ਖੇਡ ਸੰਸਥਾਵਾਂ ਸਰਕਾਰ ਪ੍ਰਤੀ ਜਵਾਬਦੇਹ ਕਿਵੇਂ ਹੋਣ?

ਖੇਡ ਸੰਸਥਾਵਾਂ ਸਰਕਾਰ ਪ੍ਰਤੀ ਜਵਾਬਦੇਹ ਕਿਵੇਂ ਹੋਣ?

ਖੇਡ ਸੰਸਾਰ

 

ਜੇ ਭਾਰਤ ਖੇਡਾਂ ਦੀ ਦੁਨੀਆ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨਾ ਚਾਹੁੰਦੈ, ਉਲੰਪਿਕ ਖੇਡਾਂ 'ਚ ਤਗਮੇ ਪ੍ਰਾਪਤ ਕਰਨ ਦੀ ਇੱਛਾ ਰੱਖਦੈ, ਵਿਸ਼ਵ ਕੱਪਾਂ ਅਤੇ ਦੂਜੇ ਕੌਮਾਂਤਰੀ ਪ੍ਰਸਿੱਧੀ ਵਾਲੇ ਟੂਰਨਾਮੈਂਟਾਂ 'ਚ ਮੈਡਲ ਜਿੱਤਣ ਲਈ ਵਚਨਬੱਧ ਹੈ ਤਾਂ ਸਾਰੇ ਸਿਆਸਤਦਾਨਾਂ ਅਤੇ ਗ਼ੈਰ-ਪੇਸ਼ੇਵਰਾਂ ਨੂੰ ਖੇਡਾਂ ਚਲਾਉਣ ਵਾਲੀਆਂ ਸੰਸਥਾਵਾਂ ਨਾਲੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਅਦਾਰਿਆਂ 'ਚ ਬਦਲ ਦਿੱਤਾ ਜਾਵੇ, ਜਿਹੜੇ ਕਿ ਸਰਕਾਰ ਪ੍ਰਤੀ ਜਵਾਬਦੇਹ ਹੋਣ। ਪੇਸ਼ੇਵਰਾਂ ਨੂੰ ਇਹ ਖੇਡ ਸੰਸਥਾਵਾਂ ਚਲਾਉਣ ਦਿਓ। ਰਿਟਾਇਰਡ ਖਿਡਾਰੀਆਂ ਨੂੰ ਚੋਣ ਕਰਤਾ ਬਣਾਇਆ ਜਾਵੇ ਅਤੇ ਸਿਰਫ਼ ਖਿਡਾਰੀਆਂ ਨੂੰ ਹੀ ਨਹੀਂ ਸਗੋਂ ਹਰੇਕ ਨੂੰ ਜਵਾਬਦੇਹ ਬਣਾਇਆ ਜਾਵੇ। ਦੇਸ਼ ਭਗਤੀ ਅਜਿਹਾ ਰਾਗ ਨਹੀਂ ਹੈ, ਜਿਸ ਨੂੰ ਭੁੱਖੇ ਢਿੱਡ ਗਾਇਆ ਜਾ ਸਕੇ। ਖੇਡ ਐਸੋਸੀਏਸ਼ਨਾਂ ਸਿਆਸਤਦਾਨਾਂ ਦੀ ਨਿੱਜੀ ਜਾਗੀਰ ਬਣ ਗਈਆਂ ਹਨ ਅਤੇ ਇਨ੍ਹਾਂ 'ਤੇ ਵੀ ਸਿਆਸੀ ਜੋੜ-ਤੋੜ ਭਾਰੂ ਹੈ। ਕੌਮਾਂਤਰੀ ਪੱਧਰ 'ਤੇ ਖੇਡਾਂ 'ਚ ਭਾਰਤ ਦੀ ਕਾਰਗੁਜ਼ਾਰੀ ਕੋਈ ਬਹੁਤ ਵਧੀਆ ਨਹੀਂ ਹੈ। ਕ੍ਰਿਕਟ ਦੀ ਖੇਡ ਦੀ ਉਦਾਹਰਨ ਦਿਲਚਸਪ ਹੈ। ਬੀ.ਸੀ.ਸੀ.ਆਈ. ਨਾ ਸਿਰਫ਼ ਵਿਸ਼ਵ ਦੇ ਸਭ ਤੋਂ ਅਮੀਰ ਕ੍ਰਿਕਟ ਅਦਾਰਿਆਂ ਵਿਚੋਂ ਇਕ ਹੈ, ਸਗੋਂ ਇਸ ਨੇ ਆਪਣੀ ਚੁਣੀ ਹੋਈ ਬਾਡੀ ਤੇ ਖੇਡ ਨੂੰ ਚਲਾਉਣ ਵਾਲੇ ਪ੍ਰਸ਼ਾਸਨ ਵਿਚਾਲੇ ਸਪੱਸ਼ਟ ਲੀਕ ਖਿੱਚੀ ਹੋਈ ਹੈ। ਖੇਡ ਦੀ ਮਾਰਕੀਟਿੰਗ ਤੋਂ ਇਸ ਨੇ ਨਾ ਸਿਰਫ਼ ਕਰੋੜਾਂ ਰੁਪਏ ਕਮਾਏ ਹਨ, ਸਗੋਂ ਨਵੀਂ ਪ੍ਰਤਿਭਾ ਨੂੰ ਵੀ ਸਫਲਤਾ ਨਾਲ ਤਰਾਸ਼ਿਆ ਅਤੇ ਅੱਗੇ ਲਿਆਂਦਾ ਹੈ ਅਤੇ ਖੇਡਾਂ ਵਾਲੀਆਂ ਟੀਮਾਂ ਨੂੰ ਗੱਫੇ ਵੀ ਵੰਡੇ ਹਨ। ਇਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਇਸ ਸਦੀ 'ਚ ਕ੍ਰਿਕਟ ਦੇ ਖੇਤਰ 'ਚ ਨਾ ਸਿਰਫ਼ ਭਾਰਤ ਦੀ ਕਾਰਗੁਜ਼ਾਰੀ 'ਚ ਸੁਧਾਰ ਹੋਇਆ ਹੈ, ਸਗੋਂ ਭਾਰਤ ਨੇ ਆਈ.ਪੀ.ਐਲ. ਨੂੰ ਪੂਰੀ ਸਫਲਤਾ ਨਾਲ ਲਾਂਚ ਕੀਤਾ ਹੈ। ਕ੍ਰਿਕਟ ਭਾਵੇਂ ਉਲੰਪਿਕ ਖੇਡ ਨਹੀਂ ਹੈ ਪਰ ਉਸ ਦੇ ਖੇਡ ਦੇ ਪ੍ਰਬੰਧਕ ਚੁਸਤ, ਚਲਾਕ, ਸਿਆਣੇ ਤੇ ਸੂਝਵਾਨ ਦਿਮਾਗਾਂ ਨੇ ਇਸ ਖੇਡ ਨੂੰ ਭਾਰਤ 'ਚ ਲੋਕਾਂ ਦਾ ਜਾਨੂੰਨ ਬਣਾ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਦੂਜੇ ਖੇਡਾਂ ਦੇ ਖਿਡਾਰੀ ਮੰਦੜੇ ਹਾਲ ਖੇਡ ਜ਼ਿੰਦਗੀ ਜਿਊ ਰਹੇ ਹਨ।

ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਹਾਕੀ ਖਿਡਾਰੀਆਂ ਵਲੋਂ ਹੜਤਾਲ ਕੀਤੀ ਗਈ ਸੀ। ਖਿਡਾਰੀਆਂ ਨੇ ਉਦੋਂ ਤੱਕ ਖੇਡਣ ਤੋਂ ਨਾਂਹ ਕਰ ਦਿੱਤੀ ਸੀ, ਜਦ ਤੱਕ ਉਨ੍ਹਾਂ ਦੇ ਬਣਦੇ ਬਕਾਏ ਨਹੀਂ ਅਦਾ ਕੀਤੇ ਜਾਂਦੇ। ਹਾਕੀ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ 'ਹਾਕੀ ਇੰਡੀਆ' ਨੇ ਤੇਜ਼ੀ ਨਾਲ ਇਸ 'ਤੇ ਪ੍ਰਤੀਕਿਰਿਆ ਕਰਦਿਆਂ ਖਿਡਾਰੀਆਂ ਨੂੰ ਦੇਸ਼ ਦੇ 'ਗੱਦਾਰ' ਤੱਕ ਆਖ ਦਿੱਤਾ ਅਤੇ ਕਹਿ ਦਿੱਤਾ ਕਿ ਭਾਰਤ ਲਈ ਖੇਡਣ ਨਾਲੋਂ ਉਨ੍ਹਾਂ ਵਾਸਤੇ ਪੈਸੇ ਜ਼ਿਆਦਾ ਅਹਿਮ ਹਨ ਜਦਕਿ ਤਰਸਯੋਗ ਗੱਲ ਇਹ ਸੀ ਕਿ ਇਨ੍ਹਾਂ ਖਿਡਾਰੀਆਂ ਦੇ ਬਕਾਏ ਲੰਮੇ ਸਮੇਂ ਤੋਂ ਅਦਾ ਨਹੀਂ ਸਨ ਕੀਤੇ ਗਏ। ਖਿਡਾਰੀਆਂ ਨੂੰ 25 ਹਜ਼ਾਰ ਰੁਪਏ ਦੀ ਤੁਛ ਜਿਹੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਗਈ, ਹਾਕੀ ਇੰਡੀਆ ਨੇ ਇਹ ਵੀ ਸ਼ਰਤ ਲਾ ਦਿੱਤੀ ਕਿ ਜਾਂ ਤਾਂ ਖਿਡਾਰੀ ਇਹ ਰਕਮ ਸਵੀਕਾਰ ਕਰ ਲੈਣ ਜਾਂ ਕੈਂਪ ਛੱਡ ਜਾਣ। ਉਨ੍ਹਾਂ ਸੋਚਿਆ ਹੋਵੇਗਾ ਕਿ ਕੈਂਪ ਛੱਡਣ ਦੀ ਸੂਰਤ 'ਵਿਚ ਜੂਨੀਅਰ ਖਿਡਾਰੀਆਂ ਨੂੰ ਭਰਮਾਉਣਾ ਸੌਖਾ ਹੈ ਪਰ ਹਾਲਾਤ ਉਦੋਂ ਬਦਤਰ ਹੋ ਗਏ ਜਦੋਂ ਜੂਨੀਅਰਾਂ ਨੇ ਹਾਕੀ ਇੰਡੀਆ ਦਾ ਹੱਥ ਠੋਕਾ ਬਣਨ ਤੋਂ ਨਾਂਹ ਕਰ ਦਿੱਤੀ। ਫਿਰ ਆਮ ਆਦਮੀ ਤੇ ਮੀਡੀਆ ਵੀ ਖਿਡਾਰੀਆਂ ਦੇ ਹੱਕ ਵਿਚ ਆ ਖਲੋਤਾ। ਇਸੇ ਲਈ ਖੇਡ ਸੰਸਥਾਵਾਂ ਨੂੰ ਹੁਣ ਕ੍ਰਿਕਟ ਦੀ ਖੇਡ ਸੰਸਥਾ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ।

 

ਪ੍ਰੋਫੈਸਰ ਪਰਮਜੀਤ ਸਿੰਘ