ਭਿਖਸ਼ਾ ਤੇ ਦੇਹ ! ਰੂਹਾਨੀਅਤ ਸਰੋਕਾਰ

ਭਿਖਸ਼ਾ ਤੇ ਦੇਹ ! ਰੂਹਾਨੀਅਤ  ਸਰੋਕਾਰ

"ਮੈਂ ਹਮੇਸ਼ਾ ਲਈ ਤੁਹਾਡੀ ਸ਼ਰਣ ਵਿੱਚ ਆ ਗਿਆ ਹਾਂ ਗੁਰਦੇਵ"

 ਇਹ ਦੋ ਸ਼ਬਦ ਜੋ ਉਸਨੇ ਹੁਣ ਤੱਕ ਹਜ਼ਾਰਾਂ ਵਾਰ ਸਹਿਜ ਸੁਭਾਅ ਲੋਕਾਂ ਦੇ ਦਰਾਂ ਤੇ ਖੜ ਕੇ ਬੋਲੇ ਸੀ ਪਰ ਅੱਜ ਐਨੇ ਭਾਰੇ ਕਿਉਂ ਹੋ ਗਏ ਸੀ .. ਐਨੇ ਔਖੇ ਕਿਉਂ  ਹੋ ਗਏ ਸੀ … ‘ਸਰਵਰੇਣ’ ਅੱਜ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ। ਕੱਲ ਸ਼ਾਮ ਦੀ ਬੂੰਦਾ ਬਾਂਦੀ ਹੋ ਰਹੀ ਸੀ, ਜੋ ਵਿੱਚ ਵਿੱਚ ਕਦੀ ਤੇਜ਼ ਕਦੀ ਹੌਲੀ ਹੋ ਜਾਂਦੀ ਸੀ . ..  ਜੰਗਲ ਵਿੱਚ ਡਿੱਗੇ ਪੱਤਿਆਂ ਵਿੱਚੋਂ ਮਿੱਟੀ ਨਾਲ ਰਲੀ ਵਾਸ਼ਨਾ ਉੱਠ ਰਹੀ ਸੀ। ਪਹਾੜੀ ਤੇ ਥੋੜੇ ਜਿਹੇ ਖਾਲੀ ਕੀਤੇ ਮੈਦਾਨ ਜਿਹੇ ਵਿੱਚ ਬਣੀ ਕੁਟੀਆ ‘ਚ ਸੌਣ ਲਈ ਬਣੇ ਕੱਚੇ ਥੜੇ ਤੇ ਉਹ ਉਸਲਵੱਟੇ ਲੈ ਰਿਹਾ ਸੀ। ਉਸਨੂੰ ਅੱਜ ਦੀ ਰਾਤ ਬਾਕੀਆਂ ਨਾਲੋਂ ਬੜੀ ਤੇਜ਼ੀ ਨਾਲ ਬੀਤ ਰਹੀ ਲੱਗ ਰਹੀ ਸੀ। ਇਹ ਰਾਤ ਰੁੱਕ ਕਿਉਂ ਨਹੀਂ ਜਾਂਦੀ ਉਹ ਸੋਚ ਰਿਹਾ ਸੀ। ਅੱਧੀ ਤੋਂ ਵੱਧ ਰਾਤ ਬੀਤ ਚੁੱਕੀ ਸੀ ਪਰ ‘ਸਰਵਰੇਣ’ ਨੂੰ ਅੱਜ ਨੀਂਦ ਕਿੱਥੇ ? … ਕਦੀ ਇੱਕ ਪਾਸਾ ਲੈਂਦਾ ਕਦੀ ਦੂਜਾ ਖ਼ਿਆਲਾਂ ਦੀ ਲੜੀ ਸੀ ਕਿ ਟੁਟਦੀ ਨਹੀਂ ਸੀ … ਸੋਚਾਂ ਦੀ ਪੰਡ ਸੀ ਕਿ ਲੱਥਦੀ ਨਹੀਂ ਪਈ ਸੀ … ਵਕਤ ਦਾ ਸ਼ਾਹੂਕਾਰ ‘ਪੰਨਾ ਲਾਲ’ ਅੱਜ ਦਾ ਭਿਖਸ਼ੂ ‘ਸਰਵਰੇਣ’ ਸੀ … ਉਸ ਦਾ ਚਿੱਤ ਬਾਰ ਬਾਰ ਅਤੀਤ ਦੀਆਂ ਯਾਦਾਂ ਵਿੱਚ ਜਾ ਰਿਹਾ ਸੀ। 

 “ਭਿਖਸ਼ਾ sss.. ਦੇਹ .. .।”  

ਇਹ ਸ਼ਬਦ ਜਿਵੇਂ ਉਸਦੇ ਸੰਘ ਵਿੱਚ ਫਸ ਗਏ ਸੀ। ਨਾ ਇਹ ਬੋਲਿਆਂ ਬਣਦੇ ਸੀ ਤੇ ਨਾ ਛਡਿਆਂ। ਇੱਕ ਵਾਰ ਤਾਂ ਉਸਦਾ ਮਨ ਕੀਤਾ ਕਿ ਗੁਰੂ ਨੂੰ ਦੱਸੇ ਪੁੱਛੇ ਬਿਨਾਂ ਰਾਤੋ ਰਾਤ ਕੁਟੀਆ ਛੱਡ ਕੇ ਦੌੜ ਜਾਵੇ। ਪਰ ਐਨੀ ਅੱਗੇ ਵੱਧ ਕਿ ਪਿੱਛੇ ਕਿਵੇਂ ਮੁੜੇ ਹੁਣ ? ਉਹ ਆਪਣੇ ਆਪ ਨਾਲ ਸਵਾਲ ਜਵਾਬ ਕਰ ਰਿਹਾ ਸੀ।ਉਸ ਦੀਆਂ ਅੱਖਾਂ ਅੱਗੇ ਉਸਦਾ ਗ਼ੁਜ਼ਰਿਆ ਸ਼ਾਹਾਨਾ ਠਾਠ ਆ ਰਿਹਾ ਸੀ। ਬਹੁਤ ਕਰੜੀ ਪ੍ਰੀਖਿਆ ਸੀ ਆਉਣ ਵਾਲੇ ਕੱਲ ਦੀ।  ਇੱਕ ਉਹ ਵੀ ਦਿਨ ਸੀ ਜਦੋਂ ਕਾਰੋਬਾਰ ਚੋਂ ਪੈਸੇ ਦੇ ਵਰ੍ਹਦੇ ਮੀਂਹ ਵਿੱਚ ਵੀ ਉਹ ਉਚਾਟ ਸੀ … ਸੁੱਖਾਂ ਤੋਂ ਅੱਕ ਗਿਆ ਸੀ … ਅੰਦਰੋਂ ਆਵਾਜ ਆ ਰਹੀ ਸੀ ਪ੍ਰਮਾਰਥ ਤੇ ਚੱਲਣ ਦੀ … ਮੂੰਹ ਮੰਗੀਆਂ ਮੁਰਾਦਾਂ ਦੌਲਤਾਂ ਨੂੰ ਠੋਕਰ ਮਾਰ ਕੇ ਭਿਖਿਆ ਮੰਗ ਕੇ ਖਾਣ ਦੇ ਪ੍ਰਮਾਰਥ ਦੇ ਰਾਹ ਚੱਲ ਪੈਣਾ ਸੌਖਾ ਤਾਂ ਨਹੀਂ ਹੁੰਦਾ .. ਕੋਈ ਵਿਰਲਾ ਈ ਇੰਝ ਕਰਦਾ  ਹੋਏਗਾ। ਫਿਰ ਇੱਕ ਦਿਨ ਅਚਾਨਕ ਉਸਨੇ ਆਰ ਪਾਰ ਦਾ ਫੈਸਲਾ ਕਰ ਲਿਆ ਤੇ ਦੋਵਾਂ ਪੁੱਤਰਾਂ ਨੂੰ ਸਭ ਚਾਬੀਆਂ ਫੜਾ ਦਿੱਤੀਆਂ ਤੇ ਚੁਪ ਚੁਪੀਤੇ ਆਪਣੇ ਰਾਹ ਪੈ ਗਿਆ। ਜੰਗਲ ‘ਚ ਉਸ ਗੁਰੂ ਕੋਲ ਜਿਸ ਕੋਲ ਉਹ ਅੱਗੇ ਵੀ ਕਦੀ ਕਦੀ ਜਾਇਆ ਕਰਦਾ ਸੀ। ਹਨੇਰਾ ਪੈਣ ਤੋਂ ਪਹਿਲਾਂ ਹੀ ਤੇਜ਼ ਤੇਜ਼ ਕਦਮਾਂ ਨਾਲ ਉਹ ਜੰਗਲ ਪਾਰ ਕਰਦਾ ਪਹਾੜੀ ਤੇ ਵੱਲ ਜਾ ਰਿਹਾ ਸੀ।ਜਦੋਂ ਨੇੜੇ ਪੁੱਜਾ ਤਾਂ ਗੁਰਦੇਵ ਕੁਟੀਆ ਤੋਂ ਕੁੱਝ ਦੂਰ ਇੱਕ ਹੋਰ ਕੁਟੀਆ ਲਈ ਰੱਸੀ ਨਾਲ ਲਕੜਾਂ ਦਾ ਢਾਂਚਾ ਜੋੜ ਰਹੇ ਸੀ। ਕੋਲ ਉਪਰ ਛੱਤ ਬਣਾਉਣ ਲਈ ਤਾੜ ਅਤੇ ਕੇਲੇ ਦੇ ਪੱਤਿਆਂ ਦਾ ਢੇਰ ਪਿਆ ਸੀ। ਉਸਦੇ ਪ੍ਰਣਾਮ ਕਰਨ ਤੋਂ ਪਹਿਲਾਂ ਹੀ ਗੁਰੂ ਮੁਸਕੁਰਾ ਕੇ ਬੋਲੇ, 

“ਆ ਗਏ ?”

 “ ਜੀ !! ਮੈਂ ਹਮੇਸ਼ਾ ਲਈ ਤੁਹਾਡੀ ਸ਼ਰਣ ਵਿੱਚ ਆ ਗਿਆ ਹਾਂ ਗੁਰਦੇਵ … ਮੇਰੇ ਤੇ ਕਿਰਪਾ ਕਰੋ।” “ਕਿਰਪਾ ਤਾਂ ਸਦੈਵ ਈ ਏ ਪੁੱਤਰ ਪਰ ਰਸਤਾ ਕਠਿਨ ਏ। ਸੋਚ ਲੈ ….  ਹਲੇ ਵੀ ਵਾਪਿਸ ਮੁੜ ਜਾ … ਦੁਨੀਆਂ ਦੇ ਅਨੰਦ ਮਾਣ ਸੁੱਖ ਮਾਣ .. ਰਾਜ ਭੋਗ।” “ਨਹੀਂ ! ਮੈਂ ਪੱਕਾ ਫੈਸਲਾ ਲੈ ਕੇ ਆਇਆ ਹਾਂ ਗੁਰਦੇਵ..।”ਗੁਰਦੇਵ ਨੇ ਗਹਿਰੀ ਨਿਗ੍ਹਾ ਨਾਲ ਵੇਖਿਆ ਕਿ ਉਂਝ ਤਾਂ ਰੂਹ ਪਾਕ ਸਾਫ਼ ਏ ਪਰ ਪੰਨਾ ਲਾਲ ਕਿਤੇ ਅਟਕਿਆ ਪਿਆ ਏ ਤੇ ਉਸ ਤੋਂ ਅੱਗੇ ਲੰਘ ਕੇ ਹੀ ਭਗਤੀ ਨੂੰ ਨਵਾਂ ਆਯਾਮ ਮਿਲੇਗਾ। ਬੋਲੇ, “ਪੁਰਾਣਾ ਘਰ ਤੇ ਪੁਰਾਣਾ ਨਾਮ ਭੁੱਲਣਾ ਪਏਗਾ ….  ਪੰਨਾ ਲਾਲ ਨੂੰ ‘ਸਰਵਰੇਣ’ ਬਣਨਾ ਪਏਗਾ।ਘਰ ਘਰ ਭਿਖਿਆ ਮੰਗਣੀ ਪਏਗੀ। ਸੋਚ ਕੇ ਦੱਸ … ਬੋਲ ਮੰਜੂਰ ਏ ?”

(ਉਸਨੇ ਸੋਚਿਆ ਘਰ ਤਾਂ ਮੈਂ ਛੱਡ ਹੀ ਆਇਆ ਹਾਂ ਤੇ ਹੁਣ ਨਾਮ ਬਦਲਣ ਵਿਚ ਕੀ ਮੁਸ਼ਕਿਲ ਏ ਭਲਾ ??? …)

 “ਜੀ ਮੰਜੂਰ ਏ ..।” ਪੰਨਾ ਲਾਲ ਬੋਲਿਆ। 

ਗੁਰਦੇਵ ਭੇਦ ਭਰੇ ਮੁਸਕੁਰਾਏ ਤੇ ਬੋਲੇ, “ਜੇ ਫਿਰ ਵੀ ਮਨ ਕਰੇ ਵਾਪਿਸ ਜਾਣ ਦਾ ਤਾਂ ਕਦੀ ਵੀ ਦੱਸ ਦੇਈਂ …. ਪਰ ਦੱਸ ਕੇ ਜਾਈਂ … ਚੋਰਾਂ ਵਾਂਗ ਨਾ ਭੱਜ ਜਾਈਂ … ਸੇਠ ਏਂ ਸੇਠਾਂ ਵਾਂਗ ਹੀ ਜਾਈਂ ।”ਗੱਲਾਂ ਕਰਦੇ ਕਰਦੇ ਨਵੀਂ ਬਣਾਈ ਝੋਂਪੜੀ ਤੇ ਪੱਤਿਆਂ ਦੀ ਛੱਤ ਪਾਉਂਦੇ ਹੋਏ ਗੁਰੂ ਨੇ ਕਿਹਾ, “ਸਰਵਰੇਣ ! ਆਪਣੀ ਕੁਟੀਆ ਨਹੀਂ ਵੇਖੇਂਗਾ ਅੰਦਰੋਂ ?”ਪੰਨਾ ਲਾਲ ਇਧਰ ਉਧਰ ਵੇਖਣ ਲੱਗ ਪਿਆ ਜਿਵੇਂ ਕਿਸੇ ਹੋਰ ਨੂੰ ਕਹਿ ਰਹੇ ਹੋਣ ਕਿਉਕਿ ਉਹ ਤਾਂ ਸਰਵਰੇਣ ਨਹੀਂ ਸੀ। ਗੁਰੂ ਦੁਬਾਰਾ ਬੋਲੇ , “ ਮੈਂ ਤੈਨੂੰ ਹੀ ਕਹਿ ਰਿਹਾਂ ਪੰਨਾ ਲਾਲ … ਤੂੰ ਹੀ ਹੁਣ ਸਰਵਰੇਣ ਏਂ। ਭੋਜਨ ਕਰ ਕੇ ਆਰਾਮ ਕਰ ਲੈ, ਤੂੰ ਕੱਲ ਤੋਂ ਸਵੇਰੇ ਭਿਖਸ਼ਾ ਲੈਣ ਜਾਣਾ ਏ। ਕੱਲ ਬਾਕੀ ਚੇਲੇ ਵੀ ਤੇਰੇ ਨਾਲ ਜਾਣਗੇ ਅਤੇ ਉਸ ਤੋਂ ਬਾਅਦ ਤੂੰ ਇਕੱਲਾ ਜਾਇਆ ਕਰੇਂਗਾ।”“ਜੀ ਗੁਰਦੇਵ।”  ( ਤਾਂ ਇਹ ਕੁਟੀਆ ਮੇਰੇ ਲਈ ਹੀ ਬਣਾ ਰਹੇ ਸੀ ਉਹ ਹੈਰਾਨ ਹੁੰਦਾ ਸੋਚਣ ਲੱਗ ਪਿਆ। ) ਹਲੇ ਤੱਕ ਉਸਨੂੰ ਜਿੰਨਾ ਸੌਖਾ ਲੱਗ ਰਿਹਾ ਸੀ ਓਨਾ ਹੈ ਨਹੀਂ ਸੀ ਇਹ ਰਾਹ। ਪ੍ਰੀਖਿਆ ਦਰ ਪ੍ਰੀਖਿਆ ਕਰੜੀ ਘਾਲਣਾ ਸੀ। ਆਉਣ ਵਾਲਾ ਸਮਾਂ ਆਪਣੇ ਅੰਦਰ ਬਹੁਤ ਕੁੱਝ ਲੁਕੋਈ ਬੈਠਾ ਸੀ। ——————/////

ਅਗਲੀ ਸਵੇਰ ਸਰਵਰੇਣ ਨੂੰ ਮੂੰਹ ਹਨੇਰੇ ਉਠਾ ਲਿਆ ਗਿਆ ਤੇ ਕੁੱਝ ਹੋਰ ਚੇਲਿਆਂ ਨਾਲ ਲੋਅ ਲੱਗਣ ਤੇ ਨੇੜੇ ਦੇ ਪਹਾੜੀ ਪਿੰਡ ਵਿੱਚ ਭਿਖਸ਼ਾ ਮੰਗਣ ਲਿਜਾਇਆ ਗਿਆ। ਤਨ ਦੇ ਕਪੜੇ ਬਦਲ ਗਏ ਸੀ .. ਮਹਿੰਗੀ ਜੁੱਤੀ ਦੀ ਥਾਂ ਖੜਾਵਾਂ ਨੇ ਲੈ ਲਈ ਸੀ .. ਸਰਵਰੇਣ ਬਾਕੀ ਚੇਲਿਆਂ ਨਾਲੋਂ ਬਹੁਤ ਉਤਸ਼ਾਹ ਵਿੱਚ ਸੀ ਤੇ ਵਿੱਚ ਵਿੱਚ ਸਭ ਤੋਂ ਅੱਗੇ ਵੱਧ ਜਾਇਆ ਕਰਦਾ ਸੀ। ਕੁੱਝ ਦੇਰ ਦੇ ਸਫਰ ਤੋਂ ਬਾਅਦ  ਉਹ ਪਿੰਡ ਵਿੱਚੋਂ ਭਿਖਸ਼ਾ ਲੈ ਕੇ ਵਾਪਿਸ ਆ ਗਏ। ਸਰਵਰੇਣ ਕਦੀ ਐਨਾ ਤੁਰਿਆ ਨਹੀਂ ਸੀ ਸੋ ਜੋ ਜਾਣ ਲੱਗੇ ਅੱਗੇ ਅੱਗੇ ਸੀ, ਵਾਪਿਸੀ ਤੇ ਸਭ ਤੋਂ ਪਿੱਛੇ ਰਹਿ ਗਿਆ ਸੀ। ਕੁਟੀਆ ਵਿੱਚ ਆ ਕੇ ਸਭ ਨੇ ਕੁੱਝ ਦੇਰ ਆਰਾਮ ਕੀਤਾ ਅਤੇ ਫਿਰ ਧਿਆਨ ਅਭਿਆਸ ਵਿੱਚ ਲੱਗ ਗਏ। ਕੋਈ ਕਿਸੇ ਨਾਲ ਬੋਲਦਾ ਨਹੀਂ ਸੀ। ਸਭ ਨੂੰ ਆਪੋ ਆਪਣਾ ਕੰਮ ਪਤਾ ਸੀ। ਇੰਝ ਚਾਰ ਕੁ ਦਿਨ ਬੀਤੇ ਤਾਂ ਸਰਵਰੇਣ ਨੇ ਗੁਰਦੇਵ ਨੂੰ ਪੁਛਿਆ, 

“ਮੈਂ ਹੁਣ ਅੱਗੇ ਕੀ ਕਰਾਂ ਗੁਰਦੇਵ … ਧਿਆਨ ਅਭਿਆਸ ਬਾਰੇ ਕੁੱਝ ਦੱਸੋ ?”

“ਜਿਸ ਦਿਨ ਮੈਂ ਆਪ ਤੇਰੀ ਲਿਆਉਂਦੀ ਭਿਖਸ਼ਾ ਕਬੂਲ ਕਰ ਲਵਾਂਗਾ ਫਿਰ ਦੱਸਾਂਗਾ, ਉਦੋਂ ਤਕ ਲੱਗਾ ਰਹਿ ਸਰਵਰੇਣ।”ਹੁਣ ਸਰਵਰੇਣ ਰੋਜ਼ ਸਵੇਰੇ ਉਠਦਾ ਤੇ ਅਭਿਆਸ ਤੋਂ ਬਾਅਦ ਆਪਣੇ ਆਪ ਪਿੰਡ ਵਿੱਚੋ ਇਕੱਲਾ ਭਿਖਸ਼ਾ ਲੈਣ ਚਲਾ ਜਾਂਦਾ ਅਤੇ ਵਾਪਸੀ ਤੇ ਉਡੀਕ ਕਰਦਾ ਕਿ ਬਾਕੀਆਂ ਦੇ ਭਿਖਸ਼ਾ ‘ਚ ਲਿਆਉਂਦੇ ਭੋਜਨ ਵਾਂਗ ਗੁਰੂ ਉਸਦੀ ਭਿਖਸ਼ਾ ਨੂੰ ਵੀ ਭੋਗ ਲਾਉਣਗੇ ਪਰ ਇੰਝ ਨਾ ਹੁੰਦਾ ਅਤੇ ਸਰਵਰੇਣ ਉਡੀਕਦਾ ਰਿਹਾ। ਕੁੱਝ ਦਿਨ ਬਾਅਦ ਸਰਵਰੇਣ ਨੂੰ ਗੁਰੂ ਨੇ ਪੁਛਿਆ, “ਕਿਵੇਂ ੳ ਸਰਵਰੇਣ ? ਵਾਪਿਸ ਜਾਣ ਦਾ ਮਨ ਤਾਂ ਨਹੀਂ ਨਾ ?”

“ਨਾ ਨਾ ਗੁਰਦੇਵ ਬਿਲਕੁਲ ਨਹੀਂ। ਹੁਣ ਤਾਂ ਮਨ ਟਿਕਾੳ ਚ ਆ ਰਿਹਾ ਏ। ਇਹ ਜੰਗਲ … ਇਹ ਹਰਿਆਲੀ .. ਇਹ ਪੰਛੀਆਂ ਦੀਆਂ ਆਵਾਜ਼ਾਂ … ਸਵੇਰੇ ਸੂਰਜ ਨੂੰ ਚੜਦੇ ਵੇਖਣਾ … ਇਹ ਪਹਾੜੀ .. ਇਹ ਨਦੀ … ਵਾਹ ਵਾਹ ਕਿਆ ਅਨੰਦ ਬਣ ਰਿਹਾ ਏ।”

ਗੁਰਦੇਵ ਉਸ ਦੀਆਂ ਬਾਹਰ ਮੁਖੀ ਗੱਲਾਂ ਤੋਂ ਮੁਸਕੁਰਾਏ ਬੱਸ। 

“ਮੈਂ ਹੁਣ ਕੀ ਕਰਾਂ ਗੁਰਦੇਵ ? ਕੁੱਝ ਦੱਸੋ ਧਿਆਨ ਅਤੇ ਅਭਿਆਸ ਬਾਰੇ ?”

ਗੁਰਦੇਵ ਨੇ ਕਿਹਾ, “ਤੂੰ ਕੁੱਝ ਨਹੀਂ ਕਰਨਾ ਸਰਵਰੇਣ … ਬੱਸ ਭਿਖਸ਼ਾ ਲੈ ਕੇ ਆਉਣਾ ਏ ਤੇ ਜੋ ਕੋਈ ਕੰਮ ਕਰਨ ਵਾਲਾ ਤੈਨੂੰ ਲੱਗੇ ਕੁਟੀਆ ਵਿੱਚ ਮਨ ਕਰੇ ਤਾਂ ਬੱਸ ਉਹ ਕਰਨੈ। ਸਭ ਦਾ ਧਿਆਨ ਰਖਣੈ।”

ਸਰਵਰੇਣ ਕੁੱਝ ਦੇਰ ਚੁੱਪ ਕਰ ਕੇ ਬੋਲਿਆ , “ਮੇਰੀ ਭਿਖਸ਼ਾ ਕਦੋਂ ਕਬੂਲ ਹੋਏਗੀ ਗੁਰਦੇਵ ?”

“ਭਿਖਸ਼ਾ ਮੰਗਣ ਪਿੰਡ ਤੋਂ ਥੋੜਾ ਅੱਗੇ ਜਾਹ ਸਰਵਰੇਣ।”

ਸਰਵਰੇਣ ਖੁਸ਼ ਹੋ ਗਿਆ ਕਿ ਪਿੰਡ ਤੋਂ ਲੈ ਕੇ ਆਉਣ ਕਰਕੇ ਸ਼ਾਇਦ ਭਿਖਸ਼ਾ ਕਬੂਲ ਨਹੀਂ ਹੋ ਰਹੀ ਸੀ ਸੋ ਹੁਣ ਭਿਖਸ਼ਾ ਕਬੂਲ ਹੋਵੇਗੀ।

ਅਗਲੇ ਦਿਨ ਉਹ ਹੋਰ ਅੱਗੇ ਗਿਆ ਅਤੇ ਭਿਖਸ਼ਾ ਮੰਗ ਕੇ ਲੈ ਕੇ ਆਇਆ। ਉਸਨੂੰ ਉਮੀਦ ਸੀ ਕਿ ਗੁਰੂ ਅੱਜ ਜਰੂਰ ਕਬੂਲ ਕਰਨਗੇ। ਪਰ ਗੁਰਦੇਵ ਨੇ ਮੂੰਹ ਵੀ ਨਹੀਂ ਕੀਤਾ। ਇੰਝ ਕਈ ਮਹੀਨੇ ਹੋਰ ਚਲਦਾ ਰਿਹਾ। ਸੇਠ ਤੋ ਬਣਿਆ ਸਰਵਰੇਣ ਹੁਣ ਕਾਫੀ ਬਦਲ ਗਿਆ ਸੀ। ਦੇਣ ਵਾਲਾ ਮੰਗਤਾ ਬਣਦਾ ਜਾ ਰਿਹਾ ਸੀ। ਔਖਾ ਸੀ ਪਰ ਜਰੂਰੀ ਸੀ। ਹੰਕਾਰ ਖੁਰ ਰਿਹਾ ਸੀ। ਸੁਭਾਅ ਵਿੱਚ ਵੀ ਠਹਿਰਾਵ ਆਉਣਾ ਸ਼ੁਰੂ ਹੋ ਗਿਆ ਸੀ। ਜਦੋਂ ਕਈ ਹਫਤੇ ਉਹ ਇੰਝ ਭਿਖਸ਼ਾ ਲੈ ਆਉਂਦਾ ਰਿਹਾ ਪਰ ਕਬੂਲ ਨਹੀ ਹੋਈ ਅਤੇ ਨਾ ਹੀ ਧਿਆਨ ਲਈ ਦੀਕਸ਼ਿਤ ਕੀਤਾ ਗਿਆ ਤਾਂ ਇੱਕ ਦਿਨ  ਇੱਕ ਦਿਨ ਫਿਰ ਉਸਨੇ ਹਿੰਮਤ ਕਰਕੇ ਮੌਕਾ ਵੇਖ ਕੇ, ਟਹਿਲਦੇ ਹੋਏ ਗੁਰਦੇਵ ਨੂੰ ਪੁਛਿਆ, 

“ਕੋਈ ਆਗਿਆ ਗੁਰਦੇਵ ?”

“ਥੋੜਾ ਹੋਰ ਅੱਗੇ ਭਿਖਸ਼ਾ ਲੈਣ ਲਈ ਜਾ ਸਰਵਰੇਣ।”

“ਜੀ ਗੁਰਦੇਵ ।”

ਸਰਵਰੇਣ ਬਸਤੀ ਤੋਂ ਥੋੜਾ ਹੋਰ ਅੱਗੇ ਗਿਆ ਅਤੇ ਉੱਥੋਂ ਭਿਖਸ਼ਾ ਲੈ ਕੇ ਆਉਣ ਲੱਗਾ। ਇਸ ਤੋਂ ਅੱਗੇ ਹੁਣ ਉਸਦੀ ਆਪਣੀ ਬਸਤੀ ਸ਼ੁਰੂ ਹੁੰਦੀ ਸੀ। ਕਈ ਦੇਰ ਇੰਝ ਹੀ ਚਲਦਾ ਰਿਹਾ। ਭਿਖਿਆ ਕਬੂਲ ਨਹੀਂ ਹੋਈ। ਸਰਵਰੇਣ ਨੇ ਵੀ ਕੁੱਝ ਕਹਿਣਾ ਪੁੱਛਣਾ ਬੰਦ ਕਰ ਦਿੱਤਾ ਕਿਉਂਕਿ ਇਸ ਤੋਂ ਅੱਗੇ ਉਸ ਦੀ ਆਪਣੀ ਬਸਤੀ ਸੀ ਅਤੇ ਉਹ ਡਰਦਾ ਸੀ ਕਿ ਗੁਰਦੇਵ ਕਿਤੇ ਉਸਨੂੰ ਹੋਰ ਅੱਗੇ ਜਾਣ ਨੂੰ ਨਾ ਆਖ ਦੇਣ, ਆਖਿਰ ਉਹ ਉੱਥੇ ਦਾ ਸੇਠ ਰਿਹਾ ਸੀ … ਏਥੇ ਤੱਕ ਤਾਂ ਠੀਕ ਸੀ ਪਰ ਅੱਗੇ ਜਾਣਾ ਤਾਂ ਔਖਾ ਸੀ। ਜਿਹਨਾਂ ਨੂੰ ਕਦੀ ਵਿਆਜਾਂ ਤੇ ਪੈਸੇ ਦਿੱਤੇ ਸੀ ਤੇ ਹੁਕਮ ਚਲਾਏ ਤੇ ਸਿਕਦਾਰੀਆਂ ਕੀਤੀਆਂ ਸੀ, ਹੁਣ ਉਹਨਾਂ ਦੇ ਘਰ ਤੇ ਹੀ ਅਲਖ ਜਗਾਉਣੀ ਤੇ ਭਿਖਿਆ ਦਾ ਪਾਤਰ ਅੱਡ ਕੇ ਭਿਖਿਆ ਮੰਗਣੀ ਕਿਹੜਾ ਸੌਖਾ ਕੰਮ ਸੀ ? ਕਈ ਮਹੀਨੇ ਬੀਤ ਗਏ ਅਤੇ ਇੰਝ ਹੀ ਸਮਾਂ ਲੰਘਦਾ ਗਿਆ। ਸਰਵਰੇਣ ਗੁਰੂ ਤੋਂ ਕੰਨੀ ਕਤਰਾਉਣ ਲੱਗਾ … ਪਰ ਗੁਰੂ ਗੁਰੂ ਹੁੰਦਾ ਏ। ਸਰਵਰੇਣ ਨੂੰ ਇੱਕ ਦਿਨ ਗੁਰਦੇਵ ਨੇ ਆਵਾਜ਼ ਮਾਰ ਕੇ ਰੋਕ ਲਿਆ ਤੇ ਕਿਹਾ,

“ਸਰਵਰੇਣ!….”

 ਸਰਵਰਹੁਣ ਠੰਡਾ ਪੈ ਗਿਆ। ਥਾਂ ਤੇ ਹੀ ਜੜ ਹੋ ਗਿਆ ਅਤੇ ਮਿਮਿਆਉਂਦਾ ਹੋਇਆ ਬੋਲਿਆ , “ਜੀ ਜੀ ਗੁਰਦੇਵ ..”

“ਹੁਣ ਥੋੜਾ ਹੋਰ ਅੱਗੇ ਭਿਖਿਆ ਲੈਣ ਜਾਇਆ ਕਰ ਸਰਵਰੇਣ।”

ਸਰਵਰੇਣ ਦਾ ਰੰਗ ਪੀਲਾ ਪੈ ਗਿਆ। ਉਹੀ ਹੋਇਆ ਜੋ ਉਹ ਨਹੀਂ ਚਾਹੁੰਦਾ ਸੀ। ਪਰ ਗੁਰਦੇਵ ਨੇ ਕਿਹਾ ਏ ਤਾਂ ਜਾਣਾ ਤਾਂ ਪਏਗਾ ਹੀ। ਕੀ ਕਰੇ ਤੇ ਕੀ ਨਾ ਕਰੇ ?

ਸਾਰੀ ਰਾਤ ਉਸਲਵੱਟੇ ਲੈਂਦਿਆਂ ਪਾਸੇ ਮਾਰਦਿਆਂ ਲੰਘ ਗਈ ਸੀ। ਆਖ਼ਿਰ ਪ੍ਰਭਾਤ ਹੋਈ। ਬੜੇ ਭਾਰੀ ਤੇ ਥੱਕੇ ਥੱਕੇ ਕਦਮਾਂ ਨਾਲ ਉਸ ਨੇ ਭਿਕਸ਼ਾ ਪਾਤਰ ਤੇ ਥੈਲਾ ਚੁਕਿਆ ਅਤੇ ਆਪਣੀ ਬਸਤੀ ਵੱਲ ਤੁਰ ਪਿਆ। ਉਸ ਬਸਤੀ ਵੱਲ ਜਿੱਥੇ ਦਾ ਉਹ ਸੇਠ ਸੀ … ਉਹਨਾਂ ਘਰਾਂ ਵੱਲ ਜਿਹਨਾਂ ਤੇ ਕਦੀ ਹੁਕਮ ਚਲਾਉਂਦਾ ਸੀ … ਰੋਅਬ ਦਾਅਬ ਸੀ … ਉਹਨਾਂ ਦਰਾਂ ਤੇ ਹੀ ਅਲਖ ਜਗਾਉਣੀ ਸੀ … ਭਿਖਿਆ ਮਂਗਣੀ ਸੀ। ਅਤਿ ਕਠਿਨ।

ਸੋਚਾਂ ਸੋਚਦੇ … ਸੈਂਕੜੇ ਵਾਰ ਜਿਉਂਦੇ ਮਰਦੇ … ਆਖ਼ਿਰ ਉਹ ਆਪਣੇ ਇਲਾਕੇ ਦੇ ਮੁੱਢ ਪਹੁੰਚ ਗਿਆ। ਪਹਿਲਾ ਘਰ ਉਸੇ ਦਾ ਸੀ ਜਿਸ ਕੋਲੋਂ ਕਦੀ ਉਸ ਨੇ ਬਹੁਤ ਉੱਚੀ ਬੋਲ ਕੇ ਕਰਜ਼ ਵਸੂਲ ਕੀਤਾ ਸੀ। “ਭਿਖਸ਼ਾ ….. ਦੇਹ … !!” ਆਵਾਜ਼ ਬਹੁਤ ਨੀਵੀਂ ਸੀ। ਪਹਿਲਾਂ ਵਾਲੀ ਗੜਕ ਨਹੀ ਸੀ। ਅੰਦਰੋਂ ਔਰਤ ਨਿਕਲੀ ਅਤੇ ਵੇਖ ਕੇ ਆਟਾ ਲੈਣ ਵਾਪਿਸ ਚਲੀ ਗਈ। ਐਨੇ ਨੂੰ ਉਹੀ ਸ਼ਖਸ ਜੋ ਉਸਦਾ ਪਤੀ ਸੀ ਬਾਹਰ ਆਇਆ ਅਤੇ ਵੇਖਦਿਆਂ ਹੀ ਪਹਿਚਾਣ ਕੇ ਟੁੱਟ ਪਿਆ,“ਚਲ ਚਲ ਅੱਗੇ ! ਪਤਾ ਨਹੀਂ  ਕਿੱਥੋਂ  ਕਿੱਥੋਂ ਆ ਜਾਂਦੇ ਨੇ ..।” ਤੇ ਉਹ ਸ਼ਰਮਿੰਦਾ ਜਿਹਾ ਹੋ ਕੇ ਦੁਆ ਦਿੰਦਾ ਹੋਇਆ ਅੱਗਲੇ ਘਰ ਤੁਰ ਪਿਆ। ਭਿਕਸ਼ਾ ਤਾਂ ਆਖ਼ਿਰ ਲੈਣੀ ਹੀ ਸੀ। ਅਗਲੇ ਘਰ ਵਿੱਚੋਂ ਵੀ ਜਵਾਬ ਮਿਲ ਗਿਆ ਅਤੇ ਉਸ ਤੋਂ ਅਗਲੇ ਤੋਂ ਵੀ। ਕੋਈ ਉਸ ਤੇ ਹਸਦਾ ਕੋਈ ਘਿਰਣਾ ਨਾਲ ਵੇਖਦਾ। ਸਰਵਰੇਣ ਦਾ ਮਰਣ ਹੋਇਆ ਪਿਆ ਸੀ। ਲੱਤਾਂ ਭਾਰ ਨਹੀਂ ਝੱਲ ਰਹੀਆਂ ਸੀ। ਤ੍ਰਿਸਕਾਰ ਨੇ ਕਮਰ ਤੋੜ ਦਿੱਤੀ ਸੀ। ਵਿੱਚ ਵਿੱਚ ਸੂਖਮ ਉਬਾਲ ਉਠਦਾ ਤੇ ਸੋਚਦਾ ਕੇ ਹੁਣੇ ਆਪਣੀ ਗੱਦੀ ਤੇ ਜਾਵਾਂ ਤੇ ਇਸ ਨੂੰ ਦੱਸਾਂ ਕਿ ਮੈਂ ਕੀ ਆਂ। ਪਰ ਰਸਤਾ ਬਦਲ ਚੁੱਕਾ ਸੀ। ਪੰਨਾ ਲਾਲ ਸਰਵਰੇਣ ਬਣ ਰਿਹਾ ਸੀ। ਚਾਰਾ ਕੋਈ ਹੈ ਨਹੀਂ ਸੀ। ਗੁਰੂ ਦਾ ਹੁਕਮ ਸੀ ਕਿ ਕੋਈ ਭਿਖਿਆ ਦੇਵੇ ਜਾਂ ਨਾ ਸਭ ਨੂੰ ਦੁਆ ਹੀ ਦੇਣੀ ਏ… ਸਮਭਾਵ ਹੀ ਰਖਣਾ ਏ। ਸੋ ਉਹ ਦੁਆ ਦਿੰਦਾ ਤੇ ਅਗਲੇ ਘਰ ਵਿੱਚ ਅਲਖ ਜਗਾ ਦਿੰਦਾ। ਫਿਰ ਇੱਕ ਘਰ ਨੇ ਉਸਦੇ ਕੀਤੇ ਪੁਰਾਣੇ ਅਹਿਸਾਨ ਨੂੰ ਚੇਤੇ ਕਰਦਿਆਂ ਭਿਖਿਆ ਦਿੱਤੀ ਅਤੇ ਕੁੱਝ ਮਾਣ ਦਿੱਤਾ। ਕੁੱਝ ਨੇ ਇਸ ਰੂਪ ਵਿੱਚ ਪਹਿਚਾਣਿਆ ਤੇ ਕੁੱਝ ਨੇ ਨਹੀਂ। ਸਰਵਰੇਣ ਭਿਖਿਆ ਲੈ ਕੇ ਵਾਪਿਸ ਪਰਤ ਆਇਆ।

ਵਾਪਿਸ ਜਾ ਕੇ ਭਿਖਿਆ ਅਰਪਣ ਕੀਤੀ ਪਰ ਗੁਰੂ ਨੇ ਹਲੇ ਵੀ ਕਬੂਲ ਨਹੀਂ ਕੀਤੀ। ਉਹ ਆਪਣੀ ਕੁਟੀਆ ਵਿੱਚ ਜਾ ਕੇ ਲੇਟ ਗਿਆ।  ਅੱਜ ਉਹ ਬਹੁਤ ਉਦਾਸ ਸੀ। ਮਨੋਬਲ ਗਿਰਿਆ ਹੋਇਆ ਸੀ। ਅੱਜ ਜੋ ਹੋਇਆ ਸੋ ਹੋਇਆ ਪਰ ਕੱਲ ਫਿਰ ਉੱਥੇ ਹੀ ਜਾਣ ਦਾ ਖ਼ਿਆਲ ਡਰਾ ਰਿਹਾ ਸੀ। ਪਰ ਕੀਤਾ ਕੀ ਜਾ ਸਕਦਾ ਸੀ। ਗੁਰਦੇਵ ਦਾ ਹੁਕਮ ਸੀ। ਸਰਵਰੇਣ ਜਰੂਰ ਕੋਈ ਹੁਕਮੀ ਬੰਦਾ ਰਿਹਾ ਹੋਵੇਗਾ। ਜੋ ਅਮੀਰ ਪਿਛੋਕੜ ਹੋਣ ਤੇ ਵੀ ਐਨਾ ਬਰਦਾਸ਼ਤ ਕਰ ਗਿਆ ਅਤੇ ਗੁਰੂ ਦੇ ਹੁਕਮ ਨੂੰ ਮੰਨ ਰਿਹਾ ਸੀ। ਅਗਲੇ ਦਿਨ ਅਤੇ ਫਿਰ ਹੋਰ ਕੁੱਝ ਮਹੀਨੇ ਇੰਝ ਹੀ ਚਲਦਾ ਰਿਹਾ। ਆਖ਼ਿਰ ਸਰਵਰੇਣ ਇਸ ਸਭ ਦਾ ਆਦੀ ਹੋ ਗਿਆ। ਕੋਈ ਕੁੱਝ ਬੁਰਾ ਕਹਿੰਦਾ ਤਾਂ ਉਸ ਤੇ ਕੋਈ ਅਸਰ ਨਾ ਹੁੰਦਾ। ਉਹ ਦੁਆ ਦੇ ਕੇ ਅੱਗੇ ਵਧ ਜਾਂਦਾ। ਲੋਕ ਵੀ ਹੁਣ ਉਸ ਨਾਲ ਹਮਦਰਦੀ ਅਤੇ ਸਤਿਕਾਰ ਰੱਖਣ ਲੱਗ ਪਏ ਸੀ। ਹਰ ਕੋਈ ਭਿਖਿਆ ਦੇ ਦਿੰਦਾ ਸੀ ਹੁਣ। ਉਹ ਬਹੁਤ ਸਹਿਜ ਭਾਵ ਨਾਲ ਜਾਂਦਾ ਅਤੇ ਆ ਜਾਂਦਾ। ਬਹੁਤ ਹੀ ਮਹਾਨ ਤਬਦੀਲੀ ਆ ਰਹੀ ਸੀ ਉਸ ਵਿੱਚ। ਅਤੇ ਇੱਕ ਦਿਨ…

“ਮੈਨੂੰ ਵੀ ਧਿਆਨ ਬਾਰੇ ਦੀਕਸ਼ਿਤ ਕਰੋ ਗੁਰਦੇਵ !! ਬਹੁਤ ਦੇਰ ਹੋ ਗਈ … ਮੈਂ ਜਿਸ ਮੰਗ ਨੂੰ ਲੈ ਕੇ ਆਇਆ ਸੀ ਉਹ ਹਲੇ ਉੱਥੇ ਹੀ ਪਈ ਮੈਨੂੰ ਬੇਚੈਨ ਕਰਦੀ ਏ … ਕਿਰਪਾ ਕਰੋ।”“ਕੋਈ ਗੱਲ ਨਹੀਂ ਸਰਵਰੇਣ ਜਲਦੀ ਸਮਾਂ ਆਏਗਾ … ਥੋੜਾ ਹੋਰ ਅੱਗੇ ਜਾਇਆ ਕਰ ਭਿਖਿਆ ਲੈਣ।”ਸੁਣ ਕੇ ਸਰਵਰੇਣ ਇੱਕ ਦਮ ਸੋਚਾਂ ਵਿੱਚ ਪੈ ਗਿਆ। ਅੱਗੇ ਕੁੱਝ ਦੂਰ ਤਾਂ ਹੁਣ ਉਸਦਾ ਆਪਣਾ ਘਰ  ਸੀ। ਆਪਣੇ ਘਰ ਵਿੱਚ ਆਪ ਹੀ ਭਿਖਾਰੀ ਬਣ ਕੇ ਜਾਵਾਂਗਾ। ਆਪਣੀਆਂ ਹੀ ਨੂੰਹਾਂ ਪੁੱਤਾਂ ਤੋਂ ਭਿਖਿਆ ਮੰਗਾਂਗਾ, ਜਿਹਨਾਂ ਨੂੰ ਮੈਂ ਆਪ ਹੀ ਸਭ ਦੇ ਕੇ ਆਇਆ ਸੀ। “ਕੀ ਸੋਚ ਰਿਹੈਂ ਸਰਵਰੇਣ ?” ਗੁਰਦੇਵ ਬੋਲੇ। “ ਜ ਜੀ ਕੁੱਝ ਨਹੀਂ … ਮੈਂ ਹੋਰ ਅੱਗੇ ਜਾਇਆ ਕਰਾਂਗਾ ਗੁਰਦੇਵ ..।” ਅਤੇ ਉਹ ਆਗਿਆ ਲੈ ਕੇ ਆਪਣੀ ਕੁਟੀਆ ਵਿੱਚ ਚਲਾ ਗਿਆ। “ਜੇ ਕੁੱਝ ਪ੍ਰੇਸ਼ਾਨੀ ਜਾਂ ਉਦਾਸੀ ਏ ਜਾਂ ਘਰ ਵਾਪਿਸ ਜਾਣਾ ਚਾਹੁੰਦਾ ਏਂ ਤਾਂ ਬੇਝਿਜਕ ਦੱਸ ਸਕਦਾਂ ਏਂ ਸਰਵਰੇਣ … ਤੂੰ ਜਾ ਸਕਦਾ ਏਂ … ਤੇਰੇ ਸ਼ਾਹਾਨਾ ਠਾਠ ਤੂੰ ਫਿਰ ਵਾਪਿਸ ਮਾਣ ਸਕਦਾ ਏਂ … ਅਸੀਂ ਪਹਿਲਾਂ ਵਾਂਗ ਹੀ ਤੇਰੇ ਘਰ ਕਦੀ ਕਦੀ  ਮਿਲਣ ਆਉਂਦੇ ਰਹਾਂਗੇ।” ਗੁਰਦੇਵ ਨੇ ਉਸਨੂੰ ਮਗਰੋਂ ਰੋਕਦੇ ਕਿਹਾ। ਸਰਵਰੇਣ ਨੂੰ ਦੋ ਸਾਲ ਤੋਂ ਵੱਧ ਸਮਾਂ ਘਰ ਛੱਡੇ ਹੋ ਗਿਆ ਸੀ।“ ਨਹੀਂ ਗੁਰਦੇਵ ! ਮੈਂ ਆਪਦੀ ਸ਼ਰਣ ਵਿੱਚ ਹੀ ਸੱਚਾ ਸੁੱਖ ਲਭਣ ਦਾ ਅਭਿਲਾਸ਼ੀ ਆਂ।” ਗੁਰਦੇਵ ਮੁਸਕੁਰਾਏ ਅਤੇ ਅੱਗੇ ਵੱਧ ਗਏ। ਅਗਲੇ ਦਿਨ ਸਰਵਰੇਣ ਨੇ ਆਪਣੇ ਘਰ ਹੀ ਭਿਖਿਆ ਮੰਗਣ ਜਾਣਾ ਸੀ।ਸਵੇਰੇ ਸਰਵਰੇਣ ਨੇ ਘੁੰਮਦੇ ਘੁੰਮਦੇ ਆਪਣੇ ਬੂਹੇ ਤੇ ਜਾ ਅਲਖ ਜਗਾਈ। ਉਹ ਹੁਣ ਅੱਗੇ ਨਾਲੋ ਵੱਧ ਮਜਬੂਤ ਹੋ ਗਿਆ ਭਾਸਦਾ ਸੀ। ਉਸਨੂੰ ਕੁੱਝ ਮੁਸ਼ਕਿਲ ਤਾਂ ਹੋਈ ਪਰ ਉਸਨੇ ਭਿਖਾਰੀਆਂ ਵਾਂਗ ਜਾ ਦਰ ਖੜਕਾਇਆ “ਭਿਖਸ਼ਾ… ਦੇਹ…!!” 

ਕਿਸੇ ਨੇ ਨਹੀਂ ਸੁਣਿਆ ਸ਼ਾਇਦ। ਉਸਨੇ ਆਪਣੀ ਸੋਟੀ ਨਾਲ ਦਰ ਖੜਕਾਇਆ ਅਤੇ ਫਿਰ ਆਵਾਜ਼ ਦਿੱਤੀ,

“ਭਿਖਸ਼ਾ… ਦੇਹ…!!”  

ਸੋਟੀ ਦਾ ਪੋਲਾ ਜਿਹਾ ਠਨਕਾ ਲਗਦਿਆਂ ਹੀ ਦਰਵਾਜ਼ਾ ਅੰਦਰ ਵਲ ਨੂੰ ਥੋੜਾ ਖੁੱਲ ਗਿਆ। 

ਅੰਦਰ ਇੱਕ ਦਮ ਉਸਨੂੰ ਆਪਣਾ ਪੋਤਾ ਤੇ ਪੋਤੀ ਖੇਡਦੇ ਹੋਏ ਦਿਸੇ। ਮਾਸੂਮ ਜਿਹੇ … ਨਿੱਕੀਆਂ ਨਿੱਕੀਆਂ ਖੇਡਾਂ ਵਿੱਚ ਮਸਤ .. ਤੋਤਲੀਆਂ ਗੱਲਾਂ ਕਰਦੇ। ਉਸ ਦੇ ਦਿਲ ਨੂੰ ਇੱਕ ਦਮ ਖੋਹ ਜਿਹੀ ਪਈ … ਦਿਲ ਕੀਤਾ ਕਿ ਧਾਅ ਕਿ ਮਿਲ ਲਵੇ … ਘੁੱਟ ਕੇ ਕਲੇਜੇ ਲਾ ਲਵੇ … ਪਰ ਹੁਕਮ ਦਾ ਬੱਝਾ ਸੀ …. ਕਿਸੇ ਮੰਜ਼ਿਲ ਵੱਲ ਮਰ ਮਿਟਣ ਲਈ ਅੱਗੇ ਵਧ ਰਿਹਾ ਸੀ ਤੇ ਹੁਣ ਮੁੜਣਾ ਨਹੀਂ ਚਾਹੁੰਦਾ ਸੀ … ਅੱਖ ‘ਚੋ ਡਬਡਬਾ ਕੇ ਇੱਕ ਹੰਝੂ ਬੱਸ ਕੋਇਆਂ ਤੇ ਆਇਆ ਪਰ ਉਹ ਵੀ ਉਸ ਨੇ ਸੰਘ ਵਿੱਚ ਘੁੱਟ ਜਿਹਾ ਭਰ ਕੇ ਉਸ ਨੂੰ ਅੱਖਾਂ ਚ ਹੀ ਜਜ਼ਬ ਕਰ ਲਿਆ। ਆਪਣੇ ਆਪ ਨੂੰ ਸੰਭਾਲ ਕੇ ਉਹ ਫਿਰ ਅਲਖ ਜਗਾਉਣ ਲੱਗਾ ਤਾਂ ਇੰਝ ਲੱਗਾ ਕਿ ਗਲੇ ਵਿੱਚ ਜਿਵੇਂ ਕੁੱਝ ਫਸਿਆ ਹੋਵੇ … ਭਰੇ ਜਿਹੇ ਗੱਚ ਨਾਲ ਉਹ ਬੋਲਿਆ,“ਭਿਖਸ਼ਾ …. ਦੇਹ …!!”ਐਨੇ ਨੂੰ ਨੂੰਹ ਨੇ ਸੁਣਿਆ ਤਾਂ ਵਿਹੜੇ ਵਿੱਚੋਂ ਹੀ ਬਿਨਾਂ ਵੇਖੇ ਬੋਲੀ ,  “ਆਈ ਬਾਬਾ ! ਜ਼ਰਾ ਰੁਕੋ।” 

ਜਦੋਂ ਅੰਦਰੋਂ ਉਹ ਆਟੇ ਦੀ ਪੜੋਪੀ ਭਰ ਕੇ ਦਰਵਾਜ਼ੇ ਤੇ ਦੇਣ ਆਈ ਤਾਂ ਬਦਲੀ ਜਿਹੀ ਨੁਹਾਰ ਕਾਰਨ ਉਸਨੂੰ ਕੁੱਝ ਪਲ ਲੱਗੇ ਸਹੁਰੇ ਨੂੰ ਪਹਿਚਾਨਣ ਵਿੱਚ। ਸਿਰ ਤੇ ਵਾਲ ਜਟਾਵਾਂ ਬਣ ਚੁਕੇ ਸੀ .. ਤੇੜ ਲੰਗੋਟੀ, ਇੱਕ ਹੱਥ ‘ਚ ਕਮੰਡਲ, ਇੱਕ ਵਿੱਚ ਛੜੀ, ਮੋਢੇ ਤੇ ਸਾਫਾ ਜਿਹਾ , ਸਿਹਤ ਕੁੱਝ ਢਲੀ ਹੋਈ ਪਰ ਚਿਹਰੇ ਤੇ ਨੂਰ। ਅਚਾਨਕ ਹੀ ਆਟਾ ਪਾਉਂਦਿਆਂ ਪਹਿਚਾਣ ਕੇ ਉਸਦੀ ਚੀਕ ਨਿਕਲ ਗਈ,“ਪਿਤਾ ਜੀ !! … … ਮਾਂ ! ਪਿਤਾ ਜੀ ਆਏ ਗਏ ਨੇ … ਜਲਦੀ ਬਾਹਰ ਆਉ ।” ਉਸਨੇ ਸੱਸ ਨੂੰ ਬੁਲਾਇਆ। ਆਵਾਜ਼ ਸੁਣ ਕੇ ਸਰਵਰੇਣ ਦੀ ਪਤਨੀ ਬਾਹਰ ਦੌੜੀ ਆਈ ਤੇ ਸੇਠ ਪੰਨਾ ਲਾਲ ਦੀ ਹਾਲਤ ਵੇਖ ਕੇ ਰੋਣ ਲੱਗ ਪਈ। ਉਸਨੇ ਪੈਰੀ ਹੱਥ ਲਾਏ ਤੇ ਅੰਦਰ ਆਉਣ ਨੂੰ ਕਿਹਾ ਪਰ ਸਰਵਰੇਣ ਨੇ ਇਸ਼ਾਰੇ ਨਾਲ ਮਨਾ ਕਰ ਦਿੱਤਾ ਅਤੇ  ਚੁੱਪ ਰਿਹਾ। ਅੰਦਰੋਂ ਉਹ ਵੀ ਪਿਘਲ ਰਿਹਾ ਸੀ। ਰਹਿੰਦੀ ਹੋਈ ਕਸਰ ਬਚਿਆਂ ਨੇ ਭਜ ਕੇ ਆ ਕੇ ਦਾਦਾ ਜੀ ਦਾਦਾ ਜੀ ਕਹਿੰਦਿਆਂ ਲੱਤਾਂ ਨਾਲ ਲਿਪਟ ਕੇ ਕੱਢ ਦਿੱਤੀ। ਸਰਵਰੇਣ ਦੀ ਕਠਿਨ ਪ੍ਰੀਖਿਆ ਸੀ। ਬਾਹਰੋਂ ਉਹ ਅਡੋਲ ਸੀ ਪਰ ਅੰਦਰੋਂ ਡਗਮਗ ਸੀ। ਐਨੀ ਦੇਰ ਨੂੰ ਪੁੱਤਰ ਵੀ ਆ ਹਾਜ਼ਿਰ ਹੋਏ ਤੇ ਪੈਰੀ ਹੱਥ ਲਾ ਕੇ ਲਿਪਟ ਗਏ। ਬਹੁਤ ਬੇਨਤੀਆਂ ਕੀਤੀਆਂ ਕਿ ‘ਪਿਤਾ ਜੀ ਘਰ ਵਾਪਿਸ ਆ ਜਾਉ। ਤੁਸੀਂ ਕਿਹੜਾ ਰੱਬ ਲੱਭਣ ਤੁਰ ਪਏ ੳ। ਹੋਰ ਲੋਕ ਵੀ ਤਾਂ ਘਰ ਬੈਠ ਕੇ ਪੂਜਾ ਪਾਠ ਕਰਦੇ ਨੇ। ਤੁਸੀਂ ਵੀ ਕਰਦੇ ਰਹਿਣਾ ਅਸੀਂ ਤੁਹਾਨੂੰ ਕੋਈ ਕੰਮ ਨਹੀਂ ਕਹਿੰਦੇ ਪਰ ਘਰ ਰਹੋ।’ 

ਇੱਕ ਪਾਸੇ ਹੱਥ ਫੜ ਕੇ ਖੜੀ ਪਤਨੀ, ਲੱਤਾਂ ਨਾਲ ਚਿੰਬੜੇ ਪੋਤੇ ਪੋਤੀ, ਜਫੀ ਪਾ ਕੇ ਖੜੇ ਆਗਿਆਕਾਰ ਜਵਾਨ ਪੁੱਤਰ ਅਤੇ ਸੁਸ਼ੀਲ ਨੂੰਹਾਂ। ਸਾਮਣੇ ਖੁਸ਼ਬੂਆਂ ਤੇ ਰੌਸ਼ਨੀਆਂ ਨਾਲ ਭਰੇ ਘਰ ਵਿੱਚ ਸੁੱਖ ਸਹੂਲਤਾਂ ਅਤੇ ਦੂਜੇ ਪਾਸੇ ਕੱਖਾਂ ਦੀ ਕੁਟੀਆਂ ਜੋ ਬਾਰਿਸ਼ ਵਿੱਚ ਚੋਅ ਪੈਂਦੀ ਤੇ ਸਰਦੀ ਵਿੱਚ ਠੰਢ ਨਾਲ ਯੱਖ ਹੋ ਜਾਂਦੀ, ਝੱਖੜ ਨਾਲ ਉੱਡ ਪੁੱਡ ਕੇ ਖਰਾਬ ਹੋ ਜਾਂਦੀ। ਸਰਵਰੇਣ ਦੇ ਮਨ ਵਿੱਚ ਆਇਆ ਕਿ “ਕੱਲ ਗੁਰਦੇਵ ਨੇ ਵੀ ਤਾਂ ਕਿਹਾ ਸੀ ਕਿ ਜੇ ਘਰ ਵਾਪਿਸ ਜਾਣਾ ਏ ਤਾਂ ਚਲਾ ਜਾਈਂ ਕੋਈ ਗੱਲ ਨਹੀਂ। ਮੈਨੂੰ ਕਿਹੜਾ ਹਲੇ ਤੱਕ ਉਹਨਾਂ ਨੇ ਦੀਖਿਆ ਦਿੱਤੀ ਏ। ਅਤੇ ਪਤਾ ਨਹੀਂ ਕਦੋਂ ਦੇਣ। ਦੇਣ ਵੀ ਜਾਂ ਨਾ ਦੇਣ। ਜੇ ਦੇ ਵੀ ਦੇਣ ਤਾਂ ਵੀ ਕੀ ਹੁੰਦਾ ਏ ਕੀ ਪਤਾ। ਬਾਕੀ ਚੇਲੇ ਵੀ ਤਾਂ ਦੀਕਸ਼ਿਤ ਨੇ। ਉਹਨਾਂ ਨੂੰ ਕਿਹੜਾ ਕੁੱਝ ਹਲੇ ਤੱਕ ਪ੍ਰਾਪਤ ਹੋਇਆ ਏ ਕਿ ਨਹੀਂ। ਉਹ ਵੀ ਉਂਝ ਹੀ ਲੱਗੇ ਹੋਏ ਨੇ। ‘ਮਨਾ ! ਘਰ ਹੀ ਰਹਿ ਜਾ। ਗੁਰਦੇਵ ਨੇ ਤਾਂ ਆਗਿਆ ਦਿੱਤੀ ਹੀ ਹੋਈ ਏ।”

 …… ਇਧਰ ਸਾਰੇ ਜ਼ੋਰ ਪਾ ਰਹੇ ਨੇ ਪਰ ਸਰਵਰੇਣ ਚੁੱਪ ਕਰ ਕੇ ਅੰਦਰ ਆਪਣੇ ਆਪ ਨਾਲ ਵਾਰਤਾਲਾਪ ਕਰਦਾ ਪਿਆ ਡਗਮਗਾ ਰਿਹਾ ਏ।  ਅਚਾਨਕ ਅੰਦਰੋਂ ਆਤਮਾ ‘ਚੋਂ ਆਵਾਜ਼ ਆਈ,“ਇਹ ਸਭ ਸੁੱਖ ਤਾਂ ਤੇਰੇ ਮਾਣੇ ਹੋਏ ਨੇ ਹੁਣ ਇੱਕ ਵਾਰ ਜਿਸ ਰਾਹ ਤੁਰਿਆ ਏਂ ੳਸਨੂੰ ਵੀ ਚੰਗੀ ਤਰਾਂ ਵੇਖ ਲੈ ਕਿ ਆਖ਼ਿਰ ਹੈ ਕੀ। ਨਾਲੇ ਐਨਾ ਅੱਗੇ ਵਧ ਕੇ ਕੀ ਹੁਣ ਪਿੱਛੇ ਮੁੜੇਂਗਾ ?”  ਉਸੇ ਵਕਤ ਸਰਵਰੇਣ ਜਿਵੇਂ ਹੋਸ਼ ਵਿੱਚ ਵਾਪਿਸ ਆਇਆ ਜਿਵੇਂ ਨੀਂਦ ਵਿੱਚੋਂ ਜਾਗਿਆ ਤੇ ਇੱਕ ਦਮ, “ਭਿਖਸ਼ਾ … ਦੇਹ …!!”  ਬੋਲਦਾ ਹੋਇਆ ਵਾਪਿਸ ਮੁੜ ਪਿਆ। ਸਾਰੇ ਪਿੱਛੋਂ ਆਵਾਜ਼ਾਂ ਮਾਰਦੇ ਰਹੇ ਪਰ ਸਰਵਰੇਣ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮਜ਼ਬੂਤ ਕਦਮਾਂ ਨਾਲ ਜਿਵੇਂ ਸੁੰਨ ਸਰਾਂ ਹੋਇਆ ਜੰਗਲ ਵੱਲ ਨੂੰ ਤੁਰ ਪਿਆ। ਦਿਲ ਜ਼ੋਰ ਨਾਲ ਧੜਕ ਰਿਹਾ ਸੀ … ਅੱਖਾਂ ਡਬਡਬਾਈਆਂ ਹੋਈਆਂ ਜ਼ਰੂਰ ਸੀ .. ਸਾਹਾਂ ਵਿੱਚ ਹਉਕਾ ਜਿਹਾ ਵੀ ਸੀ ਪਰ ਕਦਮ ਲੰਬੇ ਭਰਦਾ ਹੋਇਆ ਉਹ ਤੁਰਿਆ ਜਾ ਰਿਹਾ ਸੀ। 

ਅੱਜ ਉਸਨੂੰ ਪੂਰੀ ਉਮੀਦ ਸੀ ਕਿ ਗੁਰਦੇਵ ਭਿਖਸ਼ਾ ਕਬੂਲ ਕਰਨਗੇ। ਉਸਨੇ ਗੁਰਦੇਵ ਨੂੰ ਨਮਸ਼ਕਾਰ ਕੀਤੀ ਭਿਖਿਆ ਦਾ ਪਾਤਰ ਹਮੇਸ਼ਾ ਵਾਂਗ ਸਭ ਦੀ ਰੱਖੀ ਥਾਂ ਤੇ ਵਿੱਚ ਰੱਖ ਦਿੱਤਾ ਪਰ ਗੁਰਦੇਵ ਨੇ ਵੇਖਿਆ ਵੀ ਨਹੀਂ ਉਸ ਵੱਲ। ਉਹ ਉਦਾਸ ਜਿਹਾ ਵਾਪਿਸ ਆਪਣੀ ਕੁਟੀਆ ਵਿੱਚ ਚਲਾ ਗਿਆ। ਦੋ ਦਿਨ ਸਰੀਰ ਬਿਮਾਰ ਜਿਹਾ ਰਹਿਣ ਕਰਕੇ ਸਰਵਰੇਣ ਨਾ ਭਿਖਿਆ ਲੈਣ ਗਿਆ ਤੇ ਨਾ ਹੀ ਆਪਣੀ ਕੁਟੀਆ ਤੋਂ ਬਾਹਰ ਨਿਕਲਿਆ। ਇਹ ਦੋ ਦਿਨ ਸ਼ਾਇਦ ਉਹ ਮੰਝਧਾਰ ਵਿੱਚ ਹੀ ਡੋਲਦਾ ਰਿਹਾ। ਇੱਕ ਪਾਸੇ ਸਤਰੰਗੀ ਸੰਸਾਰ ਤੇ ਰਿਸ਼ਤੇ ਬਾਹਾਂ ਉਲਾਰ ਕੇ ਖੜੇ ਅਵਾਜ਼ਾਂ ਮਾਰ ਰਹੇ ਸੀ ਅਤੇ ਦੂਜੇ ਪਾਸੇ ਗੁਰਦੇਵ ਦਾ ਖੁਸ਼ਕ ਵਤੀਰਾ। ਧਿਆਨ ਸਾਧਨਾ ਵਿੱਚ ਦੀਕਸ਼ਿਤ ਕਦੋਂ ਕਰਨ ਕੋਈ ਪਤਾ ਨਹੀਂ ਸੀ। ਪਰ ਤੀਜੇ ਦਿਨ ਸਰਵਰੇਣ ਫਿਰ ਭਿਖਿਆ ਲਈ ਤਿਆਰ ਸੀ। ਕਈ ਦਿਨ ਅਤੇ ਹਫਤੇ ਇੰਝ ਬੀਤੇ ਅਤੇ ਹੁਣ ਉਹ ਆਪਣੇ ਘਰ ਅਤੇ ਗਲੀ ਤੱਕ ਬੇਝਿਜਕ ਤੇ ਬੇਲਗਾਵ ਹੋ ਆਉਂਦਾ ਸੀ। ਘਰ ਦੇ ਵੀ ਉਸਨੂੰ  ਦੂਰੋਂ ਵੇਖ ਲੈਂਦੇ ਬੱਸ। ਉਸ ਨੂੰ ਨਾ ਖਿੱਚ ਹੀ ਸੀ ਤੇ ਨਾ ਅਜੀਬ ਤੇ ਔਖਾ ਹੀ ਲਗਦਾ ਸੀ। ਹੁਣ ਹਿਰਦਾ ਨਾ ਤਾਂ ਦ੍ਰਵਿਤ ਹੁੰਦਾ ਸੀ ਤੇ ਨਾ ਹੀ ਅੰਦੋਲਿਤ। ਮਾਣ ਅਪਮਾਨ ਵੀ ਪੋਹਂਦਾ ਨਹੀਂ ਸੀ। ਕੁਟੀਆ ਵਿੱਚ ਵੀ ਚੁੱਪ ਹੀ ਰਹਿੰਦਾ ਸੀ, ਬਹੁਤ ਸਹਿਜ ਵਿੱਚ ਆ ਗਿਆ ਸੀ ਤੇ ਮਜ਼ਬੂਤ ਵੀ ਹੋ ਗਿਆ ਸੀ। ਇੰਝ ਸਰਵਰੇਣ ਨੂੰ ਜਾਪਦਾ ਸੀ .. ਪਰ ਗੁਰੂ ਤਾਂ ਗੁਰੂ ਹੁੰਦਾ ਏ। ਹਲੇ ਵੀ ਕੋਈ ਕਿਨਕਾ ਬਾਕੀ ਸੀ ਸ਼ਾਇਦ। 

ਅੱਜ ਜਦੋਂ ਉਹ ਵਾਪਿਸ ਕੁਟੀਆ ਆਇਆ ਤਾਂ ਗੁਰਦੇਵ ਨੇ ਕਿਹਾ, 

“ਸਰਵਰੇਣ ! ਕੱਲ ਤੋਂ ਥੋੜਾ ਹੋਰ ਅੱਗੇ ਜਾਇਆ ਕਰ ਭਿਖਿਆ ਲੈਣ।”

“ਜੀ ਗੁਰਦੇਵ! ..” ਕਹਿ ਤਾਂ ਦਿੱਤਾ ਉਸਨੇ ਪਰ ਸ਼ਾਇਦ ਹੁਣ ਸਰਵਰੇਣ ਦੀ ਇਹ ਆਖਰੀ ਰਾਤ ਸੀ ਕੁਟੀਆ ਵਿੱਚ। ਸ਼ਾਇਦ ਉਹ ਅੱਜ ਆਪਣੇ ਘਰ ਵੱਲ ਗਿਆ ਕੁਟੀਆ ਵਿੱਚ ਵਾਪਿਸ ਨਾ ਆਵੇ। ਕਿਉਕਿਂ ਉਸ ਤੋਂ ਅੱਗੇ ਉਸਦੇ ਕੱਟੜ ਦੁਸ਼ਮਨ ਅਤੇ ਕਾਰੋਬਾਰੀ ਵਿਰੋਧੀ ਦਾ ਘਰ ਸੀ। ਜੋ ਉਸ ਨਾਲ ਪਿਛਲੇ ਵੀਹ ਸਾਲ ਤੋਂ ਵਿਰੋਧਤਾ ਵਿੱਚ ਸੀ ਅਤੇ ਜਿੰਨਾ ਕੋਈ ਕਿਸੇ ਲਈ ਨਫ਼ਰਤ ਰੱਖ ਸਕਦਾ ਏ ਓਨੀ ਹੀ ਦੋਵੇਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸੀ। ਕਈ ਵਾਰ ਝਗੜ ਵੀ ਚੁੱਕੇ ਸੀ। ਅੱਜ ਉਹੀ ਰਾਤ ਸੀ ਜਿਸ ਦਾ ਜ਼ਿਕਰ ਕਹਾਣੀ ਦੇ ਸ਼ੁਰੂ ਵਿੱਚ ਕੀਤਾ ਗਿਆ ਸੀ। ਲੋਅ ਲੱਗਣ ਵਾਲੀ ਸੀ। ਰਾਤ ਜਿਵੇਂ ਬੜੀ ਤੇਜ਼ੀ ਨਾਲ ਬੀਤ ਗਈ ਸੀ। ਬਾਹਰ ਬਾਰਿਸ਼ ਦੇ ਤੇਜ਼ ਹੋਣ ਦੀ ਆਵਾਜ਼ ਆ ਰਹੀ ਸੀ। ਸਰਵਰੇਣ ਚਾਹੁੰਦਾ ਸੀ ਕਿ ਅੱਜ ਬਾਰਿਸ਼ ਨਾ ਰੁਕੇ ਅਤੇ ਉਸ ਨੂੰ ਜਾਣਾ ਨਾ ਪਵੇ ਭਿਖਿਆ ਲੈਣ। ਕੁੱਝ ਦੇਰ ਹੋਰ ਪਾਸੇ ਮਾਰਦਿਆਂ ਲੰਘ ਗਈ। ਲੋਅ ਲੱਗ ਗਈ ਸੀ ਤੇ ਬਾਰਿਸ਼ ਵੀ ਰੁੱਕ ਗਈ ਸੀ। ਸਰਵਰੇਣ ਅੱਜ ਉਂਜ ਹੀ ਨਿਕਲਿਆ ਜਿਵੇਂ ਪਹਿਲੀ ਵਾਰ ਆਪਣੇ ਇਲਾਕੇ ਵਲ ਭਿਖਿਆ ਲੈਣ ਲਈ ਜਾਣ ਲੱਗੇ ਨਿਸੱਤਾ ਤੇ ਥਕਿਆ ਥਕਿਆ ਜਿਹਾ ਸੀ। 

“ਹੈਂਅ ! ਮੈਂ ਦੌਲਤ ਰਾਮ ਦੇ ਘਰ ਭਿਖਿਆ ਲੈਣ ਜਾ ਰਿਹਾ ਹਾਂ ???” (ਆਪਣੇ ਆਪ ਨਾਲ ਸਵਾਲ ਜਵਾਬ ਕਰਦਾ ਉਹ ਤੁਰਿਆ ਜਾ ਰਿਹਾ ਸੀ।

 “ਉਹ ਦੌਲਤ ਰਾਮ ਜਿਸਨੇ ਮੇਰੀ ਸਰੇ ਬਾਜ਼ਾਰ ਇਜ਼ਤ ਉਛਾਲੀ … ਜੋ ਮੇਰਾ ਕੱਟੜ ਦੁਸ਼ਮਨ ਏ .. ਉਹ ਜਿਸ ਨੇ ਭਰੇ ਮੁਆਸ਼ਰੇ ਵਿੱਚ ਮੈਨੂੰ ਗਾਲਾਂ ਕੱਢੀਆਂ … ਮੈਂ ਉਸ ਕੋਲੋਂ ਭਿਖਿਆ ਮੰਗਾਂਗਾ ? ਨਹੀਂ ਨਹੀਂ ਇੰਝ ਨਹੀਂ ਹੋ ਸਕਦਾ। ਮੈਂ ਘਰ ਵਾਪਿਸ ਚਲਾ ਜਾਵਾਂਗਾ। ਇਹ ਹਰਗਿਜ਼ ਨਹੀਂ ਹੋ ਸਕਦਾ।” ਇਸੇ ਉਧੇੜਬੁਣ ਵਿੱਚ ਉਹ ਤੁਰਿਆ ਗਿਆ। ਕੁੱਝ ਦੇਰ ਬਾਅਦ ਵਾਪਿਸ ਘਰ ਜਾਣ ਵਾਲੀ ਗਲੀ ਮੁੜਣ ਲੱਗੇ ਉਸਨੂੰ ਫਿਰ ਅੰਦਰੋਂ ਆਤਮਾ ਨੇ ਆਵਾਜ਼ ਦਿੱਤੀ, “ ਕੀ ਮੈ  ਆਪਣਾ ਇਹ ਸਫਰ ਏਥੇ ਹੀ ਖਤਮ ਕਰ ਦਿਆਂ ? ਬਿਨਾਂ ਕਿਸੇ ਨਤੀਜੇ ਦੇ ? ਗਲੀ ਗਲੀ ਭਿਖਿਆ ਮੰਗ ਕੇ .. ਐਨੇ ਕਸ਼ਟ ਸਹਿ ਕੇ … ਕੀ ਜਵਾਬ ਦਿਆਂਗਾ ਘਰ ਜਾ ਕੇ ? ਐਨੇ ਸਾਲਾਂ ‘ਚ ਕੀ ਖਟਿਆ ? ਪਰਿਵਾਰ ਅਤੇ ਸੁੱਖਾਂ ਨੂੰ ਤਿਆਗ ਕੇ ਸਹੇ ਦੁੱਖ ਬਾਅਦ ਨਤੀਜੇ ਨੂੰ ਵੇਖੇ ਬਿਨਾਂ ਵਾਪਿਸ ਮੁੜ ਜਾਵਾਂ ? ਗੁਰੂ ਨੇ ਵਾਅਦਾ ਲਿਆ ਸੀ ਕਿ ਪੰਨਾ ਲਾਲ ਨੂੰ ਸਰਵਰੇਣ ਹੋਣਾ ਪਏਗਾ ਸੋਚ ਲੈ ? … ਅਤੇ ਮੈਂ ਹਾਮੀ ਭਰੀ ਸੀ। ਹੁਣ ਦੌਲਤ ਰਾਮ ਦੇ ਘਰ ਤਾਂ ਸਰਵਰੇਣ ਜਾ ਰਿਹਾ ਏ ਪੰਨਾ ਲਾਲ ਤਾਂ ਉਸੇ ਦਿਨ ਪਿੱਛੇ ਰਹਿ ਗਿਆ ਸੀ … ਜਿਥੇ ਐਨਾ ਕਸ਼ਟ ਸਹਿਆ ਉੱਥੇ ਇਹ ਵੀ ਸਹੀ। ਪਿੱਛੇ ਨਹੀਂ ਮੁੜਾਂਗਾ। ਅੱਜ ਜੋ ਹੋਏਗਾ ਵੇਖਿਆ ਜਾਵੇਗਾ …  ਆਪਣੇ ਆਪ ਨੂੰ ਫੂਕ ਕੇ ਤਮਾਸ਼ਾ ਵੇਖਾਂਗਾ … ਆਪਣੇ ਹੀ ਸਿਵੇ ਤੇ ਨੱਚ ਕੇ ਵੇਖਾਂਗਾ … ਅੱਜ ਮੈਂ ਮੱਚ ਕੇ ਵੇਖਾਂਗਾ। ਚੱਲ ਮਨਾ ਭਰ ਪੁਲਾਂਘ ਅੱਗੇ, ਤੇ ਅੱਗੇ ਵਧ ਪਿੱਛੇ ਨਹੀਂ ਮੁੜਣਾ ਹੁਣ।” ਅਗਲੇ ਹੀ ਕੁੱਝ ਪਲ ਬਾਅਦ ਉਸਨੇ ਸ਼ੇਰ ਜਿੱਡਾ ਕਲੇਜਾ ਕੱਢ ਕੇ ਆਪਣੇ ਕੱਟੜ ਦੁਸ਼ਮਨ ਦੇ ਦਰ ਤੇ ਜਾ ਭਿਖਿਆ ਮੰਗਣ ਲਈ ਅਲਖ ਜਗਾਈ। 

“ਭਿਖਸ਼ਾ … ਦੇਹ …!!”.

ਦੌਲਤ ਰਾਮ ਬਾਹਰ ਆਇਆ ਤੇ ਪੰਨਾ ਲਾਲ ਨੂੰ ਸਰਵਰੇਣ ਬਣੇ ਵੇਖ ਕੇ ਸੁੰਨ ਹੋ ਗਿਆ। ਸਰਵਰੇਣ ਦੇ ਚਿਹਰੇ ਤੇ ਰੂਹਾਨੀ ਨੂਰ ਸੀ ਜਲਾਲ ਸੀ। ਦੌਲਤ ਰਾਮ ਦੇ ਕੰਨਾਂ ਤੱਕ ਸਰਵਰੇਣ ਦੀਆਂ ਗੱਲਾਂ ਤੇ ਤਿਆਗ ਦੀਆਂ ਕਹਾਣੀਆਂ ਪਹੁੰਚ ਚੁਕੀਆਂ ਸੀ। ਸਰਵਰੇਣ ਬਹੁਤ ਉੱਚਾ ਉੱਠ ਚੁੱਕਾ ਸੀ, ਜਿਸਦਾ ਉਸਨੂੰ ਵੀ ਪਤਾ ਨਹੀਂ ਸੀ।  ਦੌਲਤ ਰਾਮ ਹਲੇ ਉੱਥੇ ਹੀ ਮਾਇਆ ਦੇ ਢੇਰ ਤੇ ਬੈਠਾ ਸੀ, ਉਹ ਸਾਫ ਸਾਫ ਉਸ ਦੀ ਮਹਾਨਤਾ ਅਤੇ ਉਚਾਈ ਦੇਖ ਪਾ ਰਿਹਾ ਸੀ ਕਿ ਐਨਾ ਵੱਡਾ ਸ਼ਾਹੂਕਾਰ ਅਮੀਰੀ ਨੂੰ ਠੋਕਰ ਮਾਰ ਕੇ, ਸਾਰੇ ਸੁੱਖ ਅਤੇ ਪਰਿਵਾਰ ਨੂੰ ਤਿਆਗ ਕੇ ਸਾਲਾਂ ਤੋਂ ਪ੍ਰਮਾਰਥ ਦਾ ਰਾਹੀ ਬਣ ਗਿਆ ਏ। ਚਿਹਰੇ ਤੇ ਐਨਾ ਨੂਰ … ਐਨਾ ਜਲਾਲ। ਸਰਵਰੇਣ ਨੇ ਜੋ ਸੋਚਿਆ ਸੀ ਕਿ ਦੌਲਤ ਰਾਮ ਬਹੁਤ ਤ੍ਰਿਸਕਾਰ ਕਰੇਗਾ ਪਰ ਇੰਝ ਨਹੀਂ ਹੋਇਆ।

“ਆਉ ਮਹਾਰਾਜ ! ਅੰਦਰ ਆਉ ਘਰ ਨੂੰ ਪਵਿਤਰ ਕਰੋ।”  ਦੌਲਤ ਰਾਮ ਬੋਲਿਆ। ਸਰਵਰੇਣ ਹੈਰਾਨ ਸੀ। ਦੌਲਤ ਰਾਮ ਨੇ ਉਸ ਦਾ ਹੱਥ ਫੜ ਕੇ ਅੰਦਰ ਲੈ ਆਉਂਦਾ ਅਤੇ ਇਕ ਕੁਰਸੀ ਤੇ ਬਿਠਾਇਆ। ਸਰਵਰੇਣ ਕੁੱਝ ਵੀ ਨਹੀਂ ਸਮਝ ਪਾ ਰਿਹਾ ਸੀ।  ਉਸ ਦੀ ਆਉ ਭਗਤ ਵਿੱਚ ਦੌਲਤ ਰਾਮ ਨੇ ਪੂਰਾ ਤਾਣ ਲਾ ਦਿਤਾ। ਆਪ ਵੀ ਝੁੱਕ ਝੁੱਕ ਕੇ ਉਸ ਨੂੰ ਫੱਲ ਖਾਣ ਲਈ ਪਰੋਸਦਾ ਰਿਹਾ। “ਮੈਂ ਪਿਛਲੀਆਂ ਸਭ ਗੱਲਾਂ ਲਈ ਮਾਫੀ ਚਾਹੁੰਦਾ, ਕਿਰਪਾ ਕਰਕੇ ਉਹਨਾਂ ਨੂੰ ਭੁੱਲ ਜਾਣਾ ਅਤੇ ਹੋ ਸਕੇ ਤਾਂ ਮਾਫ ਕਰ ਦੇਣਾ। ਸਾਡੇ ਲਈ ਵੀ ਪ੍ਰਭੂ ਅੱਗੇ ਅਰਦਾਸ ਕਰਨਾ ਕਿ ਅਸੀਂ ਵੀ ਚੰਗੇ ਰਾਹ ਤੇ ਚੱਲ ਸਕੀਏ।” ਸਰਵਰੇਣ ਨੇ ਅੱਗੋਂ ਮੁਸਕੁਰਾ ਕੇ ਜੱਫੀ ਪਾਈ ਤੇ ਭਿਖਿਆ ਲੈ ਕੇ ਵਾਪਿਸ ਤੁਰ ਪਿਆ। ਕਦੋਂ ਆਪਣੇ ਰੰਗ ਵਿੱਚ ਰੰਗਿਆ ਆਪਣੇ ਘਰ ਦੇ ਅੱਗਿਉਂ ਲੱਘ ਗਿਆ ਪਤਾ ਹੀ ਨਾ ਲੱਗਾ। ਆਪਣਾ ਘਰ ਵੀ ਹੋਰਾਂ ਘਰਾਂ ਵਿੱਚ ਗੁੰਮ ਗਿਆ ਸੀ। ਇਸੇ ਹੀ ਰੰਗ ਵਿੱਚ ਰੰਗਿਆ ਉਹ ਕਿੱਥੋਂ ਕਿੱਥੋਂ ਅੱਜ ਲੰਘ ਰਿਹਾ ਸੀ ਉਸ ਨੂੰ ਕੋਈ ਧਿਆਨ ਨਹੀਂ ਸੀ ।ਲੋਕ ਵੇਖ ਕੇ ਨਮਸ਼ਕਾਰ ਕਰ ਰਹੇ ਸੀ। ਬਸਤੀ ਦੇ ਅਖੀਰ ਵਿੱਚ ਉਹ ਸਭ ਵੀ ਨਮਸ਼ਕਾਰ ਕਰਦੇ ਅਤੇ ਮੱਥਾ ਟੇਕਦੇ ਮਿਲੇ ਜਿਹਨਾਂ ਨੇ ਕਦੀ ਤ੍ਰਿਸਕਾਰ ਕੀਤਾ ਸੀ। ਅੱਜ ਜਿਵੇਂ ਦੁਨੀਆ ਹੀ ਬਦਲ ਗਈ ਸੀ। ਸਭ ਉਸ ਕਈ ਇੱਕੋ ਜਿਹੇ ਹੋ ਗਏ ਸੀ। ਸਭ ਪਾਸੇ ਇਲਾਹੀ ਜੋਤ ਫੈਲ ਗਈ ਸੀ। 

ਕੁਟੀਆ ਦੇ ਦੁਆਰ ਤੇ ਗੁਰੂ ਬਾਹਰ ਖੜੇ ਉਸ ਨੂੰ ਉਡੀਕ ਰਹੇ ਸੀ। ਜਿਵੇਂ ਹੀ ਉਹ ਕੋਲ ਜਾ ਕੇ ਮੱਥਾ ਟੇਕਣ ਲੱਗਾ ਗੁਰਦੇਵ ਨੇ ਗਲੇ ਲਾ ਲਿਆ। ਤੇ ਭਿਖਿਆ ਕਬੂਲ ਕਰ ਲਈ। ਅੱਜ ਸਰਵਰੇਣ ਨੂੰ ਧਿਆਨ ਅਤੇ ਆਸ ਵੀ ਨਹੀਂ ਸੀ ਕਿ ਇੰਝ ਹੋਵੇਗਾ …  ਤੇ ਅੱਜ ਉਸ ਤੇ ਗੁਰਦੇਵ ਨਿਛਾਵਰ ਹੋ ਗਏ ਸੀ। ਗੁਰਦੇਵ ਨੇ ਉਸਦੇ ਸਿਰ ਤੇ ਹੱਥ ਫੇਰਿਆ ਤੇ ਫਿਰ ਘੁੱਟ ਕੇ ਗਲੇ ਲਾ ਲਿਆ। ਬਹੁਤ ਦੇਰ ਤੋਂ ਦਬਾ ਕਿ ਰਖਿਆ ਹੰਝੂਆਂ ਦੇ ਦਰਿਆ ਨਾਲ ਉਸਦਾ ਚਿਹਰਾ ਧੋਤਾ ਗਿਆ। ਸਰਵਰੇਣ ਦੀਆਂ ਅੱਖਾਂ ਬੰਦ ਹੋ ਗਈਆਂ। ਉਹ ਦੀਕਸ਼ਿਤ ਹੋ ਚੁੱਕਾ ਸੀ।  ਕੁਟੀਆ ਵਿੱਚ ਥੜੇ ਤੇ ਬੈਠਦਿਆਂ ਉਸ ਦੀ ਸਮਾਧੀ ਲੱਗ ਗਈ। ਉਸ ਨੇ ਵੇਖਿਆ ਕਿ ਉਸਦੇ ਲੇਖੇ ਮੁੱਕ ਗਏ ਸੀ। ਉਸਦੇ ਅੰਦਰ ਕਿਸੇ ਲਈ ਵੈਰ ਵਿਰੋਧ ਅਤੇ ਮੋਹ ਬਾਕੀ ਨਹੀਂ ਰਿਹਾ ਸੀ। ਸਮਭਾਵ ਉਸ ਦਾ ਸੁਭਾਅ ਬਣ ਗਿਆ ਸੀ। ਸਰਬਤ ਦੇ ਭਲੇ ‘ਚ ਪਹੁੰਚਦਿਆਂ ਹੀ ਉਹ ਬਹੁਤ ਸਾਰੀਆਂ ਬਰਕਤਾਂ ਦਾ ਮਾਲਕ ਹੋ ਗਿਆ ਸੀ। ਕਿੰਨੇ ਲੰਮੇ ਪੈਂਡੇ ਉਸ ਨੇ ਮੁਕਾ ਲਏ ਸੀ ਜੋ ਜਨਮਾਂ ਦਾ ਕੰਮ ਸੀ। ਆਤਮਾ ਦੀ ਉਹ ਆਵਾਜ਼ ਜੋ ਉਸਨੂੰ ਅੱਗੇ ਵਧਣ ਲਈ ਪ੍ਰੇਰਦੀ ਸੀ ਅਸਲ ਵਿੱਚ ਉਹ ਗੁਰੂ ਦੀ ਪ੍ਰਭੂ ਦੀ ਆਵਾਜ਼ ਸੀ, ਜਿਸ ਦੀ ਬਦੌਲਤ ਉਹ ਇੱਥੇ ਪਹੁੰਚ ਸਕਿਆ ਸੀ।ਹੁਣ ਸਰਵਰੇਣ ਨੂੰ ਭਿਖਿਆ ਲੈਣ ਲਈ ਨਹੀਂ ਭੇਜਿਆ ਜਾਂਦਾ ਸੀ। ਉਹ ਕੁਟੀਆ ਵਿੱਚ ਧਿਆਨ ਸਾਧਨਾ ਵਿੱਚ ਹੀ ਮਗਨ ਰਹਿਣ ਲੱਗ ਪਿਆ ਸੀ। ਕੁੱਝ ਸਾਲ ਡੂੰਘੇ ਧਿਆਨ ਅਭਿਆਸ ਕਰਨ ਤੋਂ ਬਾਅਦ ਇੱਕ ਦਿਨ: “ਸਰਵਰੇਣ ! ਤੂੰ ਹੁਣ ਵਾਪਿਸ ਘਰ ਚਲਾ ਜਾ।”

“ਕਿਉਂ ਗੁਰਦੇਵ ! ਕੀ ਕੋਈ ਗ਼ਲਤੀ ਹੋ ਗਈ ਮੇਰੇ ਤੋਂ ? ਮਾਫ ਕਰ ਦਿੳ।ਤੁਹਾਡੇ ਬਿਨਾਂ ਰਹਿਣਾ ਹੁਣ ਮੁਸ਼ਕਿਲ ਏ।”

“ਨਹੀ ਸਰਵਰੇਣ ! ਤੇਰੀ ਦੀਖਿਆ ਪੂਰੀ ਹੋਈ। ਹੁਣ ਤੂੰ ਸੱਚਮੁੱਚ ਸਰਵ ਰੇਣ ਹੋ ਗਿਆ ਏਂ। ਸਰਵ ਰੇਣ  ਭਾਵ ਸਭ ਦੇ ਚਰਨਾਂ ਦੀ ਧੂੜ। ਨਿਮਰਤਾ। ਤੂੰ ਹੁਣ ਆਪਣੇ ਘਰ ਰਹਿ ਕੇ ਭਗਤੀ ਕਰ, ਸਮਾਜ ਨੂੰ ਰਾਹ ਦਿਖਾ, ਤੇਰੀ ਉੱਥੇ ਲੋੜ ਏ, ਜਦੋਂ ਅਸੀਂ ਅੰਦਰੋਂ ਆਵਾਜ਼ ਮਾਰੀਏ ਆ ਕੇ ਮਿਲ ਜਾਇਆ ਕਰਨਾ। ਇਹ ਸਾਡਾ ਹੁਕਮ ਏ। ਜਾਉ ਤਿਆਰੀ ਕਰੋ। ਗ੍ਰਹਿਸਤ ਵਿੱਚ ਰਹਿ ਕੇ ਉਦਾਸੀ ਬਣੋ, ਚਿੱਕੜ ਵਿੱਚ ਕਮਲ ਵਾਂਗ ਖਿੜੇ ਰਹੋ … ਰਾਜ ਜੋਗ ਕਮਾੳ … ਹੋਰਾਂ ਦਾ ਭਲਾ ਕਰੋ। ਸਾਡਾ ਆਸ਼ੀਰਵਾਦ ਅਤੇ ਬਰਕਤਾਂ ਤੇਰੇ ਨਾਲ ਰਹਿਣਗੀਆਂ … ਉਹਨਾਂ ਦਾ ਸਦਉਪਯੋਗ ਕਰਨਾ।” ਸੱਤ ਸਾਲ ਪਹਿਲਾਂ ਸਰਵਰੇਣ ਜਿਵੇਂ ਸੇਠਾਂ ਵਾਂਗ ਆਇਆ ਸੀ ਅੱਜ ਉਵੇਂ ਹੀ ਹੁਣ ਵਾਪਿਸ ਜਾ ਰਿਹਾ ਸੀ … ਪਰ ਨਿਮਰਤਾ ਨਾਲ ਭਰ ਕੇ ਅਸਲੀ ਦੌਲਤ ਹਾਸਲ ਕਰਕੇ … ਅਸਲੀ ਸੇਠ ਬਣ ਕੇ।  

“ਫਲ ਨੀਵਿਆਂ ਰੱਖਾਂ ਨੂੰ ਲਗਦੇ" "ਉੱਚਾ  ਹੋ  ਕੇ   ਮਾਣ  ਨਾ  ਕਰੀਂ “

“ਗੁਰਮੀਤ ਸਿੰਘ ਮੀਤ"