ਅਮਰੀਕਾ ਦੇ ਕੈਨਸਾਸ ਸ਼ਹਿਰ ਦੀ ਇਕ ਨਾਈਟ ਕਲੱਬ ਵਿਚ ਹੋਈ ਗੋਲੀਬਾਰੀ ਵਿੱਚ 3 ਮੌਤਾਂ, 1 ਦੀ ਹਾਲਤ ਗੰਭੀਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸ਼ਹਿਰ ਕੈਨਸਾਸ,ਮਿਸੋਰੀ ਦੀ ਇਕ ਨਾਈਟ ਕਲੱਬ ਵਿਚ ਹੋਈ ਗੋਲੀਬਾਰੀ ਵਿਚ 3 ਮੌਤਾਂ ਹੋਣ ਦੀ ਖਬਰ ਹੈ। ਕਨਸਾਸ ਸ਼ਹਿਰ ਦੇ ਪੁਲਿਸ ਵਿਭਾਗ ਨੇ ਗੋਲੀਬਾਰੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇੰਡਿਆਨਾ ਐਵਨਿਊ ਵਿਖੇ ਸਥਿੱਤ ਕਿਲਮੈਕਸ ਲੌਂਜ ਵਿਖੇ ਘੱਟੋ ਘੱਟ 5 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ ਜਿਨਾਂ ਵਿਚੋਂ 3 ਵਿਅਕਤੀ ਦਮ ਤੋੜ ਗਏ ਹਨ ਜਦ ਕਿ 2 ਹੋਰ ਜ਼ਖਮੀ ਹਾਲਤ ਵਿਚ ਹਨ ਜਿਨਾਂ ਵਿਚੋਂ 1 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਸਥਾਨਕ ਸਮੇ ਅਨੁਸਾਰ ਤੜਕਸਾਰ ਡੇਢ ਵਜੇ ਦੇ ਕਰੀਬ ਨਾਈਟ ਕਲੱਬ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ । ਪੁਲਿਸ ਅਨੁਸਾਰ ਸਾਰੇ ਪੀੜਤ ਬਾਲਗ ਹਨ। 3 ਪੀੜਤਾਂ ਨੂੰ ਈ ਐਮ ਐਸ ਹਸਪਤਾਲ ਲਿਜਾਇਆ ਗਿਆ ਜਿਨਾਂ ਵਿਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਤੀਸਰਾ ਬਾਅਦ ਵਿਚ ਦਮ ਤੋੜ ਗਿਆ। 2 ਜ਼ਖਮੀ ਹਸਪਤਾਲ ਵਿਚ ਜੇਰੇ ਇਲਾਜ਼ ਹਨ ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਗੋਲੀਬਾਰੀ ਸਬੰਧੀ ਕੋਈ ਵੀ ਜਾਣਕਾਰੀ ਦੇਣ ਲਈ ਆਮ ਲੋਕਾਂ ਨੂੰ ਅਗੇ ਆਉਣ ਲਈ ਕਿਹਾ ਹੈ ਤੇ ਇਸ ਵਾਸਤੇ 25000 ਡਾਲਰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।
Comments (0)