ਡੇਰਾ ਬੱਸੀ ਤੇ ਗੁਰੂ ਗ੍ਰਾਮ ਵਿਚ ਵਾਪਰਿਆ ਕਿਡਨੀ ਰੈਕੇਟ ਦਾ ਮਾਮਲਾ

ਡੇਰਾ ਬੱਸੀ ਤੇ ਗੁਰੂ ਗ੍ਰਾਮ ਵਿਚ ਵਾਪਰਿਆ ਕਿਡਨੀ ਰੈਕੇਟ ਦਾ ਮਾਮਲਾ

ਦੋਸ਼ੀ ਬੰਗਲਾਦੇਸ਼ ਦੇ ਗ਼ਰੀਬ ਤਬਕੇ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਸਨ

ਕਿਡਨੀ (ਗੁਰਦਾ) ਦਾਨ ਕਰਨ ਸਬੰਧੀ ਕਾਨੂੰਨੀ ਦਿਸ਼ਾ-ਨਿਰਦੇਸ਼ ਬਿਲਕੁਲ ਸਪੱਸ਼ਟ ਹਨ: ਮਨੁੱਖੀ ਅੰਗਾਂ ਦੀ ਬਦਲੀ ਤੇ ਟਿਸ਼ੂ ਐਕਟ-1994 ਵਰਗੇ ਕਾਨੂੰਨ ਭਾਰਤ ਵਿੱਚ ਅੰਗਾਂ ਦੇ ਵਪਾਰਕ ਸੌਦਿਆਂ ’ਤੇ ਰੋਕ ਲਾਉਂਦੇ ਹਨ, ਸਿਰਫ਼ ਰਿਸ਼ਤੇਦਾਰਾਂ ਨੂੰ ਆਪਸ ਵਿਚ ਜਾਂ ਗ਼ੈਰ-ਸਾਧਾਰਨ ਸਥਿਤੀਆਂ ਵਿਚ ਢੁੱਕਵੀਂ ਸਰਕਾਰੀ ਪ੍ਰਵਾਨਗੀ ਤੋਂ ਬਾਅਦ ਹੀ ਅੰਗ ਦਾਨ ਕਰਨ ਦੀ ਆਗਿਆ ਦਿੰਦੇ ਹਨ ਪਰ ਇਨ੍ਹਾਂ ਨਿਯਮਾਂ ਦੇ ਬਾਵਜੂਦ ਹਰਿਆਣਾ ਵਿੱਚ ਮਨੁੱਖੀ ਅੰਗਾਂ ਦਾ ਘਿਨਾਉਣਾ ਧੰਦਾ ਬੇਰੋਕ ਚੱਲ ਰਿਹਾ ਹੈ ਜਿਸ ਦੀ ਪੁਸ਼ਟੀ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਹੁੰਦੀ ਹੈ।

ਇਸੇ ਤਰ੍ਹਾਂ ਦੇ ਅੰਤਰ-ਰਾਜੀ ਅਪਰਾਧ ਦਾ ਪਰਦਾਫਾਸ਼ ਬੀਤੇ ਦਿਨੀਂ ਗੁਰੂਗ੍ਰਾਮ ਵਿੱਚ ਹੋਇਆ। ਪੁਲੀਸ ਨੇ ਗ਼ੈਰ-ਕਾਨੂੰਨੀ ਕਿਡਨੀ ਟਰਾਂਸਪਲਾਂਟ ਰੈਕੇਟ ਚਲਾਉਣ ਲਈ ਮੁਹੰਮਦ ਮੁਰਤਜ਼ਾ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮੁੱਖ ਤੌਰ ’ਤੇ ਬੰਗਲਾਦੇਸ਼ ਦੇ ਗ਼ਰੀਬ ਤਬਕੇ ਦਾ ਨਾਜਾਇਜ਼ ਫ਼ਾਇਦਾ ਉਠਾ ਰਿਹਾ ਸੀ। ਅੰਸਾਰੀ ਸੋਸ਼ਲ ਮੀਡੀਆ ਇਸ਼ਤਿਹਾਰਬਾਜ਼ੀ ਰਾਹੀਂ ਪੈਸਿਆਂ ਦਾ ਲਾਲਚ ਦਿੰਦਾ ਸੀ। ਹੈਰਾਨੀ ਦੀ ਗੱਲ ਹੈ ਕਿ ਅੰਗ ਦਾਨ ਕਰਨ ਵਾਲਿਆਂ ਨੂੰ ਮਹਿਜ਼ ਦੋ ਲੱਖ ਰੁਪਏ ਮਿਲ ਰਹੇ ਸਨ; ਆਪ ਉਹ ਪ੍ਰਤੀ ਕੇਸ 8 ਲੱਖ ਰੁਪਏ ਤੱਕ ਲੈ ਰਿਹਾ ਸੀ ਜਿਸ ਤੋਂ ਸ਼ੋਸ਼ਣ ਦੇ ਪੱਧਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਿਛਲੇ ਸਾਲ ਇੱਕ ਉੱਘੇ ਹਸਪਤਾਲ ਦੇ ਨਾਂ ਹੇਠ ਫ਼ਰਜ਼ੀ ਵੈੱਬਸਾਈਟ ਉੱਤੇ ਗੁਰਦਾ ਵੇਚਣ ਵਾਲਿਆਂ ਨੂੰ ਲਲਚਾਉਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਹਸਪਤਾਲ ਨੇ ਇਸ ਬੇਹੱਦ ਮਾੜੇ ਕੰਮ ਦੀ ਸ਼ਿਕਾਇਤ ਗੁਰੂਗ੍ਰਾਮ ਪੁਲੀਸ ਨੂੰ ਕੀਤੀ। ਇਹ ਤਸਕਰਾਂ ਦੀ ਜੁਰਅਤ ਤੇ ਕਾਨੂੰਨੀ ਏਜੰਸੀਆਂ ਅੱਗੇ ਬਣੀਆਂ ਚੁਣੌਤੀਆਂ ਦੀਆਂ ਮਿਸਾਲਾਂ ਹਨ। ਅਪਰਾਧਕ ਗੁੱਟ ਰੈਗੂਲੇਟਰੀ ਕਮੀਆਂ ਦਾ ਫਾਇਦਾ ਉਠਾਉਂਦੇ ਹਨ ਤੇ ਸ਼ਨਾਖ਼ਤ ਤੋਂ ਬਚਣ ਲਈ ਡਿਜੀਟਲ ਪਲੈਟਫਾਰਮਾਂ ਦਾ ਸਹਾਰਾ ਲੈਂਦਿਆਂ ਇਹ ਘਿਨਾਉਣਾ ਵਪਾਰ ਕਰਦੇ ਹਨ। ਡਾ. ਅਮਿਤ ਕੁਮਾਰ ਵਰਗੇ ਕੇਸ ਜਿਸ ਵਿਚ ਪੰਚਕੂਲਾ ਦੀ ਅਦਾਲਤ ਨੇ ਉਸ ਨੂੰ ਕਿਡਨੀ ਟਰਾਂਸਪਲਾਂਟ ਘੁਟਾਲੇ ਦੇ ਗਵਾਹਾਂ ਨੂੰ ਧਮਕਾਉਣ ਲਈ 2020 ਵਿਚ ਕੈਦ ਦੀ ਸਜ਼ਾ ਸੁਣਾਈ ਸੀ, ਇਨ੍ਹਾਂ ਅਪਰਾਧਾਂ ਦੀ ਗੰਭੀਰਤਾ ਨੂੰ ਉਭਾਰਦੇ ਹਨ। ਇਸ ਤਰ੍ਹਾਂ ਦੀਆਂ ਸਜ਼ਾਵਾਂ ਭਾਵੇਂ ਵੱਡਾ ਮਹੱਤਵ ਰੱਖਦੀਆਂ ਹਨ ਪਰ ਅਕਸਰ ਇਹ ਸੰਗਠਿਤ ਤੰਤਰ ਦੀ ਥਾਂ ਗਿਣਤੀ ਦੇ ਵਿਅਕਤੀਆਂ ਨੂੰ ਹੀ ਘੇਰੇ ਵਿਚ ਲੈਂਦੀਆਂ ਹਨ ਜਿਸ ਕਾਰਨ ਇਹ ਧੰਦਾ ਚੱਲਦਾ ਰਹਿੰਦਾ ਹੈ।

ਡੇਰਾਬੱਸੀ ਕਾਂਡ ਦਾ ਮਾਸਟਰਮਾਈਂਡ ਸਮੀਰ 

 ਡੇਰਾਬੱਸੀ ਦੇ ਇੰਡਸ ਇੰਟਰਨੈਸ਼ਨਲ ਹਸਪਤਾਲ ’ਚ ਸਾਹਮਣੇ ਆਏ ਕਿਡਨੀ ਰੈਕਟ ਦਾ ਮੁੱਖ ਸਰਗਨਾ ਮੁੰਬਈ ਦਾ ਰਹਿਣ ਵਾਲਾ ਸਮੀਰ ਹੈ। ਪੁਲਿਸ ਵੱਲੋਂ 18 ਮਾਰਚ ਨੂੰ ਦਰਜ ਕੀਤੇ ਮਾਮਲੇ ’ਵਿਚ ਸਮੀਰ, ਹਸਨ ਅਤੇ ਅਨਮੋਲ ਨੂੰ ਵੀ ਨਾਮਜ਼ਦ ਕਰ ਲਿਆ ਹੈ ਜਿਨ੍ਹਾਂ ਦੀ ਤਲਾਸ਼ ਵਿਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਇਸ ਮਾਮਲੇ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ ਕਿ ਨਕਲੀ ਪੁੱਤਰ ਬਣ ਕੇ ਕਿਡਨੀ ਦੇਣ ਵਾਲਾ ਕਪਿਲ ਫਰਵਰੀ ਮਹੀਨੇ ਵਿਚ ਵੀ ਡੇਰਾਬੱਸੀ ਆਇਆ ਸੀ, ਉਦੋਂ ਤੱਕ ਕਪਿਲ ਦੇ ਨਕਲੀ ਅਮਨ ਤਾਇਲ ਦੇ ਜਾਅਲੀ ਦਸਤਾਵੇਜ਼ ਤਿਆਰ ਹੋ ਚੁੱਕੇ ਸਨ। ਇਸ ਦਾ ਖ਼ੁਲਾਸਾ ਡੇਰਾਬੱਸੀ ਸਰਤਾਜ ਹੋਟਲ ਦੇ ਪਿੱਛੇ ਬਣੇ ਸਮਰ ਗੈਸਟ ਹਾਊਸ ਵਿਚੋਂ ਹੋਇਆ ਹੈ ਜਿਥੇ ਕਪਿਲ ਫਰਵਰੀ ਮਹੀਨੇ ਵਿਚ ਰਹਿਣ ਲਈ ਆਇਆ ਸੀ।

ਇਸੇ ਗੈਸਟ ਹਾਊਸ ਵਿਚੋਂ ਪੁਲਿਸ ਨੇ ਪਵਨ ਮੌਂਗਾ ਨਾਂ ਦੇ ਸ਼ਖਸ ਨੂੰ ਵੀ ਕਾਬੂ ਕੀਤਾ ਸੀ ਜੋ ਆਪਣੀ ਕਿਡਨੀ ਦੇਣ ਆਇਆ ਹੋਇਆ ਸੀ। ਪਵਨ ਮੌਂਗਾ ਇਥੇ ਨਕਲੀ ਨਾਂ ਬ੍ਰਿਜ ਇੰਦਰ ਦੇ ਨਾਂ ’ਤੇ ਕਮਰਾ ਲੈ ਕੇ ਰਹਿ ਰਿਹਾ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਜੇ ਇਸ ਮਾਮਲੇ ਦਾ ਖ਼ੁਲਾਸਾ ਨਾ ਹੁੰਦਾ ਤਾਂ ਉਸ ਦੀ ਵੀ ਕਿਡਨੀ ਕੱਢ ਕੇ ਵੇਚ ਦਿੱਤੀ ਜਾਣੀ ਸੀ।

ਗੈਸਟ ਹਾਊਸ ਦੇ ਰਿਕਾਰਡ ਵਿਚ ਕਮਰਾ ਲੈਣ ਲਈ ਕਪਿਲ ਨੇ ਆਪਣਾ ਅਸਲੀ ਪਛਾਣ ਪੱਤਰ ਤੇ ਦਿੱਤਾ ਸੀ ਜਦਕਿ ਉਸ ਨੇ ਰਿਕਾਰਡ ਵਿਚ ਆਪਣਾ ਨਾਂ ਅਮਨ ਦਰਜ ਕਰਵਾਇਆ ਹੋਇਆ ਸੀ, ਉਸ ਕੋਲ ਅਮਨ ਨਾਂ ਦੇ ਬਣੇ ਜਾਅਲੀ ਦਸਤਾਵੇਜ਼ ਵੀ ਮੌਜੂਦ ਸਨ। ਕਰੀਬ 7-8 ਦਿਨ ਉਹ ਇਥੇ ਰਿਹਾ ਸੀ, ਉਸ ਦੇ ਨਾਲ ਆਇਆ ਇਕ ਹੋਰ ਵਿਅਕਤੀ ਇਕ ਰਾਤ ਰਹਿ ਕੇ ਚਲਾ ਗਿਆ ਸੀ। ਇਹ ਮਾਮਲਾ ਸਾਹਮਣੇ ਆਉਣ ’ਤੇ ਪੁਲਿਸ ਨੇ ਗੈਸਟ ਹਾਊਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਜਾਂਚ ਲਈ ਕਬਜ਼ੇ ਵਿਚ ਲੈ ਲਈ ਹੈ।

ਇਸ ਬਾਰੇ ਏਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ 18 ਮਾਰਚ ਨੂੰ ਕੇਸ ਦਰਜ ਕਰਨ ਮਗਰੋਂ ਇਸ ਗਿਰੋਹ ਨਾਲ ਜੁੜਿਆ ਉੱਤਰ ਪ੍ਰਦੇਸ਼ ਵਸਨੀਕ ਰਾਮ ਨਾਰਾਇਣ ਅਤੇ ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸਾਹਮਣੇ ਆਇਆ ਸੀ ਕਿ ਉਹ ਹਰੇਕ ਵਿਅਕਤੀ ਨੂੰ ਇਸੇ ਹੀ ਗੈਸਟ ਹਾਉਸ ਵਿਚ ਰੁਕਣ ਲਈ ਕਹਿੰਦੇ ਸਨ। ਪੁਲਿਸ ਜਾਂਚ ਦੌਰਾਨ ਇਥੇ ਰੱਖੇ ਬ੍ਰਿਜਇੰਦਰ ਫਰਜ਼ੀ ਨਾਂ ਅਸਲੀ ਪਵਨ ਮੌਂਗਾ ਦਾ ਪਤਾ ਲੱਗਾ ਸੀ ਜਿਸ ਦੀ ਕਿਡਨੀ ਕੱਢਣੀ ਸੀ।

ਇਸ ਬਾਰੇ ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਪਹਿਲਾਂ ਦਰਜ ਕੀਤੇ ਮਾਮਲੇ ਵਿਚ ਸਮੀਰ, ਹਸਨ ਅਤੇ ਅਨਮੋਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੀਰ ਇਸ ਕਿਡਨੀ ਰੈਕਟ ਦਾ ਮਾਸਟਰਮਾਈਂਡ ਹੈ ਜਦਕਿ ਇੰਡਸ ਹਸਪਤਾਲ ਦੇ ਕੁਆਰਡੀਨੇਟਰ ਅਭਿਸ਼ੇਕ ਦਾ ਵੀ ਇਸ ਵਿਚ ਅਹਿਮ ਰੋਲ ਹੈ।

ਕਿਡਨੀ ਘਟਨਾਵਾਂ ਅੰਗਾਂ ਦੀ ਤਸਕਰੀ ਨਾਲ ਨਜਿੱਠਣ ਲਈ ਸਖ਼ਤ ਕਦਮਾਂ ਦੀ ਫੌਰੀ ਲੋੜ ਨੂੰ ਉਭਾਰਦੀਆਂ ਹਨ। ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਵਾਲੀਆਂ ਏਜੰਸੀਆਂ ਨੂੰ ਅਜਿਹੇ ਨੈੱਟਵਰਕ ਢਹਿ-ਢੇਰੀ ਕਰਨ ਲਈ ਆਪਸ ਵਿੱਚ ਕਰੀਬੀ ਤਾਲਮੇਲ ਕਰਨਾ ਚਾਹੀਦਾ ਹੈ ਤੇ ਨਾਲ ਹੀ ਸੰਭਾਵੀ ਅਪਰਾਧੀਆਂ ਨੂੰ ਸਖ਼ਤ ਚਿਤਾਵਨੀ ਦੇਣ ਲਈ ਕਰੜੀਆਂ ਸਜ਼ਾਵਾਂ ਦਾ ਬੰਦੋਬਸਤ ਵੀ ਹੋਣਾ ਚਾਹੀਦਾ ਹੈ। ਅੰਗਾਂ ਦੀ ਤਸਕਰੀ ਦੇ ਅਸਲ ਕਾਰਨਾਂ ਨੂੰ ਵੀ ਪਛਾਣਨ ਦੀ ਲੋੜ ਹੈ ਜਿਨ੍ਹਾਂ ਵਿੱਚ ਗ਼ਰੀਬੀ ਅਤੇ ਸਿਹਤ ਸੰਭਾਲ ਤੱਕ ਪਹੁੰਚ ਦੀ ਘਾਟ ਸ਼ਾਮਲ ਹਨ। ਇਨ੍ਹਾਂ ਦੇ ਹੱਲ ਲਈ ਤਰਜੀਹੀ ਤੌਰ ’ਤੇ ਸਰਕਾਰ ਵਲੋਂ ਸਖਤ ਕਦਮ ਚੁੱਕਣ ਦੀ ਲੋੜ ਹੈ। 

ਕੀ ਹੈ ਕਿਡਨੀ ਦਾਨ ਕਰਨ ਦਾ ਨਿਯਮ

ਅੰਗ ਦਾਨ ਕਰਨ ਨੂੰ ਲੈ ਕੇ ਬਕਾਇਦਾ ਨਿਯਮ ਹਨ ਅਤੇ ਇਹ ਨਿਯਮ ਮਨੁੱਖੀ ਅੰਗ ਟਰਾਂਸਪਲਾਂਟ ਐਕਟ 1994 ਦੇ ਤਹਿਤ ਆਉਂਦੇ ਹਨ। ਇਸ ਐਕਟ ਦੇ ਤਹਿਤ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਅੰਗ ਦੀ ਖ਼ਰੀਦੋ ਫਰਖੋਤ ਗ਼ੈਰਕਾਨੂੰਨੀ ਹੈ।ਕਾਨੂੰਨ ਮੁਤਾਬਕ ਕਿਡਨੀ ਦਾਨ ਕੀਤੀ ਜਾ ਸਕਦੀ ਹੈ। ਪਰ ਨੇੜਲੇ ਰਿਸ਼ਤਿਆਂ ਵਿੱਚ ਹੀ ਜਿਵੇਂ ਕਿ ਕਿਸੇ ਬਿਮਾਰ ਵਿਅਕਤੀ ਦੇ ਨਜ਼ਦੀਕੀ ਰਿਸ਼ਤੇਦਾਰ ਜਿਵੇਂ ਮਾਂ-ਬਾਪ, ਬੇਟਾ-ਬੇਟੀ, ਭਰਾ-ਭੈਣ ਆਪਣੀ ਮਰਜ਼ੀ ਨਾਲ ਕਿਡਨੀ ਦਾਨ ਕਰ ਸਕਦੇ ਹਨ।ਜੋ ਵਿਅਕਤੀ ਕਿਡਨੀ ਦਾਨ ਕਰਨਾ ਚਾਹੁੰਦਾ ਹੈ, ਉਸ ਦੀ ਬਕਾਇਦਾ ਹਸਪਤਾਲ ਵਿੱਚ ਗਠਿਤ ਕੀਤੀ ਗਈ ਕਮੇਟੀ ਵੱਲੋਂ ਇੰਟਰਵਿਊ ਲਈ ਜਾਂਦੀ ਹੈ। ਪੂਰੀ ਜਾਂਚ ਕਰਨ ਤੋਂ ਬਾਅਦ ਕਿਡਨੀ ਟਰਾਂਸਪਲਾਂਟ ਲਈ ਪ੍ਰਵਾਨਗੀ ਦਿੱਤੀ ਜਾਂਦੀ ਹੈ।ਨਿਯਮਾਂ ਮੁਤਾਬਕ ਜਿਸ ਵੀ ਹਸਪਤਾਲ ਵਿੱਚ ਕਿਡਨੀ ਟਰਾਂਸਪਲਾਂਟ ਦੀ ਸੁਵਿਧਾ ਹੈ, ਉਸ ਨੂੰ ਪਹਿਲਾਂ ਸੂਬਾ ਪੱਧਰ ਉੱਤੇ ਡਾਇਰੈਕਟੋਰੇਟ ਆਫ਼ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਵਿਭਾਗ (ਡੀਆਰਐੱਮਈ) ਤੋਂ ਲਾਇਸੰਸ ਲੈਣਾ ਹੁੰਦਾ ਹੈ।ਡੀਆਰਐੱਮਈ ਵੱਲੋਂ ਬਕਾਇਦਾ ਮਨਜ਼ੂਰਸ਼ੁਦਾ ਹਸਪਤਾਲ ਨੂੰ ਕਿਡਨੀ ਟਰਾਂਸਪਲਾਂਟ ਕਰਨ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਦਿੱਤੀ ਜਾਂਦੀ ਹੈ। ਇਸ ਸੂਚੀ ਵਿੱਚ ਦਿੱਤੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਕਿਡਨੀ ਟਰਾਂਸਪਲਾਂਟ ਕੀਤੀ ਜਾ ਸਕਦੀ ਹੈ।

ਭਾਰਤ ਵਿਚ ਗੁਰਦਿਆਂ ਦੀਆਂ ਬਿਮਾਰੀਆਂ ਦੇ ਲਗਭਗ 80 ਲੱਖ ਮਰੀਜ਼ 

ਕਿਡਨੀ ਦੀ ਸਿਹਤ ਨਾਲ ਸਬੰਧਤ ਸੰਸਥਾਵਾਂ ਦੇ ਅੰਕੜਿਆਂ ਅਨੁਸਾਰ, ਦੁਨੀਆ ਭਰ ਵਿੱਚ 90 ਕਰੋੜ ਤੋਂ ਵੱਧ ਲੋਕ ਗੁਰਦੇ ਨਾਲ ਸਬੰਧਤ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ। ਹਰ 10 ਵਿੱਚੋਂ ਇੱਕ ਬਾਲਗ ਨੂੰ ਗੁਰਦੇ ਦੀ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ। ਇੰਨਾ ਹੀ ਨਹੀਂ ਦੁਨੀਆ ਭਰ ਵਿੱਚ ਕਿਡਨੀ ਨਾਲ ਸਬੰਧਤ ਬਿਮਾਰੀਆਂ ਨੂੰ ਸਿਹਤ ਕਾਰਨਾਂ ਕਰਕੇ ਮੌਤਾਂ ਦਾ 8ਵਾਂ ਪ੍ਰਮੁੱਖ ਕਾਰਨ ਮੰਨਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਾਲ 2019 ਵਿੱਚ ਗੁਰਦੇ ਨਾਲ ਸਬੰਧਤ ਬਿਮਾਰੀਆਂ ਕਾਰਨ ਵਿਸ਼ਵ ਪੱਧਰ 'ਤੇ 3.1 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਹੋਰ ਰਿਪੋਰਟ ਅਨੁਸਾਰ, ਭਾਰਤ ਵਿਚ ਗੁਰਦਿਆਂ ਦੀਆਂ ਬਿਮਾਰੀਆਂ ਦੇ ਲਗਭਗ 80 ਲੱਖ ਮਰੀਜ਼ ਹਨ ਅਤੇ ਹਰ ਸਾਲ ਲਗਭਗ 2.2 ਲੱਖ ਨਵੇਂ ਗੁਰਦਿਆਂ ਦੇ ਮਰੀਜ਼ਾਂ ਨੂੰ ਡਾਇਲਸਿਸ ਦੀ ਲੋੜ ਹੁੰਦੀ ਹੈ।ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੁਆਰਾ ਇੱਕ ਅਧਿਐਨ ਕੀਤਾ ਗਿਆ, ਜੋ ਪਿਛਲੇ ਸਾਲ ਖੋਜ ਜਰਨਲ ਦ ਲੈਂਸੇਟ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਅਧਿਐਨ ਅਨੁਸਾਰ, ਭਾਰਤ ਵਿੱਚ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ 16ਵੇਂ ਪ੍ਰਮੁੱਖ ਕਾਰਨ ਵਜੋਂ ਗੁਰਦੇ ਦੀਆਂ ਬਿਮਾਰੀਆਂ ਨੂੰ ਦਰਜਾ ਦਿੱਤਾ ਗਿਆ। ਇਸ ਰਿਪੋਰਟ ਵਿੱਚ ਇਹ ਖਦਸ਼ਾ ਜਤਾਇਆ ਗਿਆ ਸੀ ਕਿ ਸਾਲ 2040 ਤੱਕ ਕਿਡਨੀ ਫੇਲ੍ਹ ਹੋਣਾ ਭਾਰਤ ਵਿੱਚ ਚੋਟੀ ਦੀਆਂ ਪੰਜ ਬਿਮਾਰੀਆਂ ਵਿੱਚੋਂ ਇੱਕ ਹੋ ਸਕਦਾ ਹੈ।