋ ਲਗਾਤਾਰ ਕਰੋਨਾ ਵੈਕਸੀਨ ਲਗਾਈ ਗਈ। ਕਰੋਨਾ ਮਹਾਂਮਾਰੀ ਤੋ ਬਾਅਦ ਸੰਗਤਾਂ ਦੀ ਆਮਦ ਸ਼ੁਰੂ ਹੋਈ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੱਚਿਆ ਨੂੰ ਧਾਰਮਿਕ ਅਤੇ ਸਮਾਜਿਕ ਖੇਤਰ ਵੱਲ ਪ੍ਰੇਰਿਤ ਕਰਨ ਲਈ ਕੀਰਤਨ, ਖੇਡਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਕੀਤੀ ਗਈ।

ਅਮਰੀਕਨ ਸਿੱਖ ਬੱਚਿਆਂ ਵੱਲੋਂ ਅਫ਼ਰੀਕਾ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਲਈ ਲੋੜੀਂਦਾ ਸਮਾਨ ਭੇਜਣ ਲਈ ਮਾਇਆ ਇਕੱਤਰ ਕੀਤੀ ਗਈ।ਪ੍ਰਬੰਧਕਾਂ ਵੱਲੋ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਦਿਆਂ ਹੋਇਆਂ ਹੋਰ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ।

ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ।