ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਨੂੰ ਲੈ ਕੇ ਹੋ ਰਹੇ ਨੇ ਕਈ ਹੈਰਾਨੀਜਨਕ ਖੁਲਾਸੇ
ਕਤਲ ਮਗਰੋਂ ਸਿੱਖ ਐਮ ਪੀ ਦੇ ਵਫ਼ਦ ਨੇ ਜਨਤਕ ਸੁਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ
*ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਕੈਨੇਡਾ ਸਰਕਾਰ ਨੂੰ ਭਾਰਤੀ ਏਜੰਸੀਆਂ ਬਾਰੇ ਪੜਤਾਲ ਕਰਨ ਦੀ ਅਪੀਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਰੀ: ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਤੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦਾ ਕੁਛ ਸਮਾਂ ਪਹਿਲਾਂ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਜਦੋਂ ਉਹ ਗੁਰੂਘਰ ਤੋਂ ਆਪਣੇ ਘਰ ਰਵਾਨਾ ਹੋਣ ਲਈ ਆਪਣੇ ਪਿਕਅਪ ਟਰੱਕ ਵਿੱਚ ਬੈਠਾ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਕਤਲ ਮਾਮਲੇ ਨੂੰ ਲੈ ਕੇ ਵੱਖ-ਵੱਖ ਤੱਥ ਸਾਹਮਣੇ ਆ ਰਹੇ ਹਨ। ਇੱਕ ਸਥਾਨਕ ਅਖਬਾਰ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਨ ਵਾਲੇ ਨੂੰ ਇਨਾਮ ਦੇਣ ਸਬੰਧੀ ਇਸ਼ਤਿਹਾਰ ਕਈ ਹਫ਼ਤੇ ਤੋਂ ਇਕ ਖਾਸ ਵੈਬਸਾਈਟ 'ਤੇ ਨਜ਼ਰ ਆ ਰਿਹਾ ਸੀ। ਉਥੇ ਹੀ ਦੂਜੇ ਪਾਸੇ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮਾਮਲੇ ਦੀ ਜਾਂਚ ਅੱਗੇ ਵਧਾਉਂਦਿਆਂ ਕੈਨੇਡੀਅਨ ਖੁਫੀਆ ਏਜੰਸੀ ਨਾਲ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਕੁਝ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਹਰਦੀਪ ਸਿੰਘ ਦੇ ਪਿੱਛੇ ਉਸਦਾ ਖਾਲਿਸਤਾਨ ਹਮਾਇਤੀ ਤੇ ਭਾਰਤ ਦਾ ਕੱਟੜ ਵਿਰੋਧੀ ਹੋਣਾ ਪ੍ਰਮੁੱਖ ਕਾਰਨ ਹੋ ਸਕਦਾ ਹੈ। ਆਈ.ਐਚ.ਆਈ.ਟੀ. ਦੇ ਸਾਰਜੈਂਟ ਟਿਮੋਥੀ ਪੀਅਰੌਟੀ ਨੇ ਇਸ ਮਾਮਲੇ ਸਬੰਧੀ ਬੋਲਦਿਆਂ ਕਿਹਾ ਕਿ ਗੋਲੀਬਾਰੀ ਦੌਰਾਨ ਕਈ ਲੋਕ ਗੁਰੂ ਘਰ ਵਿਚ ਮੌਜੂਦ ਸਨ ਅਤੇ ਇਸ ਸਬੰਧੀ ਸਭ ਨਾਲ ਗੱਲ ਕਰਨੀ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਤਲ ਤੋਂ ਪਹਿਲਾਂ ਅਤੇ ਬਾਅਦ ਵਾਲੀ ਡੈਸ਼ਕੈਮ ਵੀਡੀਓ ਮਾਮਲਾ ਸੁਲਝਾਉਣ ਵਿਚ ਵੱਡੀ ਮਦਦ ਕਰ ਸਕਦੀ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕੈਨੇਡਾ ਸਰਕਾਰ ਨੂੰ ਭਾਰਤੀ ਏਜੰਸੀਆਂ ਦਖਲ ਦੇ ਨਜ਼ਰੀਏ ਤੋਂ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡੀਅਨ ਸਿੱਖਾਂ ਵਾਸਤੇ ਚਿਤਾਵਨੀ ਹੈ। ਨਿੱਜਰ ਦੇ ਨਜ਼ਦੀਕੀ ਦੱਸੇ ਜਾਂਦੇ ਭੁਪਿੰਦਰ ਸਿੰਘ ਹੋਠੀ ਨੇ ਕਿਹਾ ਕਿ ਖਾਲਿਸਤਾਨ ਦਾ ਹਮਾਇਤੀ ਹੋਣ ਕਾਰਨ ਉਸ ਨੂੰ ਅਤੀਤ ਵਿਚ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ।
ਲਿਬਰਲ ਸੰਸਦ ਮੈਂਬਰਾਂ ਨੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨਾਲ ਕੀਤੀ ਮੁਲਾਕਾਤ
ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਬੀਤੇ ਦਿਨ ਸਿੱਖ ਲਿਬਰਲ ਸੰਸਦ ਮੈਂਬਰਾਂ ਨੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨਾਲ ਇਕ ਮੁਲਾਕਾਤ ਕੀਤੀ। ਇਸ ਸਬੰਧੀ ਸਰੀ-ਨਿਊਟਨ ਤੋਂ ਲਿਬਰਲ ਐੱਮ. ਪੀ. ਸੁੱਖ ਧਾਲੀਵਾਲ ਦਾ ਕਹਿਣਾ ਹੈ ਕਿ ਜਨਤਕ ਸੁਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਫੈਡਰਲ ਸਰਕਾਰ ਅਪਰਾਧਿਕ ਮਾਮਲੇ ਦੀ ਜਾਂਚ, ਸਿੱਖ ਭਾਈਚਾਰੇ ਅਤੇ ਕੈਨੇਡੀਅਨਾਂ ਦੀ ਸੁਰੱਖਿਆ ਲਈ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸੇ ਦੌਰਾਨ ਜਨਤਕ ਸੁਰੱਖਿਆ ਮੰਤਰੀ ਮੇਂਡੀਸੀਨੋ ਨੇ ਆਪਣੇ ਟਵਿੱਟਰ ‘ਤੇ ਕਿਹਾ ਕਿ ਉਹ ਸਰੀ ਧਾਰਮਿਕ ਸਥਾਨ ‘ਤੇ ਵਾਪਰੀ ਹਿੰਸਾ ਦੀ ਘਟਨਾ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਆਰ.ਸੀ.ਐੱਮ.ਪੀ. ਦੀ ਜਾਂਚ ਜਾਰੀ ਹੈ ਅਤੇ ਪੁਲਸ ਭਾਈਚਾਰੇ ਦੀ ਸਹਾਇਤਾ ਲਈ ਮੌਜੂਦ ਹੈ।
ਨਿੱਝਰ ਦੇ ਸਮਰਥਕਾਂ ਨੇ ਭਾਰਤੀ ਕੌਂਸਲੇਟ ਸਾਹਮਣੇ ਕੀਤਾ ਪ੍ਰਦਰਸ਼ਨ
ਕੈਨੇਡਾ ਦੇ ਸਿੱਖ ਭਾਈਚਾਰੇ ਦੇ ਮੈਂਬਰ 200 ਤੋਂ ਵੱਧ ਹੋਰ ਲੋਕਾਂ ਨਾਲ ਵੈਨਕੂਵਰ ਦੇ ਭਾਰਤੀ ਕੌਂਸਲੇਟ ਸਾਹਮਣੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ।ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਮੈਂਬਰਾਂ ਦਾ ਪੱਕਾ ਵਿਸ਼ਵਾਸ ਹੈ ਕਿ ਨਿੱਝਰ ਦੀ ਮੌਤ ਭਾਰਤੀ ਸਟੇਟ ਦੀ ਦਖਲਅੰਦਾਜ਼ੀ ਦਾ ਨਤੀਜਾ ਸੀ।ਹਾਲਾਂਕਿ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਲੀਬਾਰੀ ਨੂੰ ਵਿਦੇਸ਼ੀ ਦਖਲਅੰਦਾਜ਼ੀ ਨਾਲ ਨਹੀਂ ਜੋੜਿਆ ਹੈ ਅਤੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਖ਼ਤਰੇ ਵਿੱਚ ਮੰਨਣ ਦਾ ਕੋਈ ਕਾਰਨ ਨਹੀਂ ਹੈ। ਉੱਧਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਕਤਲ ਭਾਰਤ ਦੀ ਸਿੱਖ ਘੱਟ ਗਿਣਤੀ ਲਈ ਇੱਕ ਆਜ਼ਾਦ ਰਾਜ ਦੀ ਵਕਾਲਤ ਕਰਨ ਵਿੱਚ ਨਿੱਝਰ ਦੀ ਸਰਗਰਮ ਭੂਮਿਕਾ ਨਾਲ ਜੁੜਿਆ ਹੋਇਆ ਸੀ।
ਪ੍ਰਦਰਸ਼ਨਕਾਰੀਆਂ ਨੇ ਹਾਲਾਂਕਿ ਨਿੱਝਰ ਨੂੰ ਉਸਦੇ ਯਤਨਾਂ ਲਈ "ਸ਼ਾਂਤਮਈ," "ਨਿਮਰ" ਅਤੇ "ਸਮਾਜ ਵਿੱਚ ਪਿਆਰਾ" ਵਿਅਕਤੀ ਦੱਸਿਆ। ਇਹਨਾਂ ਵਿੱਚ ਲੋੜਵੰਦ ਲੋਕਾਂ ਨੂੰ ਮੁਫਤ ਭੋਜਨ ਦੀ ਪੇਸ਼ਕਸ਼ ਕਰਨਾ ਅਤੇ ਸਾਬਕਾ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਾਈਟ 'ਤੇ ਸ਼ੱਕੀ ਅਣਗਿਣਤ ਕਬਰਾਂ ਦੀ ਖੋਜ ਤੋਂ ਬਾਅਦ ਫਸਟ ਨੇਸ਼ਨ ਸਮੂਹਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ 2021 ਵਿੱਚ ਕਮਲੂਪਸ ਦੀ ਯਾਤਰਾ ਕਰਨਾ ਸ਼ਾਮਲ ਹੈ। ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਜਿਆਦਾਤਰ ਕੇਸਰੀ ਬਸੰਤੀ ਪੱਗਾਂ ਬੰਨ੍ਹੀਆਂ ਹੋਈਆਂ ਸਨ ਅਤੇ "ਖਾਲਿਸਤਾਨ" ਸ਼ਬਦ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਡੇ ਪੀਲੇ ਝੰਡੇ ਲੈ ਕੇ ਉੱਚੀ ਆਵਾਜ਼ ਵਿੱਚ ਜੈਕਾਰੇ ਲਗਾ ਰਹੇ ਸਨ। ਇਸ ਦੌਰਾਨ ਉਹਨਾਂ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਵੀ ਕੀਤਾ ਗਿਆ। ਭੀੜ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ ਸ਼ਾਮਲ ਸਨ ਜਿਸ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਲ ਸਨ। ਇਹਨਾਂ ਵਿਚੋਂ ਕਈ ਐਡਮਿੰਟਨ, ਟੋਰਾਂਟੋ ਅਤੇ ਮਾਂਟਰੀਅਲ ਵਰਗੇ ਸ਼ਹਿਰਾਂ ਤੋਂ ਆਏ ਸਨ। ਸਿੱਖਸ ਫਾਰ ਜਸਟਿਸ ਦੇ ਇੱਕ ਡਾਇਰੈਕਟਰ ਜਤਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ “ਉਹ ਸਿੱਖ ਭਾਈਚਾਰੇ ਦੇ ਹੁੰਗਾਰੇ ਤੋਂ ਪ੍ਰਭਾਵਿਤ ਹੈ,”। ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਵਿਰੋਧ ਨਾ ਸਿਰਫ਼ ਨਿੱਝਰ ਦੀ ਮੌਤ, ਸਗੋਂ ਘਰੇਲੂ ਧਰਤੀ 'ਤੇ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਬਾਰੇ ਵੀ ਕੈਨੇਡੀਅਨਾਂ ਦੀਆਂ ਅੱਖਾਂ ਖੋਲ੍ਹੇਗਾ।
Comments (0)