ਸਿੱਖ ਪੰਥ ਵਿਰੁੱਧ ਬਿਰਤਾਂਤਕ ਹਿੰਸਾ ਵਿਰੁੱਧ ਪੰਥਕ ਬਿਰਤਾਂਤ ਘੜਨ ਦੀ ਲੋੜ

ਸਿੱਖ ਪੰਥ ਵਿਰੁੱਧ ਬਿਰਤਾਂਤਕ ਹਿੰਸਾ ਵਿਰੁੱਧ ਪੰਥਕ ਬਿਰਤਾਂਤ ਘੜਨ ਦੀ ਲੋੜ

1903 ਵਿਚ ਰੂਸੀ ਬੋਲੀ ਵਿਚ ਇੱਕ ਕਿਤਾਬ ਪ੍ਰਕਾਸ਼ਿਤ ਹੋਈ

 ਇਸ ਕਿਤਾਬ ਦਾ ਨਾਂ ਸੀ The Protocols of the Elders of Zion. ਇਹ ਕਿਤਾਬ ਯਹੂਦੀਆਂ ਨੂੰ ਨਿਸ਼ਾਨਾ ਬਣਾ ਕੇ ਲਿਖੀ ਗਈ ਸੀ। ਇਸ ਦਾ ਮਕਸਦ ਇਹ ਸਾਬਤ ਕਰਨਾ ਸੀ ਕਿ ਪੱਛਮੀ ਮੁਲਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਯਹੂਦੀ ਹਨ ਅਤੇ ਯਹੂਦੀ ਸਾਰੀ ਦੁਨੀਆਂ ਉੱਤੇ ਕਬਜ਼ਾ ਕਰਨ ਦੀ ਸਾਜਿਸ਼ ਰਚ ਰਹੇ ਹਨ। ਫੇਰ ਇਸ ਕਿਤਾਬ ਦੇ ਅੰਗਰੇਜ਼ੀ ਸਮੇਤ ਹੋਰਨਾਂ ਬੋਲੀਆਂ ਵਿਚ ਉਲਥੇ ਕਰਵਾਏ ਗਏ। ਫੋਰਡ ਮੋਟਰ ਕੰਪਨੀ ਦੇ ਬਾਨੀ ਹੈਨਰੀ ਫੋਰਡ ਨੇ ਇਸ ਕਿਤਾਬ ਦੀਆਂ ਪੰਜ ਲੱਖ ਕਾਪੀਆਂ ਆਪਣੇ ਖਰਚੇ ਉੱਤੇ ਛਪਵਾ ਕੇ ਮੁਫ਼ਤ ਵੰਡੀਆਂ। ਸਿੱਟਾ ਇਹ ਨਿਕਲਿਆ ਕਿ ਯੂਰਪ ਵਿਚ ਯਹੂਦੀਆਂ ਪ੍ਰਤੀ ਨਫਰਤ ਹੋਰ ਵੀ ਵਧ ਗਈ। ਇਸੇ ਨਫਰਤ ਦੀ ਲਹਿਰ ‘ਤੇ ਸਵਾਰ ਹੋ ਕੇ ਹਿਟਲਰ ਨੇ ਜਰਮਨੀ ਦੀ ਸੱਤਾ ਉੱਤੇ ਕਬਜ਼ਾ ਕੀਤਾ। ਉਸ ਤੋਂ ਬਾਅਦ ਜੋ ਯਹੂਦੀਆਂ ਨਾਲ ਹੋਇਆ ਉਹ ਸਾਨੂੰ ਸਭ ਨੂੰ ਪਤਾ ਹੀ ਹੈ। 

ਨਸਲਕੁਸ਼ੀਆਂ ਖਲਾਅ ਵਿਚੋਂ ਪੈਦਾ ਨਹੀਂ ਹੁੰਦੀਆਂ। ਹਰ ਨਸਲਕੁਸ਼ੀ ਦੀ ਜੜ੍ਹ ਬਿਰਤਾਂਤਕ ਹਿੰਸਾ ਵਿਚ ਹੁੰਦੀ ਹੈ। ਪਹਿਲਾਂ ਬਿਰਤਾਂਤ ਸਿਰਜਿਆ ਜਾਂਦਾ ਹੈ ਫੇਰ ਨਸਲਕੁਸ਼ੀ ਹੁੰਦੀ ਹੈ। ਬਿਨਾਂ ਬਿਰਤਾਂਤ ਤੋਂ ਕਦੇ ਨਸਲਕੁਸ਼ੀ ਹੋ ਹੀ ਨਹੀਂ ਸਕਦੀ। 1984 ਤੋਂ ਪਹਿਲਾਂ ਵੀ ਸਿਖਾਂ ਦੇ ਬਰਖਿਲਾਫ ਇੱਕ ਬਿਰਤਾਂਤ ਸਿਰਜਿਆ ਗਿਆ। ਇਸ ਬਿਰਤਾਂਤ ਦੀ ਉਸਾਰੀ ਭਾਰਤੀ ਸਰਕਾਰ ਅਤੇ ਖੱਬੇਪੱਖੀਆਂ ਨੇ ਮਿਲ ਕੇ ਕੀਤੀ। ਖੱਬੇਪੱਖੀਆਂ ਤੋਂ ਬਿਨਾਂ ਭਾਰਤ ਸਰਕਾਰ ਇਹ ਬਿਰਤਾਂਤ ਸਿਰਜ ਨਹੀਂ ਸੀ ਸਕਦੀ। ਇਸ ਬਿਰਤਾਂਤ ਦਾ ਮੁੱਖ ਆਧਾਰ ਇਸ ਗੱਲ ਨੂੰ ਬਣਾਇਆ ਗਿਆ ਕਿ ਭਾਰਤ ਅੰਦਰ ਸਿਖਾਂ ਖਿਲਾਫ ਕੋਈ ਸਾਜਿਸ਼ ਨਹੀਂ ਹੋ ਰਹੀ ਸਿੱਖ ਐਂਵੇ ਹੀ ਰੌਲਾ ਪਾ ਰਹੇ ਹਨ। ਕਿਉਂਕਿ ਖੱਬੇਪੱਖੀਆਂ ਦਾ ਪੰਜਾਬ ਦੇ ਬੌਧਿਕ ਅਤੇ ਸਾਹਿਤਿਕ ਹਲਕਿਆਂ ਉੱਤੇ ਦਬਦਬਾ ਸੀ, ਇਸ ਲਈ ਸਿਖਾਂ ਤੋਂ ਇਸ ਦਾ ਝੂਠੇ ਬਿਰਤਾਂਤ ਦਾ ਢੁਕਵਾਂ ਜੁਆਬ ਨਹੀਂ ਦਿੱਤਾ ਗਿਆ। ਨਤੀਜਾ ਇਹ ਨਿਕਲਿਆ ਕਿ ਸਰਕਾਰ ਨੇ ਸਿਖਾਂ ਦੇ ਪਾਵਨ ਅਸਥਾਨਾਂ ਉੱਤੇ ਹਮਲੇ ਕੀਤੇ, ਦਿੱਲੀ ਦੀਆਂ ਸੜਕਾਂ ਉੱਤੇ ਸਿਖਾਂ ਦੇ ਗਲ਼ਾਂ ਵਿਚ ਟਾਇਰ ਪਾ ਕੇ ਸਾੜੇ ਗਏ, ਸਰੂਆਂ ਵਰਗੇ ਜੁਆਨ ਪੁੱਤ ਘਰਾਂ ਵਿਚੋਂ ਚੱਕ ਚੱਕ ਕੇ ਖਪਾ ਦਿੱਤੇ। ਇਹ ਸਭ ਕੁਝ ਕਰਕੇ ਵੀ ਸਰਕਾਰ ਨੇ ਆਪਣੇ ਆਪ ਨੂੰ ਸ਼ਾਂਤੀ ਦਾ ਮਸੀਹਾ ਗਰਦਾਨ ਲਿਆ। ਕੋਈ ਵੀ ਸਰਕਾਰ ਅੱਜ ਤੱਕ ਅਜਿਹਾ ਮਾਅਰਕਾ ਨਹੀਂ ਮਾਰ ਸਕੀ। ਇਹ ਪੰਜਾਬ ਦੇ ਖੱਬੇਪੱਖੀਆਂ ਦੀ ਹੀ ਦੇਣ ਸੀ ਕਿ ਉਹਨਾਂ ਦੇ ਬਿਰਤਾਂਤ ਨੇ ਸਰਕਾਰ ਨੂੰ ਇਸ ਕਾਬਲ ਬਣਾਇਆ। ਸਿਰਫ ਏਨਾ ਹੀ ਨਹੀਂ, ਸਰਕਾਰ ਨੇ ਸਿਖਾਂ ਦੀ ਨਸਲਕੁਸ਼ੀ ਉੱਤੇ ਹੀ ਬੱਸ ਨਹੀਂ ਕੀਤੀ, ਇਸ ਤੋਂ ਵੀ ਅੱਗੇ ਜਾਂਦਿਆਂ ਸਿਖਾਂ ਨੂੰ ਇਸ ਸਭ ਲਈ ਜ਼ਿੰਮੇਵਾਰ ਵੀ ਠਹਿਰਾ ਦਿੱਤਾ ਤੇ ਬੱਸ ਅਜੇ ਵੀ ਨਹੀਂ ਕੀਤੀ। ਹੁਣ ਅਗਲੀ ਨਸਲਕੁਸ਼ੀ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਨਸਲਕੁਸ਼ੀ ਤੋਂ ਪਹਿਲਾਂ ਇਹ ਜਰੂਰੀ ਹੈ ਕਿ ਸਿਖਾਂ ਨੂੰ ਜਾਤੀਵਾਦੀ, ਫਿਰਕਾਪ੍ਰਸਤ ਸਿੱਧ ਕੀਤਾ ਜਾਵੇ। ਸਰਕਾਰ ਦੇ ਇਸ ਕੰਮ ਵਿਚ ਖੱਬੇਪੱਖੀ ਤੇ ਸੈਕੂਲਰ ਲਾਣਾ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ। ਗੱਲ ਇਹ ਨਹੀਂ ਕਿ ਸਿਖਾਂ ਵਿਚ ਜਾਤ ਪਾਤ ਹੈ ਜਾਂ ਨਹੀਂ। ਜਾਤ ਪਾਤ ਤਾਂ ਦੱਖਣੀ ਏਸ਼ੀਆ ਦੇ ਸਾਰੇ ਖਿੱਤਿਆਂ ਅਤੇ ਕੌਮਾਂ ਵਿਚ ਹੈ। ਪਰ ਇਹਨਾਂ ਨੂੰ ਸਿਰਫ ਸਿਖਾਂ ਵਿਚ ਹੀ ਦਿਸਦਾ ਹੈ। ਤੁਸੀਂ ਕਦੇ ਸੁਣਿਆ ਹੈ ਕਿ ਪੰਜਾਬ ਦੀ ਕਿਸੇ ਖੱਬੇਪੱਖੀ ਧਿਰ ਨੇ ਪੰਜਾਬ ਦੇ ਬਾਹਮਣਾਂ ਵਿਚਲੇ ਜਾਤੀਵਾਦ ਵਿਰੁੱਧ ਕੋਈ ਜਨਤਕ ਲਹਿਰ ਚਲਾਈ ਹੋਵੇ? ਨਹੀਂ ਚਲਾਈ, ਕਿਉਂਕਿ ਇਸ ਕੰਮ ਵਿਚ ਸਿਖਾਂ ਨੂੰ ਭੰਡਣ ਲਈ ਦੋਵੇਂ ਇਕੱਠੇ ਹਨ। 

ਸਿਖਾਂ ਦੀ ਤ੍ਰਾਸਦੀ ਇਹ ਹੈ ਕਿ ਸਿਖਾਂ ਨੂੰ ਮਾਰਨ ਲਈ ਕੱਟੜ ਹਿੰਦੂਵਾਦੀ ਅਤੇ ਖੱਬੇਪੱਖੀ ਦੋਵੇਂ ਇਕੱਠੇ ਹੋ ਜਾਂਦੇ ਹਨ। ਬੀ ਜੇ ਪੀ ਹਿੰਦੂਤਵ ਦਾ ਸਿੱਧਾ ਰੂਪ ਹੈ ਅਤੇ ਕਾਂਗਰਸ ਤੇ ਹੋਰ ਸੈਕੂਲਰ ਧਿਰਾਂ ਲੁਕਵਾਂ ਰੂਪ ਹਨ। ਕਾਂਗਰਸ ਤੇ ਖੱਬੇਪੱਖੀ ਗੁਪਤ ਰੂਪ ਵਿਚ ਹਿੰਦੂਤਵ ਦੇ ਏਜੰਡੇ ਨੂੰ ਹੀ ਅੱਗੇ ਵਧਾਉਂਦੇ ਹਨ। ਇਹਨਾਂ ਦਾ ਹਿੰਦੂਤਵ ਮੋਹਨ ਦਾਸ ਗਾਂਧੀ, ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਵਾਲਾ ਹੈ। ਪੰਜਾਬ ਦੇ ਬੌਧਿਕ ਅਤੇ ਸਾਹਿਤਿਕ ਹਲਕਿਆਂ ਉੱਤੇ ਇਹਨਾਂ ਦੀ ਵੱਡੀ ਅਜਾਰੇਦਾਰੀ ਅਤੇ ਸਿਖਾਂ ਦੀ ਲਗਪਗ ਗੈਰ ਹਾਜ਼ਰੀ ਕਾਰਨ ਇਹਨਾਂ ਨੂੰ ਖੁੱਲ੍ਹੀ ਛੁੱਟੀ ਮਿਲੀ ਹੋਈ ਹੈ। 

ਵੱਡਾ ਸੁਆਲ ਇਹ ਹੈ ਕਿ ਇਹਨਾਂ ਹਾਲਾਤਾਂ ਵਿਚ ਕੀਤਾ ਕੀ ਜਾ ਸਕਦਾ ਹੈ?

ਇਹ ਸਮਝਣ ਦੀ ਲੋੜ ਹੈ ਕਿ ਬਿਰਤਾਂਤ ਵੀ ਇੱਕ ਹਥਿਆਰ ਹੈ। ਅੱਜ ਇਸ ਹਥਿਆਰ ਦੀ ਵਰਤੋਂ ਬਿਨਾਂ ਕੋਈ ਵੀ ਲੜਾਈ ਨਹੀਂ ਜਿੱਤੀ ਜਾ ਸਕਦੀ। ਫੌਜੀ ਤਾਕਤ ਵਿਚ ਭਾਵੇਂ ਫ਼ਲਸਤੀਨੀ ਇਸਰਾਇਲ ਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਬਿਰਤਾਂਤ ਦੀ ਲੜਾਈ ਉਹਨਾਂ ਨੇ ਤਸੱਲੀ ਨਾਲ ਜਿੱਤੀ ਹੈ। ਇਸੇ ਲਈ ਜਦੋਂ ਸੰਯੁਕਤ ਰਾਸ਼ਟਰ ਵਿਚ ਫਲਸਤੀਨ ਦੇ ਮਸਲੇ ਉੱਤੇ ਵੋਟ ਪੈਂਦੀ ਹੈ ਤਾਂ 137 ਮੁਲਕ ਉਸਦੇ ਹੱਕ ਵਿਚ ਭੁਗਤਦੇ ਹਨ। ਇਸ ਬਿਰਤਾਂਤਕ ਜਿੱਤ ਦਾ ਅਸਲ ਕਾਰਨ ਮੁਸਲਮਾਨ ਵਿਦਵਾਨਾਂ ਦੀ ਬੌਧਿਕ ਕਾਬਲੀਅਤ ਹੈ। ਇਸ ਕਾਬਲੀਅਤ ਬਿਨਾਂ ਫਲਸਤੀਨ ਦਾ ਸੱਚ ਦੁਨੀਆਂ ਦੇ ਸਾਹਮਣੇ ਨਹੀਂ ਸੀ ਆਉਣਾ ਅਤੇ ਇਸਰਾਇਲ ਨੇ ਉਹਨਾਂ ਨੂੰ ਮਾਰਨਾ ਵੀ ਸੀ ਤੇ ਦੋਸ਼ੀ ਵੀ ਸਾਬਤ ਕਰਨਾ ਸੀ। ਪੰਜਾਬ ਵਿਚ ਇਹੀ ਹੋਇਆ ਹੈ। 

ਦੂਜੀ ਮਿਸਾਲ ਕਸ਼ਮੀਰ ਦੀ ਲਈ ਜਾ ਸਕਦੀ ਹੈ। ਭਾਵੇਂ ਅੱਜ ਕਸ਼ਮੀਰ ਫੌਜੀ ਤੌਰ ਤੇ ਲਿਤਾੜਿਆ ਜਾ ਰਿਹੈ ਪਰ ਬਿਰਤਾਂਤ ਦੀ ਲੜਾਈ ਅਜੇ ਤੱਕ ਕਸ਼ਮੀਰੀਆਂ ਨੇ ਹੀ ਜਿੱਤੀ ਹੈ। ਕੱਲ ਦਾ ਪਤਾ ਨਹੀਂ। ਕਾਰਨ ਉਹੋ ਹੀ ਹੈ। ਕਸ਼ਮੀਰੀਆਂ ਦਾ ਪੱਛਮੀ ਤਰੀਕੇ ਦੀਆਂ ਸਿਖਿਆ ਸੰਸਥਾਵਾਂ ਵਿਚੋਂ ਸਿਖਿਅਤ ਵਰਗ ਕਸ਼ਮੀਰ ਦੀ ਆਜ਼ਾਦੀ ਦੀ ਹਮਾਇਤ ਕਰਦਾ ਹੈ। ਪਰ ਪੰਜਾਬ ਦਾ ਸਿਖਿਅਤ ਵਰਗ ਪੰਜਾਬ ਦੇ ਹਮੇਸ਼ਾ ਉਲਟ ਹੀ ਚਲਦਾ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਜੇ ਪੱਛਮੀ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਕੇ ਵੀ ਮੁਸਲਮਾਨ ਵਿਦਿਆਰਥੀ ਪੱਛਮੀ ਸਾਮਰਾਜਵਾਦ ਦਾ ਵਿਰੋਧ ਕਰਦੇ ਹਨ, ਇਸਰਾਇਲ ਦੇ ਵਿਰੋਧ ਵਿਚ ਖੜ੍ਹਦੇ ਹਨ ਤਾਂ ਸਿੱਖ ਅਜਿਹਾ ਕਿਉਂ ਨਹੀਂ ਕਰ ਸਕਦੇ। ਇਸ ਘੁੰਡੀ ਨੂੰ ਸਮਝਣ ਨਾਲ ਸਾਡੇ ਭਵਿੱਖ ਦੀ ਤੰਦ ਜੁੜੀ ਹੋਈ ਹੈ। 

ਗੱਲ ਇਹ ਹੈ ਕਿ ਮਸਲਾ ਪੱਛਮੀ ਵਿੱਦਿਆ ਦਾ ਨਹੀਂ, ਮਸਲਾ ਉਸ ਵਿੱਦਿਆ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਪ੍ਰਪੱਕਤਾ ਦਾ ਹੈ। ਜੇ ਤਲਵਾਰ ਨੂੰ ਤਲਵਾਰ ਨਾਲ ਹੀ ਕੱਟਿਆ ਜਾ ਸਕਦੈ ਤਾਂ ਬਿਰਤਾਂਤ ਨੂੰ ਵੀ ਬਿਰਤਾਂਤ ਨਾਲ ਹੀ ਕੱਟਿਆ ਜਾ ਸਕਦੈ। ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਇਥੇ ਕਿਰਪਾਨ ਚਲਾਉਣ ਵਾਲਿਆਂ ਨੇ ਕਦੇ ਢਿੱਲ ਨਹੀਂ ਦਿਖਾਈ ਪਰ ਬਿਰਤਾਂਤ ਸਿਰਜਣਾ ਦਾ ਅਮਲ ਅਜੇ ਬਹੁਤ ਪਿਛੇ ਹੈ। ਕਿਰਪਾਨ ਤੇ ਬਿਰਤਾਂਤ ਨਾ ਇੱਕ ਦੂਜੇ ਦੇ ਵਿਰੋਧੀ ਹਨ ਅਤੇ ਨਾ ਹੀ ਉਹ ਇੱਕ ਦੂਜੇ ਦੀ ਥਾਂ ਲੈ ਸਕਦੇ ਹਨ। ਉਹ ਇੱਕ ਦੂਜੇ ਦੇ ਪੂਰਕ ਹਨ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਫ਼ਰਨਾਮੇ ਦੀ ਸਿਰਜਣਾ ਕੀਤੇ ਜਾਣਾ ਵੀ ਇਸੇ ਰਮਜ਼ ਦੀ ਦੱਸ ਪਾਉਂਦਾ ਹੈ।ਇਹ ਵੇਲਾ ਬਿਰਤਾਂਤਕ ਸ਼ਕਤੀ ਦੀ ਸਿਰਜਣਾ ਦਾ ਵੇਲਾ ਹੈ। ਇਸ ਸ਼ਕਤੀ ਤੋਂ ਬਿਨਾਂ ਸਾਡੇ ਸੰਘਰਸ਼ ਹਮੇਸ਼ਾ ਹਾਰਦੇ ਰਹਿਣਗੇ। 

ਇਹ ਸ਼ਕਤੀ ਪੈਦਾ ਕਰਨ ਲਈ ਕੀ ਕੀਤਾ ਜਾਵੇ?

ਪ੍ਰੋ ਪੂਰਨ ਸਿੰਘ ਅਨੁਸਾਰ ਇਹ ਸ਼ਕਤੀ ਕਲਾਧਾਰੀ ਹੋਇਆਂ ਹੀ ਪੈਦਾ ਹੋ ਸਕਦੀ ਹੈ। ਹਰ ਕਿਸੇ ਅੰਦਰ ਵਾਹਿਗੁਰੂ ਨੇ ਕੋਈ ਨਾ ਕੋਈ ਕਲਾ ਬਖਸ਼ਿਸ਼ ਕੀਤੀ ਹੈ। ਲੋੜ ਉਸ ਕਲਾ ਨੂੰ ਪਛਾਣ ਕੇ ਤਰਾਸ਼ਣ ਦੀ ਹੀ ਹੁੰਦੀ ਹੈ। ਕਿਸੇ ਅੰਦਰ ਗਾਉਣ ਦੀ ਕਲਾ ਹੈ, ਕਿਸੇ ਅੰਦਰ ਗੀਤ ਲਿਖਣ ਦੀ, ਕੋਈ ਚੰਗਾ ਬੁਲਾਰਾ ਹੋ ਸਕਦੈ ਤੇ ਕੋਈ ਹੋਰ ਚੰਗਾ ਪ੍ਰਬੰਧਕ। ਕਿਸੇ ਨੂੰ ਫਿਲਮ ਬਣਾਉਣੀ ਆਉਂਦੀ ਹੈ ਤੇ ਕਿਸੇ ਹੋਰ ਕੋਲ ਉਸ ਫਿਲਮ ਦੇ ਵਿਸ਼ੇ ਅਨੁਸਾਰ ਸੰਗੀਤ ਪੈਦਾ ਕਰਨ ਦੀ ਕਲਾ ਹੁੰਦੀ ਹੈ। ਆਪਣੀ ਆਪਣੀ ਕਲਾ ਦੇ ਖੇਤਰ ਵਿਚ ਉੱਤਮਤਾ ਹਾਸਲ ਕਰਕੇ ਹੀ ਕੋਈ ਯੋਗਦਾਨ ਪਾਇਆ ਜਾ ਸਕਦੈ। ਜਿੰਨੀ ਸਾਡੀ ਕਲਾ ਵਿਚ ਨਿਪੁੰਨਤਾ ਹੋਵੇਗੀ, ਓਨਾ ਹੀ ਵੱਡਾ ਅਸੀਂ ਕੁਝ ਪੇਸ਼ ਕਰ ਸਕਾਂਗੇ। 

ਪਰ ਅਜਿਹੀ ਕਲਾ ਪ੍ਰਾਪਤ ਕਰਨ ਲਈ ਜਿੰਦਗੀ ਗਾਲਣੀ ਪੈਂਦੀ ਹੈ। ਇਹ ਦਿਨਾਂ ਵਿਚ ਨਹੀਂ ਆਉਂਦੀ। ਵਰ੍ਹਿਆਂ ਦੇ ਵਰ੍ਹੇ ਲੱਗ ਜਾਂਦੇ ਹਨ। ਸੀਰੀਅਨ ਫਿਲਮ ਨਿਰਦੇਸ਼ਕ ਮੁਸਤਫ਼ਾ ਅਕੜ ਨੇ ਲੀਬੀਆ ਦੀ ਜੰਗ-ਏ-ਆਜ਼ਾਦੀ ਬਾਰੇ 1981 ਵਿਚ ਇੱਕ ਫਿਲਮ ਬਣਾਈ ਲਿਈਨ ਆਫ ਡੀਜਰਟ. ਅੱਜ ਤੱਕ ਇਸ ਫਿਲਮ ਨੂੰ ਲੀਬੀਆ ਦੀ ਜੰਗ-ਏ-ਆਜ਼ਾਦੀ ਦਾ ਪ੍ਰਮਾਣਿਕ ਦਸਤਾਵੇਜ਼ ਮੰਨਿਆ ਜਾਂਦਾ ਹੈ। ਜਦੋਂ ਬੰਦਾ ਫਿਲਮ ਵੇਖ ਕੇ ਹਟਦੈ ਤਾਂ ਉਸਦਾ ਮਨ ਉਸ ਜੰਗ ਦੇ ਆਗੂ ਉਮਰ ਮੁਖਤਾਰ ਲਈ ਕਿਸੇ ਡੂੰਘੇ ਸਤਿਕਾਰ ਨਾਲ ਭਰ ਜਾਂਦੈ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਫ਼ਿਲਮਾਂ ਦੇ ਨਾਂ ਲਏ ਜਾ ਸਕਦੇ ਹਨ। ਇਹਨਾਂ ਸਾਰੀਆਂ ਫ਼ਿਲਮਾਂ ਵਿਚ ਸਾਂਝੀ ਗੱਲ ਇਹੋ ਹੈ ਕਿ ਇਹਨਾਂ ਨੂੰ ਬਣਾਉਣ ਵਾਲਿਆਂ ਨੇ ਪਹਿਲਾਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਸ ਕਲਾ ਨੂੰ ਸਿੱਖਣ ਲਈ ਅਰਪਣ ਕੀਤਾ ਤੇ ਫੇਰ ਜਾ ਕੇ ਫਿਲਮ ਬਣਾਈ। 

ਪਰ ਸਾਡੇ ਉਲਟ ਹੈ। ਜੇ ਬੰਦੇ ਨੂੰ ਸੁੱਤੇ ਪਏ ਨੂੰ ਖਿਆਲ ਆ ਜਾਵੇ ਕਿ ਉਸਨੇ ਫਿਲਮ ਬਣਾਉਣ ਹੈ, ਜਾਂ ਗਾਇਕ ਬਣਨਾ ਹੈ ਜਾਂ ਪੱਤਰਕਾਰੀ ਕਰਨੀ ਹੈ ਤਾਂ ਉਹ ਅਗਲੇ ਹੀ ਦਿਨ ਉਸ ਕੰਮ ਵਿਚ ਜੁਟ ਜਾਂਦਾ ਹੈ। ਕੁਝ ਵੀ ਸਿੱਖਣ ਦੀ ਖੇਚਲ ਨਹੀਂ ਕਰਦਾ। ਇਸ ਅਮਲ ਵਿਚੋਂ ਜੋ ਕੁਝ ਸਾਹਮਣੇ ਆਉਂਦਾ ਹੈ ਉਸਦਾ ਹਾਲ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਇਹ ਲੜਾਈ ਬਹੁਤ ਲੰਮੀ ਹੈ। ਇੱਕ ਵਾਰ ਮੈਂ ਡਾ ਗੁਰਭਗਤ ਸਿੰਘ ਨੂੰ ਮਿਲਣ ਗਿਆ ਤਾਂ ਉਹਨਾਂ ਨੇ ਮੈਨੂੰ ਦੋ ਗੱਲਾਂ ਕਹੀਆਂ ਸਨ ਜੋ ਮੈਨੂੰ ਕਦੇ ਵੀ ਨਹੀਂ ਭੁੱਲੀਆਂ। ਪਹਿਲੀ ਇਹ ਕਿ ਅਜਿਹੇ ਸੰਘਰਸ਼ ਲਈ ਸਾਰੀ ਉਮਰ ਦੀ ਪ੍ਰਤੀਬੱਧਤਾ ਚਾਹੀਦੀ ਹੁੰਦੀ ਹੈ। ਜਦੋਂ ਕੋਈ ਸੰਘਰਸ਼ ਇੱਕ ਵਾਰ ਟੁੱਟ ਜਾਵੇ ਤਾਂ ਉਸਨੂੰ ਦੁਬਾਰਾ ਖੜ੍ਹਾ ਕਰਨ ਲਈ ਬਹੁਤ ਲੰਮੇ ਅਮਲ ਵਿਚੋਂ ਗੁਜ਼ਰਨਾ ਪੈਂਦਾ ਹੈ। ਇਸ ਲਈ ਕਾਹਲੀ ਤੋਂ ਨਹੀਂ, ਤਹੱਮਲ ਤੋਂ ਕੰਮ ਲਿਆ ਜਾਵੇ। ਦੂਜੀ ਗੱਲ ਉਹਨਾਂ ਇਹ ਦੱਸੀ ਕਿ ਜੇ ਇਸ ਰਾਹ ਤੁਰਨਾ ਹੈ ਕਿ ਸਿਰ ਤੇ ਖ਼ੱਫਣ ਬੰਨ੍ਹ ਕੇ ਤੁਰੋ। ਜੇ ਇੱਕ ਵਾਰੀ ਤੁਰ ਪਏ ਤਾਂ ਪਿਛੇ ਹਟਣ, ਡਰਨ, ਜਾਂ ਝੁਕਣ ਦਾ ਸੁਆਲ ਵੀ ਪੈਦਾ ਵੀ ਨਹੀਂ ਹੋਣਾ ਚਾਹੀਦਾ। 

ਬੇਨਤੀ ਇਹ ਹੈ ਕਿ ਜੇ ਤੁਸੀਂ ਪੰਜਾਬ ਅਤੇ ਪੰਥ ਲਈ ਫ਼ਿਕਰਮੰਦ ਹੋ ਅਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਆਪਣੀ ਕੋਈ ਦਿਸ਼ਾ ਬਣਾਓ ਅਤੇ ਫਿਰ ਉਸੇ ਦਿਸ਼ਾ ਵਿਚ ਆਪਣੇ ਅੰਦਰ ਕਲਾ ਪੈਦਾ ਕਰਨ ਲਈ ਸਾਰਾ ਕੁਝ ਝੋਕ ਦਿਓ। ਜੋ ਵੀ ਕੰਮ ਕਰੋ ਸਿਰੇ ਦਾ ਹੀ ਕਰੋ। ਕੰਮ ਸਾਰੇ ਹੀ ਇੱਕੋ ਜਿਹੇ ਹਨ, ਕੋਈ ਊਚ ਨੀਚ ਨਹੀਂ। ਪਰ ਸਾਰੇ ਪਾਸੇ ਨਾ ਭੱਜੋ। ਆਪਣੀ ਦਿਸ਼ਾ ਨਿਰਧਾਰਤ ਕਰੋ। ਜੇ ਤੁਹਾਨੂੰ ਫ਼ਿਲਮਾਂ ਬਣਾਉਣ ਦਾ ਸ਼ੌਕ ਹੈ ਤਾਂ ਫਿਲਮ ਬਣਾਉਣ ਤੋਂ ਪਹਿਲਾਂ ਘੱਟੋ ਘੱਟ ਪੰਜ ਦਸ ਸਾਲ ਉਸ ਕੰਮ ਨੂੰ ਸਿੱਖਣ ਵਿਚ ਲਾਓ। ਫੇਰ ਅਜਿਹੀ ਫਿਲਮ ਬਣਾਓ ਕਿ ਵੇਖਣ ਵਾਲੇ ਦੇ ਤਾਰ ਅੰਦਰੋਂ ਬਾਹਰੋਂ ਹਿੱਲ ਜਾਣ। ਜੇ ਕਿਤਾਬਾਂ ਲਿਖਣ ਦਾ ਸ਼ੌਕ ਹੈ ਤਾਂ ਪਹਿਲਾਂ ਨਿੱਠ ਕੇ ਪੜ੍ਹੋ। ਜੇ ਗਾਉਣ ਦਾ ਸ਼ੌਕ ਹੈ ਤਾਂ ਗਾਉਣਾ ਸਿੱਖੋ। ਜੇ ਪੱਤਰਕਾਰੀ ਕਰਨੀ ਹੈ ਤਾਂ ਪੱਤਰਕਾਰੀ ਦੀ ਕਲਾ ਸਿੱਖੋ। ਮੀਡੀਏ ਵਿਚ ਸਿੱਖ ਵਿਰੋਧੀ ਬਿਰਤਾਂਤ ਦਹਾਕਿਆਂ ਤੋਂ ਆ ਰਹੇ ਹਨ ਅਤੇ ਹੋਰ ਵੀ ਆਉਣੇ ਹਨ। ਇਹਨਾਂ ਦਾ ਵਿਰੋਧ ਕਰਨਾ ਬਹੁਤ ਵਧੀਆ ਗੱਲ ਹੈ। ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਪਰ ਇਕੱਲੇ ਵਿਰੋਧ ਨਾਲ ਗੱਲ ਨਹੀਂ ਬਣਨੀ। ਸਾਨੂੰ ਆਪਣਾ ਬਿਰਤਾਂਤ ਵੀ ਸਿਰਜਣਾ ਪੈਣਾ ਹੈ। ਪਰ ਤੁਹਾਡੇ ਚਰਨਾਂ ਵਿਚ ਬੇਨਤੀ ਹੈ ਕਿ ਕੱਚੇ ਪਿੱਲੇ ਬਿਰਤਾਂਤ ਨਾ ਸਿਰਜੋ। ਜੇ ਕੋਈ ਕੰਮ ਕਰਨਾ ਹੈ ਤਾਂ ਸਿਰੇ ਦਾ ਕਰੋ। ਉਸਨੂੰ ਪਹਿਲਾਂ ਸਿੱਖੋ। ਇਸ ਕੰਮ ਵਿਚ ਸਭ ਤੋਂ ਵੱਡਾ ਅੜਿੱਕਾ ਇਹ ਹੁੰਦੈ ਕਿ ਬੰਦੇ ਨੂੰ ਆਪਣੀ ਆਰਥਿਕ ਸੁਰੱਖਿਆ ਦਾਅ ਤੇ ਲਾਉਣੀ ਪੈਂਦੀ ਹੈ। ਪਰ ਜੇ ਤੁਸੀਂ ਕੋਈ ਨਿੱਗਰ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਏਨਾ ਕੁ ਤਾਂ ਕਰਨਾ ਹੀ ਪੈਣਾ ਹੈ। 

 

ਪ੍ਰਭਸ਼ਰਨਬੀਰ ਸਿੰਘ

 

-