ਲੈਸਟਰ ਵਿਖੇ ਹਿੰਦੂ ਮੁਸਲਮਾਨ ਤਣਾਅ ਦਾ ਜ਼ਿੰਮੇਵਾਰ ਕੋਣ ਸਰਕਾਰ ਜ਼ਿੰਮੇਵਾਰੀ ਨਿਭਾਵੇ

ਲੈਸਟਰ ਵਿਖੇ ਹਿੰਦੂ ਮੁਸਲਮਾਨ ਤਣਾਅ ਦਾ ਜ਼ਿੰਮੇਵਾਰ ਕੋਣ ਸਰਕਾਰ ਜ਼ਿੰਮੇਵਾਰੀ ਨਿਭਾਵੇ

ਸਰਕਾਰ ਜ਼ਿੰਮੇਵਾਰੀ ਨਿਭਾਵੇ..

ਬੀਤੇ ਦਿਨੀਂ ਬ੍ਰਿਟਿਸ਼ ਅਖਬਾਰ ਡੇਲੀ ਮੇਲ ਨੇ ਦਾਅਵਾ ਕੀਤਾ ਸੀ ਕਿ ਸਤੰਬਰ 2022 ਵਿੱਚ ਲੈਸਟਰ ਸ਼ਹਿਰ ਵਿੱਚ ਭੜਕੀ ਹਿੰਸਾ ਦਾ ਸਬੰਧ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨਾਲ ਹੋ ਸਕਦਾ ਹੈ...ਹਾਲਾਂਕਿ, ਇਸ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ।ਹਿੰਸਾ ਦੀ ਜਾਂਚ ਅਜੇ ਪੂਰੀ ਹੋਣੀ ਬਾਕੀ ਹੈ ਪਰ ਸੁਰੱਖਿਆ ਏਜੰਸੀ ਦੇ ਇਕ ਅਣਦੱਸੇ ਸੂਤਰ ਦੇ ਹਵਾਲੇ ਨਾਲ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਖਬਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨਾਲ ਜੁੜੇ ਲੋਕਾਂ ਨੇ ਲੈਸਟਰ ਵਿਚ ਬ੍ਰਿਟਿਸ਼ ਹਿੰਦੂਆਂ ਨੂੰ ਮੁਸਲਮਾਨ ਖਿਲਾਫ ਕਾਰਵਾਈ ਲਈ ਉਕਸਾਇਆ ਸੀ। ਪਰ ਪੁਲਿਸ ਦੇ ਮੀਡੀਆ ਅਧਿਕਾਰੀ ਨਰਿੰਦਰ ਪੂਨੀਆ ਨੇ ਅਜਿਹੇ ਕਿਸੇ ਵੀ ਦਾਅਵਿਆਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

 ਇਸ ਮੁੱਦੇ 'ਤੇ ਬਰਤਾਨੀਆ ਵਿਚ ਵੀ ਬਹਿਸ ਚੱਲ ਰਹੀ ਹੈ। ਕਈ ਸੰਸਦ ਮੈਂਬਰਾਂ ਅਤੇ ਹੋਰਨਾਂ ਨੇ ਅਖਬਾਰ ਦੀ ਰਿਪੋਰਟ ਦੀ ਆਲੋਚਨਾ ਕੀਤੀ ਹੈ। ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਰਾਮੀ ਰੇਂਜਰ ਨੇ ਟਵੀਟ ਕੀਤਾ ਹੈ ਕਿ ਹਰ ਕੀਮਤ 'ਤੇ ਧਿਆਨ ਖਿੱਚਣ ਲਈ ਕੁਝ ਪੱਤਰਕਾਰਾਂ ਦੁਆਰਾ ਉਕਸਾਊ ਖਬਰਾਂ ਛਾਪਕੇ ਬ੍ਰਿਟਿਸ਼ ਲੋਕਤੰਤਰ ਨੂੰ ਹੌਲੀ-ਹੌਲੀ ਮਾਰਿਆ ਜਾ ਰਿਹਾ ਹੈ। ਹੁਣ ਕੋਈ ਵੀ ਸੱਜਣ ਡਰ ਦੇ ਮਾਰੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਹਿੰਮਤ ਨਹੀਂ ਕਰਦਾ।

ਅਖਬਾਰ ਦੀ ਰਿਪੋਰਟ ਮੁਤਾਬਕ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਦੇ ਸਬੂਤ ਹਨ, ਸੀਮਤ ਮੈਂਬਰਾਂ ਵਾਲੇ ਵਟਸਐਪ ਗਰੁੱਪ, ਜਿਨ੍ਹਾਂ ਦੀ ਮਦਦ ਨਾਲ ਭਾਜਪਾ ਨਾਲ ਜੁੜੇ ਲੋਕਾਂ ਨੇ ਹਿੰਦੂਆਂ ਨੂੰ ਸੜਕਾਂ 'ਤੇ ਉਤਰਨ ਲਈ ਉਕਸਾਇਆ ਸੀ। ਡੇਲੀ ਮੇਲ ਦੀ ਤਾਜ਼ਾ ਰਿਪੋਰਟ 'ਤੇ ਚਰਚਾ ਹੋ ਰਹੀ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਕਿ ਲੈਸਟਰ ਵਿਚ ਹਿੰਸਾ ਨਾਲ ਹਿੰਦੂ ਰਾਸ਼ਟਰਵਾਦੀ ਭਾਵਨਾਵਾਂ ਨੂੰ ਜੋੜਿਆ ਗਿਆ ਹੋਵੇ। ਵਿਸ਼ਲੇਸ਼ਣਕਾਰ ਪਹਿਲਾਂ ਹੀ ਕਹਿੰਦੇ ਰਹੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਤੋਂ ਲੈਸਟਰ ਆਕੇ ਵਸੇ ਹਿੰਦੂਆਂ ਅਤੇ ਪਹਿਲਾਂ ਤੋਂ ਹੀ ਵਸੇ ਮੁਸਲਿਮ ਭਾਈਚਾਰੇ ਦਰਮਿਆਨ ਵਧ ਰਿਹਾ ਤਣਾਅ ਇਸ ਹਿੰਸਾ ਦਾ ਇੱਕ ਕਾਰਨ ਹੈ।

ਇਸੇ ਤਰ੍ਹਾਂ ਹਿੰਦੂ-ਮੁਸਲਿਮ ਹਿੰਸਾ ਨੂੰ ਭੜਕਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੀ ਗੱਲ ਕਈ ਖੋਜ ਰਿਪੋਰਟਾਂ ਵਿਚ ਕੀਤੀ ਗਈ ਹੈ, ਹਾਲਾਂਕਿ ਇਸ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਨਾਂ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ। ਇਹ ਵੀ ਧਿਆਨ ਦੇਣ ਯੋਗ ਹੈ ਕਿ ਸੱਤ ਮਹੀਨੇ ਅਤੇ 100 ਤੋਂ ਵੱਧ ਗ੍ਰਿਫਤਾਰੀਆਂ ਦੇ ਬਾਅਦ ਵੀ, ਲੈਸਟਰਸ਼ਾਇਰ ਪੁਲਿਸ ਦੁਆਰਾ ਹਿੰਸਾ ਦੀ ਜਾਂਚ ਅਜੇ ਪੂਰੀ ਨਹੀਂ ਕੀਤੀ ਅਤੇ ਨਾ ਹੀ ਕੋਈ ਅਧਿਕਾਰਤ ਰਿਪੋਰਟ ਹੈ ਜੋ ਅਜਿਹੇ ਕਿਸੇ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ। ਲੈਸਟਰ ਵਿਚ ਹਿੰਸਾ ਅਤੇ ਤਣਾਅ ਦੇ ਮਾਮਲੇ ਵਿਚ ਪੁਲਸ ਦੀ ਅਧਿਕਾਰਤ ਵੈੱਬਸਾਈਟ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਵਿਚ ਵੀ ਸਿਰਫ ਸਤੰਬਰ ਮਹੀਨੇ ਤੋਂ ਗ੍ਰਿਫਤਾਰੀਆਂ ਦੀ ਸੂਚਨਾ ਹੈ ਜਾਂ ਹਿੰਸਾ ਨਾਲ ਜੁੜੇ ਮਾਮਲਿਆਂ ਵਿਚ ਦੋਸ਼ੀਆਂ ਦੀ ਪਛਾਣ ਲਈ ਜਾਰੀ ਕੀਤੀਆਂ ਗਈਆਂ ਤਸਵੀਰਾਂ ਜਾਣਕਾਰੀ ਹੈ।

ਲੈਸਟਰ ਯੂਕੇ ਦੇ ਸ਼ਹਿਰਾਂ ਵਿੱਚੋਂ ਇੱਕ ਹੈ ਜਿੱਥੇ ਗੈਰ-ਬ੍ਰਿਟਿਸ਼ ਆਬਾਦੀ ਦੀ ਸਭ ਤੋਂ ਵੱਧ ਗਿਣਤੀ ਰਹਿੰਦੀ ਹੈ। 28 ਅਗਸਤ ਨੂੰ ਭਾਰਤ-ਪਾਕਿ ਟੀ-20 ਮੈਚ ਤੋਂ ਬਾਅਦ ਈਸਟ ਲੈਸਟਰ ਵਿਚ ਤਣਾਅ ਸ਼ੁਰੂ ਹੋ ਗਿਆ ਸੀ। ਏਸ਼ੀਆ ਕੱਪ ਦੌਰਾਨ ਇਸ ਮੈਚ ਵਿਚ ਭਾਰਤ ਦੀ ਜਿੱਤ ਤੋਂ ਬਾਅਦ ਸਮਰਥਕ ਜਸ਼ਨ ਮਨਾਉਣ ਲਈ ਸ਼ਹਿਰ ਦੇ ਬੇਲਗ੍ਰੇਵ ਇਲਾਕੇ ਵਿਚ ਸੜਕਾਂ 'ਤੇ ਉਤਰ ਆਏ, ਨਾਅਰੇਬਾਜ਼ੀ ਕੀਤੀ ਗਈ ਅਤੇ ਜਸ਼ਨ ਹਿੰਸਕ ਝੜਪਾਂ ਵਿਚ ਬਦਲ ਗਿਆ।

ਹਿੰਸਾ ਦੌਰਾਨ ਵਾਹਨਾਂ ਦੀ ਭੰਨਤੋੜ ਕੀਤੀ ਗਈ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ। ਨੌਜਵਾਨ ਸਿਆਸੀ ਵਿਸ਼ਲੇਸ਼ਕ ਕ੍ਰਿਸ ਬਲੈਕਬਰਨ ਨੇ ਮੰਨਿਆ ਕਿ ਕ੍ਰਿਕਟ ਨਾਲ ਸਬੰਧਤ ਹਿੰਸਾ ਸ਼ਹਿਰ ਲਈ ਨਵੀਂ ਨਹੀਂ ਹੈ। ਹਾਲਾਂਕਿ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਧਰਮਾਂ ਅਤੇ ਸੰਪਰਦਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ਹਿਰੀਲੇ ਸੰਦੇਸ਼ ਫੈਲਾਏ ਗਏ ਸਨ, ਉਹ ਇਸ ਸ਼ਹਿਰ ਅਤੇ ਇਸ ਦੇ ਸੱਭਿਆਚਾਰਕ ਤਾਣੇ-ਬਾਣੇ ਦੇ ਲਿਹਾਜ਼ ਨਾਲ ਜ਼ਰੂਰ ਨਵੇਂ ਹੋਣਗੇ। ਲੈਸਟਰ ਸਭ ਤੋਂ ਵਿਭਿੰਨ ਸ਼ਹਿਰਾਂ ਵਿੱਚੋਂ ਇੱਕ ਹੈ ਜਿੱਥੇ ਹਿੰਦੂ ਅਤੇ ਮੁਸਲਮਾਨ ਦਹਾਕਿਆਂ ਤੋਂ ਇਕੱਠੇ ਰਹਿੰਦੇ ਹਨ, ਪਰ ਹਿੰਸਾ ਦੇ ਇਸ ਦੌਰ ਨੇ ਉਸ ਇਤਿਹਾਸਕ ਪਰੰਪਰਾ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਬਰਤਾਨੀਆ ਵਿੱਚ ਇਸਾਈ ਭਾਈਚਾਰੇ ਤੋਂ ਬਾਅਦ ਮੁਸਲਿਮ ਅਤੇ ਹਿੰਦੂ ਧਾਰਮਿਕ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। 2017 ਦੇ ਸਰਕਾਰੀ ਅੰਕੜਿਆਂ ਅਨੁਸਾਰ ਹਿੰਦੂਆਂ ਦੀ ਗਿਣਤੀ 10,21,449 ਹੈ ਜਦੋਂ ਕਿ ਮੁਸਲਮਾਨਾਂ ਦੀ ਆਬਾਦੀ 33,72,966 ਹੈ। ਦੋਵਾਂ ਭਾਈਚਾਰਿਆਂ ਵਿੱਚ ਰੁਜ਼ਗਾਰ ਦਾ ਪੱਧਰ ਬਿਹਤਰ ਹੈ। ਹਿੰਦੂਆਂ ਦੀ ਕੁੱਲ ਆਬਾਦੀ ਦਾ 97 ਪ੍ਰਤੀਸ਼ਤ ਸ਼ਹਿਰਾਂ ਵਿੱਚ ਰਹਿੰਦੀ ਹੈ, ਜਿਨ੍ਹਾਂ ਵਿੱਚੋਂ 50 ਪ੍ਰਤੀਸ਼ਤ ਇਕੱਲੇ ਰਾਜਧਾਨੀ ਲੰਡਨ ਵਿੱਚ ਰਹਿੰਦੇ ਹਨ।

ਲੰਡਨ ਵਿਚ ਮੁਸਲਮਾਨ ਵੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਪਰ ਉਨ੍ਹਾਂ ਦੀ ਰਿਹਾਇਸ਼ ਅੰਦਰੂਨੀ ਇਲਾਕਿਆਂ ਵਿਚ ਜ਼ਿਆਦਾ ਹੈ। ਲੰਡਨ ਤੋਂ ਬਾਹਰ ਹਿੰਦੂਆਂ ਦੀ ਸਭ ਤੋਂ ਵੱਡੀ ਗਿਣਤੀ ਲੈਸਟਰ ਸ਼ਹਿਰ ਵਿੱਚ ਕੇਂਦਰਿਤ ਹੈ। 2011 ਦੀ ਮਰਦਮਸ਼ੁਮਾਰੀ ਵਿੱਚ, ਲੈਸਟਰ ਦੀ ਕੁੱਲ ਆਬਾਦੀ ਦੇ ਲਗਭਗ 16 ਪ੍ਰਤੀਸ਼ਤ ਹਿਸੇ ਨੇ ਆਪਣੀ ਧਾਰਮਿਕ ਪਛਾਣ ਹਿੰਦੂ ਵਜੋਂ ਐਲਾਨੀ ਸੀ। ਮੁਸਲਮਾਨਾਂ ਦੀ ਸਭ ਤੋਂ ਵੱਧ ਗਿਣਤੀ ਵਾਲਾ ਸ਼ਹਿਰ ਬਰਮਿੰਘਮ ਹੈ, ਇਸਦੇ ਬਾਅਦ ਲੰਡਨ ਹੈ, ਜਦੋਂ ਕਿ ਲੈਸਟਰ ਵਿੱਚ 69,000 ਮੁਸਲਮਾਨਾਂ ਦੀ ਆਬਾਦੀ ਹੈ ਅਤੇ ਸਥਾਨਕ ਕਾਰੋਬਾਰਾਂ ਵਿੱਚ ਮੁਸਲਮਾਨ ਭਾਈਚਾਰੇ ਦੀ ਚੰਗੀ ਹਿਸੇਦਾਰੀ ਹੈ।

ਲੈਸਟਰ ਸ਼ਹਿਰ ਵਿੱਚ ਹਿੰਸਾ ਦੇ ਮਾਮਲੇ ਵਿੱਚ ਲੈਸਟਰ ਯੂਨੀਵਰਸਿਟੀ ਦੇ ਅਪਰਾਧ ਵਿਗਿਆਨ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਕ੍ਰਿਸ ਐਲਨ ਦੀ ਅਗਵਾਈ ਵਿੱਚ ਇੱਕ ਸੁਤੰਤਰ ਜਾਂਚ ਦਾ ਐਲਾਨ ਕੀਤਾ ਗਿਆ ਸੀ, ਪਰ ਹਿੰਦੂ ਸਮੂਹਾਂ ਵੱਲੋਂ ਐਲਨ ਦਾ ਵਿਰੋਧ ਕਰਨ ਤੋਂ ਬਾਅਦ ਜਾਂਚ ਖਟਾਈ ਵਿੱਚ ਪੈ ਗਈ। ਇਸ ਮਾਮਲੇ ਵਿਚ ਨਿਸ਼ਚਿਤ ਤੌਰ 'ਤੇ ਕੁਝ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿਚ ਹਿੰਸਾ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਗਈ ਹੈ।ਅਮਰੀਕਾ ਦੀ ਰਟਗਰ ਯੂਨੀਵਰਸਿਟੀ ਦੇ ਨੈੱਟਵਰਕ ਕੰਟੇਜਿਅਨ ਰਿਸਰਚ ਇੰਸਟੀਚਿਊਟ ਨੇ ਆਪਣੀ ਰਿਸਰਚ ਰਿਪੋਰਟ ਵਿਚ ਕਿਹਾ ਹੈ ਕਿ ਆਨਲਾਈਨ ਦੁਨੀਆ ਵਿਚ ਕਈ ਅਜਿਹੀਆਂ ਝੂਠੀਆਂ ਅਤੇ ਜਾਣਬੁੱਝ ਕੇ ਭੜਕਾਊ ਖਬਰਾਂ ਫੈਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦਾ ਸੱਚਾਈ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਵਿਚ ਬੱਚੀਆਂ ਨੂੰ ਅਗਵਾ ਕਰਨ, ਮਸਜਿਦ 'ਤੇ ਹਮਲਾ ਕਰਨ ਅਤੇ ਆਲਮੀ ਦਬਦਬਾ ਕਾਇਮ ਕਰਨ ਦੀਆਂ ਗੱਲਾਂ ਕਿਤੇ ਨਾ ਕਿਤੇ ਚੱਲ ਰਹੀਆਂ ਸਨ। ਬਾਅਦ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਟਵਿੱਟਰ 'ਤੇ ਸਭ ਤੋਂ ਜ਼ਿਆਦਾ ਟਵੀਟ ਕੀਤੀਆਂ ਗਈਆਂ ਚੀਜ਼ਾਂ ਵਿਚੋਂ ਹਿੰਸਾ ਦੀ ਜ਼ਿੰਮੇਵਾਰੀ ਮੁਸਲਮਾਨਾਂ 'ਤੇ ਮੜ੍ਹੀ ਜਾ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਰੀਟਵੀਟ ਕਰਨ ਵਾਲਾ ਨੈੱਟਵਰਕ ਬ੍ਰਿਟੇਨ ਤੋਂ ਬਾਹਰ ਭਾਰਤ ਵਿਚ ਹੈ। ਹਿੰਦੂਆਂ ਅਤੇ ਮੁਸਲਮਾਨਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਇੱਕ ਦੂਜੇ ਵਿਰੁੱਧ ਭੜਕਾਹਟ ਫੈਲਾਉਣ ਲਈ ਕੀਤੀ ਗਈ ਹੈ।

ਲੈਸਟਰ ਹਿੰਸਾ ਨਾਲ ਜੁੜੀ ਇਕ ਕਥਿਤ ਤੱਥ ਖੋਜ ਰਿਪੋਰਟ 'ਹਿੰਦੂ ਅਧਿਕਾਰਾਂ' ਦੀ ਵਕੀਲ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਸ਼ਮੀ ਸਾਮੰਤ ਅਤੇ ਬ੍ਰਿਟਿਸ਼ ਰਾਜਨੀਤਿਕ ਵਿਸ਼ਲੇਸ਼ਕ ਕ੍ਰਿਸ ਬਲੈਕਬਰਨ ਦੁਆਰਾ ਤਿਆਰ ਕੀਤੀ ਗਈ ਸੀ। ਦਿੱਲੀ ਸਥਿਤ ਐਨਜੀਓ ਸੈਂਟਰ ਫਾਰ ਡੈਮੋਕਰੇਸੀ, ਪਲੂਰਾਲਿਜ਼ਮ ਐਂਡ ਹਿਊਮਨ ਰਾਈਟਸ ਲਈ ਲਿਖੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੈਸਟਰ ਵਿੱਚ ਹਿੰਸਾ ਦੀਆਂ ਜੜ੍ਹਾਂ ਜ਼ਮੀਨੀ ਸਚਾਈ ਵਿੱਚ ਦੇਖੀਆਂ ਜਾਣੀਆਂ ਚਾਹੀਦੀਆਂ ਹਨ ਜਿੱਥੇ “ਮੁਸਲਿਮ ਬਹੁਗਿਣਤੀ ਵਾਲਾ ਪੂਰਬੀ ਲੈਸਟਰ ਖੇਤਰ ਹਿੰਦੂ ਆਬਾਦੀ ਲਈ ਖ਼ਤਰਾ ਪੈਦਾ ਕਰ ਰਿਹਾ ਹੈ।  

ਅਜਿਹੀਆਂ ਹੋਰ ਬਹੁਤ ਸਾਰੀਆਂ ਰਿਪੋਰਟਾਂ ਅਤੇ ਦਾਅਵੇ ਪੜ੍ਹਨ ਨੂੰ ਮਿਲ ਜਾਣਗੇ ਪਰ ਕੋਈ ਅਧਿਕਾਰਤ ਸੁਤੰਤਰ ਜਾਂਚ ਅਤੇ ਠੋਸ ਸਬੂਤਾਂ 'ਤੇ ਆਧਾਰਿਤ ਕੋਈ ਵਿਆਪਕ ਰਿਪੋਰਟ ਸਾਹਮਣੇ ਨਾ ਆਉਣ ਕਾਰਨ ਤਸਵੀਰ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ। ਇਕ ਸ਼ਹਿਰ ਅਤੇ ਉਸ ਦੇ ਦਹਾਕਿਆਂ ਪੁਰਾਣੇ ਸੱਭਿਆਚਾਰਕ ਤਾਣੇ-ਬਾਣੇ 'ਤੇ ਸਵਾਲੀਆ ਨਿਸ਼ਾਨ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਦੀ ਰਾਜਨੀਤੀ ਵਿੱਚ ਫਸਕੇ ਰਹਿ ਗਿਆ ਹੈ ਅਤੇ ਇਸ ਬੁਝਾਰਤ ਨੂੰ ਸੁਲਝਾਉਣ ਲਈ ਕੋਈ ਪਹਿਲਕਦਮੀ ਨਜ਼ਰ ਨਹੀਂ ਆ ਰਹੀ ਹੈ। ਯੂਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਜਾਂਚ ਰਿਪੋਟ ਜਾਰੀ ਕਰਕੇ ਦੋਸ਼ੀਆਂ ਦਾ ਪਰਦਾਫਾਸ਼ ਕਰੇ ਤੇ ਸਖਤ ਸਜ਼ਾਵਾਂ ਦੇਵੇ।ਜੇਕਰ ਫਿਰਕਾਪ੍ਰਸਤੀ ਤੇ ਨਫਰਤੀ ਜ਼ਹਿਰ ਭਾਈਚਾਰਿਆਂ ਵਿਚ ਫੈਲੀ ਤਾਂ ਇੰਗਲੈਂਡ ਦੇ ਅਮਨ ਕਨੂੰਨ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ।ਸ਼ੋਸ਼ਲ ਮੀਡੀਆ ਉਪਰ ਸਰਕਾਰ ਨੂੰ ਤਿਖੀ ਨਜ਼ਰ ਰਖਣੀ ਚਾਹੀਦੀ ਹੈ ਜੋ ਫਿਰਕੂ ਹਿੰਸਾ ਦਾ ਵੱਡਾ ਕਾਰਕ ਬਣਦੀ ਹੈ।ਮੀਡੀਆ ਨੂੰ ਚਾਹੀਦਾ ਹੈ ਕਿ ਜਾਂਚ ਕੀਤੇ ਬਿਨਾਂ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ।ਨਾ ਹੀ ਉਕਸਾਊ ਖਬਰਾਂ ਛਾਪੀਆਂ ਜਾਣ।

 

ਰਜਿੰਦਰ ਸਿੰਘ ਪੁਰੇਵਾਲ