‘ਹਿੰਦੂ ਰਾਸ਼ਟਰ’’ ਤੇ ਮਨੂਵਾਦ ਦੇ ਵਿਰੋਧੀ ਸਨ ਬਾਬਾ ਸਾਹਿਬ ਡਾ. ਅੰਬੇਡਕਰ

‘ਹਿੰਦੂ ਰਾਸ਼ਟਰ’’ ਤੇ ਮਨੂਵਾਦ ਦੇ ਵਿਰੋਧੀ ਸਨ ਬਾਬਾ ਸਾਹਿਬ ਡਾ. ਅੰਬੇਡਕਰ

2014 ਤੋਂ ਜਦੋਂ ਤੋਂ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਬੀਜੇਪੀ ਦੀ ਸਰਕਾਰ ਹੋਂਦ ਵਿੱਚ ਆਈ ਹੋਈ ਹੈ...

ਉਦੋਂ ਤੋਂ ਹੀ ਇਹ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ ਯਤਨ ਕਰ ਰਹੀ ਹੈ। ਆਰਐਸਐਸ ਬੀਜੇਪੀ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਨੇਤਾ, ਸਾਧੂ-ਸਾਧਵੀਆਂ-ਸੰਤ ਬਾਬੇ-ਪ੍ਰਚਾਰਕ-ਡੇਰੇਵਾਦ ਮਹੰਤ-ਮਠਅਧੀਸ਼ ਅਤੇ ਵਿਹਲੜ, ਮੁਫਤਖੋਰੇ, ਕੰਮ-ਚੋਰ ਮਾਨਸਿਕਤਾ ਵਾਲੇ ਵਿਅਕਤੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਅਖ਼ਬਾਰਾਂ ਵਿੱਚ ਆਪਣੇ ਬਿਆਨ ਦਿੰਦੇ ਹੀ ਰਹਿੰਦੇ ਹਨ। ਇਸ ਲਈ ਇਹ ਸਾਰੀ ਜੁੰਡਲੀ ਬਾਬਾ ਸਾਹਿਬ ਡਾ. ਅੰਬੇਡਕਰ ਦੇ ਵੱਲੋਂ ਬਣਾਏ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਮੰਨੂ ਸਿਮਰਤੀ ਵਾਲੇ ਸੰਵਿਧਾਨ ਨੂੰ ਲਾਗੂ ਕਰਨ ਦੇ ਲਈ ਆਪਣੀ ਮੰਗ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦੇ ਚਲੇ ਆ ਰਹੇ ਹਨ। ਸੂਬਿਆਂ ਵਿਚਲੀਆਂ ਬੀਜੇਪੀ ਦੀਆਂ ਸਰਕਾਰਾਂ ਭਾਗਵਤ ਗੀਤਾ ਦੀਆਂ ਕਿਤਾਬਾਂ ਵੰਡਦੀਆਂ ਰਹੀਆਂ ਹਨ। ਸਕੂਲਾਂ ਵਿੱਚ ਹਨੂਮਾਨ ਚਾਲੀਸਾ ਪੜ੍ਹਨ-ਪੜ੍ਹਾਉਣ ਦੀ ਮੰਗ ਵੀ ਕਰਦੀਆਂ ਹਨ। ਗਊ ਗੋਬਰ-ਗਊ ਮੂਤਰ-ਜੈ ਸ੍ਰੀ ਰਾਮ ਦੇ ਨਾਅਰਿਆਂ ਦਾ ਪ੍ਰਚਾਰ-ਪ੍ਰਸਾਰ ਵੀ ਜਾਰੀ ਰੱਖਿਆ ਹੋਇਆ ਹੈ। ਬੀਜੇਪੀ ਦੀ ਕੇਂਦਰ ਵਿਚਲੀ ਅਤੇ ਸੂਬਾਈ ਸਰਕਾਰਾਂ ਦਾ ਸਾਰਾ ਜ਼ੋਰ ਦੇਸ਼ ਨੂੰ ਹਿੰਦੂ ਰਾਸਟਰ ਬਣਾਉਣ ’ਤੇ ਕੇਂਦਰਤ ਹੈ। ਭਾਰਤ ਦੇ ਮਿਹਨਤਕਸ਼ ਗਰੀਬ ਲੋਕਾਂ ਅਤੇ ਦੇਸ਼ ਦੇ ਵਿਕਾਸ ਦੇ ਵੱਲ ਇਨ੍ਹਾਂ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਇਹ ਬਦਨਸੀਬੀ ਹੀ ਕਹੀ ਜਾ ਸਕਦੀ ਹੈ ਕਿ ਭਾਰਤ ਦੀਆਂ ਬਹੁਤੀਆਂ ਰਾਜਨੀਤਕ ਪਾਰਟੀਆਂ ਦਾ ਹਿੰਦੂ ਰਾਸ਼ਟਰ ਬਨਣ ਦੇ ਖਤਰੇ ਵੱਲ ਉੱਕਾ ਹੀ ਧਿਆਨ ਨਹੀਂ ਹੈ ਅਤੇ ਉਹ ਘੇਸਲ ਮਾਰ ਕੇ ਬੈਠੀਆਂ ਹੋਈਆਂ ਹਨ। ਇਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਘਟੀਆਂ ਰਵੱਈਏ ਕਰਕੇ ਹਿੰਦੂ ਰਾਸ਼ਟਰ ਦੇ ਖਤਰੇ ਤੋਂ ਅਣਜਾਣ, ਮੂਰਖ ਅਤੇ ਜਾਹਿਲ ਕਿਸਮ ਦੇ ਦਲਿਤ ਅਤੇ ਸਿੱਖ ਵੀ ਛਾਲਾਂ ਮਾਰਦੇ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਦੇਸ਼ ਦੀਆਂ ਅਖੌਤੀ ਦਲਿਤਾਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਈ ਹੋਈ ਹੈ ਅਤੇ ਦਲਿਤਾਂ ਦੇ ਗਲ ਵਿੱਚ ਕੁੱਜੇ ਅਤੇ ਲੱਕ ਦੇ ਪਿੱਛੇ ਝਾੜੂ ਬਨਣ ਦੇ ਲਈ ਉਸ ਨੂੰ ਮਜ਼ਬੂਤ ਕਰ ਰਹੇ ਹਨ। ਇਹ ਰਾਜਨੀਤਕ ਪਾਰਟੀਆਂ ਬੀਜੇਪੀ-ਆਰਐਸਐਸ ਦੇ ਬੇ-ਰਹਿਮ ਤੇਜ਼ ਕੁਹਾੜੇ ਦੇ ਦਸਤੇ ਬਣੇ ਹੋਏ ਹਨ। ਲੇਕਿਨ ਬਾਬਾ ਸਾਹਬਿ ਡਾ. ਅੰਬੇਡਕਰ ਅਜਿਹੇ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਅਮਾਨਵੀ ਹਿੰਦੂ ਰਾਸ਼ਟਰ ਬਣਾਏ ਜਾਣ ਦੀ ਸੰਭਾਵਨਾ ਦਾ ਡਟ ਕੇ ਵਿਰੋਧ ਕੀਤਾ ਸੀ। ਡਾ. ਅੰਬੇਡਕਰ ਜੀ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਨਾਲ ਦੇਸ਼ ਵਾਸੀਆਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਰਦੇ ਸੀ ਕਿ-: ‘‘ਜੇ ਅਸਲ ਵਿੱਚ ਹਿੰਦੂ ਰਾਸ਼ਟਰ ਬਣ ਗਿਆ ਤਾਂ ਬੇਸ਼ੱਕ ਦੇਸ਼ ਲਈ ਭਾਰੀ ਖਤਰਾ ਪੈਦਾ ਹੋ ਜਾਵੇਗਾ। ਹਿੰਦੂ ਰਾਸ਼ਟਰਵਾਦੀ ਕੁਝ ਵੀ ਕਹਿਣ ਹਿੰਦੂਤਵ ਸੁਤੰਤਰਤਾ-ਸਮਾਨਤਾ ਅਤੇ ਭਾਈਚਾਾਰੇ ਲਈ ਇਕ ਖਤਰਾ ਹੈ। ਇਸ ਅਧਾਰ ’ਤੇ ਇਹ ਲੋਕਤੰਤਤਰ ਦਾ ਵਿਰੋਧੀ ਹੈ। ਹਿੰਦੂ ਰਾਜ ਨੂੰ ਕਿਸੇ ਵੀ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ।- (ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਲਿਖਤਾਂ ਅਤੇ ਭਾਸ਼ਣ ਜਿਲਦ ਨੰ : 8 ਸਫ਼ਾ 358)

ਹਿੰਦੂ ਰਾਸ਼ਟਰ ਦੀ ਮੰਗ ਕਦੋਂ ਉਠੀ

 ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਵਿਨਾਇਕ ਦਮੋਦਰ ਸਾਵਰਕਰ ਦੇ ਦਿਮਾਗ ਵਿੱਚ ਉਸ ਸਮੇਂ ਉਪਜੀ ਸੀ, ਜਦੋਂ ਉਹ ਦਸ ਸਾਲ ਦੇ ਕਾਲਾ ਪਾਣੀ ਦੀ ਸਜ਼ਾ ਭੁਗਦੇ ਸਮੇਂ ਅੰਗਰੇਜ਼ ਸਰਕਾਰ ਤੋਂ ਬਾਰ-ਬਾਰ ਮਾਫੀ ਮੰਗਣ ਕਰਕੇ ਅਤੇ ਮਾਫੀ ਮਨਜ਼ੂਰ ਹੋਣ ’ਤੇ 21 ਜਨਵਰੀ 1921 ਵਿੱਚ ਰਤਨੀਗਿਰੀ ਦੀ ਜੇਹਲ ਵਿੱਚ ਲਿਆਂਦਾ ਗਿਆ ਸੀ। ਇੱਥੇ ਉਨ੍ਹਾਂ ਨੇ ‘‘ਹਿੰਦਤਵ’’ ਨਾਂ ਦੀ ਕਿਤਾਬ ਲਿਖੀ, ਜੋ ਕਿ ਹਿੰਦੂ ਰਾਸ਼ਟਰ ਦੀ ਮੰਗ ਦੀ ਬੁਨਿਆਦ ਬਣੀ, ਜਿਸ ਦਾ ਮਨੋਰਥ ਦੇਸ਼ ਵਿੱਚ ਚਲ ਰਹੇ ਸੁਤੰਤਰਤਾ ਸੰਗਰਾਮ ਨੂੰ ਭਟਕਾਉਣਾ ਸੀ ਤਾਂ ਜੋ ਅੰਗਰੇਜ਼ੀ ਸਰਕਾਰ ਦੀ ਮਦਦ ਕੀਤੀ ਜਾ ਸਕੇ। ਬਹਾਨਾ ਗਾਂਧੀ ਵੱਲੋਂ ਸੁਤੰਤਰਤਾ ਸੰਗਰਾਮ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨਾ ਬਣਾਇਆ ਗਿਆ। ਇਸ ਸੰਬੰਧੀ ਇਸ ਕਿਤਾਬ ਦੇ ਮੁੱਖ ਬੰਦ ਵਿੱਚ ਸ਼ਿਵ ਕੁਮਾਰੀ ਗੋਇਲ ਲਿਖਦੇ ਹਨ ਕਿ :-

‘‘ ਜਿਸ ਸਮੇਂ ਸਾਵਰਕਰ ਨੇ ਦੇਖਿਆ ਕਿ ਗਾਂਧੀ ਜੀ ਹਿੰਦੂ ਮੁਸਲਿਮ ਏਕਤਾ ਦੇ ਨਾਂ ’ਤੇ ਮੁਸਲਿਮ ਪੋਸ਼ਕ ਨੀਤੀ ਅਪਣਾ ਕੇ ਹਿੰਦੂਤਵ ਦੇ ਨਾਲ ਵਿਸ਼ਵਾਸਘਾਤ ਕਰ ਰਹੇ ਸਨ ਅਤੇ ਮੁਸਲਮਾਨ ਉਤਸ਼ਾਹਿਤ ਹੋ ਕੇ ਦੇਸ਼ ਨੂੰ ਇਸਲਾਮਸਤਾਨ ਬਣਾਉਣ ਦੇ ਸੁਪਨੇ ਦੇਖ ਰਹੇ ਸਨ, ਉਸ ਸਮੇਂ ਉਨ੍ਹਾ ਨੇ ਹਿੰਦੂ ਸੰਗਠਨ ਦੀ ਲੋੜ ਅਨੁਭਵ ਕੀਤੀ। ਉਹ 30 ਦਸੰਬਰ 1937 ਵਿੱਚ ਅਹਿਮਦਾਬਾਦ ਦੇ ਅਖਿਲ ਭਾਰਤੀ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਚੁਣੇ ਗਏ। ਸਾਵਰਕਰ ਨੇ ਰਾਜਨੀਤੀ ਦਾ ਹਿੰਦੂਕਰਨ ‘‘ਅਤੇ ਹਿੰਦੂਆਂ ਦਾ ਸੈਨਕੀਕਰਨ’’ ‘‘ਅਤੇ ਧਰਮ ਆਧਾਰਿਤ ਰਾਸ਼ਟਰ’’ ਦੇ ਨਾਅਰੇ ਦਿੱਤੇ।’’ ਸਾਵਰਕਰ ਨੇ ਹੀ ਭਾਰਤ ਵਿੱਚ ਦੋ ਰਾਸ਼ਟਰ ਹਿੰਦੂ ਰਾਸ਼ਟਰ ਅਤੇ ਮੁਸਲਿਮ ਰਾਸ਼ਟਰ ਦਾ ਸਿਧਾਂਤ ਪੇਸ਼ ਕੀਤਾ, ਜੋ ਕਿ ਬਾਅਦ ਵਿੱਚ ਦੇਸ਼ ਦੀ ਵੰਡ ਦਾ ਕਾਰਨ ਬਣਿਆ।

ਵਿਨਾਇਕ ਦਮੋਦਰ ਸਾਵਰਕਰ ਦੀ ਵਿਚਾਰਧਾਰਾ ਬਾਅਦ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦੂਸਰੇ ਸਰਸੰਘ-ਚਾਲਕ ਬਨਣ ਵਾਲੇ ਮਾਧਵ ਸਦਾ ਸ਼ਿਵ ਗੋਲਵਾਲਕਰ ਨੇ ਅਪਣਾ ਲਈ, ਜਿਨ੍ਹਾਂ ਨੂੰ ਇਸ ਦੀ ਪ੍ਰੇਰਨਾ ਉਸ ਸਮੇਂ ਮਿਲੀ, ਜਦੋਂ ਕਿ ਉਹ ਕਾਂਸ਼ੀ ਵਿਸ਼ਵ ਵਿਦਿਆਲੇ ਵਿੱਚ ਪੜ੍ਹ ਰਹੇ ਸਨ। ਉਸ ਸਮੇਂ ਕਾਂਗਰਸੀ ਨੇਤਾ ਪੰਡਿਤ ਮਦਨ ਮੋਹਣ ਮਾਲਵੀਆ ਨੇ ਗੋਲਵਰਕਰ ਨੂੰ ਹਿੰਦੂ ਹਿੱਤ ਵਿੱਚ ਕੰਮ ਕਰਨ ਲਈ ਪ੍ਰੇਰਿਆ। ਗੋਲਵਰਕਰ ਨੇ 1933 ਵਿੱਚ ਰਾਸ਼ਟਰੀ ਸਵੈਯਮ ਸੇਵਕ ਸੰਘ ਦੀ ਮੈਂਬਰਸ਼ਿਪ ਲੈ ਲਈ ਅਤੇ 1940 ਵਿੱਚ ਪਹਿਲੇ ਸਰਸੰਘ ਚਾਲਕ ਡਾ. ਕੇਸ਼ਵ ਬਲੀ ਰਾਮ ਹੈਡਗਵਾਰ ਦੀ ਥਾਂ ’ਤੇ ਦੂਸਰੇ ਆਰਐਸਐਸ ਦੇ ਸਰਸੰਘ ਚਾਲਕ ਬਣ ਗਏ। ਮਾਧਵ ਸਦਾ ਸ਼ਿਵ ਗੋਲਵਰਕਰ ਨੇ ਹਿੰਦੂ ਰਾਸ਼ਟਰ ਦੀ ਰੂਪ-ਰੇਖਾ ਬਾਰੇ ਵਿਸਥਾਰ ਸਹਿਤ ਆਪਣੀ ਕਿਤਾਬ ‘‘ਅਸੀਂ ਅਤੇ ਸਾਡੀ ਰਾਸ਼ਟਰੀਅਤਾ ਦੀ ਪਰਿਭਾਸ਼ਾ’’ ਵਿੱਚ ਲਿਖਿਆ, ਜੋ ਕਿ ਪੁਰਾਣੀ ਹਿੰਦੂ ਸੰਸਕ੍ਰਿਤੀ ਦੀ ਇਨ ਬਿਨ ਕਾਪੀ ਹੀ ਸੀ। ਇਸ ਵਿੱਚ ਵਾਧਾ ਸਿਰਫ ਇਹੀ ਕੀਤਾ ਗਿਆ ਸੀ ਕਿ ਇਸ ਨੇ ਮੁਸਲਮਾਨ-ਈਸਾਈ ਅਤੇ ਕਮਿਊਨਿਸਟ, ਤਿੰਨ ਦੁਸ਼ਮਣ, ਮਿੱਥੇ ਸਨ।

ਇਹ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਇਹ ਦੋਵੋਂ ਕਿਤਾਬਾਂ ਪੜ੍ਹ ਕੇ ਹੀ ਹਿੰਦੂ ਰਾਸ਼ਟਰ ਦੇ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ ਗਈ ਹੋਵੇ। ਨਿਰਸੰਦੇਹ ਉਨ੍ਹਾਂ ਨੇ ਜ਼ਰੂਰ ਪੜ੍ਹੀਆਂ ਹੋਣਗੀਆਂ। ਲੇਕਿਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪੁਰਾਣੇ ਹਿੰਦੂ ਰਾਸ਼ਟਰ ਦੀਆਂ ਅਮਾਨਵੀ ਪ੍ਰੰਪਰਾਵਾਂ, ਰਿਵਾਜਾਂ ਅਤੇ ਨਿਯਮਾਂ ਵਾਲੇ ਵਿਤਕਿਰਿਆਂ ਨੂੰ ਆਪਣੇ ਪਿੰਡੇ ’ਤੇ ਹੰਡਾਇਆ ਸੀ, ਜੋ ਕਿ 3500 ਸਾਲਾਂ ਤੋਂ ਸਮੁੱਚੇ ਦੇਸ਼ ਅਤੇ ਸਮਾਜ ਵਿੱਚ ਪ੍ਰਚਲਿਤ ਤੁਰੇ ਆ ਰਹੇ ਸਨ। ਇਸ ਦੀ ਸਭ ਤੋਂ ਵਧ ਅਮਾਨਵੀ ਪ੍ਰੰਪਰਾ ਜਾਤ-ਪਾਤ ਛੂਤ-ਛਾਤ ਘਿਰਣਾ ਹੈ, ਜਿਸ ਨੇ ਸਮਾਜ ਵਿੱਚ ਵਿਤਕਰੇ ਅਤੇ ਨਫਰਤ ਦੇ ਬੀਜ ਬੀਜੇ, ਜੋ ਕਿ ਅੱਜ ਤੱਕ ਵੀ ਆਪਣੇ ਰੰਗ ਦਿਖਾ ਰਹੀ ਹੈ ਅਤੇ ਕਰੋੜਾਂ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਕਰ ਰਹੀ ਹੈ।

ਅਜਿਹਾ ਨਹੀਂ ਕਿ ਪੁਰਾਣੇ ਹਿੰਦੂ ਰਾਸ਼ਟਰੀ ਦੀਆਂ ਅਮਾਨਵੀ ਪ੍ਰੰਪਰਾਵਾਂ, ਰਿਵਾਜਾਂ ਅਤੇ ਨਿਯਮਾਂ ਨੂੰ ਵੰਗਾਰਿਆ ਨਹੀਂ ਸੀ ਗਿਆ। ਚਾਰਵਾਕ ਫਲਸਫੇ ਅਤੇ ਮਹਾਤਮਾ ਬੁੱਧ ਦੀ ਵਿਚਾਰਧਾਰਾ ਨੇ ਇਸ ਨੂੰ ਵੰਗਾਰਿਆ ਸੀ। ਬਦੇਸ਼ੀ ਹਮਲਾਵਰਾਂ ਕਰਕੇ ਵੀ ਇਹ ਪ੍ਰੰਪਰਾਵਾਂ ਅਤੇ ਨਿਯਮ ਪਤਲੇ ਪੈ ਗਏ ਸਨ। ਲੇਕਿਨ ਬ੍ਰਹਾਮਣਵਾਦੀ ਫਲਸਫੇ ਦੇ ਅਨੁਯਾਈ ਪੁਜਾਰੀਆਂ ਅਤੇ ਉਨ੍ਹਾਂ ਦੇ ਕੱਟੜ ਪੈਰੋਕਾਰ ਰਜਵਾੜਿਆਂ ਨੇ ਆਪਣੀਆਂ ਫੌਜਾਂ ਦੀ ਸ਼ਕਤੀ ਨਾਲ ਇਨ੍ਹਾਂ ਵਿਰੋਧੀਆਂ ਦਾ ਬੇ ਰਹਿਮੀ ਨਾਲ ਕਤਲੇਆਮ ਕਰਦੇ ਹੋਏ ਇਸ ਵਿਰੋਧ ਦਾ ਖਾਤਮਾ ਕਰ ਦਿੱਤਾ। ਇਸਲਾਮ ਅਤੇ ਇਸਾਈਅਤ ਦੇ ਭਾਰਤ ਵਿੱਚ ਪ੍ਰਵੇਸ਼ ਨਾਲ ਇਨ੍ਹਾਂ ਨਿਯਮਾਂ ਅਤੇ ਪ੍ਰੰਪਰਾਵਾਂ ਨੂੰ ਭਾਰੀ ਸੱਟ ਵੱਜੀ। ਕਰੋੜਾਂ ਲੋਕਾਂ ਨੇ ਧਰਮ ਪਰਿਵਰਤਨ ਕਰਕੇ ਬ੍ਰਹਾਮਣਵਾਦੀ ਫਲਸਫੇ ਤੋਂ ਮੁਕਤੀ ਹਾਸਲ ਕਰ ਲਈ ਸੀ। ਬਾਬਾ ਕਬੀਰ, ਬਾਬਾ ਰਵੀਦਾਸ ਆਦਿ ਸੰਤਾਂ ਮਹਾਂਪੁਰਖਾਂ ਨੇ ਵੀ ਬ੍ਰਾਹਮਣਵਾਦੀ ਫਲਸਫੇ ਨੂੰ ਵੰਗਾਰਿਆ। ਸਿੱਖ ਫਲਸਫੇ ਦੇ ਰਹਿਬਰਾਂ, ਸਤਿਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਨੇ ਬ੍ਰਹਾਮਣਵਾਦੀ ਫਲਸਫੇ ਦੇ ਮੂਲ ਸਿਧਾਂਤ ਜਾਤ-ਪਾਤ, ਛੂਤ-ਛਾਤ, ਜਾਤ ਘਿਰਣਾ ਵਰਗੇ ਵਿਤਕਰੇ ਅਤੇ ਨਫਰਤੀ ਸਿਧਾਂਤ ਨੂੰ ਰੱਦ ਕਰਕੇ ਸੁਤੰਤਰਤਾ-ਸਮਾਨਤਾ ਅਤੇ ਭਾਈਚਾਰੇ ਦੀਆਂ ਪ੍ਰੰਪਰਾਵਾਂ ਦੀ ਸ਼ੁਰੂਆਤ ਕੀਤੀ। ਪੈਰੀਆਰ-ਜੋਤੀ ਬਾ ਫੂਲੇ ਵਰਗੇ ਮਹਾਂਪੁਰਬਾਂ ਨੇ ਜਾਤ-ਪਾਤ, ਛੂਤ-ਛਾਤ, ਜਾਤ ਘਿਰਣਾ ਵਰਗੇ ਨਫਰਤੀ ਵਿਤਕਰੇ ਵਾਲੇ ਸਮਾਜ ਤੋਂ ਮੁਕਤੀ ਦਾ ਹੋਕਾ ਦਿੱਤਾ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਤਾਂ ਜਾਤੀਵਾਦੀ ਵਿਵਸਥਾ ਦੇ ਵਿਰੁਧ ਇਕ ਸੰਗਰਾਮ ਹੀ ਛੇੜ ਦਿੱਤਾ ਕਿਉਂਕਿ ਡਾ. ਅੰਬੇਡਕਰ ਨੇ ਬ੍ਰਹਾਮਣਵਾਦੀ ਫਲਸਫੇ ਅਤੇ ਪ੍ਰੰਪਰਾਵਾਂ ਦੇ ਘਟੀਆ ਰਵੱਈਆ ਨੂੰ ਆਪਣੇ ਬਚਪਨ ਦੇ ਵੇਲੇ ਤੋਂ ਹੀ ਆਪਣੇ ਹੱਡੀ ਹੰਡਾਇਆ ਸੀ। ਪੁਰਾਣੇ ਹਿੰਦੂ ਰਾਸ਼ਟਰ ਦੀ ਪੁਰਾਣੀ ਹਿੰਦੂ ਸੰਸਕ੍ਰਿਤੀ ਕਰਕੇ ਕੋਈ ਵੀ ਸ਼ੂਦਰ ਅਤੇ ਔਰਤ ਵਿੱਦਿਆ ਹਾਸਲ ਨਹੀਂ ਕਰ ਸਕਦਾ ਸੀ, ਲੇਕਿਨ ਅੰਗਰੇਜ਼ੀ ਰਾਜ ਦੇ ਵੇਲੇ ਹਰ ਇਕ ਨੂੰ ਵਿੱਦਿਆ ਹਾਸਲ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਉਸ ਅਨੁਸਾਰ ਡਾ. ਅੰਬੇਡਕਰ ਨੂੰ ਵੀ ਸਕੂਲ ਜਾਣ ਦਾ ਅਧਿਕਾਰ ਮਿਲ ਗਿਆ। ਲੇਕਿਨ ਸ਼ੂਦਰ ਅਛੂਤ ਹੋਣ ਕਰਕੇ ਉਸ ਨੂੰ ਸਕੂਲ ਦੇ ਕਮਰੇ ਦੇ ਇਕ ਪਾਸੇ ਬੈਠਣਾ ਪੈਂਦਾ ਸੀ। ਪਾਣੀ ਪੀਣ ਲਈ ਵੀ ਉਸ ਨੂੰ ਦੂਸਰਿਆਂ ’ਤੇ ਨਿਰਭਰ ਹੋਣਾ ਪੈਂਦਾ ਸੀ। ਜੇਕਰ ਉਸ ਦੇ ਬੁਕ ਵਿੱਚ ਕੋਈ ਦੂਸਰਾ ਪਾਣੀ ਪਾ ਦਿੰਦਾ ਸੀ ਤਾਂ ਠੀਕ ਸੀ, ਨਹੀਂ ਤਾਂ ਉਸ ਨੂੰ ਪਿਆਸਾ ਹੀ ਰਹਿਣਾ ਪੈਂਦਾ ਸੀ। ਸਕੂਲ ਦਾ ਇਕ ਅਧਿਆਪਕ ਭੀਮ ਦੇ ਉੱਪਰ ਦਿਆਲੂ ਲਗਦਾ ਸੀ ਲੇਕਿਨ ਉਹ ਆਪਣੀ ਬਚੀ ਹੋਈ ਰੋਟੀ ਭੀਮ ਵੱਲ ਦੂਰੋਂ ਹੀ ਸੁਟਦਾ ਸੀ। ਭੀਮ ਨੂੰ ਇਕ ਜਨਤਕ ਪਿਆਊ ਤੋਂ ਪਾਣੀ ਪੀਣ ਕਰਕੇ ਚੰਗੀ ਕੁਟ ਪਈ ਸੀ।

ਭੀਮ ਨੂੰ ਤਾਂ ਬਚਪਨ ਵਿੱਚ ਹੀ ਕਈ ਵਾਰ ਜਾਤ-ਪਾਤ, ਛੂਤ-ਛਾਤ ਤੇ ਘਿਰਣਾ ਕਰਕੇ ਭਾਰੀ ਅਪਮਾਨ ਦਾ ਸਾਹਮਣਾ ਕਰਨਾ ਪਿਆ ਸੀ। ਇਕ ਵਾਰ ਭੀਮ, ਉਸ ਦਾ ਵੱਡਾ ਭਰਾ ਅਤੇ ਭਤੀਜੇ ਨੇ ਸਿਤਾਰਾ ਤੋਂ ਗੋਰੇ ਗਾਂਵ ਜਾਣਾ ਸੀ, ਜਿੱਥੇ ਉਨ੍ਹਾਂ ਦਾ ਪਿਤਾ ਨੌਕਰੀ ਕਰਦੇ ਸਨ। ਜਦੋਂ ਭੀਮ ਆਦਿਪਟਲੀ ਰੇਲਵੇ ਸਟੇਸ਼ਨ ’ਤੇ ਉਤਰੇ ਤਾਂ ਉਨ੍ਹਾਂ ਨੂੰ ਲੈਣ ਕੋਈ ਨਹੀਂ ਆਇਆ ਹੋਇਆ ਸੀ। ਉਨ੍ਹਾਂ ਨੂੰ ਅਛੂਤ ਹੋਣ ਕਰਕੇ ਗੱਡੀਵਾਨ ਨੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਇਕ ਹੋਰ ਗੱਡੀਵਾਨ ਨੇ ਦੁਗਣੇ ਪੈਸੇ ਲੈ ਕੇ ਇਸ ਸ਼ਰਤ ’ਤੇ ਮੰਨਿਆ ਕਿ ਉਹ ਗੱਡੀ ਨੂੰ ਆਪ ਹਿੱਕਣਗੇ ਅਤੇ ਗੱਡੀਵਾਨ ਪੈਦਲ ਚਲੇਗਾ।ਭੀਮ ਦੇ ਵੱਡੇ ਭਰਾ ਨੇ ਗੱਡੀ ਹਿੱਕੀ ਅਤੇ ਗੱਡੀਵਾਨ ਨਾਲ-ਨਾਲ ਪੈਦਲ ਚੱਲਿਆ ਰਸਤੇ ਵਿੱਚ ਜਦੋਂ ਭੀਮ ਨੂੰ ਪਿਆਸ ਲੱਗੀ ਅਤੇ ਉਸ ਨੇ ਪਾਣੀ ਮੰਗਿਆ ਤਾਂ ਸਵਰਨ ਹਿੰਦੂਆਂ ਨੇ ਇਕ ਛੱਪੜ ਵੱਲ ਇਸ਼ਾਰਾ ਕਰ ਦਿੱਤਾ ਕਿ ਉਹ ਉੱਥੋਂ ਪਾਣੀ ਪੀ ਸਕਦਾ ਹੈ। ਭੀਮ ਨੂੰ ਉਸ ਸਮੇਂ ਅਨੁਭਵ ਹੋਇਆ ਕਿ ਉਹ ਕਿਸੇ ਅਜੇਹੀ ਜਾਤ ਨਾਲ ਸਬੰਧਤ ਹੈ, ਜਿਸ ਨੂੰ ਸਾਫ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਸੀ। ਉਨ੍ਹਾਂ ਨੂੰ ਇਹ ਵੀ ਅਨੁਭਵ ਹੋਇਆ ਕਿ ਬਾਕੀ ਅਛੂਤ ਕਿਸ ਤਰ੍ਹਾਂ ਪਸ਼ੂਆਂ ਤੋਂ ਵੀ ਮਾੜੀ ਜ਼ਿੰਦਗੀ ਭੋਗ ਰਹੇ ਹੋਣਗੇ।

ਐਲਫਿਸਟਨ ਸਕੂਲ ਵਿੱਚ ਵਾਪਰੀ ਇਕ ਘਟਨਾ ਨੇ ਤਾਂ ਭੀਮ ਨੂੰ ਹੋਰ ਹਿਲਾ ਦਿੱਤਾ। ਇਕ ਦਿਨ ਇਕ ਮਾਸਟਰ ਨੇ ਭੀਮ ਨੂੰ ਬਲੈਕ ਬੋਰਡ ’ਤੇ ਕੁਝ ਲਿਖਣ ਲਈ ਕਿਹਾ। ਇਸ ’ਤੇ ਸਵਰਨ ਵਿਦਿਆਰਥੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ ਬਲੈਕ ਬੋਰਡ ਦੇ ਪਿੱਛੇ ਰੱਖੇ ਰੋਟੀ ਦੇ ਡੱਬੇ ਚੁੱਕ ਲੈਣ ਦਿਓ। ਡੱਬੇ ਚੁੱਕਣ ਤੋਂ ਉਪਰੰਤ ਭੀਮ ਨੂੰ ਬਲੈਕ ਬੋਰਡ ਦੇ ਲਾਗੇ ਜਾਣ ਦਿੱਤਾ। ਇਕ ਬ੍ਰਾਹਮਣ ਮਾਸਟਰ ਨੇ ਭੀਮ ਨੂੰ ਕਿਹਾ ਕਿ ਤੂੰ ਮਹਾਰ ਜਾਤੀ ਦਾ ਹੈ ਪੜ੍ਹ ਲਿਖ ਕੇ ਕੀ ਕਰੇਗਾ? ਭੀਮ ਨੇ ਉਸ ਮਾਸਟਰ ਨੂੰ ਜਵਾਬ ਤਾਂ ਦੇ ਦਿੱਤਾ ਲੇਕਿਨ ਇਸ ਨਾਲ ਵੀ ਭੀਮ ਦੇ ਮਨ ਨੂੰ ਠੇਸ ਪਹੁੰਚੀ। ਭੀਮ ਸੰਸਕ੍ਰਿਤ ਪੜ੍ਹਨਾ ਚਾਹੁੰਦਾ ਸੀ, ਲੇਕਿਨ ਬ੍ਰਹਾਮਣ ਮਾਸਟਰ ਨੇ ਅਛੂਤ ਹੋਣ ਕਰਕੇ ਭੀਮ ਨੂੰ ਸੰਸਕ੍ਰਿਤ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ।

ਭੀਮ ਨੂੰ ਬੜੌਦਾ ਦੇ ਮਹਾਰਾਜ ਸਿਆ ਜੀ ਗਾਇਕਵਾੜ ਨੇ ਉੱਚ ਸ਼ਿਖਿਆ ਪ੍ਰਾਪਤ ਕਰਨ ਲਈ ਮਦਦ ਕੀਤੀ ਸੀ ਜੋ ਇਸ ਸ਼ਰਤ ’ਤੇ ਸੀ ਕਿ ਸਿੱਖਿਆ ਪ੍ਰਾਪਤ ਕਰਨ ਤੋਂ ਉਪਰੰਤ ਭੀਮ 10 ਸਾਲ ਬੜੌਦਾ ਰਿਆਸਤ ਦੀ ਸੇਵਾ ਕਰੇਗਾ। ਸਿੱਖਿਆ ਪ੍ਰਾਪਤ ਕਰਨ ਤੋਂ ਉਪਰੰਤ ਮਹਾਰਾਜਾ ਬੜੌਦਾ ਨੇ ਡਾ. ਅੰਬੇਡਕਰ ਨੂੰ ਫੌਜੀ ਸਕੱਤਰ ਦੀ ਨੌਕਰੀ ਦੇ ਦਿੱਤੀ। ਐਪਰ ਇੱਥੇ ਵੀ ਅਛੂਤ ਹੋਣ ਦਾ ਸੰਤਾਪ ਡਾ. ਅੰਬੇਡਕਰ ਨੂੰ ਭੁਗਤਣਾ ਪਿਆ। ਚਪੜਾਸੀ ਫਾਇਲਾਂ ਦੂਰੋਂ ਸੁਟਦਾ ਸੀ ਅਤੇ ਪੀਣ ਲਈ ਪਾਣੀ ਵੀ ਨਹੀਂ ਦਿੰਦਾ ਸੀ। ਰਹਿਣ ਲਈ ਕੋਈ ਕਮਰਾ ਤੱਕ ਨਹੀਂ ਦਿੰਦਾ ਸੀ। ਪਾਰਸੀਆਂ ਦੀ ਸਰਾਂ ਵਿੱਚ ਇਕ ਕਮਰਾ ਕਿਰਾਏ ’ਤੇ ਮਿਲਿਆ, ਐਪਰ ਅਗਲੇ ਹੀ ਦਿਨ ਪਾਰਸੀਆਂ ਦਾ ਟੋਲਾਂ ਡਾਂਗਾਂ ਲੈ ਕੇ ਆ ਗਿਆ। ਉਨ੍ਹਾਂ ਨੇ ਡਾ. ਅੰਬੇਡਕਰ ਨੂੰ ਪੁੱਛਿਆ ਕਿ ਤੂੰ ਕੌਣ ਹੈ? ਡਾ. ਅੰਬੇਡਕਰ ਨੇ ਕਿਹਾ ਕਿ ਮੈਂ ਹਿੰਦੂ ਹਾਂ। ਲੇਕਿਨ ਭੀੜ ਕਹਿਣ ਲੱਗੀ ਕਿ ਤੂੰ ਝੂਠ ਬੋਲਦਾ ਹੈ ਤੂੰ ਹਿੰਦੂ ਨਹੀਂ, ਅਛੂਤ ਹੈ, ਫੌਰੀ ਕਮਰਾ ਖਾਲੀ ਕਰ ਅਤੇ ਇੱਥੋਂ ਭੱਜ ਜਾ।

ਡਾ. ਅੰਬੇਡਕਰ ਦੇ ਨਾਲ ਇਹ ਸਾਰੀਆਂ ਵਾਪਰਨ ਵਾਲੀਆਂ ਘਟਨਾਵਾਂ ਪੁਰਾਣੇ ਹਿੰਦੂ ਰਾਸ਼ਟਰ ਦੀਆ ਪਰੰਪਰਾਵਾਂ-ਰਿਵਾਜਾਂ ਅਤੇ ਨਿਯਮਾਂ ਅਨੁਸਾਰ ਹੀ ਸਨ, ਜੋ ਕਿ ਪੁਰਾਣੀ ਸੰਸਕ੍ਰਿਤੀ ਵੱਲੋਂ ਮਿਥੀਆਂ ਗਈਆਂ ਸਨ, ਜਦਕਿ ਰਾਜ ਭਾਗ ਅੰਗਰੇਜ਼ਾਂ ਦੇ ਕਬਜੇ ਵਿੱਚ ਸੀ, ਜਿਸ ਤੋਂ ਕਲਪਨਾ ਕੀਤੀ ਜਾ ਸਕਦੀ ਹੈ ਕਿ ਜਦੋਂ ਰਾਜ ਭਾਗ ਬਰਾਹਮਣਵਾਦੀ ਫਲਸਫੇ ਦੇ ਝੰਡਾ ਬਰਦਾਰ ਪੁਜਾਰੀਾਆਂ ਅਤੇ ਰਾਜਿਆਂ ਮਹਾਰਾਜਿਆਂ ਦਾ ਸੀ ਤਾਂ ਉਸ ਸਮੇਂ ਦਲਿਤਾਂ ਸ਼ੂਦਰਾਂ ਅਛੁਤਾਂ ਨਾਲ ਕੀ ਬੀਤਦੀ ਹੋਵੇਗੀ? ਹਾਲਾਂਕਿ ਅੰਗਰੇਜ਼ੀ ਹਕੂਮਤ ਵੱਲੋਂ ਪੁਰਾਣੇ ਹਿੰਦੂ ਰਾਸ਼ਟਰ ਦੀਆਂ ਕਈ ਅਮਾਨਵੀ ਪ੍ਰੰਪਰਾਵਾਂ ’ਤੇ ਪਾਬੰਦੀ ਲਗਾਈ ਜਾ ਰਹੀ ਸੀ, ਲੇਕਿਨ 3500 ਸਾਲਾਂ ਤੋਂ ਚੱਲੀਆਂ ਆ ਰਹੀਆਂ ਪੁਰਾਣੀਆਂ ਪ੍ਰੰਪਰਾਵਾਂ ਤੇ ਰਿਵਾਜਾਂ ਨੂੰ ਇਕ ਝਟਕੇ ਵਿੱਚ ਖ਼ਤਮ ਕਰਨਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ, ਜਿਸ ਦੀਆਂ ਜੜ੍ਹਾਂ ਪਤਾਲ ਤੱਕ ਧੱਸੀਆਂ ਹੋਈਆਂ ਸਨ। ਇਸ ਦੀਆਂ ਕੁੱਝ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ।

1773 ਵਿੱਚ ਈਸਟ ਇੰਡੀਆ ਕੰਪਨੀ ਨੇ ਇਕ ਰੈਗੁਲੇਟਰੀ ਐਕਟ ਪਾਸ ਕੀਤਾ, ਜਿਸ ਅਨੁਸਾਰ ਨਿਆਂ ਵਿਵਸਥਾ ਨੂੰ ਬਰਾਬਰ ਕੀਤਾ ਗਿਆ, 6 ਮਈ 1775 ਵਿੱਚ ਬੰਗਾਲ ਦੇ ਜਗੀਰਦਾਰ ਨੰਦ ਕੁਮਾਰ ਦੇਵ ਨੂੂੰ ਫਾਂਸੀ ਦਿੱਤੀ ਗਈ। ਜਦਕਿ ਪਹਿਲਾਂ ਬਰਾਬਰ ਨਿਆਂ ਵਿਵਸਥਾ ਰਹੀ ਸੀ। ਪਹਿਲਾਂ ਸਜ਼ਾਵਾਂ ਜਾਤਾਂ ਦੇ ਆਧਾਰ ’ਤੇ ਦਿੱਤੀਆਂ ਜਾਂਦੀਆਂ ਸਨ।

1795 ਅਧਿਨਿਯਮ ਦੇ ਤਹਿਤ ਸ਼ੂਦਰਾਂ ਨੂੰ ਜਾਇਦਾਦ ਰੱਖਣ ਦਾ ਹੱਕ ਦਿੱਤਾ ਗਿਆ। ਪਹਿਲਾਂ ਸ਼ੂਦਰਾਂ ਨੂੰ ਜਾਇਦਾਦ ਰੱਖਣ ਦਾ ਅਧਿਕਾਰ ਨਹੀਂ ਸੀ। ਮੰਨੂੰ ਸਿਮਰਤੀ ਅਨੁਸਾਰ ਸ਼ੂਦਰਾਂ ਦੀ ਜਾਇਦਾਦ ਟੁੱਟੇ ਭਾਂਡੇ-ਗੱਧੇ ਆਦਿ ਹੋਣਗੇ। ਨਾ ਉਹ ਚੰਗੇ ਕੱਪੜੇ ਪਾ ਸਕਦੇ ਸਨ ਅਤੇ ਨਾ ਚੰਗਾ ਘਰ ਪਾ ਸਕਦੇ ਸਨ।

1804 ਵਿੱਚ ਕੰਨਿਆ ਹੱਤਿਆ ਤੇ ਪਾਬੰਦੀ ਲਗਾਈ ਗਈ। ਲੜਕੀ ਦੇ ਜਮਣ ਤੇ ਬੱਚੇ ਦੇ ਤਾਲੂ ’ਤੇ ਅਫੀਮ ਲਗਾ ਦਿੱਤੀ

ਜਾਂਦੀ ਸੀ। ਥਣਾਂ ’ਤੇ ਧਤੂਰੇ ਦਾ ਲੇਪ ਲਗਾ ਦਿੱਤਾ ਜਾਂਦਾ ਸੀ। ਜਾਂ ਟੋਆ ਪੁੱਟ ਕੇ ਉਸ ਵਿੱਚ ਦੁੱਧ ਪਾ ਕੇ ਲੜਕੀ ਨੂੰ ਡੋਬ ਦਿੱਤਾ ਜਾਂਦਾ ਸੀ।

1813 ਵਿੱਚ ਅੰਗਰੇਜਾਂ ਨੇ ਸਿੱਖਆ ਦਾ ਅਧਿਕਾਰ ਸਭ ਨੂੰ ਦੇ ਦਿੱਤਾ। ਸਭ ਧਰਮਾਂ ਅਤੇ ਜਾਤੀਆਂ ਨੂੰ ਇਹ ਅਧਿਕਾਰ ਮਿਲ ਗਿਆ। ਲੜਕੀਆਂ ਨੂੰ ਵੀ ਪੜ੍ਹਨ ਦਾ ਅਧਿਕਾਰ ਨਹੀਂ ਸੀ, ਉਹ ਵੀ ਮਿਲ ਗਿਆ।

1813 ਵਿੱਚ ਦਾਜ ਪ੍ਰਥਾ ਖਤਮ ਕਰ ਦਿੱਤੀ ਗਈ। 1819 ਵਿੱਚ ਅਧਿਨਿਯਮ 7 ਦੇ ਤਹਿਤ ਬਰਾਹਮਣਾਂ ਵੱਲੋਂ ਇਸਤਰੀਆਂ ਦੀ ਕੀਤੀ ਜਾਂਦੀ ਸ਼ੁੱਧੀਕਰਨ ਵਾਲੀ ਪਰਮਪਰਾ ਤੇ ਪਾਬੰਦੀ ਲਗਾ ਦਿੱਤੀ ਗਈ। ਸ਼ੂਦਰਾਂ ਦੀ ਸ਼ਾਦੀ ਹੋਣ ’ਤੇ ਤਿੰਨ ਦਿਨਾਂ ਤੱਕ ਨਵੀਂ ਵਿਆਹੀ ਦੁਲਹਨ ਨੂੰ ਬਰਾਹਮਣ ਦੇ ਘਰ ਰਹਿਣਾ ਪੈਂਦਾ ਸੀ ਅਤੇ ਬਰਾਹਮਣ ਦੀ ਸ਼ਰੀਰਕ ਸੇਵਾ ਕਰਨੀ ਪੈਂਦੀ ਸੀ।

1830 ਵਿੱਚ ਨਰਬਲੀ ਪ੍ਰਥਾ ਤੇ ਰੋਕ ਲਗਾ ਦਿੱਤੀ ਗਈ। ਦੇਵੀ ਦੇਵਤੇ ਨੂੰ ਖੁਸ਼ ਕਰਨ ਦੇ ਲਈ ਸ਼ੂਦਰ ਇਸਤਰੀ ਪੁਰਸ਼ ਬੱਚਿਆਂ ਨੂੰ ਮੂਰਤੀ ਦੇ ਅੱਗੇ ਪਟਕ ਪਟਕ ਕੇ ਬਲੀ ਚੜਾਇਆ ਜਾਂਦਾ ਸੀ।

1830 ਵਿੱਚ ਹੀ ਪ੍ਰਥਮ ਪੁੱਤਰ ਨੂੰ ਗੰਗਾ ਵਿੱਚ ਦਾਨ ਦੇਣ ਦੀ ਪ੍ਰਥਾ ਖਤਮ ਕਰ ਦਿੱਤੀ ਗਈ। ਬਰਾਹਮਣਾਂ ਦਾ ਨਿਯਮ ਸੀ ਕਿ ਸ਼ੂਦਰ ਦੇ ਘਰ ਜਦੋਂ ਪਹਿਲਾਂ ਪੁੱਤਰ ਪੈਦਾ ਹੁੰਦਾ ਸੀ ਤਾਂ ਉਸ ਨੂੰ ਗੰਗਾ ਵਿੱਚ ਸੁੱਟ ਦੇਣ ਦੀ ਪ੍ਰਥਾ ਸੀ।

1835 ਵਿੱਚ ਸ਼ੂਦਰ ਨੂੰ ਕੁਰਸੀ ’ਤੇ ਬੈਠਣ ਦਾ ਅਧਿਕਾਰ ਦਿੱਤਾ ਗਿਆ। ਦਸੰਬਰ 1829 ਅਧਿਨਿਯਮ 17 ਦੇ ਤਹਿਤ ਸਤੀ ਪ੍ਰਥਾ ਖਤਮ ਕਰ ਦਿੱਤੀ ਗਈ, ਜਿਸ ਵਿੱਚ ਵਿਧਵਾ ਨੂੰ ਮੁਰਦਾ ਪਤੀ ਨਾਲ ਸਾੜ ਦੇਣ ਦੀ ਪ੍ਰਥਾ ਸੀ। ਆਦਿ ਆਦਿ-

ਇਹ ਦੱਸਣਾ ਜ਼ਰੂਰੀ ਹੈ ਕਿ ਪੁਰਾਣੇ ਹਿੰਦੂ ਰਾਸ਼ਟਰ ਦੀ ਸੰਸਕ੍ਰਿਤੀ ਵਿੱਚ ਕਈ ਅਮਾਨਵੀ ਪ੍ਰੰਮਪਰਾਵਾਂ-ਨਿਯਮ ਅਤੇ ਰਵਾਜ ਪ੍ਰਚਲਤ ਸਨ, ਜਿਨ੍ਹਾਂ ਨੂੰ ਮੌਜੂਦਾ ਵਸੋਂ ਦੇ ਵੱਡੇ ਹਿੱਸੇ ਨੂੰ ਕੋਈ ਜਾਣਕਾਰੀ ਨਹੀਂ ਹੈ।

ਪੁਰਾਣੇ ਹਿੰਦੂ ਰਾਸ਼ਟਰ ਵਿੱਚ ਦਲਿਤ ਵਰਗ, ਜੋ ਕਿ ਸ਼ੂਦਰ ਵਰਣ ਵਜੋਂ ਜਾਣਿਆ ਜਾਂਦਾ ਸੀ, ਦੀ ਪਸ਼ੂਆਂ ਤੋਂ ਵੀ ਮਾੜੀ ਜਿੰਦਗੀ ਸੀ, ਲੇਕਿਨ ਇਥੇ ਇਸ ਦਾ ਵਿਸਥਾਰ ਸਾਹਿਤ ਜਿਕਰ ਕਰਨਾ ਠੀਕ ਨਹੀਂ। ਕਿਉਂਕਿ ਦਲਿਤਾਂ ਨਾਲ ਹੁੰਦੇ ਅਮਾਨਵੀ ਵਰਤਾਰੇ ਤਾਂ ਅੱਜ ਕੱਲ ਵੀ ਦੇਖਣ ਨੂੰ ਮਿਲਦੇ ਰਹਿੰਦੇ ਹਨ। ਇਨ੍ਹਾਂ ਦੀ ਹੋਂਦ ਤਾਂ ਅੱਜ ਕੱਲ ਵੀ ਦੇਖਣ ਨੂੰ ਮਿਲ ਜਾਂਦੀ ਹੈ, ਜਿਵੇਂ ਘੋੜਾ ਰੱਖਣ ਤੇ ਦਲਿਤ ਦਾ ਕਤਲ, ਮੁੱਛਾਂ ਰੱਖਣ ’ਤੇ ਦਲਿਤ ਦਾ ਕਤਲ, ਵਿਆਹ ਸਮੇਂ ਘੋੜੀ ਤੇ ਚੜ੍ਹੇ ਦਲਿਤ ਲਾੜੇ ਦਾ ਕੁਟਾਪਾ, ਮੰਦਰ ਗਏ ਦਲਿਤ ਦਾ ਕੁਟਾਪਾ, ਦਲਿਤ ਲੜਕੀਆਂ ਨਾਲ ਬਲਾਤਕਾਰ, ਆਦਿ ਘਟਨਾਵਾਂ, ਅੱਜ ਵੀ ਵਾਪਰ ਰਹੀਆਂ ਹਨ। ਲੇਕਿਨ ਦਲਿਤਾਂ ਵਿਰੁੱਧ ਮੰਨੂ ਸਿਮਰਤੀ ਨੂੰ ਅਧਾਨ ਮੰਨ ਕੇ ਕਈ ਅਮਾਨਵੀ ਹੁਕਮਨਾਮੇ ਦਲਿਤਾਂ ਵਿਰੁਧ ਸਮਾਜ ਵਿੱਚ ਜਾਰੀ ਕੀਤੇ ਜਾਂਦੇ ਰਹੇ ਹਨ, ਜਿਸ ਦਾ ਇਕ ਨਮੂਨਾ ਦੇ ਰਹੇ ਹਾਂ। ਦਸੰਬਰ 1930 ਨੂੰ ਦਲਿਤਾਂ ਦੇ ਵਿਰੁੱਧ ਰਾਮਨਾਡ ਮਦਰਾਸ ਪ੍ਰੈਜ਼ੀਡੈਂਸੀ ਸਕਾਲਰਾਂ ਨੇ 10 ਬੰਦਸ਼ਾਂ ਵਾਲਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ 1. ਦਲਿਤ ਔਰਤਾਂ ਸੋਨੇ ਦੇ ਕਹਿਣੇ ਨਹੀਂ ਪਾਉਣਗੀਆਂ, 2. ਦਲਿਤ ਮਰਦ ਗੋਡਿਆਂ ਤੋਂ ਥੱਲੇ ਅਤੇ ਕੂਹਲਿਆਂ ਤੋਂ ਉੱਪਰ ਕਪੜੇ ਨਹੀਂ ਪਾਉਣਗੇ, 3. ਦਲਿਤ ਮਰਦ ਕੋਟ ਪੈਂਟ, ਕਮੀਜ਼ ਅਤੇ ਬਨਾਇਣ ਨਹੀਂ ਪਾਉਣਗੇ, 4. ਇਹ ਲੋਕ ਘਰਾਂ ਵਿੱਚ ਕੇਵਲ ਮਿੱਟੀ ਦੇ ਬਰਤਨ ਰੱਖਣਗੇ, 5. Çਂੲਨ੍ਹਾਂ ਦੀਆਂ ਔਰਤਾਂ ਸ਼ਰੀਰ ਕੇ ਉਪਰਲੇ ਭਾਗ (ਛਾਤੀਆਂ) ਨੂੰ ਨਹੀਂ ਕੱਜਣਗੀਆਂ। ਸ਼ਿੰਗਾਰ ਨਹੀਂ ਕਰਨਗੀਆਂ, 6. ਇਨ੍ਹਾਂ ਲੋਕਾਂ ਨੂੰ ਸਕੂਲਾਂ ਕਾਲਜਾਂ ਵਿੱਚ ਪੜ੍ਹਾਣ ਨਹੀਂ ਦਿੱਤਾ ਜਾਵੇਗਾ, 7. ਇਨ੍ਹਾਂ ਦੇ ਬੱਚੇ ਜਿੰਮੀਦਾਰਾਂ ਦੇ ਪਸ਼ੂ ਚਾਰਨਗੇ, 8. ਇਹ ਲੋਕ ਜਿੰਮੀਦਾਰਾਂ ਦੇ ਗੁਲਾਮ ਮੰਨੇ ਜਾਣਗੇ, 9. ਇਹ ਲੋਕ ਆਪਣੇ ਬੱਚਿਆਂ ਦੇ ਵਿਆਹਾਂ ਵਿੱਚ ਭਾਰਤੀ ਸੰਗੀਤ ਦੀ ਵਰਤੋਂ ਨਹੀਂ ਕਰਨਗੇ, 10. ਵਿਆਹ ਦੇ ਵਕਤ ਲਾੜਾ ਘੋੜੀ ਦੀ ਸਵਾਰੀ ਨਹੀਂ ਕਰੇਗਾ, ਲਾੜੀ ਡੋਲੀ ਵਿੱਚ ਨਹੀਂ ਬੈਠ ਸਕੇਗੀ।

ਇਥੇ ਦਿੱਤੇ ਗਏ ਵੇਰਵੇ ਪੁਰਾਣੇ ਹਿੰਦੂ ਰਾਸ਼ਟਰ ਵੱਲੋਂ ਸਿਰਜੀ ਗਈ ਪੁਰਾਣੀ ਹਿਦੂ ਸੰਸਕ੍ਰਿਤੀ ਦੇ ਨਮੁਨੇ ਹਨ, ਜਿਸ ਬਾਰੇ ਆਰਐਸਐਸ ਬੀਜੇਪੀ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਨੇਤਾ ਸੰਤ-ਸਾਧੂ-ਸਾਧਵੀਆਂ ਪ੍ਰਚਾਰਕ ਡੇਰੇਦਾਰ ਮਹੰਤ ਆਦਿ ਤਰੀਫ਼ ਕਰਦੇ ਨਹੀਂ ਥਕਦੇ ਅਤੇ ਇਸ ਨੂੰ ਦੁਬਾਰਾ ਦੇਸ਼ ਅਤੇ ਸਮਾਜ ਵਿੱਚ ਲਾਗੂ ਕਰਨ ਦੇ ਲਈ ਸਿਰ ਤੋੜ ਯਤਨ ਕਰ ਰਹੇ ਹਨ। ਇਥੇ ਸਿਰਫ ਭਾਰਤ ਦੀਆਂ ਰਾਜਨੀਤਕ ਪਾਰਟੀਆਂ ਨੂੰ ਸਾਵਧਾਨ ਕਰਨਾ ਬਣਦਾ ਹੈ ਕਿ ਉਹ ਹਿੰਦੂ ਰਾਸ਼ਟਰ ਦੇ ਖਤਰਨਾਕ ਮਨਸੂਬਿਆਂ ਨੂੰ ਸਮਝਣ ਦਾ ਯਤਨ ਕਰਨ ਅਤੇ ਇਸ ਦੇ ਵਿਰੁਧ ਆਵਾਜ ਬੁਲੰਦ ਕਰਨ ਦੇ ਲਈ ਲੋਕਾਂ ਨੂੰ ਲਾਮਬੰਦ ਕਰਨ। ਖਾਸ ਕਰਕੇ ਦਲਿਤ ਜਥੇਬੰਦੀਆਂ ਆਪਣੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਵੱਲੋਂ ਦਰਸਾਏ ਖਤਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਭਾਰਤੀ ਜਨਤਾ ਪਾਰਟੀ ਵਿਚਲੇ ਦਲਿਤਾਂ, ਜੋ ਕਿ ਵਿਭੀਸ਼ਣ ਅਤੇ ਸੁਗਰੀਵ ਵਰਗੇ ਗਦਾਰਾਂ ਦੀ ਭੂਮਿਕਾ ਨਿਭਾ ਰਹੇ ਹਨ, ਨੂੰ ਵੀ ਆਪਣੀ ਭੂਮਿਕਾ ਬਾਰੇ ਸੋਚਣਾ ਚਾਹੀਦਾ ਹੈ।

 

ਡਾ. ਸੁਰਿੰਦਰ ਗਿੱਲ

 

 

-