ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ

ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ
ਸ੍ਰੀ ਅਕਾਲ ਤਖਤ ਸਾਹਿਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ ਨੂੰ ਇਕ ਵਾਰ ਫਿਰ ਠੱਲ੍ਹ ਪਾਉਣ ਦੀ ਕੋਸ਼ਿਸ਼ ਵਜੋਂ, ਇਨ੍ਹਾਂ ਧਾਰਮਿਕ ਸਮਾਗਮਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਨੂੰ ਕਬੂਲ ਕਰਦਿਆਂ ਸਿੱਖਾਂ ਦੀ ਇਸ ਸਰਬਉੱਚ ਸੰਸਥਾ ਤੋਂ ਅਗਵਾਈ ਮੰਗੀ ਹੈ। 

ਪਿਛਲੇ ਸਾਲ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਤੋਂ ਹੀ ਇਸ ਮਹਾਨ ਪੁਰਬ ਨੂੰ ਸਿਆਸੀ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਬਿਨਾਂ ਸ਼ੱਕ ਸੂਬੇ ਦੀ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਸਮਾਗਮਾਂ ਵਿਚ ਹੋਣ ਵਾਲੇ ਜਨਤਕ ਇਕੱਠਾਂ ਅਤੇ ਸੰਗਤ ਦੀ ਹਾਜ਼ਰੀ ਦਾ ਸਿਆਸੀ ਲਾਹਾ ਲੈਣ ਦੀ ਹੋੜ ਵਿਚ ਹਨ। ਜਿੱਥੇ ਇਕ ਪਾਸੇ ਰਾਜ ਵਿਚ ਕਾਂਗਰਸ ਦਾ ਸਾਸ਼ਨ ਹੈ ਉਥੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੈ। ਦੋਵੇਂ ਧਿਰਾਂ ਭਾਵੇਂ ਸ਼ੁਰੂ ਤੋਂ ਹੀ ਸਾਂਝੇ ਤੌਰ 'ਤੇ ਅਤੇ ਗੈਰ ਸਿਆਸੀ ਸ਼ੈਲੀ ਵਿਚ ਇਹ ਮਹਾਨ ਪੁਰਬ ਮਨਾਉਣ ਦੀ ਗੱਲ ਕਰਦੀਆਂ ਆ ਰਹੀਆਂ ਹਨ ਪਰ ਪਾਰਟੀ ਸਫ਼ਾਂ ਵਿਚ ਇਸੇ ਗੱਲ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਕਿ ਸਮਾਗਮਾਂ ਦੌਰਾਨ ਪੰਜਾਬ ਦੇ ਲੋਕ, ਖਾਸ ਕਰਕੇ ਸਿੱਖ ਸੰਗਤ ਨੂੰ ਕਿਹੜੀ ਪਾਰਟੀ ਜਾਂ ਨੇਤਾ ਅਸਰ ਅੰਦਾਜ਼ ਕਰਦਾ ਹੈ। ਇਹੋ ਕਾਰਨ ਹੈ ਕਿ ਪੰਜਾਬ ਪੁਰਬ ਨੂੰ ਲੈ ਕੇ ਸਿਆਸੀ ਤੌਰ 'ਤੇ ਦੋਹਾਂ ਪਾਰਟੀਆਂ ਨੇ ਬਰਾਬਰ ਦੂਰੀ ਬਣਾਈ ਹੋਈ ਹੈ ਅਤੇ ਸਮਾਂਤਰ ਆਪੋ ਆਪਣੀ ਕਾਰਵਾਈ ਅਤੇ ਬਿਆਨਬਾਜ਼ੀ ਕਰ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਿਚਕਾਰ ਤਿੱਖੀ ਬਿਆਨਬਾਜ਼ੀ ਹੁੰਦੀ ਰਹੀ ਹੈ। ਇਨ੍ਹਾਂ ਸਮਾਗਮਾਂ, ਖਾਸ ਕਰਕੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਮੁੱਖ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਨੇਤਾਵਾਂ ਦੀ ਸ਼ਮੂਲੀਅਤ ਨੂੰ ਲੈ ਕੇ ਸ੍ਰੀਮਤੀ ਬਾਦਲ ਵਲੋਂ ਦਿੱਤੇ ਗਏ ਪ੍ਰੋਗਰਾਮ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਗੰਭੀਰ ਨੋਟਿਸ ਲਿਆ ਅਤੇ ਕਿਹਾ ਕਿ ਬੀਬੀ ਬਾਦਲ ਜਿੱਥੇ ਪ੍ਰੋਟੋਕੋਲ ਦੀ ਉਲੰਘਣਾ ਕਰ ਰਹੇ ਹਨ, ਉਥੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਉਚ ਅਹੁਦਿਆਂ ਦੀ ਤੌਹੀਨ ਵੀ ਕਰ ਰਹੇ ਹਨ।

ਹੁਣ ਜਦ ਪੰਜਾਬ ਦੇ ਮੁੱਖ ਮੰਤਰੀ ਨੇ ਆਖਰੀ ਦਾਅ ਖੇਡਦਿਆਂ ਸਮਾਗਮਾਂ ਦੀ ਅਗਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਦੋ ਮੰਤਰੀਆਂ ਰਾਹੀਂ ਪੇਸ਼ਕਸ਼ ਵਾਲਾ ਬੇਨਤੀ ਪੱਤਰ ਭੇਜਿਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਸਬੰਧੀ ਇਸ ਮਹੀਨੇ ਦੀ 21 ਤਰੀਕ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਅੰਤਮ ਫੈਸਲਾ ਲੈਣ ਦੀ ਗੱਲ ਕਹੀ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਰੂਹਾਨੀ ਸੱਤਾ ਨੂੰ ਕੋਈ ਵੀ ਸਿੱਖ ਚੁਣੌਤੀ ਨਹੀਂ ਦਿੰਦਾ ਅਤੇ ਨਾ ਹੀ ਕਦੇ ਕਿਸੇ ਹੁਕਮਨਾਮੇ ਦੀ ਹੁਕਮ ਅਦੂਲੀ ਹੋਈ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਣ ਕਰਕੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਜ਼ਰੂਰ ਰਹਿੰਦਾ ਹੇ। ਦੂਜੇ ਪਾਸੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਾਉਂਦੀ ਹੈ ਅਤੇ ਇਸ ਦੇ ਨੇਤਾ ਸ਼ੁਰੂ ਤੋਂ ਹੀ ਇਹ ਕਹਿੰਦੇ ਆਏ ਹਨ ਕਿ ਪਾਰਟੀ ਨਾ ਕਿਸੇ ਧਰਮ ਵਿਚ ਦਖ਼ਲ ਦਿੰਦੀ ਹੈ ਅਤੇ ਨਾ ਹੀ ਧਾਰਮਿਕ ਪੱਤਾ ਖੇਡਣ ਦੀ ਕੋਸ਼ਿਸ਼ ਕਰਦੀ ਹੈ। ਇੱਥੇ ਇਹ ਗੱਲ ਵੀ ਕਾਬਿਲ ਏ ਜ਼ਿਕਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਵਿਚਾਰਧਾਰਾ ਵਿੱਚ ਸਿੱਖੀ ਨੂੰ ਅੱਗੇ ਰੱਖ ਕੇ ਚੱਲਦੇ ਹਨ, ਇਹੋ ਕਾਰਨ ਹੈ ਕਿ ਉਹ ਆਪਣੇ ਧਾਰਮਿਕ ਮੁਹਾਵਰੇ ਰਾਹੀਂ ਅਕਾਲੀ ਦਲ ਨੂੰ ਚੁਣੌਤੀ ਦਿੰਦੇ ਹਨ।

ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਰਾਸ਼ਟਰੀਯ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਅਤੇ ਹਿੰਦੁਆਂ ਦਾ ਦੇਸ਼ ਕਹਿਣ ਦੇ ਬਿਆਨ ਉਪਰ ਵੀ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਭਾਰਤ ਵੱਖ ਵੱਖ ਧਰਮਾਂ, ਮਜਹਬਾਂ ਅਤੇ ਸੱਭਿਆਚਾਰਾਂ ਦਾ ਸੁਮੇਲ ਹੈ, ਇਸ ਨੂੰ ਹਿੰਦੂ ਰਾਸ਼ਟਰ ਕਹਿਣਾ ਗਲਤ ਹੈ। ਉਸ ਸਮੇਂ ਵੀ ਕਾਂਗਰਸ ਨੇ ਜਥੇਦਾਰ ਦੇ ਇਸ ਬਿਆਨ ਦਾ ਸੁਆਗਤ ਕਰਦਿਆਂ ਇਸ ਦੀ ਪ੍ਰੋੜਤਾ ਕੀਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਚੁੱਪ ਸਾਧੀ ਰੱਖੀ। ਇਸ ਰੋਸ਼ਨੀ ਵਿਚ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ।

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਲਈ ਸੇਧ ਅਤੇ ਮਾਰਗ ਦਰਸ਼ਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਕੇ ਮੁੱਖ ਮੰਤਰੀ ਨੇ ਇਕ ਵਾਰ ਆਪਣੀ ਸਰਕਾਰ ਅਤੇ ਪਾਰਟੀ ਨੂੰ ਸਾਰੇ ਵਿਵਾਦਾਂ ਤੋਂ ਸੁਰਖਰੂ ਕਰ ਲਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਸੁਆਗਤ ਕਰਦੇ ਹਨ ਜਾਂ ਇਸ ਸਬੰਧੀ ਕੋਈ ਨਵਾਂ ਰਾਜਨੀਤਕ ਧਾਰਮਿਕ ਪੈਂਤੜਾ ਲੈਂਦੇ ਹਨ, ਇਸ ਬਾਰੇ 21 ਅਕਤੂਬਰ ਤੱਕ ਇੰਤਜ਼ਾਰ ਕਰਨੀ ਹੋਵੇਗੀ।