ਧਰਮ-ਗ੍ਰੰਥ ਦੀ ਲਿਖਤ ਪ੍ਰੰਪਰਾ ਦੇ ਬਾਨੀ ਪੈਗੰਬਰ:ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ

  ਧਰਮ-ਗ੍ਰੰਥ ਦੀ ਲਿਖਤ ਪ੍ਰੰਪਰਾ ਦੇ ਬਾਨੀ ਪੈਗੰਬਰ:ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ

ਧਰਮਾਂ ਦੇ ਸੰਸਾਰ ਵਿੱਚ ਧਰਮ-ਬਾਨੀ/ਪੈਗੰਬਰਾਂ ਦੀ ਲੜ੍ਹੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਇੱਕ ਅਜਿਹੇ ਬਾਨੀ ਵਜੋਂ  ਜਾਣਿਆ ਜਾਂਦਾ ਹੈ....

ਜਿਸ ਅਨੁਸਾਰ ਉਹ ਜਿੱਥੇ ਸਿੱਖ ਧਰਮ ਦੇ ਸਿਰਜਕ ਹਨ, ਉੱਥੇ ਨਾਲ ਹੀ  ਉਹਨਾਂ ਨੇ  ਕਿਸੇ ਧਾਰਮਿਕ ਰਹਿਨੁਮਾ ਦੁਆਰਾ ਆਪਣੀ ਸਰੀਰਕ ਮੌਜੂਦਗੀ ਵਿੱਚ ਧਰਮ-ਗ੍ਰੰਥ ਨੂੰ ਲਿਖਤੀ ਰੂਪ ਪ੍ਰਦਾਨ ਕਰਨ ਵਾਲੀ ਪਰੰਪਰਾ ਦਾ ਆਗਾਜ਼ ਵੀ ਕੀਤਾ, ਜਿਸ ਦੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਅਣਹੋਂਦ ਸੀ। ਇਹ ਇੱਕ ਬਹੁਤ ਹੀ ਵੱਡਾ ਕਾਰਜ ਸੀ ਜਿਸ ਨੂੰ ਵਿਚਾਰਨਾ ਅਤੇ ਵਰਤਮਾਨ ਸਮੇਂ ਧਰਮ ਵਿਸ਼ੇ ਦੀ ਅਕਾਦਮਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਸਾਹਿਬ ਦੀ ਇਸ ਦੇਣ ਨੂੰ ਸਮੁੱਚੇ ਵਿਸ਼ਵ ਦੇ ਸਾਹਮਣੇ ਪੇਸ਼ ਕਰਨਾ ਮੇਰੇ ਖਿਆਲ ਅਨੁਸਾਰ ਇੱਕ ਬਹੁਤ ਹੀ ਮਹੱਤਵਪੂਰਨ ਤੇ ਨਿਵੇਕਲਾ ਕਦਮ ਹੈ। ਇਸ ਵਿਸ਼ੇ ਬਾਰੇ ਲਗਭਗ ਦੋ ਦਹਾਕੇ ਪਹਿਲਾਂ ਪ੍ਰਸਿੱਧ ਸਿੱਖ ਚਿੰਤਕ ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਆਪਣੀ ਪੁਸਤਕ “ਧੁਰ ਕੀ ਬਾਣੀ:ਸੰਪਾਦਨ ਜੁਗਤ” ਰਾਹੀਂ ਇਕ ਅਜਿਹਾ ਵਿਚਾਰ ਪ੍ਰਬੰਧ ਸਿਰਜਿਆ ਜਿਸਨੇ ਮੌਖਿਕ ਅਤੇ ਲਿਖਤ ਪ੍ਰੰਪਰਾ ਨੂੰ ਅਕਾਦਮਿਕ ਹੱਦਬੰਦੀਆਂ ਅੰਦਰ ਵਿਸ਼ਲੇਸ਼ਣ ਕਰਕੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਸਬੰਧੀ ਖੜੀਆਂ ਹੋਈਆਂ ਭਰਾਂਤੀਆਂ ਨੂੰ ਖਤਮ ਕਰਨ ਲਈ ਨਵੀਂ ਅਕਾਦਮਿਕ ਸੋਚ ਦਾ ਵਿਕਾਸ ਕੀਤਾ ਅਤੇ ਨਾਲ ਹੀ ਪੱਛਮੀ ਚਿੰਤਕਾਂ ਨੂੰ ਵੀ ਦੁਬਾਰਾ ਆਪਣੀਆਂ ਲਿਖਤਾਂ ਪੜਚੋਲਣ ਵਾਲੇ ਪਾਸੇ ਵੰਗਾਰਿਆ ।  ਇਸੇ ਸੰਦਰਭ ਵਿੱਚ ਹੀ ਜਦੋਂ ਅਸੀਂ ਸੰਸਾਰ ਦੇ ਵਿਭਿੰਨ ਧਰਮ-ਗ੍ਰੰਥਾਂ  ਦੀ ਪੜਚੋਲ ਕਰਦੇ ਹਾਂ ਤਾਂ ਦੁਨੀਆਂ ਦਾ ਇੱਕੋ-ਇੱਕ ਧਰਮ-ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੇ ਲਿਖਤ ਕਾਰਜ ਦੀ ਸਥਾਪਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਆਰੰਭ ਕਰ ਦਿੱਤੀ ਇਸ ਮਜ਼ਮੂਨ ਵਿੱਚ ਗੁਰੂ ਨਾਨਕ ਪਾਤਸ਼ਾਹ ਦੁਆਰਾ ਸਥਾਪਿਤ ਕੀਤੀ ਲਿਖਤ ਬਾਣੀ ਪ੍ਰੰਪਰਾ ਨੂੰ ਇਤਿਹਾਸਿਕ ਹਵਾਲਿਆਂ ਰਾਹੀਂ ਵੇਖਣ ਦਾ ਜਤਨ ਕੀਤਾ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਬਾਣੀ ਗਾਇਣ ਅਤੇ ਬਾਣੀ ਲਿਖਣ ਨੂੰ ਮਹੱਤਤਾ ਪ੍ਰਦਾਨ ਕੀਤੀ। ਇੱਥੇ ਇਹ ਵੀ ਮਹੱਤਵਪੂਰਨ ਹੈ ਕਿ ਗੁਰੂ ਨਾਨਕ ਸਾਹਿਬ ਦੁਆਰਾ ਸਥਾਪਿਤ ਇਸ ਪ੍ਰੰਪਰਾ ਨੂੰ ਤੁਲਨਾਤਮਕ ਨਜ਼ਰੀਏ ਤੋਂ ਵੀ ਵਾਚਿਆ ਜਾਣਾ ਅਤਿ ਜ਼ਰੂਰੀ ਹੈ ਤਾਂ ਕਿ ਤੱਥ ਅਤੇ ਸੱਚ ਸਹਿਤ ਨਤੀਜਿਆਂ ਤਕ ਪਹੁੰਚਿਆ ਜਾ ਸਕੇ।

ਜੇਕਰ ਸਿੱਖ ਧਰਮ ਦੇ ਆਗਮਨ ਤੋਂ ਪਹਿਲਾਂ ਅਸੀਂ ਸੰਸਾਰ ਦੇ ਦੂਸਰੇ ਧਰਮਾਂ ਬਾਰੇ ਗੱਲ ਕਰੀਏ ਤਾਂ ਇਤਿਹਾਸਿਕ ਤੌਰ ਤੇ ਇਹ ਤੱਥ ਸਾਡੇ ਸਾਹਮਣੇ ਰੂਪਮਾਨ ਹੁੰਦੇ ਹਨ ਕਿ ਸਿੱਖ ਧਰਮ ਤੋਂ ਪਹਿਲਾਂ  ਮੁੱਖ ਤੌਰ ਤੇ ਦੁਨੀਆਂ ਦੇ ਵਿੱਚ ਸੱਤ ਵੱਡੇ ਧਰਮ ਹੋਂਦ ਦੇ ਵਿੱਚ ਆ ਚੁੱਕੇ ਸਨ, ਜਿਨ੍ਹਾਂ ਵਿੱਚੋਂ ਏਸ਼ੀਆ ਦੇ ਪੱਛਮ ਵਿੱਚ ਪਾਰਸੀ, ਯਹੂਦੀ ,ਇਸਾਈ ਅਤੇ ਇਸਲਾਮ ਧਰਮ ਦਾ ਨਾਮ ਆਉਂਦਾ ਹੈ ਅਤੇ ਦੂਸਰੇ ਪਾਸੇ ਹਿੰਦੁਸਤਾਨ ਵਿੱਚ ਹਿੰਦੂ, ਜੈਨ, ਅਤੇ ਬੁੱਧ ਧਰਮ ਦਾ ਵਰਨਣ ਮਿਲਦਾ ਹੈ। ਇਹਨਾਂ ਧਰਮਾਂ ਦੇ ਅਖੀਰ ਵਿਚ ਸਿੱਖ ਧਰਮ ਦਾ ਪ੍ਰਕਾਸ਼ ਹੁੰਦਾ ਹੈ। ਇਹਨਾਂ ਸਾਰੇ ਧਰਮਾਂ ਦਾ ਆਪੋ ਆਪਣਾ ਇੱਕ ਪਵਿੱਤਰ ਧਰਮ-ਗ੍ਰੰਥ ਹੈ, ਜਿਵੇਂ ਕਿ ਪਾਰਸੀ ਧਰਮ ਦਾ ਪਵਿੱਤਰ ਜੇਂਦ ਅਵੇਸਤਾ, ਯਹੂਦੀ ਧਰਮ ਦਾ ਪਵਿੱਤਰ ਪੁਰਾਣਾ ਨੇਮ ਅਹਿਦਨਾਮਾ ਇਸਾਈ ਧਰਮ ਦਾ ਪਵਿੱਤਰ ਬਾਈਬਲ, ਇਸਲਾਮ ਧਰਮ ਦਾ ਪਵਿੱਤਰ ਕੁਰਾਨ, ਹਿੰਦੂ ਧਰਮ ਦੇ ਪਵਿੱਤਰ ਵੇਦ, ਜੈਨ ਧਰਮ ਦੇ ਪਵਿੱਤਰ ਅੰਗ/ਆਗਮ ਅਤੇ ਬੁੱਧ ਧਰਮ ਦਾ ਪਵਿੱਤਰ ਧਰਮ-ਗ੍ਰੰਥ ਤ੍ਰਿਪਿਟਕ ਅਤੇ ਸਿੱਖ ਧਰਮ ਦਾ ਪਵਿੱਤਰ ਧਰਮ-ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਸਾਰੇ ਧਰਮ-ਗ੍ਰੰਥ ਆਪਣੇ ਪੈਰੋਕਾਰਾਂ ਦੀ ਰਹਿਨੁਮਾਈ ਕਰਨ ਲਈ ਇੱਕ ਬੇਸ਼ਕੀਮਤੀ ਖਜ਼ਾਨੇ ਵਜੋਂ ਭਰਪੂਰ ਹਨ। ਇਹਨਾਂ ਸਮੁੱਚੇ ਧਰਮ ਗ੍ਰੰਥਾਂ ਦੀ ਮਹੱਤਤਾ ਦਾ ਵਖਿਆਨ ਕਰਦਿਆਂ ਹੋਇਆ ਇੱਕ ਵਿਦਵਾਨ ਨੇ ਬੜ੍ਹਾ ਸੁੰਦਰ ਚਿੱਤ੍ਰਣ ਪੇਸ਼ ਕੀਤਾ ਹੈ ਕਿ ਧਰਮ-ਗ੍ਰੰਥ “ਜੋ ਥੱਕੇ-ਟੁੱਟੇ ਮੁਸਾਫਿਰਾਂ ਲਈ ਜੀਵਨਦਾਨੀ ਹੀ ਨਹੀਂ ਬਣਦੇ  ਸਗੋਂ ਜਿੰਦਗੀ ਦੇ ਮਾਰੂਥਲਾਂ ਦੀ ਤਪਸ਼ ਵਿੱਚ ਥੱਕੇ ਹਾਰੇ, ਭਟਕਦੇ ਅਤੇ ਜਲ-ਭੁਜ ਰਹੇ ਲੋਕਾਂ ਨੂੰ ਧੁਰ ਅੰਦਰ ਤੱਕ ਆਪਣੀ ਠੰਡਕ ਨਾਲ ਸਹਿਜ ਅਵਸਥਾ ਦੇ ਧਾਰਨੀ ਵੀ ਬਣਾ ਦਿੰਦੇ ਹਨ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਧਰਮ-ਗ੍ਰੰਥ ਕਿਸੇ ਵੀ ਕੌਮ ਦੇ ਲਈ ਇੱਕ ਜ਼ਰੂਰੀ ਅਤੇ ਅਹਿਮ ਅੰਗ ਹੈ।

ਹੁਣ ਇੱਥੇ ਇੱਕ ਨਵਾਂ ਪ੍ਰਸ਼ਨ ਸਾਡੇ ਸਾਹਮਣੇ ਰੂਪਮਾਨ ਹੁੰਦਾ ਹੈ ਕਿ ਜੇਕਰ ਧਰਮ-ਗ੍ਰੰਥ ਕਿਸੇ ਵੀ ਧਰਮ ਦੀ ਰੂਹ ਦੀ ਖੁਰਾਕ ਹੈ ਤਾਂ ਕੀ ਉਸ ਧਰਮ-ਗ੍ਰੰਥ ਦਾ ਪ੍ਰਕਾਸ਼ ਧਰਮ ਬਾਨੀਆਂ ਦੁਆਰਾ ਕੀਤਾ ਗਿਆ ਹੈ ਕਿ ਨਹੀਂ। ਧਰਮ ਗ੍ਰੰਥਾਂ ਦੇ ਲਿਖਤ ਸਰੂਪ ਨੂੰ ਇਤਿਹਾਸਿਕ ਤੱਥਾਂ ਅਨੁਸਾਰ ਜਦੋਂ ਅਸੀਂ ਵਾਚਦੇ ਹਾਂ ਤਾਂ ਸਾਡੇ ਸਾਹਮਣੇ ਇਹ ਸਬੂਤ ਪੇਸ਼ ਹੁੰਦੇ ਹਨ ਕਿ ਇਹਨਾਂ ਸਾਰੇ ਧਰਮਾਂ ਦੇ ਧਰਮ-ਗ੍ਰੰਥ ਧਰਮ ਪੈਗੰਬਰਾਂ ਦੇ ਸਮੇ ਤੋਂ ਬਾਅਦ ਹੋਂਦ ਵਿੱਚ ਆਏ ਅਤੇ ਕਾਫੀ ਸਮਾਂ ਬਾਅਦ ਧਰਮਾਂ ਦੇ ਪੈਰੋਕਾਰਾਂ ਦੁਆਰਾ ਇਹਨਾਂ ਨੂੰ ਲਿਖਤ ਰੂਪ ਪ੍ਰਦਾਨ ਕਰਕੇ ਸੰਪਾਦਿਤ ਕੀਤਾ ਗਿਆ। ਦੁਨੀਆਂ ਦੇ ਵਿੱਚ ਇੱਕੋ-ਇੱਕ ਧਰਮ-ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ  ਆਪਣੀ    ਸਰੀਰਕ ਮੌਜੂਦਗੀ ਵਿੱਚ ਆਪ ਲਿਖਵਾਇਆ, ਆਪ ਇਸਦਾ ਸੰਪਾਦਨ ਕੀਤਾ ਅਤੇ ਆਪ ਹੀ ਆਪਣੇ ਹੱਥੀਂ ਗੁਰਗੱਦੀ ਬਖਸ਼ ਕੇ ਸਦੀਵੀ ਤੌਰ ਤੇ ਸਿੱਖ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਇਸ ਹੱਥੀਂ  ਲਿਖਵਾਉਣ ਦੇ ਕਾਰਜ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਸਥਾਪਿਤ ਕੀਤਾ ਜਿਸ ਬਾਰੇ ਸਭ ਤੋਂ ਪਹਿਲਾਂ ਐਲਾਨ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਪਣੀ ਬਾਣੀ ਦੇ ਵਿੱਚ ਮਹਾਂਵਾਕ ਦਰਜ ਕਰਕੇ ਇੱਕ ਬਦਲ ਸਥਾਪਿਤ ਕਰਦਿਆਂ ਹੋਇਆ ਐਲਾਨ ਕੀਤਾ ਕਿ ਲਿਖਤ ਤੋਂ ਬਿਨਾਂ ਸਦੀਵਤਾ ਸੰਭਵ ਨਹੀਂ, ਜੋ ਸਿਰਫ ਬੋਲਾਂ ਦੇ ਵਿੱਚ ਹੁੰਦਾ ਹੈ ਉਹ ਸਮਾਂ ਪਾ ਕੇ ਗਵਾਚ ਜਾਂਦਾ ਹੈ। ਲਿਖਿਆ ਹੋਇਆ ਸਦੀਵੀ ਸਥਾਪਿਤ ਹੋ ਜਾਂਦਾ ਹੈ। ਪਾਤਸ਼ਾਹ ਦਾ ਮਹਾਂਵਾਕ ਹੈ-

                       ਲਿਖੇ ਬਾਝਹੁ ਸੁਰਤਿ ਨਾਹੀ ਬਲਿ ਬੋਲਿ ਗਵਾਈਐ।।

                       ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦ ਲਿਖਾਈਐ।।

ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਇਹ ਇੱਕ ਪਹਿਲਾ ਵੱਡਾ ਕਦਮ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤਾ ਅਤੇ ਇਸ ਮਹੱਤਵਪੂਰਨ ਕਦਮ ਨੂੰ ਹੋਰ ਮਹੱਤਤਾ ਪ੍ਰਦਾਨ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਇੱਕ ਹੋਰ ਵੱਡਾ ਮਹਾਂਵਾਕ ਦਰਜ ਕਰਦਿਆਂ ਹੋਇਆਂ ਲਿਖਤ ਬਾਣੀ ਪਰੰਪਰਾ ਨੂੰ ਤਾਂ ਵਿਸ਼ੇਸ਼ ਕਿਹਾ ਹੀ ਨਾਲ ਹੀ ਉਹਨਾਂ ਨੂੰ ਵੀ ਵਿਸ਼ੇਸ਼ ਦਰਜਾ ਦੇ ਕੇ “ਧੰਨ” ਕਹਿ ਕੇ ਨਿਵਾਜਿਆ ਜਿਨਾਂ ਨੇ ਇਹਨਾਂ ਮਹਾਂਵਾਕਾਂ ਨੂੰ ਲਿਖਤ ਰੂਪ ਪ੍ਰਦਾਨ ਕਰਨ ਦਾ ਵੱਡਾ ਕਾਰਜ ਕੀਤਾ। ਗੁਰੂ ਪਾਤਸ਼ਾਹ ਦਾ ਫੁਰਮਾਨ ਹੈ-

                             ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।

ਇਸ ਬਾਣੀ ਦੀ ਪੰਗਤੀ ਨੂੰ ਜਦੋਂ ਅਸੀਂ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਲੈ ਕੇ ਜਾਂਦੇ ਹਾਂ ਤਾਂ ਸਾਡੇ ਸਾਹਮਣੇ ਕਈ ਸਿੱਖਾਂ ਦੇ ਨਾਮ ਆਉਂਦੇ ਹਨ, ਜਿਨਾਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਲਿਖਤ ਬਾਣੀ ਦੇ ਕਾਰਜ ਵਿੱਚ ਆਪਣਾ ਹਿੱਸਾ ਪਾਇਆ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਬਾਣੀ ਲਿਖਣ ਪ੍ਰਬੰਧ ਦੇ ਵਿੱਚ ਆਪਣੇ ਸਿੱਖਾਂ ਤੋਂ ਸੇਵਾ ਲੈਂਦੇ ਸਨ, ਜਿਸ ਨੂੰ ਕਿ ਅਸੀਂ ਇੱਕ ਉੱਤਮ ਸੇਵਾ ਵਜੋਂ ਵੀ  ਪ੍ਰਵਾਨ ਕਰ ਸਕਦੇ ਹਾਂ।

ਸਿੱਖ ਧਰਮ ਗ੍ਰੰਥ ਨੂੰ ਲਿਖਤੀ ਰੂਪ ਪ੍ਰਦਾਨ ਕਰਨ ਦੇ ਸਿੱਖ ਸਾਹਿਤ ਵਿੱਚੋਂ ਅਨੇਕਾਂ ਹਵਾਲੇ ਪ੍ਰਾਪਤ ਹੋ ਜਾਂਦੇ ਹਨ । ਭਾਈ ਵੀਰ ਸਿੰਘ ਜੀ ਦੁਆਰਾ ਸੰਪਾਦਤ ਕੀਤੀ ਗਈ ਪੁਰਾਤਨ ਜਨਮ ਸਾਖੀ ਵਿੱਚ ਇੱਕ ਗੋਸ਼ਟਿ ਦਾ ਜ਼ਿਕਰ ਕਰਦਿਆਂ ਹੋਇਆਂ ਵਰਣਨ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ  ਮਛਿੰਦਰ ਨਾਲ  ਗੋਸ਼ਟੀ ਸੰਪੂਰਨ ਹੋਣ ਤੋਂ ਬਾਅਦ ਉਸ ਸਮੇਂ ਜਿਸ ਬਾਣੀ ਨੂੰ ਉਚਾਰਿਆ ਗਿਆ, ਉਹ ਬਾਣੀ ਭਾਈ ਸੈਦੋ ਘੇਹੋ ਨੇ ਲਿਖੀ। ਆਪਣੀਆਂ ਉਦਾਸੀਆਂ ਦੇ ਦੌਰਾਨ ਜਦੋਂ ਗੁਰੂ ਜੀ ਕਸ਼ਮੀਰ ਦੇ ਵਿੱਚ ਗਏ ਉਥੇ ਗੁਰੂ ਜੀ ਦੀ ਪੰਡਿਤ ਬ੍ਰਹਮ ਦਾਸ ਨਾਲ ਜੋ ਮੁਲਾਕਾਤ ਹੋਈ ਅਤੇ  ਪਵਿੱਤਰ ਬਾਣੀ ਦਾ ਆਗਮਨ ਹੋਇਆ। ਇਸ ਬਾਣੀ ਨੂੰ ਹਸੂ ਲੁਹਾਰ ਅਤੇ ਸੀਹੈ ਛੀਬੇ ਨੇ ਲਿਖਤ ਰੂਪ ਪ੍ਰਦਾਨ ਕੀਤਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਦਾ ਕਾਫੀ ਸਮਾਂ ਕਰਤਾਰਪੁਰ ਸਾਹਿਬ ਵਿਖੇ ਬੀਤਿਆ ਜਿੱਥੇ ਕਿ ਮੌਜੂਦਾ ਸਮੇਂ ਸਮੁੱਚਾ ਸਿੱਖ ਸਮਾਜ ਕਰਤਾਰਪੁਰ ਕਾਰੀਡੋਰ ਦੇ ਰਾਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਰਿਹਾ ਹੈ। ਇਸੇ ਸਥਾਨ ਦੇ ਇਤਿਹਾਸ ਨੂੰ ਵੀ ਜੇਕਰ ਡੂੰਘਾਈ ਨਾਲ ਵਾਚਿਆ ਜਾਵੇ ਤਾਂ ਇਤਿਹਾਸਿਕ ਤੱਥ ਇਹ ਵਖਿਆਨ ਪੇਸ਼ ਕਰਦੇ ਹਨ ਕਿ ਗੁਰੂ ਸਾਹਿਬ ਦਾ ਪ੍ਰਮੁੱਖ ਸਿੱਖ ਭਾਈ ਮਨਸੁਖ ਗੁਰੂ ਸਾਹਿਬ ਕੋਲ ਕਰਤਾਰਪੁਰ ਵਿਖੇ ਅਖੀਰਲੇ ਸਮੇਂ ਲਗਭਗ ਤਿੰਨ ਸਾਲ ਇੱਥੇ ਰਿਹਾ  ਅਤੇ ਗੁਰੂ ਨਾਨਕ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਬਾਣੀ ਨੂੰ ਲਿਖ ਕੇ ਪੋਥੀਆਂ ਦੇ ਰੂਪ ਵਿੱਚ ਸੰਗ੍ਰਹਿਤ ਕੀਤਾ। ਭਾਈ ਗੁਰਦਾਸ ਜੀ ਵੀ ਆਪਣੀ ਵਾਰ ਵਿੱਚ  “ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ”  ਵਾਲੀ ਲਾਈਨ ਵੀ ਗੁਰੂ ਨਾਨਕ ਸਾਹਿਬ ਦੁਆਰਾ ਆਪਣੀ ਬਾਣੀ ਨੂੰ ਲਿਖਤੀ ਰੂਪ ਵਿੱਚ ਸੰਭਾਲੇ ਜਾਣ ਦਾ ਸੰਕੇਤ ਪ੍ਰਧਾਨ ਕਰਦੀ ਹੈ।  ਜੇਕਰ ਬਾਣੀ ਨੂੰ ਗੁਰੂ ਨਾਨਕ ਸਾਹਿਬ ਤੋਂ ਬਾਅਦ ਸੰਭਾਲ ਕੀਤੇ ਜਾਣ ਦੇ ਇਤਿਹਾਸਿਕ ਰੂਪ ਵਿੱਚ ਗੱਲ ਕਰੀਏ ਤਾਂ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦੀ ਬਖਸ਼ਿਸ਼ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕੀਤੀ ਤਾਂ ਉਹਨਾਂ ਨੇ ਪਹਿਲਾਂ ਹੀ ਤਿਆਰ ਕੀਤੀਆਂ ਹੋਇਆਂ ਪੋਥੀਆਂ ਨੂੰ ਗੁਰੂ ਅੰਗਦ ਦੇਵ ਜੀ ਨੂੰ ਸੌਂਪਿਆ ਤੇ ਇਹੀ ਪਰੰਪਰਾ ਨੂੰ ਅਗਲੇ ਗੁਰੂ ਸਾਹਿਬਾਨ ਨੇ ਵੀ ਅੱਗੇ ਜਾਰੀ ਰੱਖਿਆ। ਇਤਿਹਾਸਿਕ ਵਾਕ ਹਨ

                                       ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗੁ ਮਿਲੀ॥ 

ਉਪਰੋਕਤ ਵਿਚਾਰ ਚਰਚਾ ਤੋਂ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਇੱਕ ਵੱਖਰੀ ਕੌਮ ਨੂੰ ਜਨਮ ਦਿੱਤਾ ਉਥੇ ਨਾਲ ਹੀ ਇੱਕ ਵੱਖਰੇ ਲਿਖਤ ਧਰਮ-ਗ੍ਰੰਥ ਪ੍ਰੰਪਰਾ ਨੂੰ ਵੀ ਜਨਮ ਦਿੱਤਾ ਜਿਸ ਨੂੰ ਅਗਲੇ ਗੁਰੂ ਸਾਹਿਬਾਨ ਨੇ ਅਪਣਾਉਂਦਿਆਂ ਹੋਇਆਂ ਦੁਨੀਆਂ ਦੇ ਪਹਿਲੇ ਧਰਮ-ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹੱਥੀ ਸੰਪਾਦਨ ਕੀਤਾ ਅਤੇ ਸਦੀਵ ਤੌਰ ਤੇ ਸਿੱਖ ਸਮਾਜ ਨੂੰ ਇਸ ਪਵਿੱਤਰ ਧਰਮ-ਗ੍ਰੰਥ ਦੇ ਚਰਨੀ ਲਾ ਕੇ ਬਖਸ਼ਿਸ਼ ਪ੍ਰਦਾਨ ਕੀਤੀ। ਇਹ ਕਹਿਣ ਵਿੱਚ ਕੋਈ ਅਤਕਥਨੀ ਨਹੀਂ ਕਿ ਜਦੋਂ ਗੁਰੂ ਅਰਜਨ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਸੰਬੋਧਿਤ ਹੁੰਦੇ ਹੋਏ “ਸਭ ਤੇ ਵਡਾ ਸਤਿਗੁਰੁ ਨਾਨਕੁ” ਸ਼ਬਦ ਉਚਾਰਦੇ ਹਨ ਤਾਂ ਉਸ ਪਿੱਛੇ ਵੱਡਾ ਪੁਰਖ ਕਹਿਣ ਦਾ ਇੱਕ ਕਾਰਨ ਇਹ ਵੀ ਹੈ ਕਿ ਜਿੱਥੇ ਉਹਨਾਂ ਨੇ ਹੋਰ ਵੱਡੀਆਂ ਸਥਾਪਨਾਵਾਂ ਕੀਤੀਆਂ ਉਹਨਾਂ ਵਿੱਚੋਂ ਇੱਕ ਸਥਾਪਨਾ ਲਿਖਤ ਧਰਮ-ਗ੍ਰੰਥ ਪਰੰਪਰਾ ਦੀ ਨੂੰ ਵੀ ਹੋਂਦ ਦੇ ਵਿੱਚ ਲਿਆਂਦਾ ਜਿਸ ਨੂੰ ਕਿ ਅਸੀਂ ਅੱਜ ਦੇ ਦੌਰ ਵਿੱਚ ਧਰਮਾਂ ਦੀ ਅਕਾਦਮਿਕਤਾ ਦਾ ਸਿਖਰਲਾ ਪ੍ਰਬੰਧ ਸਵੀਕਾਰ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਉਨਾਂ ਦੇ 554ਵੇਂ ਪ੍ਰਕਾਸ਼ ਪੁਰਬ ਉੱਪਰ ਇਸ ਵੱਡੀ ਦੇਣ ਨੂੰ ਸਮਰਪਿਤ ਨਮਸਕਾਰ ਪ੍ਰਦਾਨ ਕਰ ਰਹੇ ਹਾਂ।

 

ਸੁਖਦੇਵ ਸਿੰਘ, ਸਹਾਇਕ ਪ੍ਰੋਫੈਸਰ,

ਜਗਤ ਗੁਰੂ ਨਾਨਕ ਦੇਵ, ਪੰਜਾਬ ਸਟੇਟ ਓਪਨ ਯੂਨੀਵਰਸਿਟੀ,ਪਟਿਆਲਾ

ਮੋਬਾਇਲ ਨੰ. 9707000004