ਪੱਛਮੀ ਸੱਭਿਅਤਾ ਦੀ ਭੇਟ ਚੜ੍ਹ ਰਿਹਾ ਏ ਪੰਜਾਬ ਦਾ ਵਿਰਸਾ

ਪੱਛਮੀ ਸੱਭਿਅਤਾ ਦੀ ਭੇਟ ਚੜ੍ਹ  ਰਿਹਾ ਏ ਪੰਜਾਬ ਦਾ ਵਿਰਸਾ

ਜੇ ਅੱਜ ਤੋਂ 5-6 ਦਹਾਕੇ ਪੁਰਾਣੇ ਸਮੇਂ ਅਤੇ ਅੱਜ ਦੇ ਸਮੇਂ ਦੀ ਤੁਲਨਾ ਕੀਤੀ ਜਾਵੇ ਤਾਂ ਸਾਡੇ ਸਾਹਮਣੇ ਜੱਗ ਜ਼ਾਹਿਰ ਹੋਵੇਗਾ ਕਿ ਅੱਜ ਦਾ ਸਮਾਂ ਪੱਛਮੀ ਸੱਭਿਅਤਾ ਦੀ ਭੇਟ ਚੜ੍ਹ ਗਿਆ ਹੈ ਜਿਸ ਦਾ ਅਸਰ ਪ੍ਰਤੀ ਦਿਨ ਵਧ ਹੀ ਰਿਹਾ ਹੈ।

ਅੱਜ ਦੀ ਪੀੜ੍ਹੀ ਜਦੋਂ ਅਜਾਇਬਘਰਾਂ ਵਿਚ ਜਾਂਦੀ ਹੈ ਤਾਂ ਉਨ੍ਹਾਂ ਵਲੋਂ ਬਹੁਤ ਹੀ ਹੈਰਾਨੀਜਨਕ ਲਹਿਜ਼ੇ ਨਾਲ ਅਜਾਇਬ ਘਰਾਂ ਵਿਚ ਪ੍ਰਦਰਸ਼ਨੀ ਲਈ ਰੱਖੇ ਗਏ ਪੰਜਾਬੀ ਸੱਭਿਆਚਾਰ, ਪੰਜਾਬੀ ਪਕਵਾਨ, ਪੰਜਾਬੀ ਹਾਰ-ਸ਼ਿੰਗਾਰ, ਪੰਜਾਬੀ ਪਹਿਰਾਵਾ, ਲੋਕ-ਨਾਚ, ਮੇਲੇ-ਤਿਉਹਾਰ ਅਤੇ ਹਸਤ ਕਾਲਾਵਾਂ ਦੇ ਮਾਡਲ ਦੇਖਣ ਤੋਂ ਬਾਅਦ ਇਹੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਇਹ ਅਸਲ ਜਿੰਦਗੀ ਦੇ ਮਾਡਲ ਹਨ ਜਾਂ ਸਿਰਫ ਕਲਪਨਾਵਾਂ ਦੇ ਨਮੂਨੇ। ਪੰਜਾਬ ਦੇ ਲੋਕਾਂ ਦਾ ਵਿਰਸਾ ਬਹੁਤ ਹੀ ਅਮੀਰ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਸਮਾਜ ਨੂੰ ਸੱਭਿਆਚਾਰ ਇਕ ਭੇਟਾ ਵਜੋਂ ਮਿਲਿਆ ਤੋਹਫਾ ਹੈ। ਹੁਣ ਤੱਕ ਤਕਰੀਬਨ ਪੀੜ੍ਹੀ-ਦਰ-ਪੀੜ੍ਹੀ ਸਾਡਾ ਸੱਭਿਆਚਾਰ ਅਗਲੀਆਂ ਨਸਲਾਂ ਤੱਕ ਪਹੁੰਚਦਾ ਗਿਆ ਪਰ ਅੱਜ ਸਮੇਂ ਨੇ ਕਰਵਟ ਲਈ ਹੈ ਸਦੀ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀ ਹੋ ਗਈ ਹੈ ਜਿਸ ਕਾਰਨ ਪੰਜਾਬ ਦਾ ਵਿਰਸਾ ਤੇ ਸੱਭਿਆਚਾਰ ਆਪਣੀ ਉਮਰ ਹੱਦ ਦੀ ਚਰਮ ਸੀਮਾ 'ਤੇ ਖੜ੍ਹਾ ਦਿਖਾਈ ਦੇ ਰਿਹਾ ਹੈ। ਬਾਕੀ ਗੱਲਾਂ ਛੱਡ ਕੇ ਅੱਜ ਆਪਾਂ ਗੱਲ ਕਰਾਂਗੇ ਸਾਡੇ ਰੰਗਲੇ ਪੰਜਾਬ ਦੀਆਂ ਅਲੋਪ ਹੋ ਰਹੀਆਂ ਕਲਾਵਾਂ ਬਾਰੇ ਜਿਨ੍ਹਾਂ ਨੂੰ ਲੋਕ ਕਲਾਵਾਂ ਵੀ ਕਿਹਾ ਜਾਂਦਾ ਹੈ। ਜੋ ਕਿ ਅੱਜ ਟਾਵੀਂ-ਟਾਵੀਂ ਥਾਂ ਸ਼ੀਸ਼ੇ ਜੜੇ ਫਰਮਿਆਂ ਵਿਚ ਹੀ ਨਜ਼ਰ ਆਉਂਦੀਆਂ ਹਨ। ਕਈ ਵਿਦਵਾਨਾਂ ਵਲੋਂ ਤਾਂ ਹਸਤ ਕਲਾਵਾਂ ਪੁਰਾਤਨ ਹੜੱਪਾ ਤੇ ਮਹਿੰਜੋਦੜੋ ਸੱਭਿਅਤਾ ਤੋਂ ਵੀ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ ਕਿਉਂਕਿ ਬਹੁਤ ਥਾਵਾਂ 'ਤੇ ਖ਼ੁਦਾਈ ਦੌਰਾਨ ਕਾਫੀ ਪੁਰਾਣੀਆਂ ਹਸਤ ਕਲਾਵਾਂ ਦੇ ਨਮੂਨੇ ਵੀ ਮਿਲੇ ਹਨ। ਪਰ ਇਹ ਕਿੰਨੇ ਪੁਰਾਣੇ ਹਨ ਇਨ੍ਹਾਂ ਦਾ ਕੋਈ ਪੁਖਤਾ ਪ੍ਰਮਾਣ ਨਹੀਂ ਮਿਲਿਆ। ਅੱਜ ਸਭ ਕਲਾਵਾਂ ਮਸ਼ੀਨੀਕਰਨ ਦੀ ਭੇਂਟ ਚੜ੍ਹ ਗਈਆਂ ਹਨ। ਹਰ ਖੇਤਰ ਵਿਚ ਹੱਥ ਨਾਲ ਕੀਤਾ ਜਾਣ ਵਾਲਾ ਕੰਮ ਮਸ਼ੀਨਾਂ ਜਾਂ ਕੰਪਿਊਟਰ ਦੁਆਰਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਹੀ ਨਵੀਂ ਪੀੜ੍ਹੀ ਲਈ ਹਸਤ ਕਲਾਵਾਂ ਬੀਤੇ ਸਮੇਂ ਦੀ ਗੱਲ ਹੋ ਗਈਆਂ ਹਨ। ਪਹਿਲਾਂ ਲੋਕਾਂ ਦੁਆਰਾ ਹੱਥੀਂ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ। ਇਸੇ ਕਾਰਨ ਹੀ ਹਸਤ ਕਲਾਵਾਂ ਵੱਖਰੇ-ਵੱਖਰੇ ਖੇਤਰ ਵਿਚ ਆਪਣਾ ਅਹਿਮ ਸਥਾਨ ਰੱਖਦੀਆਂ ਸਨ ਜਿਸ ਤਰ੍ਹਾਂ ਔਰਤਾਂ ਦੁਆਰਾਂ ਕੀਤੀਆਂ ਜਾਂਦੀਆਂ ਹਸਤ ਕਲਾਵਾਂ ਵਿਚ ਸ਼ਾਮਿਲ ਸਨ ਕੱਪੜੇ ਨਾਲ ਸੰਬੰਧਿਤ ਹਸਤ ਕਲਾਵਾਂ ਜਿਵੇਂ ਕਿ ਔਰਤਾਂ ਵਿਚ ਫੁਲਕਾਰੀ ਕੱਢਣਾ ਇਕ ਮਹੱਤਪੂਰਨ ਕਲਾ ਮੰਨੀ ਜਾਂਦੀ ਹੈ। ਇਸ ਵਿਚ ਔਰਤਾਂ ਜਾਂ ਕੁੜੀਆਂ ਵਲੋਂ ਫੁਲਕਾਰੀ ਦੀ ਵੱਖੋ ਵੱਖਰੀਆਂ ਕਿਸਮਾਂ ਬਣਾਈਆਂ ਜਾਂਦੀਆਂ ਸਨ। ਫੁਲਕਾਰੀ ਲਈ ਜ਼ਿਆਦਾਤਰ ਖੱਦਰ ਦੇ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਵੱਖੋ-ਵੱਖਰੇ ਤਰ੍ਹਾਂ ਦੀ ਕਢਾਈ ਕੀਤੀ ਜਾਂਦੀ ਸੀ ਜਿਸ ਤਰ੍ਹਾਂ ਫੁੱਲ-ਬੂਟੇ, ਇਤਿਹਾਸਕ ਵਿਅਕਤੀਆਂ ਦੇ ਚਿੱਤਰ, ਪਸ਼ੂ-ਪੰਛੀਆਂ ਦੀਆਂ ਤਸਵੀਰਾਂ ਤੋਂ ਇਲਾਵਾ ਇਮਾਰਤਾਂ ਦੇ ਚਿੱਤਰ ਵੀ ਕੱਢੇ ਜਾਂਦੇ ਸਨ। ਫੁਲਕਾਰੀ ਦੀ ਇਕ ਹੋਰ ਰੌਚਕ ਗੱਲ ਇਹ ਹੁੰਦੀ ਹੈ ਕਿ ਇਹ ਪੁੱਠੇ ਤੋਪਿਆਂ ਨਾਲ ਕੱਢੀ ਜਾਂਦੀ ਹੈ। ਫੁਲਕਾਰੀ ਨੂੰ ਕੱਢਣ ਲਈ ਸੁਆਣੀਆਂ ਜਾਂ ਮੁਟਿਆਰਾਂ ਵਲੋਂ ਰਲ ਕੇ ਵੀ ਕੰਮ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਮੁਟਿਆਰਾਂ ਵਲੋਂ ਦਾਜ ਲਈ ਨਿੱਜੀ ਤੌਰ 'ਤੇ ਵੀ ਫੁਲਕਾਰੀਆਂ ਕੱਢੀਆਂ ਜਾਂਦੀਆਂ ਸਨ। ਫੁਲਕਾਰੀ ਦੇ ਪੂਰਾ ਹੋਣ ਦਾ ਕੋਈ ਨਿਸਚਿਤ ਸਮਾਂ ਨਹੀਂ ਹੁੰਦਾ। ਕੋਈ ਫੁਲਕਾਰੀ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਸੀ ਤੇ ਕਈਆਂ ਨੂੰ ਸਾਲ ਵੀ ਲੱਗ ਜਾਂਦਾ ਸੀ। ਫੁਲਕਾਰੀ ਦੀਆਂ ਬਹੁਤ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਮੁੱਖ ਤੌਰ 'ਤੇ ਨੀਲਕ, ਚੋਪ, ਛਮਾਸ, ਘੁੰਗਟ ਬਾਗ, ਸੁੱਭਰ ਆਦਿਕ ਤੋਂ ਇਲਾਵਾ ਹੋਰ ਵੀ ਮਸ਼ਹੂਰ ਕਿਸਮਾਂ ਮੌਜੂਦ ਹਨ। ਪਰ ਅੱਜ ਦੇ ਸਮੇਂ ਵਿਚ ਫੁਲਕਾਰੀ ਬਸ ਸੰਦੂਕਾਂ ਓਹਲੇ ਜਾਂ ਲੋਕ ਗੀਤਾਂ, ਕਵਿਤਾਵਾਂ ਵਿਚ ਹੀ ਦਿਖਾਈ ਦਿੰਦੀ ਹੈ।

ਚੋਪ ਛਇਲਾ ਦੇ ਨਾਲ ਚਾਰ ਸੂਤੀ,

ਚੰਦਾਂ ਮੋਰਾਂ ਦੇ ਬਹਿਣ ਨੂੰ ਝਾੜੀਆਂ ਨੇ।

ਸਾਲੂ ਪੱਟ ਦੇ ਚਾਦਰਾਂ ਬਾਫਤੇ ਦੀਆਂ,

ਨਾਲ ਭੋਸ਼ਨਾ ਦੇ ਫੁਲਕਾਰੀਆਂ ਨੇ।

ਵਾਰਿਸ਼ ਸ਼ਾਹ ਚੰਗੇ ਸਰੋਪੇ ਖਾਸੇ,

ਤੇ ਫੁਲਕਾਰੀਆਂ ਮੁੱਲ ਦੀਆਂ ਭਾਰੀਆਂ ਨੇ।

(ਵਾਰਿਸ ਸ਼ਾਹ)

ਅੱਜ ਦੀ ਮੁਟਿਆਰ ਦੇ ਪਹਿਰਾਵੇ ਵਿਚੋਂ ਸਿਰਾਂ ਦੀਆਂ ਚੁੰਨੀਆਂ ਦਾ ਖੰਭ ਲਾ ਕੇ ਉੱਡ ਜਾਣਾ ਅਤੇ ਸੁੱਥਣਾਂ ਦਾ ਸੁੰਗੜ ਕੇ ਨਿੱਕਰਾਂ ਦਾ ਰੂਪ ਧਾਰਨਾ ਪੱਛਮੀ ਕੁੜੀਆਂ ਦੇ ਰੋਲ ਮਾਡਲ ਦੀ ਉੱਭਰਦੀ ਤਸਵੀਰ ਪੇਸ਼ ਕਰਦੀਆਂ ਹਨ। ਫੁਲਕਾਰੀ ਜਿਹੀ ਅਨਮੋਲ ਹਸਤ ਕਲਾ ਦਾ ਅਲੋਪ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮੌਜੂਦਾ ਜਿੰਦਗੀ ਆਪਣੀ ਮਿੱਥੀ ਲੀਹ ਤੋਂ ਵੱਖਰੇ ਕਦਮਾਂ ਤੇ ਕਦਮ ਧਰ ਕੇ ਚੱਲ ਰਹੀ ਹੈ। ਫੁਲਕਾਰੀ ਤੋਂ ਇਲਾਵਾ ਹੋਰ ਵੀ ਬਹੁਤ ਅਲੋਪ ਹੋ ਰਹੀਆਂ ਹਸਤ ਕਲਾਵਾਂ ਹਨ ਜੋ ਅੱਜ ਅਤੀਤ ਦੀ ਅਮੀਰੀ ਦੀ ਮੱਧਮ ਝਕਲ ਪੇਸ਼ ਕਰਦੀਆਂ ਹਨ। ਜਿਵੇਂ ਕਿ ਦਰੀਆਂ, ਖੇਸ, ਚਾਦਰਾਂ ਬੁਣਨਾ, ਮਿੱਟੀ ਦੇ ਬਰਤਨ ਬਣਾਉਣੇ, ਕੰਧ ਚਿੱਤਰ, ਮੂਰਤੀਕਾਰੀ, ਲੱਕੜ ਦੀ ਮੀਨਾਕਾਰੀ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਲੋਕ-ਕਲਾਵਾਂ ਹਨ ਜੋ ਕਿ ਅੱਜ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀਆਂ ਹਨ। ਫੁਲਕਾਰੀ ਵਾਂਗ ਹੀ ਚਾਦਰਾਂ, ਖੇਸ ਤੇ ਦਰੀਆਂ ਪਹਿਲਾਂ ਹੱਥਾਂ ਨਾਲ ਅੱਡੇ ਉੱਪਰ ਪੰਜੇ ਦੀ ਸਹਾਇਤਾ ਨਾਲ ਬੁਣੀਆਂ ਜਾਂਦੀਆ ਸਨ। ਕੁਝ ਪਿੰਡਾਂ ਨੂੰ ਛੱਡ ਕੇ ਤਕਬਰੀਨ ਬਾਕੀ ਪੰਜਾਬ ਵਿਚ ਦਰੀਆਂ ਤੇ ਖੇਸ ਬੁਣਨ ਦਾ ਰਿਵਾਜ ਬੰਦ ਹੀ ਹੋ ਗਿਆ ਹੈ। ਮੁਟਿਆਰਾਂ ਦੇ ਦਾਜ ਦਾ ਮਹੱਤਪੂਰਨ ਹਿੱਸਾ ਮੰਨੀਆਂ ਜਾਣ ਵਾਲੀਆਂ ਦਰੀਆਂ ਵਿਚ ਫੁੱਲ-ਬੂਟੀਆਂ, ਤੋਤੇ-ਪੰਛੀ, ਡੱਬੀਆਂ ਤੇ ਹੋਰ ਕਈ ਪ੍ਰਕਾਰ ਦੇ ਕਲਾ ਦੇ ਨਮੂਨੇ ਬੁਣੇ ਜਾਂਦੇ ਸਨ। ਪਰ ਅੱਜ ਦੇ ਗੱਦਿਆਂ ਨੇ ਦਰੀਆਂ ਨੂੰ ਪੂਰੀ ਤਰ੍ਹਾਂ ਖੁੰਜੇ ਲਾ ਦਿੱਤਾ ਹੈ। ਇਸੇ ਤਰ੍ਹਾਂ ਖੇਸ ਤੇ ਚਾਦਰਾਂ ਵੀ ਆਪਣੀ ਜੂਨ ਹੰਢਾ ਚੁੱਕੀਆਂ ਜਾਪਦੀਆਂ ਹਨ। ਖੇਸ ਵੀ ਸੂਤ ਨਾਲ ਅੱਡੇ ਜਾਂ ਖੱਡੀ ਉੱਪਰ ਬੁਣਕੇ ਤਿਆਰ ਕੀਤਾ ਜਾਂਦਾ ਸੀ। ਜਦੋਂ ਕਿਤੇ ਕਿਸੇ ਮੁਟਿਆਰ ਦਾ ਵਿਆਹ ਨੇੜੇ ਆ ਜਾਂਦਾ ਸੀ ਤਾਂ ਸਾਰੀਆਂ ਔਰਤਾਂ ਮਿਲ ਕੇ ਖੇਸ ਦੇ ਬਚੇ ਧਾਗਿਆਂ ਦੇ ਬੰਬਲ ਵੱਟਦੀਆਂ ਸਨ। ਇਸੇ ਤਰ੍ਹਾਂ ਮਿੱਟੀ ਦੇ ਬਰਤਨ ਬਣਾਉਣ ਦੀ ਕਲਾ ਵੀ ਬਹੁਤ ਜ਼ਿਆਦਾ ਪੁਰਾਤਨ ਮੰਨੀ ਜਾਂਦੀ ਹੈ। ਇਹ ਕਲਾ ਐਨੀ ਪ੍ਰਫੁੱਲਿਤ ਸੀ ਕਿ ਇਸਦੀ ਮਿਸਾਲ ਮੈਸੋਪੋਟਾਮੀਆ ਤੱਕ ਵੀ ਮਿਲਦੀ ਹੈ। ਮਿੱਟੀ ਦੇ ਬਰਤਨ ਆਵੇ ਤਿਆਰ ਕਰਕੇ ਉਨ੍ਹਾਂ ਵਿਚ ਅੱਗ ਨਾਲ ਪਕਾਏ ਜਾਂਦੇ ਸਨ। ਦਰੀਆਂ, ਖੇਸਾਂ ਤੇ ਫੁਲਕਾਰੀਆਂ ਵਾਂਗ ਬਰਤਨਾਂ ਉਪਰ ਵੀ ਕਾਰੀਗਰ ਆਪਣੀ ਕਲਾ ਦੇ ਨਮੂਨੇ ਪੇਸ਼ ਕਰਦੇ ਸਨ। ਇਨ੍ਹਾਂ ਉਪਰ ਵੀ ਫੁੱਲ-ਬੂਟੀਆਂ, ਚਿੱਤਰਕਾਰੀ ਅਤੇ ਹੋਰ ਤਸਵੀਰਾਂ ਪੇਸ਼ ਕੀਤੀਆਂ ਜਾਂਦੀਆਂ ਸਨ। ਕਲਾਵਾਂ ਵਿਚ ਕੰਧ ਚਿੱਤਰ ਵੀ ਹੁਣ ਪੁਰਾਤਨ ਹਵੇਲੀਆਂ, ਧਾਰਮਿਕ ਥਾਵਾਂ, ਦਰਵਾਜ਼ਿਆਂ ਜਾਂ ਡੇਰਿਆਂ ਵਿਚ ਹੀ ਦੇਖਣ ਨੂੰ ਰਹਿ ਗਏ ਹਨ। ਕੰਧ ਚਿੱਤਰ ਵੀ ਬਹੁਤ ਹੀ ਪੁਰਾਣੀ ਕਲਾ ਮੰਨੀ ਜਾਂਦੀ ਹੈ ਕਿਉਂਕਿ ਬਹੁਤ ਗੁਫ਼ਾਵਾਂ ਜਾਂ ਪਹਾੜਾਂ ਦੀਆਂ ਕੰਧਾਂ ਉੱਪਰ ਜਾਂ ਪੱਥਰਾਂ ਉੱਪਰ ਹਜ਼ਾਰਾਂ ਹੀ ਸਾਲ ਪੁਰਾਣੇ ਚਿੱਤਰ ਬਣੇ ਮਿਲੇ ਹਨ ਜਿਨ੍ਹਾਂ ਨੂੰ ਪੁਰਾਤਨ ਸਮੇਂ ਵਿਚ ਕਾਰੀਗਰਾਂ ਨੇ ਆਪਣੀ ਕਲਾ ਦੀ ਅਮਰ ਤਸਵੀਰ ਵਜੋਂ ਪੇਸ਼ ਕੀਤਾ ਹੋਇਆ ਹੈ ਅੱਜ ਵੀ ਵਿਗਿਆਨੀ ਹੈਰਾਨ ਹਨ ਕਿ ਪੁਰਾਣੇ ਲੋਕਾਂ ਵਲੋਂ ਚੱਟਾਨਾਂ ਜਾਂ ਗੁਫਾਵਾਂ ਵਿਚ ਅਜਿਹੇ ਕਿਹੜੇ ਔਜ਼ਾਰਾਂ ਨਾਲ ਇਹ ਕੰਧ ਚਿੱਤਰ ਬਣਾਏ ਹਨ ਜਿਨ੍ਹਾਂ ਦਾ ਵਜੂਦ ਅੱਜ ਹਜ਼ਾਰਾਂ ਸਾਲ ਬਾਅਦ ਵੀ ਹੂਬਹੂ ਹੈ। ਇਨ੍ਹਾਂ ਦੇ ਨਾਲ ਮੂਰਤੀਕਾਰੀ ਦੀ ਕਲਾ ਵੀ ਅੱਜ ਖ਼ਤਮ ਹੋਣ ਦੇ ਕਿਨਾਰੇ 'ਤੇ ਹੈ। ਕੁਝ ਦਹਾਕੇ ਪਹਿਲਾਂ ਲੋਕਾਂ ਵਲੋਂ ਤਿਉਹਾਰਾਂ ਅਤੇ ਮੇਲਿਆਂ ਸਮੇਂ ਵੱਖੋ-ਵੱਖਰੀਆਂ ਮੂਰਤੀਆਂ ਬਣਾ ਕੇ ਵੇਚੀਆਂ ਜਾਂਦੀਆਂ ਸਨ। ਪਰ ਅੱਜ ਅੱਜ ਮੂਰਤੀਕਾਰੀ ਦਾ ਕਿੱਤਾ ਪੂਰੀ ਤਰਾਂ ਨਾਲ ਬੰਦ ਹੋਣ ਕਿਨਾਰੇ ਹੈ ਮੂਰਤੀਆਂ ਦੀ ਜਗ੍ਹਾ ਕੈਲੰਡਰਾਂ ਨੇ ਲੈ ਲਈ ਹੈ। ਕਈ ਥਾਂ ਖ਼ੁਦਾਈ ਸਮੇਂ ਹੜੱਪਾ ਸੱਭਿਅਤਾ ਸਮੇਂ ਦੀਆਂ ਮੂਰਤੀਆਂ ਦੇ ਅਵਸ਼ੇਸ਼ ਵੀ ਮਿਲੇ ਹਨ। ਹੋਰ ਵਸਤਾਂ ਦੇ ਨਾਲ ਨਾਲ ਖ਼ੁਦਾਈ ਸਮੇਂ ਇਨ੍ਹਾਂ ਸੱਭਿਅਤਾਵਾਂ ਦੇ ਬਣੇ ਹੋਏ ਖਿਡੌਣੇ ਵੀ ਮਿਲੇ ਹਨ ਜਿਨ੍ਹਾਂ ਵਿਚ ਕੁੱਤਾ, ਹਾਥੀ, ਚੀਤਾ, ਅਤੇ ਹੋਰ ਬਹੁਤ ਸਾਰੇ ਪਸ਼ੂ-ਪੰਛੀਆਂ ਦੇ ਖਿਡੌਣੇ ਉਸ ਸੱਭਿਅਤਾ ਦੇ ਸੱਭਿਆਚਾਰ ਦੀ ਗਵਾਹੀ ਭਰਦੇ ਹਨ। 

ਮਿੱਟੀ ਦੀ ਕਲਾ ਦੇ ਨਾਲ ਹੀ ਲੱਕੜ ਦੀ ਕਲਾਕਾਰੀ ਵੀ ਦਿਨ ਪ੍ਰਤੀ ਦਿਨ ਘਟਦੀ ਹੀ ਜਾ ਰਹੀ ਹੈ। ਪਹਿਲਾਂ ਲੱਕੜ ਦੇ ਸਿਰਜਕਾਂ ਵਲੋਂ ਘਰਾਂ ਅਤੇ ਕਿੱਤਿਆਂ ਵਿਚ ਵਰਤਣਯੋਗ ਵਸਤਾਂ ਲੱਕੜੀ ਦੀਆਂ ਹੀ ਬਣਾਈਆਂ ਜਾਂਦੀਆਂ ਸਨ ਜਿਵੇਂ ਘਰਾਂ ਦੇ ਦਰਵਾਜ਼ੇ, ਬੈਠਣ ਲਈ ਪੀਹੜੀਆਂ, ਮੰਜੇ, ਪਲੰਘ, ਹਲ, ਪੰਝਾਲੀ, ਸਾਮਾਨ ਪਾਉਣ ਲਈ ਸੰਦੂਕ ਜਾਂ ਬਕਸੇ, ਸੂਤ ਕੱਤਣ ਲਈ ਚਰਖਿਆਂ ਤੋਂ ਇਲਾਵਾ ਹੋਰ ਵੀ ਕਾਫੀ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਆਦਿਕ। ਪੁਰਾਣੇ ਕਲਾਕਾਰਾਂ ਦੇ ਕੰਮ ਵਿਚ ਐਨੀ ਜ਼ਿਆਦਾ ਸਫਾਈ ਹੁੰਦੀ ਸੀ ਕਿ ਲੱਕੜ 'ਤੇ ਚਿੱਤਰ ਉਭਾਰਨ ਤੋਂ ਬਾਅਦ ਰੰਗ ਕਰਕੇ ਉਨ੍ਹਾਂ ਵਿਚੋਂ ਜਿੰਦਾ ਹੋਣ ਦੇ ਭੁਲੇਖੇ ਪਾਉਣ ਵਾਲੀ ਕਲਾਕਾਰੀ ਦਿਖਾਈ ਜਾਂਦੀ ਸੀ। ਪਰ ਅੱਜ ਲੱਕੜ ਬਸ ਘਰਾਂ ਦੇ ਫ਼ਰਨੀਚਰ ਤੱਕ ਹੀ ਸੀਮਤ ਰਹਿ ਗਈ ਹੈ ਬਾਕੀ ਸਭ ਵਸਤਾਂ ਲੋਹੇ, ਸਟੀਲ ਜਾਂ ਫਾਈਬਰ ਤੋਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਦੀ ਆਮਦ ਨੇ ਲੱਕੜੀ ਦੇ ਸਿਰਜਕਾਂ ਦੇ ਧੰਦੇ ਤਾਂ ਠੱਪ ਕਰ ਹੀ ਦਿੱਤੇ ਹਨ ਨਾਲ ਹੀ ਵਿਰਸੇ ਨਾਲ ਜੁੜੀਆਂ ਪੁਰਾਤਨ ਨਿਸ਼ਾਨੀਆਂ ਵੀ ਅਲੋਪ ਕਰ ਦਿੱਤੀਆਂ ਹਨ। ਅੱਜ ਦੀ ਨੌਜਵਾਨ ਪੀੜ੍ਹੀ ਦਾ ਉਪਰੋਕਤ ਹਸਤ ਕਲਾਵਾਂ ਪ੍ਰਤੀ ਕੋਈ ਵੀ ਮੋਹ ਨਹੀਂ ਰਿਹਾ, ਇਸ ਦਾ ਵੱਡਾ ਕਾਰਨ ਪੱਛਮੀ ਸੱਭਿਅਤਾ ਦਾ ਭਾਰੂ ਹੋਣਾ ਵੀ ਕਿਹਾ ਜਾ ਸਕਦਾ ਹੈ। ਪਰ ਇਹ ਸਾਰੀਆਂ ਹਸਤ ਕਲਾਵਾਂ ਜੋ ਅੱਜ ਅਲੋਪ ਹੋ ਗਈਆਂ ਹਨ ਸਾਡੇ ਸੱਭਿਆਚਾਰ, ਵਿਰਸੇ, ਰਿਸ਼ਤੇ, ਲੋਕ ਧੰਦਿਆਂ, ਸਾਹਿਤ ਅਤੇ ਸਾਡੇ ਪੰਜਾਬ ਦੀ ਹੱਸਦੀ-ਖੇਡਦੀ ਤਸਵੀਰ ਦੀ ਗਵਾਹੀ ਭਰਦੀਆਂ ਹਨ। ਅੱਜ ਮਸ਼ੀਨੀਕਰਣ ਨੇ ਹੱਥੀਂ ਕਿਰਤਾਂ ਵਾਲਿਆਂ ਨੁੂੰ ਵਿਹਲੇ ਕਰ ਦਿੱਤਾ ਹੈ ਜਿਸ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਵੀ ਢਾਹ ਲੱਗ ਰਹੀ ਹੈ। ਨੌਜਵਾਨ ਪੀੜ੍ਹੀ ਵੀ ਆਪਣੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ, ਹਰ ਖੇਤਰ ਵਿਚ ਨੌਜਵਾਨਾਂ ਉੱਪਰ ਪੱਛਮ ਦੀ ਸੱਭਿਅਤਾ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਪੰਜਾਬ ਦੇ ਅੱਲ੍ਹੜਾਂ ਦਾ ਪਹਿਰਾਵਾ, ਰੀਤੀ-ਰਿਵਾਜ, ਖਾਣ-ਪੀਣ, ਖਤਮ ਹੋ ਰਹੀ ਪੰਜਾਬੀ ਭਾਸ਼ਾ ਖ਼ੁਦ ਵਲੋਂ ਜਾਣ-ਬੁੱਝ ਕੇ ਵਿਸਾਰੇ ਜਾ ਰਹੇ ਸੱਭਿਆਚਾਰ ਦੀ ਗਵਾਹੀ ਭਰ ਰਹੇ ਹਨ। ਸਾਡੇ ਵਿਰਸੇ ਅਤੇ ਸੱਭਿਆਚਾਰ ਦੀ ਆਪਣੀ ਜੋ ਮਹੱਤਤਾ ਹੈ ਉਸ ਨੂੰ ਪੰਜਾਬ ਵਾਸੀਆਂ ਵਲੋਂ ਆਪਣੀ ਬਦਲ ਰਹੀ ਸੋਚ ਦੇ ਅਧੀਨ ਲਿਆ ਕੇ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਸੱਭਿਆਚਾਰ ਬਿਨ੍ਹਾਂ ਸਾਡੀ ਕੋਈ ਵੀ ਹੋਂਦ ਨਹੀਂ ਅਤੇ ਅਸਲ ਨੁਹਾਰ ਬਿਨਾਂ ਸਾਨੂੰ ਪੰਜਾਬੀ ਕਹਾਉਣ ਦਾ ਵੀ ਕੋਈ ਹੱਕ ਨਹੀਂ। ਅੱਜ ਚਰਖੇ, ਫੁਲਕਾਰੀਆਂ, ਤਿੰਝਣਾਂ, ਪੀਘਾਂ ਮੁਟਿਆਰਾਂ ਬਿਨਾਂ ਸੁੰਨੀਆਂ ਪਈਆਂ ਹਨ। ਪੰਜਾਬੀ ਗੱਭਰੂ ਬਹੁਤੇ ਤਾਂ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਚਾਲੇ ਪਾ ਗਏ ਹਨ, ਬਾਕੀ 70 ਪ੍ਰਤੀਸ਼ਤ ਪੰਜਾਬ ਵਿਚਲੇ ਨਸ਼ੇ ਦੇ ਹੜ੍ਹ ਵਿਚ ਗਰਕ ਹੋ ਚੁੱਕੇ ਹਨ। 

ਇਹ ਸਭ ਦੇਖਣ ਤੋਂ ਬਾਅਦ ਅਸੀਂ ਅੱਜ ਕਿਉਂਕਿ ਨਾ ਐਲਾਨੀਆਂ ਕਹੀਏ ਕਿ ਅਸੀਂ ਆਜ਼ਾਦ ਭਾਰਤ ਦੇ ਪੱਛਮੀ ਸੋਚ ਦੀ ਨਕਲ ਕਰਨ ਵਾਲੇ ਗੁਲਾਮ ਪੰੰਜਾਬੀ ਬਣਦੇ ਜਾ ਰਹੇ ਹਾਂ ਜਿਸ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਨਵੀਂ ਪੀੜ੍ਹੀ ਪਾ ਰਹੀ ਹੈ ਪਰ ਨਾਲ ਨਾਲ ਬਹੁਤੇ ਮਾਪਿਆਂ ਵਲੋਂ ਵੀ ਆਪਣੀ ਔਲਾਦ ਨੂੰ ਵਿਰਸੇ ਨਾਲੋਂ ਤੋੜ ਕੇ ਪੱਛਮ ਵਿਚ ਡੋਬਿਆ ਜਾ ਹੈ। ਸੋ, ਅੱਜ ਲੋੜ ਹੈ ਸਾਨੂੰ ਆਪਣਾ ਸੱਭਿਆਚਾਰ ਤੇ ਵਿਰਸਾ ਸੰਭਾਲਣ ਦੀ ਕਿਉਂਕਿ ਜੋ ਅਸੀਂ ਗੁਆ ਚੁੱਕੇ ਹਾਂ, ਉਹ ਤਾ ਵਾਪਸ ਨਹੀਂ ਆ ਸਕਦਾ ਪਰ ਜੋ ਸਾਡੇ ਕੋਲ ਮੌਜੂਦ ਹੈ ਉਸ ਨੂੰ ਜ਼ਰੂਰ ਗੁਆਚਣ ਤੋਂ ਬਚਾਇਆ ਜਾ ਸਕਦਾ ਹੈ। 

ਭੁਪਿੰਦਰ ਵੀਰ ਸਿੰਘ