ਪੰਜਾਬ ਪੁਲਿਸ ਵਲੋਂ ਭਾਈ ਅਮ੍ਰਿੰਤਪਾਲ ਸਿੰਘ ਨਾਲ ਜੁੜਿਆ ਗੁਰਪ੍ਰੀਤ ਸਿੰਘ ਨਵੀਂ ਦਿੱਲੀ ਸਟੇਸ਼ਨ ਤੋਂ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਵਲੋਂ ਭਾਈ ਅਮ੍ਰਿੰਤਪਾਲ ਸਿੰਘ ਨਾਲ ਜੁੜਿਆ ਗੁਰਪ੍ਰੀਤ ਸਿੰਘ ਨਵੀਂ ਦਿੱਲੀ ਸਟੇਸ਼ਨ ਤੋਂ ਕੀਤਾ ਗ੍ਰਿਫਤਾਰ

ਪੰਜਾਬ ਅੰਦਰ ਅੱਜ 31 ਸਾਲਾਂ ਬਾਅਦ ਵੀ ਜਿੰਨਾ ਪੁਲਿਸ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਉਹਨਾਂ ਖਿਲਾਫ ਕੇਸ ਖੁੱਲ੍ਹ ਰਹੇ ਹਨ: ਸਰਨਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਨੌਜਵਾਨ ਸਿੱਖ ਆਗੂ ਭਾਈ ਅਮ੍ਰਿੰਤਪਾਲ ਸਿੰਘ ਦਾ ਪਰਿਵਾਰ ਪੰਜਵੇ ਤਖ਼ਤ ਸ੍ਰੀ ਹਜੂਰ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਉਪਰੰਤ ਜਦੋਂ ਵਾਪਸ ਆ ਰਿਹਾ ਸੀ ਤਾਂ ਪੰਜਾਬ ਪੁਲਿਸ ਵੱਲੋਂ ਦਿੱਲੀ ਪਹੁੰਚਕੇ ਉਹਨਾਂ ਨਾਲ ਮੌਜੂਦ ਇੱਕ ਉਨ੍ਹਾਂ ਦੀ ਮਾਸੀ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਬਿਨਾ ਦਿੱਲੀ ਪੁਲਿਸ ਨੂੰ ਨਾਲ ਲੀਤੇ ਹਿਰਾਸਤ ਵਿੱਚ ਲਿਆ ਗਿਆ ਹੈ । ਜਦੋ ਗੱਡੀ ਅੰਦਰ ਮੌਜੂਦ ਸੰਗਤਾਂ ਨੂੰ ਪਤਾ ਲਗਿਆ ਤਦ ਉਨ੍ਹਾਂ ਵਿਰੋਧ ਵਿਚ ਪੰਜਾਬ ਪੁਲਿਸ ਦੇ ਇਕ ਮੁਲਾਜਮ ਨੂੰ ਗੱਡੀ ਦੇ ਡੱਬੇ ਅੰਦਰ ਬਿਠਾ ਲਿਆ ਤੇ ਗੱਡੀ ਨੂੰ ਸਟੇਸ਼ਨ ਤੇ ਹੀ ਰੁਕਵਾ ਦਿੱਤਾ ਗਿਆ । ਧਿਆਨਦੇਣ ਯੋਗ ਹੈ ਕਿ ਉੱਥੇ ਮੌਜੂਦ ਸੰਗਤਾਂ ਪੰਜਾਬ ਪੁਲਿਸ ਨੂੰ ਪੁੱਛ ਰਹੀਆਂ ਸਨ ਕਿ ਗੁਰਪ੍ਰੀਤ ਸਿੰਘ ਪੰਜਾਬ ਅੰਦਰ ਆਮ ਘੁੰਮਦਾ ਫਿਰਦਾ ਹੈ ਤੇ ਪੰਜੋ ਤਖਤਾਂ ਤੇ ਹੋਈ ਅਰਦਾਸ ਅੰਦਰ ਸ਼ਾਮਿਲ ਰਿਹਾ ਹੈ ਤੇ ਇਹ ਗੱਡੀ ਪੰਜਾਬ ਹੀ ਜਾ ਰਹੀ ਹੈ ਫੇਰ ਇਸ ਨੂੰ ਦਿੱਲੀ ਤੋਂ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ.?

ਮਾਮਲੇ ਨੂੰ ਵਧਦਾ ਦੇਖ ਕੇ ਗੁਰਪ੍ਰੀਤ ਸਿੰਘ ਦੇ ਮਾਤਾ ਜੀ ਵਲੋਂ ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਨੂੰ ਫੋਨ ਕਰਕੇ ਸਾਰੇ ਹਾਲਾਤ ਦੱਸੇ ਤੇ ਉਨ੍ਹਾਂ ਤੁਰੰਤ ਪੁਲਿਸ ਸਟੇਸ਼ਨ ਪਹੁੰਚਕੇ ਪੁਲਿਸ ਦੇ ਅਫਸਰਾਂ ਨੂੰ ਸਿੱਧੀ ਤੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਪੰਜਾਬ ਅੰਦਰ ਅੱਜ 31 ਸਾਲਾਂ ਬਾਅਦ ਵੀ ਜਿੰਨਾ ਪੁਲਿਸ ਅਫਸਰਾਂ ਨੇ ਧੱਕੇਸ਼ਾਹੀ ਕੀਤੀ ਉਹਨਾਂ ਖਿਲਾਫ ਕੇਸ ਖੁੱਲ੍ਹ ਰਹੇ ਹਨ । ਇਸ ਲਈ ਜਿਹੜੇ ਅੱਜ ਸਰਕਾਰ ਦੀ ਸ਼ਹਿ ਤੇ ਸਿੱਖ ਨੌਜਵਾਨਾਂ ਖ਼ਿਲਾਫ਼ ਦਮਨ ਚੱਕਰ ਚਲਾ ਰਹੇ ਹਨ । ਇਹਨਾਂ ਨੂੰ ਵੀ ਸਮਾਂ ਆਉਣ ਤੇ ਹਿਸਾਬ ਦੇਣਾ ਪੈ ਸਕਦਾ ਹੈ । ਇਸ ਲਈ ਪੁਲਿਸ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਹੀ ਕਾਰਵਾਈ ਕਰੇ ।

ਭਗਵੰਤ ਮਾਨ ਸਰਕਾਰ ਸਿੱਖਾਂ ਨਾਲ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਟੱਪ ਰਹੀ ਹੈ । ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਕੁਲਵੰਤ ਸਿੰਘ ਰਾਉਂਕੇ ਨੂੰ ਜੇਲ੍ਹ ਵਿੱਚੋਂ ਪੈਰੋਲ ਮਿਲਣ ਦੇ ਬਾਵਜੂਦ ਵੀ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਮੋਗਾ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ । ਪੰਜਾਬ ਦਾ ਮੁੱਖ ਮੰਤਰੀ ਚੇਤੇ ਰੱਖੇ ਕਿ ਉਸਦਾ ਰਾਜ ਭਾਗ ਸਦਾ ਨਹੀ ਰਹਿਣਾ । 

ਅਸੀਂ ਕਿਸੇ ਵੀ ਕੀਮਤ ਤੇ ਸਾਡੇ ਨੌਜਵਾਨਾਂ ਤੇ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ । ਉਸ ਨੌਜਵਾਨ ਨੂੰ ਅਸੀ ਪੁਲਿਸ ਨੂੰ ਇਕੱਲਿਆ ਹਿਰਾਸਤ ਵਿੱਚ ਨਹੀ ਲੈਣ ਦਿੱਤਾ । ਪੂਰੇ ਜਥੇ ਸਮੇਤ ਪਰਿਵਾਰ ਪੰਜਾਬ ਲਈ ਰਵਾਨਾ ਹੋ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਨਾਲ ਆਪਣੇ ਨੌਜਵਾਨਾਂ ਦੇ ਨਾਲ ਹੈ ।

ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਜੀ ਨੇ ਵੀ ਪੰਜਾਬ ਪੁਲਿਸ ਦੀ ਕਾਰਵਾਈ ਤੇ ਸਖ਼ਤ ਇਤਰਾਜ ਕਰਦੇ ਹੋਏ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿਣ ਲਈ ਕਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਭਾਈ ਕੁਲਵੰਤ ਸਿੰਘ ਰਾਉਂਕੇ ਨੂੰ ਜੇਲ੍ਹ ਵਿੱਚੋਂ ਪੈਰੋਲ ਮਿਲਣ ਦੇ ਬਾਵਜੂਦ ਵੀ ਘਰ ਨਹੀਂ ਜਾਣ ਦੇਣ ਨੂੰ ਕਾਨੂੰਨ ਦੀ ਉਲੰਘਣਾ ਕਰਾਰ ਦੇਂਦਿਆਂ ਸਿੱਖਾਂ ਨਾਲ ਵੱਡਾ ਧੱਕਾ ਦਸਿਆ ਹੈ ।