ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਤੇ ਦਫਾ 144 ਘੋਰ ਅਪਰਾਧ-  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਤੇ ਦਫਾ 144 ਘੋਰ ਅਪਰਾਧ-  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ - ਖਾਲਸਾ ਪੰਥ ਦਾ ਪ੍ਰਗਟ ਦਿਹਾੜੇ ਤੇ ਪੰਜਾਬ ਦੀ ਸਰਕਾਰ ਵਲੋਂ ਕੇਂਦਰ ਸਰਕਾਰ ਦੀ ਸਾਂਝ ਭਿਆਲੀ ਨਾਲ ਤਖਤ ਸ੍ਰੀ  ਦਮਦਮਾ  ਸਾਹਿਬ  ਸਮੇਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਦਫਾ 144 ਲਗਾ ਕੇ ਸੰਗੀਨ ਅਪਰਾਧ ਕੀਤਾ ਗਿਆ ਹੈ। ਸਿੱਖ ਸੰਗਤਾਂ ਨੂੰ ਤਲਾਸ਼ੀ ਬਹਾਨੇ ਵੱਡੀ ਪੱਧਰ ਤੇ ਜਲੀਲ ਕੀਤਾ ਗਿਆ ਅਤੇ  ਹਜਾਰਾਂ  ਪੁਲਿਸ ਮੁਲਾਜ਼ਮਾਂ , ਅਰਧ ਸੈਨਿਕ ਦਲਾਂ ਨੂੰ  ਤਾਇਨਾਤ ਕਰਕੇ  ਸਿੱਖ ਮਾਨਸਿਕਤਾ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰਨ ਦੀ  ਕੋਸ਼ਿਸ਼ ਕੀਤੀ ਗਈ ਹੈ ।ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ  ਸਿੱਖ ਸੰਗਤਾਂ ਪ੍ਰਤੀ ਅਪਣਾਈ ਗਈ ਸਰਕਾਰੀ ਨੀਤੀ ਅਤੇ ਪੁਲਸੀਏ ਕਹਿਰ ਦੀ ਸਖਤ ਨਿਖੇਧੀ ਕੀਤੀ ਗਈ ਹੈ ।

  ਸਮੁੱਚੀ ਸਿੱਖ ਕੌਮ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਚੈਲਿੰਜ ਕੀਤਾ ਗਿਆ ਹੈ ਜਿਸ ਦਾ ਟਾਕਰਾ ਕਰਨ ਲਈ ਸਮੂਹ ਸਿੱਖ ਸੰਗਤਾਂ,ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਨੂੰ ਸਾਂਝੇ ਤੌਰ ਤੇ ਠੋਸ ਪ੍ਰੋਗਰਾਮ ਉਲੀਕਣ ਦੀ ਜਰੂਰਤ ਹੈ। ਗੌਰਤਲਬ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਪੁਲਿਸ ਨੇ ਜਿੱਥੇ ਸੈਂਕੜੇ ਸਿੱਖਾਂ ਨੂੰ ਗਿ੍ਫਤਾਰ ਕਰਕੇ ਦਹਿਸ਼ਤ ਦਾ ਮਾਹੌਲ ਸਿਰਜਿਆ  ਗਿਆ  ਹੈ ਉੱਥੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਸਿੰਘਾਂ ਦੇ ਪਰਿਵਾਰਾਂ ਨੂੰ ਆਏ ਦਿਨ ਪੁੱਛਗਿੱਛ ਦੇ ਬਹਾਨੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੁੱਜੀਆਂ ਰਿਪੋਰਟਾਂ ਅਨੁਸਾਰ  ਦਰਜਨਾਂ  ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਪੁਲਿਸ ਨੇ ਗਿ੍ਫਤਾਰ ਕੀਤਾ ਅਤੇ ਬੀਬੀਆਂ ਨੂੰ ਵੀ ਥਾਣਿਆਂ  ਵਿੱਚ  ਸੱਦਿਆ ਗਿਆ।  ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸਿੱਖ ਜਥੇਬੰਦੀਆਂ ਨੂੰ ਸਰਕਾਰ ਦੇ ਇਸ ਜੁਲਮੀ ਵਰਤਾਰੇ ਖਿਲਾਫ ਅਵਾਜ਼ ਬੁਲੰਦ ਕਰਦਿਆਂ ਕੌਮੀ ਫਰਜ਼ ਪਛਾਨਣ ਲਈ ਆਖਿਆ ਗਿਆ ਹੈ।  ਪੁਲਿਸ ਵਲੋਂ ਤੰਗ ਕੀਤੇ ਜਾ ਰਹੇ ਸ਼ਹੀਦ ਪਰਿਵਾਰਾਂ ਵਿੱਚ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਪਰਿਵਾਰ ਵੀ ਸ਼ਾਮਲ ਹੈ ।  ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਣਾ ਦੇ  ਸਪੁੱਤਰ  ਇੰਗਲੈਂਡ ਰਹਿੰਦੇ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ,ਭੈਣ ਅਤੇ ਰਿਸ਼ਤੇਦਾਰ ਨੂੰ ਝੂਠੇ ਕੇਸਾਂ ਚ ਫਸਾਉਣ ਦੀ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।  ਜਿਹਨਾਂ ਨੂੰ  ਨਜਾਇਜ ਪੁਲਿਸ ਹਿਰਾਸਤ ਵਿੱਚ ਰੱਖ ਕੇ  ਭਾਰੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਵੱਲੋ ਜੋ ਭਾਈ ਅਵਤਾਰ ਸਿੰਘ ਖੰਡਾ  ਦੇ ਪਰਿਵਾਰਿਕ ਮੈਬਰਾਂ ਨੂੰ ਇਹ ਕਹਿਕੇ ਤੰਗ ਕੀਤਾ ਜਾ ਰਿਹਾ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਦਬਾਅ ਪਾਓ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਜਾਣਕਾਰੀ ਦੇਵੇ। ਇਸ ਗਲ ਨਾਲ   ਬੁਰੀ ਤਰਾਂ ਫੇਲ ਹੋ ਚੁੱਕੀ ਪੁਲਿਸ  ਦੀ ਬੌਖਲਾਹਟ ਨਜਰ ਆ ਰਹੀ ਹੈ। ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਜੋ ਤੇਜੀ ਆਈ ਸੀ   ਉਸ ਨਾਲ ਸਿੱਖ ਵਿਰੋਧੀ ਲਾਬੀ ਨੂੰ ਭਾਰੀ ਤਕਲੀਫ ਹੋਈ ਅਤੇ ਸਿੱਖ ਨੌਜਵਾਨਾਂ  ਤੇ ਐੱਨ.ਐੱਸ. ਏ ਲਗਾ ਕੇ ਪੰਜਾਬ ਤੋ ਹਜਾਰਾਂ ਮੀਲ ਦੂਰ ਅਸਾਮ ਦੀ  ਡਿੱਬੜੂਗੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ।  ਜਦਕਿ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰਨ ਵਾਲੇ  ਫਿਰਕਾਪ੍ਰਸਤ ਆਗੂਆਂ ਦੀ ਸਰਕਾਰਾਂ ਪੁਸ਼ਤ ਪਨਾਹੀ ਕਰ ਰਹੀਆਂ ਹਨ।