ਪੰਜਾਬ ਵਿਚ ਸਿਖ ਵਿਰਸੇ ਦੇ ਟੂਰਿਜ਼ਮ ਵਿਕਸਤ ਕਰਨ ਦੀ ਲੋੜ
ਪੰਜਾਬ ਸਰਕਾਰ ਰਿਆਸਤੀ ਤੇ ਵਿਰਾਸਤੀ ਥਾਵਾਂ ਦੀ ਜ਼ਿੰਮੇਵਾਰੀ ਨਿਭਾਵੇ
ਖ਼ਾਲਸਾ ਪੰਥ ਦੀ ਸਥਾਪਨਾ ਦੇ ਤ੍ਰੈ-ਸ਼ਤਾਬਦੀ ਸਮਾਰੋਹਾਂ ਮੌਕੇ ਕਈ ਨਵੇਂ ਪ੍ਰਾਜੈਕਟ ਐਲਾਨੇ ਗਏ ਸਨ। ਉਨ੍ਹਾਂ ਵਿਚੋਂ 14 ਪ੍ਰਾਜੈਕਟਾਂ ਦੀ ਮੁੜ ਕੇ ਸਾਰ ਹੀ ਨਹੀਂ ਲਈ ਗਈ। ਉਹ ਪ੍ਰਾਜੈਕਟ ਜੇ ਨੇਪਰੇ ਚੜ੍ਹ ਜਾਂਦੇ ਤਾਂ ਸ੍ਰੀ ਅਨੰਦਪੁਰ ਸਾਹਿਬ ’ਚ ਸ਼ਰਧਾਲੂਆਂ ਦੇ ਨਾਲ-ਨਾਲ ਸੈਲਾਨੀਆਂ ਦੀ ਆਮਦ ਵੀ ਕਿਤੇ ਜ਼ਿਆਦਾ ਵਧ ਜਾਣੀ ਸੀ।ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਨੇਚਰ ਰਿਜ਼ਰਵ ਪ੍ਰਾਜੈਕਟ ਦੇ ਕਾਗਜ਼ਾਂ ਵਿਚ ਦੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪ੍ਰਾਜੈਕਟ ਦਾ ਨੀਂਹ-ਪੱਥਰ ਖ਼ਾਲਸਾ ਪੰਥ ਦੀ ਸਾਜਨਾ ਦੇ ਅਵਸਰ ’ਤੇ 1999 ’ਵਿਚ ਉਦੋਂ ਦੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿਚ ਰੱਖਿਆ ਗਿਆ ਸੀ। ਇਹ ਪ੍ਰਾਜੈਕਟ 289 ਏਕੜ ਰਕਬੇ ’ਚ ਤਿਆਰ ਹੋਣਾ ਸੀ। ਇਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉਦੋਂ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਤਿਆਰ ਕੀਤਾ ਸੀ।ਇਸ ਲਈ ਅਨੰਦਪੁਰ ਸਾਹਿਬ ਲਾਗਲੇ ਪਿੰਡ ਜੱਜਰ ਦੀ ਚੋਣ ਕੀਤੀ ਗਈ ਸੀ ਕਿਉਂਕਿ ਇਹ ਇਲਾਕਾ ਕੁਦਰਤੀ ਜੜ੍ਹੀਆਂ-ਬੂਟੀਆਂ ਨਾਲ ਭਰਪੂਰ ਹੈ। ਸਿਰਫ਼ ਇਹੋ ਇਕ ਖੇਤਰ ਹੀ ਨਹੀਂ, ਸ਼ਿਵਾਲਿਕ ਦਾ ਸਮੁੱਚਾ ਪਹਾੜੀ ਇਲਾਕਾ ਹੀ ਮਨੁੱਖੀ ਇਲਾਜ ਵਿਚ ਕੰਮ ਆਉਣ ਵਾਲੇ ਵਡਮੁੱਲੇ ਤੱਤਾਂ ਨਾਲ ਜ਼ਰਖ਼ੇਜ਼ ਹੈ।ਇੱਥੇ ਮੌਜੂਦ ਦੁਰਲਭ ਤੇ ਬੇਸ਼ਕੀਮਤੀ ਜੜ੍ਹੀਆਂ-ਬੂਟੀਆਂ ਦੀ ਕਦੇ ਬਹੁਤੀ ਖੋਜ ਕੀਤੀ ਹੀ ਨਹੀਂ ਗਈ। ਸਤਲੁਜ ਦਰਿਆ ਦੇ ਕੰਢੇ ’ਤੇ ਸਥਿਤ ਹੋਣ ਕਾਰਨ ਅਨੰਦਪੁਰ ਸਾਹਿਬ ਤੇ ਉਸ ਦੇ ਆਲੇ-ਦੁਆਲੇ ਦਾ ਇਲਾਕਾ ਹਰਿਆਲੀ ਨਾਲ ਲਬਰੇਜ਼ ਹੈ। ਇਸ ਨਗਰ ਨੂੰ ਨੌਂਵੇਂ ਤੇ ਦਸਵੇਂ ਗੁਰੂ ਸਾਹਿਬਾਨ ਦੀ ਚਰਨ-ਛੋਹ ਵੀ ਹਾਸਲ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਵੀ 1699 ਵਿਚ ਇੱਥੇ ਹੀ ਕੀਤੀ ਸੀ। ਸਿੱਖ ਪੰਥ ਦੇ ਪੰਜ ਤਖ਼ਤ ਸਾਹਿਬਾਨ ਵਿਚੋਂ ਇਕ ਇੱਥੇ ਹੀ ਹੈ। ਵਿਰਾਸਤ-ਏ-ਖ਼ਾਲਸਾ ਵੇਖਣ ਲਈ ਵੀ ਸੈਲਾਨੀ ਇੱਥੇ ਪੁੱਜਦੇ ਹਨ। ਜੇ ਕਿਤੇ ਪ੍ਰਸਤਾਵਤ ਨੇਚਰ ਰਿਜ਼ਰਵ ਸਮੇਤ ਸਾਰੇ 14 ਪ੍ਰਾਜੈਕਟ ਹੀ ਮੁਕੰਮਲ ਕੀਤੇ ਜਾਂਦੇ ਤਾਂ ਇਸ ਗੁਰੂ ਨਗਰੀ ਨੂੰ ਚਾਰ ਚੰਨ ਹੋਰ ਲੱਗ ਜਾਣੇ ਸਨ।
ਪੰਜਾਬ ਵਿਚ ਅਜਿਹੇ ਬਹੁਤ ਸਾਰੇ ਸਥਾਨ ਹਨ ਜਿਨ੍ਹਾਂ ਨੂੰ ਧਾਰਮਿਕ ਟੂਰਿਜ਼ਮ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ ਪਰ ਉਸ ਪਾਸੇ ਧਿਆਨ ਕੇਂਦ੍ਰਿਤ ਹੀ ਨਹੀਂ ਕੀਤਾ ਜਾਂਦਾ। ਹੋਰਨਾਂ ਦੇਸ਼ਾਂ ਵਿਚ ਕਿਤੇ ਨਿੱਕਾ ਜਿਹਾ ਛੱਪੜ ਵੀ ਮੌਜੂਦ ਹੁੰਦਾ ਹੈ, ਉਸ ਥਾਂ ਦੀ ਸਾਫ਼-ਸਫ਼ਾਈ ਕਰਵਾ ਕੇ ਉਸ ਨੂੰ ਝੀਲ ਦਾ ਰੂਪ ਦੇ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਵਿਚ ਰੰਗ-ਬਿਰੰਗੀਆਂ ਮੱਛੀਆਂ ਤੇ ਕਿਸ਼ਤੀਆਂ ਛੱਡ ਦਿੱਤੀਆਂ ਜਾਂਦੀਆਂ ਹਨ। ਇੰਜ ਉਹ ਜਗ੍ਹਾ ਛੇਤੀ ਹੀ ਸੈਰ-ਸਪਾਟੇ ਦੇ ਵੱਡੇ ਕੇਂਦਰ ਵਿਚ ਤਬਦੀਲ ਹੋ ਜਾਂਦੀ ਹੈ। ਪੰਜਾਬ ਵਿਚ ਅਜਿਹੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ ਪਰ ਉਸ ਪਾਸੇ ਸ਼ਾਇਦ ਪੰਜਾਬ ਸਰਕਾਰ ਤੇ ਸ੍ਰੋਮਣੀ ਕਮੇਟੀ ਵਲੋਂ ਕਦੇ ਸੋਚਿਆ ਵੀ ਨਹੀਂ ਗਿਆ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬੇ ਵਿਚ ਮੌਜੂਦ ਅਜਿਹੇ ਸਾਰੇ ਹੀ ਸੰਭਾਵੀ ਸਥਾਨਾਂ ਦੀ ਸ਼ਨਾਖ਼ਤ ਕਰੇ। ਸਾਡੇ ਗੁਆਂਢੀ ਰਾਜਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿਚ ਇਹ ਸਨਅਤ ਚੋਖੀ ਵਿਕਸਤ ਹੋ ਚੁੱਕੀ ਹੈ। ਸਾਡੇ ਨਾਲੋਂ ਤਾਂ ਹਰਿਆਣਾ ਵੀ ਅੱਗੇ ਹੈ। ਜੇ ਰਾਜਸਥਾਨ ਆਪਣੇ ਰੇਤ ਦੇ ਟਿੱਬਿਆਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾ ਸਕਦਾ ਹੈ ਤਾਂ ਪੰਜਾਬ ਵਿਚ ਪਟਿਆਲਾ, ਕਪੂਰਥਲਾ, ਸੰਗਰੂਰ, ਜਲੰਧਰ ਤੋਂ ਸਾਇੰਸ ਸਿਟੀ, ਕਪੂਰਥਲਾ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ,ਵਾਹਗਾ ਸਰਹੱਦ,ਖਡੂਰ ਸਾਹਿਬ ਤੇ ਤਰਨ ਤਾਰਨ, ਸਰਹਿੰਦ, ਨਾਭਾ,ਮਲੇਰਕੋਟਲਾ ਆਦਿ ਰਿਆਸਤੀ ਤੇ ਵਿਰਾਸਤੀ ਸ਼ਹਿਰ ਵੀ ਹਨ। ਅਨੰਦਪੁਰ ਸਾਹਿਬ ਇਲਾਕੇ ਵਿਚ ਖ਼ਾਲਸਾਈ ਫ਼ਿਲਾਸਫ਼ੀ ਦੇ ਕੁਦਰਤ ਨਾਲ ਮਿਲਾਪ ਨੂੰ ਦਰਸਾਉਂਦੇ ਪਾਰਕ ਤੇ ਪੌਦਿਆਂ ਦੇ ਅਜਾਇਬਘਰ ਵੀ ਕਾਇਮ ਕੀਤੇ ਜਾ ਸਕਦੇ ਸਨ ਪਰ ਅਫ਼ਸੋਸ, ਇਸ ਦਿਸ਼ਾ ਵਿਚ ਕੁਝ ਵੀ ਨਹੀਂ ਕੀਤਾ ਗਿਆ।ਇਨ੍ਹਾਂ ਨੂੰ ਪੰਜਾਬ ਸਰਕਾਰ ਸੈਲਾਨੀ ਕੇਂਦਰ ਬਣਾ ਸਕਦੀ ਹੈ। ਲਾਂਗੜੀਆਂ, ਅਤੇ ਲੁਧਿਆਣਾ ਦਾ ਰਾਹ ਹੈ। ਪੰਜਾਬ ਵਿਚ ਸਿੱਖ ਧਰਮ ਦੇ ਤਿੰਨ ਤਖਤ ਸਾਹਿਬਾਨ ਹਨ।ਉਨ੍ਹਾਂ ਥਾਵਾਂ ਨੂੰ ਵੱਡੇ ਪੱਧਰ ’ਤੇ ਵਿਕਸਤ ਕੀਤਾ ਜਾਵੇ। ਇਸ ਨਾਲ ਜਿੱਥੇ ਸਰਕਾਰ ਦੀ ਆਮਦਨ ਵਧੇਗੀ, ਉੱਥੇ ਹਰੇਕ ਅਜਿਹੇ ਸਥਾਨ ’ਤੇ ਰੁਜ਼ਗਾਰ ਦੇ ਅਨੇਕ ਮੌਕੇ ਵੀ ਪੈਦਾ ਹੋਣਗੇ।
ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਵਸੇ ਹੋਏ ਹਨ। ਉਹ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕਰਦੇ ਹਨ। ਸਾਫ ਸੁਥਰੇ ਮਾਹੌਲ ਵਿਚ ਪਲੇ ਇਨ੍ਹਾਂ ਬੱਚਿਆਂ ਨੂੰ ਜੇ ਰੁਖੇਪਣ ਅਤੇ ਗੰਦਗੀ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਆਪਣੇ ਵਿਰਸੇ ਨਾਲ ਜੁੜਨ ਦੀ ਥਾਂ ਦੂਰ ਹੋਣਗੇ। ਸੈਰ ਸਪਾਟੇ ਦੀ ਸਫਲਤਾ ਲਈ ਵਧੀਆ ਗਾਈਡ ਦਾ ਹੋਣਾ ਵੀ ਜ਼ਰੂਰੀ ਹੈ। ਗਾਈਡ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਆਪਣੀਆਂ ਗੱਲਾਂ ਨਾਲ ਸੈਲਾਨੀਆਂ ਦਾ ਮਨ ਵੀ ਪਰਚਾਈ ਜਾਵੇ ਅਤੇ ਲੋੜੀਂਦੀ ਜਾਣਕਾਰੀ ਵੀ ਦੇ ਸਕੇ। ਸੈਰ ਸਪਾਟੇ ਦੇ ਵਿਕਾਸ ਲਈ ਸੈਰ ਸਪਾਟਾ ਪੈਕੇਜ ਬਣਾਏ ਜਾਣ। ਇਹ ਪੈਕੇਜ ਇਕ ਦਿਨ ਦੇ ਪ੍ਰੋਗਰਾਮ ਨੂੰ ਲੈ ਕੇ ਇਕ ਹਫ਼ਤੇ ਜਾਂ ਪੰਦਰਾਂ ਦਿਨਾਂ ਦੇ ਹੋ ਸਕਦੇ ਹਨ। ਇਹ ਪੱਕਾ ਕੀਤਾ ਜਾਵੇ ਕਿ ਸੈਲਾਨੀਆਂ ਨੂੰ ਸਾਫ ਸੁਥਰੀਆਂ ਗੱਡੀਆਂ ਰਾਹੀਂ ਸਾਫ ਸੁਥਰੇ ਹੋਟਲਾਂ ਵਿਚ ਠਹਿਰਾ ਕੇ ਸ਼ੁੱਧ ਭੋਜਨ ਦਾ ਪ੍ਰਬੰਧ ਕੀਤਾ ਜਾਵੇ। ਸੈਰ ਸਪਾਟਾ ਪੈਕੇਜਾਂ ਬਾਰੇ ਸਚਿੱਤਰ ਕਿਤਾਬਚੇ ਛਾਪੇ ਜਾਣ ਅਤੇ ਇਨ੍ਹਾਂ ਦਾ ਦੇਸ਼ ਅਤੇ ਪ੍ਰਦੇਸ਼ਾਂ ਵਿਚ ਪ੍ਰਚਾਰ ਕੀਤਾ ਜਾਵੇ। ਪੰਜਾਬ ਦੀ ਖੂਬਸੂਰਤੀ ਅਤੇ ਇਥੋਂ ਦੇ ਉਤਪਾਦਾਂ ਦਾ ਪ੍ਰਚਾਰ ਕੀਤਾ ਜਾਵੇ।
Comments (0)