ਬਾਦਲਾਂ ਦੇ ਰਾਜ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਿਫੂਜ਼ ਨਹੀਂ ਰਹੇ ਤਾਂ ਪੰਥ ਕਿੰਝ ਰਹਿੰਦਾ : ਕਾਲਕਾ
ਕਾਲਕਾ ਵੱਲੋਂ ਪੰਜਾਬ ’ਚ ਇਸਾਈਅਤ ਦੇ ਵੱਧਦੇ ਪ੍ਰਸਾਰ ’ਤੇ ਚਿੰਤਾ ਦਾ ਪ੍ਰਗਟਾਵਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 26 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ (ਪੰਜਾਬ) ਨੇ ਮਾਝੇ ਵਿੱਚ ਆਪਣੀਆਂ ਧਾਰਮਕ ਸਰਗਰਮੀਆਂ ਆਰੰਭ ਕਰਨ ਤੋ ਬਾਅਦ ਅੱਜ ਮਾਲਵੇ ਵਿੱਚ ਵੀ ਵੱਡੇ ਪੱਧਰ ਤੇ ਆਪਣੀਆਂ ਧਾਰਮਿਕ ਸਰਗਰਮੀਆਂ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਕਰ ਦਿੱਤੀਆਂ ਹਨ। ਅੱਜ ਭਾਂਵੇਂ ਧਰਮ ਪ੍ਰਚਾਰ ਕਮੇਟੀ ਪੰਜਾਬ ਨੇ ਇੱਕ ਦੋ ਜਿਲਿਆਂ ਦੀ ਗੁਰਮਤਿ ਅਕੈਡਮੀ ਬਾਰਨ ਵਿਖੇ ਪੰਥਕ ਦਰਦੀਆਂ ਤੇ ਧਾਰਮਿਕ ਸ਼ਖ਼ਸੀਅਤਾਂ ਦੀ ਇਕ ਵਿਸ਼ੇਸ਼ ਮੀਟਿੰਗ ਹੀ ਬੁਲਾਈ ਸੀ ਪਰ ਇਹ ਮੀਟਿੰਗ ਇਕ ਸੈਲਾਬ ਦਾ ਰੂਪ ਧਾਰਨ ਕਰਕੇ ਬਹੁਤ ਵੱਡੀ ਧਾਰਮਿਕ ਕਾਨਫਰੰਸ ਵਿੱਚ ਬਦਲ ਗਈ।
ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਮੁੱਖ ਮੰਤਰੀ ਬਣਾਇਆ ਤਾਂ ਇਸ ਕਰਕੇ ਕਿਉਂਕਿ ਸ. ਬਾਦਲ ਨੇ ਕੌਮ ਦੀ ਖਾਤਿਰ ਜੇਲ੍ਹਾਂ ਕੱਟੀਆਂ ਅਤੇ ਕੁਰਬਾਨੀਆਂ ਕੀਤੀਆਂ । ਇਸ ਲਈ ਪੰਜਾਬ ਦੀ ਜਨਤਾ ਨੇ ਵੀ ਇਨ੍ਹਾਂ ਨੂੰ ਵੱਡੀਆਂ ਸਰਦਾਰੀਆਂ ਬਖ਼ਸ਼ੀਆਂ ਪਰੰਤੂ ਇਨ੍ਹਾਂ ਸਰਦਾਰੀਆਂ ਦਾ ਕੀ ਫਾਇਦਾ ਹੋਇਆ ਕਿ ਇਨ੍ਹਾਂ ਦੇ ਰਾਜ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਫੂਜ਼ ਨਾ ਰਹਿ ਸਕਣ ਤਾਂ ਅਸੀਂ ਇਨ੍ਹਾਂ ਦੇ ਰਾਜ ’ਚ ਪੰਥ ਕਿੰਝ ਮਹਿਫੂਜ ਰਹਿ ਸਕਦਾ ਹੈ । ਬਾਦਲਾਂ ਦੇ ਰਾਜ ’ਚ ਵਾਪਰੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਅੱਜ ਤਕ ਫੜਿਆ ਨਹੀਂ ਜਾ ਸਕਿਆ ਤੇ ਅੱਜ ਇਹ ਲੋਕ ਚੋਣਾਂ ਹਾਰਨ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਕਰਾਉਣ ਦੀ ਗੱਲ ਕਰਦੇ ਹਨ । ਜਦੋਂ ਇਨ੍ਹਾਂ ਦੀਆਂ ਸਰਕਾਰਾਂ ਸੀ ਉਦੋਂ ਤਾਂ ਬਾਦਲਾਂ ਨੇ ਕੇਂਦਰ ਸਰਕਾਰ ਨਾਲ ਸਾਂਝ ਪਾ ਕੇ ਹੋਰਨਾਂ ਰਾਜਾਂ ’ਚ 25-25 ਸਾਲਾਂ ਤੋਂ ਬੰਦ ਪਏ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਨਹੀਂ ਸਕੇ ਹੁਣ ਪੰਜਾਬ ਦੀ ਜਨਤਾ ਨੂੰ ਮੂਰਖ਼ ਬਨਾਉਣ ਲਈ ਅਡੰਬਰ ਰੱਚਦੇ ਪਏ ਹਨ ।
ਸ. ਕਾਲਕਾ ਨੇ ਕਿਹਾ ਕਿ ਬਹੁਤ ਦੇਰ ਤਾਂ ਨਹੀਂ ਹੋਈ ਪਰੰਤੂ ਕਾਫੀ ਸਮਾਂ ਨਿਕਲ ਗਿਆ ਜਿਸ ਕਾਰਨ ਸਾਨੂੰ ਅੱਜ ਇਹ ਦਿਨ ਦੇਖਣਾ ਪਿਆ ਕਿ ਪੰਜਾਬ ਦੀ ਧਰਤੀ ’ਤੇ ਦਿਨੋਂ-ਦਿਨ ਵੱਧਦੇ ਈਸਾਈਅਤ ਦੇ ਪ੍ਰਚਾਰ ਅਤੇ ਲੋਭ-ਲਾਲਚ ਦੇ ਸਿੱਖਾਂ ਦੇ ਕਰਵਾਏ ਜਾ ਰਹੇ ਧਰਮ ਬਦਲੀ ਦੇ ਮਾਮਲਿਆਂ ’ਤੇ ਠੱਲ੍ਹ ਪਾਉਣ ਲਈ ਅਜਿਹੀ ਮੀਟਿੰਗ ਸੱਦਣੀ ਪਈ । ਸ. ਕਾਲਕਾ ਨੇ ਧਰਮ ਪ੍ਰਚਾਰ ਕਮੇਟੀ (ਪੰਜਾਬ) ਵੱਲੋਂ ਆਰੰਭੀਆਂ ਧਾਰਮਿਕ ਸਰਗਰਮੀਆਂ ਤੇ ਖੁਸ਼ੀ ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਜਦੋਂ ਵੀ ਸਿੱਖ ਧਰਮ ਤੇ ਖ਼ਤਰਾ ਮੰਡਰਾਇਆ ਹੈ ਓਦੋਂ ਹੀ ਪੰਜਾਬ ਦੇ ਝੁਜਾਰੂਸਿੱਖ ਯੋਧਿਆਂ ਨੇ ਕਮਾਨ ਸੰਭਾਲੀ ਹੈ, ਇਹ ਜਰੂਰੀ ਨਹੀਂ ਕਿ ਕਿਸੇ ਮੁਲਕ ਦੀਆਂ ਫੌਜਾਂ ਟੈਂਕਾਂ ਤੋਪਾਂ ਨਾਲ ਹੀ ਆਕੇ ਹਮਲਾ ਕਰਨ ਤਾਂ ਹੀ ਮੁਲਕ ਤੇ ਕੌਮਾਂ ਨੂੰ ਖ਼ਤਰਾ ਹੁੰਦਾ ਹੈ, ਬਲਕਿ ਸਭ ਤੋਂ ਵੱਡਾ ਖ਼ਤਰਨਾਕ ਖ਼ਤਰਾ ਬੁੱਕਲ ਦਿਆਂ ਸੱਪਾ ਤੋਂ ਹੁੰਦਾ ਹੈ। ਪਰ ਪੰਥ ਹੁਣ ਇਹਨਾਂ ਬੁੱਕਲ ਦਿਆਂ ਸੱਪਾਂ ਨੂੰ ਪਹਿਚਾਣ ਚੁੱਕਿਆ ਹੈ। ਸ੍ਰ ਕਾਲਕਾ ਨੇ ਇਹ ਵੀ ਕਿਹਾ ਕਿ ਉਹ ਬੰਦੀ ਸਿੰਘਾਂ ਦੀਆਂ ਰਿਹਾਈਆਂ ਲਈ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਸੰਪਰਕ ਬਣਾਉਣ ਦੇ ਨਾਲ-ਨਾਲ ਕਾਨੂੰਨੀ ਪ੍ਰਕਿਰਿਆ ਰਾਂਹੀ ਵੀ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਉਹ ਜਲਦੀ ਹੀ ਪੰਥਕ ਸ਼ਖ਼ਸੀਅਤਾਂ ਨਾਲ ਸਲਾਹ ਮਸ਼ਵਰਾ ਕਰਕੇ ਇਕ ਵੱਡੇ ਪੰਥਕ ਵਫਦ ਦੇ ਰੂਪ ਵਿੱਚ ਕੇਂਦਰ ਸਰਕਾਰ ਨੂੰ ਮਿਲਣਗੇ।
ਇਸ ਮੌਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਤਿੱਖੀ ਸੁਰ ਵਿੱਚ ਬੋਲਦਿਆਂ ਹੋਇਆ ਕਿਹਾ ਕਿ ਸਿੱਖ ਕੌਮ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਪਹਿਚਾਣ ਕੇ ਪਿਛਲੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਸਖ਼ਤ ਸਜ਼ਾ ਦੇਕੇ ਘਰਾਂ ਚ ਬਿਠਾ ਚੁੱਕੇ ਹਨ, ਅਤੇ ਹੁਣ ਇਹਨਾਂ ਪੰਥ ਵਿਰੋਧੀ ਤਾਕਤਾਂ ਨੂੰ ਗੁਰੂਆਂ, ਪੀਰਾਂ ਤੋਂ ਫਕੀਰਾਂ ਦੀ ਧਰਤੀ ਤੇ ਦੋਬਾਰਾ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਇਹ ਲੋਕ ਬਰਗਾੜੀ, ਬਹਿਬਲ ਕਲਾਂ ਅਤੇ 328 ਗੁੰਮ ਹੋਏ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮੁੱਖ ਦੋਸ਼ੀ ਹਨ। ਇਹਨਾਂ ਨੂੰ ਸਿੱਖ ਪੰਥ ਕਦੇ ਵੀ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਕਰੇਗਾ।
ਇਸ ਮੌਕੇ ਤੇ ਧਰਮ ਪ੍ਰਚਾਰ ਕਮੇਟੀ (ਪੰਜਾਬ) ਦੇ ਚੇਅਰਮੈਨ ਭਾਈ ਮਨਜੀਤ ਸਿੰਘ ਤੋਮਾਂ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਸਮੁੱਚੀ ਸਿੱਖ ਕੌਮ ਨੂੰ ਵਿਸ਼ਵਾਸ ਦਵਾਉਂਦਿਆਂ ਹੋਇਆਂ ਕਿਹਾ ਧਰਮ ਪ੍ਰਚਾਰ ਵਿੱਚ ਆਈ ਖੜੋਤ ਨੂੰ ਤੋੜਨ ਲਈ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਮਾਰਗ ਦੀ ਰੋਸ਼ਨੀ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਉਹ ਪੰਜਾਬ ਦੇ ਪਿੰਡ-ਪਿੰਡ ਅਤੇ ਹਰੇਕ ਗਲੀ ਮੁਹੱਲੇ ਤੱਕ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡਣਗੇ ਅਤੇ ਜਿਥੇ ਪਿੰਡ-ਪਿੰਡ ਧਰਮ ਪ੍ਰਚਾਰ ਕਰਨਗੇ ਉਥੇ ਨਾਲ-ਨਾਲ ਹੀ ਪੰਥਕ ਹਿੱਤਾਂ ਦੀ ਡੱਟ ਕੇ ਪਹਿਰੇਦਾਰੀ ਵੀ ਕਰਨਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ (ਪੰਜਾਬ) ਵੱਲੋਂ ਬੁਲਾਈ ਗਈ ਇਸ ਮੀਟਿੰਗ ਦਾ ਮੁੱਖ ਏਜੰਡਾ ਇਹ ਸੀ ਕਿ 3 ਅਗਸਤ ਨੂੰ ਅੰਮ੍ਰਿਤਸਰ ਸਾਹਿਬ ਤੋਂ ਆਰੰਭੀ ਧਰਮ ਜਾਗਰੂਕਤਾ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਮਾਲਵੇ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਤੇਜ ਕਰਨਾਂ ਅਤੇ ਲੰਬੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ।
ਅੱਜ ਵੱਖ-ਵੱਖ ਬੁਲਾਰਿਆਂ ਨੇ ਇਹਨਾਂ ਦੋਵਾਂ ਏਜੰਡਿਆ ਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਮੁੱਦਿਆਂ ਤੇ ਸੰਤ ਬਾਬਾ ਮਨਮੋਹਨ ਸਿੰਘ, ਭਾਈ ਜਸਵਿੰਦਰ ਸਿੰਘ ਡਰੋਲੀ (ਯੂਐਸ ਏ) ਅਤੇ ਹੋਰ ਬੁਲਾਰਿਆਂ ਨੇ ਜ਼ੋਰ ਦਿੰਦਿਆਂ ਹੋਇਆਂ ਕਿਹਾ ਕਿ ਜਿੰਨੀ ਦੇਰ ਤੱਕ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾਅ ਨਹੀਂ ਹੁੰਦੇ ਓਨਾ ਚਿਰ ਸਿੱਖਾਂ ਦੇ ਦਿਲ ਨਹੀਂ ਜਿੱਤੇ ਜਾ ਸਕਦੇ।
ਅੱਜ ਦੀ ਇਸ ਧਾਰਮਿਕ ਮੀਟਿੰਗ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ, ਸ. ਵਿਕਰਮ ਸਿੰਘ ਰੋਹਿਣੀ, ਸ. ਭੁਪਿੰਦਰ ਸਿੰਘ ਭੁੱਲਰ ਮੈਂਬਰ ਦਿੱਲੀ ਕਮੇਟੀ, ਗੁਰਪਿਆਰ ਸਿੰਘ ਮਾਨ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਜਸਵਿੰਦਰ ਸਿੰਘ ਡਰੋਲੀ (ਯੂਐਸ ਏ), ਧਰਮ ਪ੍ਰਚਾਰ ਕਮੇਟੀ (ਪੰਜਾਬ) ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾਂ, ਡਾਕਟਰ ਭਗਵਾਨ ਸਿੰਘ, ਸ੍ਰ ਹਰਵਿੰਦਰ ਸਿੰਘ ਖਾਲਸਾ ਬਠਿੰਡਾ, ਭਾਈ ਸਰਬਜੀਤ ਸਿੰਘ ਸੋਹਲ, ਭਾਈ ਸਰਬਜੀਤ ਸਿੰਘ ਜੰਮੂ, ਭਾਈ ਕੁਲਬੀਰ ਸਿੰਘ ਜੀ ਗੰਡੀਵਿੰਡ, ਅਮਰਜੀਤ ਸਿੰਘ ਰੰਧਾਵਾ, ਮਨਜੀਤ ਸਿੰਘ ਚਹਿਲ, ਮੁਸਲਿਮ ਲੀਡਰ ਮੈਡਮ ਮੰਜੂਕੁਰੈਸ਼ੀ, ਅਮਰਿੰਦਰ ਸਿੰਘ ਤੁੜ, ਕਸ਼ਮੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਦਲਜੀਤ ਸਿੰਘ ਪਾਖਰਪੁਰਾ, ਇਕਬਾਲ ਸਿੰਘ ਤੁੰਗ, ਸੁਖਜਿੰਦਰ ਸਿੰਘ ਬਿੱਟੂਮਜੀਠਾ, ਹੈਡਮਾਸਟਰ ਪਲਵਿੰਦਰ ਸਿੰਘ, ਡਾਕਟਰ ਲਖਵਿੰਦਰ ਸਿੰਘ ਧਿੰਗਨੰਗਲ, ਕੁਲਦੀਪ ਸਿੰਘ ਮਜੀਠਾ, ਦੀਦਾਰ ਸਿੰਘ ਚੌਧਰਪੁਰਾ, ਸੁਰਿੰਦਰ ਸਿੰਘ ਤਾਲਿਬਪੁਰਾ, ਸੁਖਬੀਰ ਸਿੰਘ ਬਲਵੇੜਾ, ਬਲਦੇਵ ਸਿੰਘ ਖਲੀਫੇਵਾਲ, ਕੇਹਰ ਸਿੰਘ ਝਿੱਲ, ਮਨਦੀਪ ਸਿੰਘ ਸਮਾਈ, ਗੁਰਪ੍ਰੀਤ ਸਿੰਘ ਰਾਠੌਰ, ਰਣਜੀਤ ਸਿੰਘ ਲਲੀਨਾਂ, ਹਰਵਿੰਦਰ ਸਿੰਘ ਸੋਨੀ ਮਨੀਲਾ, ਦਵਿੰਦਰ ਸਿੰਘ ਫੌਜੀ ਲੁਧਿਆਣਾਂ, ਰਾਜ ਵਿਕਰਾਂਤ ਸਿੰਘ ਝਿੱਲ, ਤੇਲਾ ਸਿੰਘ ਸਹਿਰਾਜਪੁਰ, ਜਸਵੰਤ ਸਿੰਘ ਰਾਜਪੁਰਾ ਅਤੇ ਅਰਮਾਨ ਸਿੰਘ ਚੀਮਾਂ ਤੋਂ ਇਲਾਵਾ ਪੰਥ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਭਾਗ ਲਿਆ।
Comments (0)