80 ਪਿਸਤੌਲ ਬਰਾਮਦੀ ਪਿਛੋਂ ਅੰਮਿ੍ਤਸਰ ਜੇਲ੍ਹ 'ਵਿਚ ਬੰਦ ਖਾੜਕੂ ਜੱਗਾ ਦਾ ਨਾਂ ਆਇਆ ਸਾਹਮਣੇ

80 ਪਿਸਤੌਲ ਬਰਾਮਦੀ ਪਿਛੋਂ ਅੰਮਿ੍ਤਸਰ ਜੇਲ੍ਹ 'ਵਿਚ ਬੰਦ ਖਾੜਕੂ ਜੱਗਾ ਦਾ ਨਾਂ ਆਇਆ ਸਾਹਮਣੇ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ­-ਕਾਊਂਟਰ ਇੰਟੈਲੀਜੈਂਸ ਵਲੋਂ ਮੱਧ ਪ੍ਰਦੇਸ਼ 'ਚ ਛਾਪੇਮਾਰੀ ਕਰਕੇ 80 ਪਿਸਤੌਲ ਬਰਾਮਦ ਕਰਕੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਦੇ ਮਾਮਲੇ 'ਵਿਚ ਗਿ੍ਫਤਾਰ ਕੀਤੇ ਮੱਧ ਪ੍ਰਦੇਸ਼ ਦੇ ਹੀ ਤਿੰਨ ਹਥਿਆਰ ਤਸਕਰਾਂ ਪਾਸੋਂ ਪੁਛਗਿੱਛ 'ਵਿਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂ ਜਗਦੇਵ ਸਿੰਘ ਜੱਗਾ ਦਾ ਨਾਂ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਮਾਮਲੇ 'ਚ ਚੌਕਸੀ ਵਰਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਥਿਆਰ ਰਾਜ 'ਚ ਕਿਥੇ-ਕਿਥੇ ਸਪਲਾਈ ਕੀਤੇ ਗਏ ਹਨ ।

ਪੁਲਿਸ ਵਲੋਂ ਹਥਿਆਰ ਤਸਕਰ ਸੋਨੂੰ ਅਤੇ ਕੈਲਾਸ਼ ਮੱਲ ਤੇ ਭੋਰੇ ਲਾਲ ਤਿੰਨੋਂ ਵਾਸੀ ਮੱਧ ਪ੍ਰਦੇਸ਼ ਦੀ ਗਿ੍ਫਤਾਰੀ ਕੀਤੀ ਗਈ ਤੇ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ।ਪੁਲਿਸ ਰਿਮਾਂਡ ਵਿਚ ਇਨ੍ਹਾਂ ਦੀ ਪੁਛਗਿੱਛ 'ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਫਤਿਹਗੜ੍ਹ ਸਭਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਅਤੇ ਇਸ ਵੇਲੇ ਕੇਂਦਰੀ ਜੇਲ੍ਹ ਅੰਮਿ੍ਤਸਰ 'ਵਿਚ ਬੰਦ ਖਾੜਕੂ ਜਗਦੇਵ ਸਿੰਘ ਨਾਲ ਇਨ੍ਹਾਂ ਦਾ ਰਾਬਤਾ ਸੀ ਅਤੇ ਉਸਦੇ ਕਹਿਣ 'ਤੇ ਇਹ ਰਾਜ 'ਵਿਚ ਨਾਜਾਇਜ਼ ਪਿਸਤੌਲਾਂ ਦੀ ਸਪਲਾਈ ਕਰਦੇ ਸਨ ।ਗਿ੍ਫਤਾਰ ਕੀਤੇ ਉਕਤ ਤਿੰਨੇ ਹਥਿਆਰ ਤਸਕਰ ਪੰਜਾਬ ਤੋਂ ਇਲਾਵਾ ਹਰਿਆਣਾ 'ਵਿਚ ਵੀ ਹਥਿਆਰਾਂ ਦੀ ਸਪਲਾਈ ਕਰਦੇ ਸਨ । ਪੁਸ਼ਟੀ ਕਰਦਿਆਂ ਇੰਸ: ਇੰਦਰਦੀਪ ਸਿੰਘ ਨੇ ਦੱਸਿਆ ਕਿ ਕਿ ਤਿੰਨਾਂ ਦੇ ਪੁਲਿਸ ਰਿਮਾਂਡ 'ਵਿਚ ਹੋਏ ਖੁਲਾਸਿਆਂ 'ਵਿਚ ਖਾੜਕੂ ਜਗਦੇਵ ਸਿੰਘ ਜੱਗਾ ਦਾ ਨਾਂਅ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।