ਯੂਕਰੇਨ ਅਤੇ ਰੂਸ ਵਿਚਾਲੇ  ਜੰਗ ਬਾਰੂਦ ਦੇ ਧੂੰਏਂ ਦੀ ਗਰਦ ਤੇ ਮਨੁੱਖੀ ਖ਼ੂਨ ਨਾਲ ਭਰੀ ਹੋਈ

ਯੂਕਰੇਨ ਅਤੇ ਰੂਸ ਵਿਚਾਲੇ  ਜੰਗ ਬਾਰੂਦ ਦੇ ਧੂੰਏਂ ਦੀ ਗਰਦ ਤੇ ਮਨੁੱਖੀ ਖ਼ੂਨ ਨਾਲ ਭਰੀ ਹੋਈ

ਵਿਸ਼ੇਸ਼ ਚਰਚਾ

 

ਯੂਕਰੇਨ ਅਤੇ ਰੂਸ ਵਿਚਾਲੇ ਜੋ ਜੰਗ ਹੋ ਰਹੀ ਹੈ, ਅਸਲ ਵਿਚ ਪੂਰੀ ਦੁਨੀਆ ਉਸ ਵਿਚ ਸ਼ਾਮਲ ਹੈ। ਇਹ ਜੰਗ ਹੁਣ ਮਾਨਵੀ ਜ਼ਿੰਦਗੀਆਂ ਦਾ ਬਾਰੂਦ ਦੇ ਧੂੰਏਂ ਦੀ ਗਰਦ ਵਿਚ ਖ਼ੂਨ ਨਾਲ ਭਰਿਆ ਹੋਇਆ ਚਿਹਰਾ ਹੈ। ਇਸ ਯੁੱਧ ਵਿਚ ਜਿਸ ਤਰ੍ਹਾਂ ਮਨੁੱਖਤਾ ਦਾ ਬੇਰਹਿਮੀ ਨਾਲ ਘਾਣ ਕੀਤਾ ਜਾ ਰਿਹਾ ਹੈ, ਉਹ ਮਨੁੱਖੀ ਹੋਣੀਆਂ ਦਾ ਇਕ ਨਵਾਂ ਇਤਿਹਾਸ ਹੈ। ਜੰਗ ਮਨੁੱਖੀ ਸੱਭਿਅਤਾ ਤੇ ਕਲੰਕ ਕਹੀ ਜਾਂਦੀ ਹੈ। ਇਹ ਵੀ ਸੱਚ ਹੈ ਕਿ ਹਥਿਆਰਾਂ ਦੀ ਦੌੜ ਅਤੇ ਪਰਮਾਣੂ ਹਥਿਆਰਾਂ ਕਾਰਨ ਨਾਲ ਜੰਗ ਬੇਹੱਦ ਕਹਿਰਵਾਨ ਸਿੱਧ ਹੋ ਸਕਦੀ ਹੈ। ਯੂਕਰੇਨ-ਰੂਸ ਜੰਗ ਪੂਰੀ ਦੁਨੀਆ ਲਈ ਬੇਹੱਦ ਖ਼ਤਰਨਾਕ ਮੋੜ ਹੈ। ਇਤਿਹਾਸ ਗਵਾਹ ਹੈ ਕਿ ਜ਼ਿੰਦਗੀ ਕਦੇ ਵੀ ਖ਼ਤਮ ਨਹੀਂ ਹੁੰਦੀ।ਇਸ ਵਾਰ ਵੀ ਬਾਰੂਦ ਤੇ ਲਾਸ਼ਾਂ ਦੇ ਢੇਰ ਵਿਚੋਂ ਇਕ ਵਾਰ ਫਿਰ ਜ਼ਿੰਦਗੀ ਦੀ ਖ਼ੁਸ਼ਬੂ ਦੇ ਫੁੱਲ ਤਾਜ਼ਾ ਹੋਣਗੇ ਅਤੇ ਫਿਰ ਦੁਨੀਆ ਚ ਅਮਨ-ਚੈਨ ਦਾ ਇਕ ਨਵਾਂ ਸਵੇਰਾ ਹੋਵੇਗਾ। ਅਸਲ ਵਿਚ ਇਸ ਖਿੱਤੇ ਵਿਚ 17ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੇ ਵਿਸ਼ਵ ਯੁੱਧ ਤਕ ਇਸੇ ਤਰ੍ਹਾਂ ਦੀ ਸਥਿਤੀ ਰਹੀ ਹੈ। ਚਰਚਿਤ ਏਮਿਲੀ ਦੇ ਪਿਆਰ ਦੇ ਖ਼ਤ ਅਜੇ ਵੀ ਲੰਡਨ ਦੇ ਮਿਊਜ਼ੀਅਮ ਵਿਚ ਰੱਖੇ ਹੋਏ ਹਨ ਜੋ ਉਸ ਨੇ ਆਪਣੇ ਪ੍ਰੇਮੀ ਨੂੰ ਪਹਿਲੇ ਵਿਸ਼ਵ ਯੁੱਧ ਵੇਲੇ ਲਿਖੇ ਸਨ।

ਰੂਸ ਦੀ ਯੂਕਰੇਨ ਪ੍ਰਤੀ ਨਫ਼ਰਤ ਕਿਉਂ?

ਯੂਕਰੇਨ ਦੀ ਅਦਾਕਾਰਾ ਸਵੇਤਲਾਨਾ ਨੇ ਇੰਸਟਾਗ੍ਰਾਮ ਤੇ ਲਿਖਿਆ ਹੈ ਕਿ ਧਰਤੀ ਉੱਤੇ ਪਿਆਰ ਕਦੇ ਖ਼ਤਮ ਨਹੀਂ ਹੋ ਸਕਦਾ। ਤੁਸੀਂ ਫੁੱਲਾਂ ਨੂੰ ਕਦੇ ਵੀ ਖ਼ਤਮ ਨਹੀਂ ਕਰ ਸਕਦੇ। ਯੂਕਰੇਨ ਦੀ ਤਹਿਜ਼ੀਬ ਫੁੱਲਾਂ ਅਤੇ ਪਿਆਰ ਦੀ ਧਰਤੀ ਵਾਲੀ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਯੂਕਰੇਨ ਅਸਲ ਵਿਚ ਸੂਰਜਮੁਖੀ ਦੀ ਧਰਤੀ ਹੈ ਅਤੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸੂਰਜਮੁਖੀ ਇਸੇ ਧਰਤੀ ਤੇ ਹੀ ਉਗਾਈ ਜਾਂਦੀ ਹੈ। ਆਪਣੀ ਇਕ ਕਵਿਤਾ ਵਿਚ ਇੱਥੇ ਦੀ ਇਕ ਕਵਿਤਰੀ ਇਟਾਲਨਾ ਇਸ ਤਰ੍ਹਾਂ ਕਹਿੰਦੀ ਹੈ : ਇਸ ਸੂਰਜ ਤੇ ਉਸ ਦੀ ਧੁੱਪ, ਮੇਰੇ ਲੱਖਾਂ ਸੂਰਜਮੁਖੀ ਦੇ ਫੁੱਲ, ਮੇਰੀ ਇਸ ਧਰਤੀ ਵਿਚ ਮੁਹੱਬਤ ਦੀ ਦਾਸਤਾਨ ਦੀ ਕਹਾਣੀ ਹੈ।

ਸਵਰਗੀ ਪਤਨੀ ਦੇ ਨਾਂ ਚਿੱਠੀ

ਸੂਰਜਮੁਖੀ ਦੇ ਫੁੱਲ ਤਾਂ ਧਰਤੀ ਤੇ ਸੂਰਜ ਦੇ ਇਸ਼ਕ ਦੀ ਦਾਸਤਾਨ ਹੈ। ਇਹ ਸੂਰਜਮੁਖੀ ਦੇ ਫੁੱਲ ਹੁੰਦੇ ਹਨ ਜੋ ਆਪਣੀ ਮਹਿਕ ਨਾਲ ਪੂਰੀ ਦੁਨੀਆ ਨੂੰ ਭਰ ਦਿੰਦੇ ਹਨ। ਹੁਣ ਜਦੋਂ ਪੂਰੀ ਦੁਨੀਆ ਇਸ ਯੁੱਧ ਨੂੰ ਖ਼ਤਮ ਕਰਵਾਉਣ ਵਾਸਤੇ ਕੋਸ਼ਿਸ਼ ਕਰ ਰਹੀ ਹੈ ਪਰ ਯੂਕਰੇਨ ਦੀ ਨਵੀਂ ਪੀੜ੍ਹੀ ਅਤੇ ਲੋਕਾਂ ਦਾ ਜਜ਼ਬਾ ਆਪਣੀ ਧਰਤੀ ਦੀ ਆਜ਼ਾਦੀ ਤੇ ਜ਼ਿੰਦਗੀ ਲਈ ਇਕ ਨਵਾਂ ਦ੍ਰਿਸ਼ ਤੇ ਨਵੀਨ ਸੰਭਾਵਨਾ ਨਾਲ ਭਰਿਆ ਹੋਇਆ ਹੈ। ਯੂਕਰੇਨ ਦੀ ਨਵੀਂ ਪੀੜ੍ਹੀ ਹਥਿਆਰਾਂ ਨਾਲ ਲੈਸ ਹੈ ਅਤੇ ਅਮਨ ਦੀਆਂ ਉਮੀਦਾਂ ਨਾਲ ਵੀ ਭਰੀ ਹੋਈ ਹੈ। ਇਹ ਜੰਗ ਵੀ ਅੰਤ ਵਿਚ ਖ਼ਤਮ ਹੋ ਜਾਵੇਗੀ ਅਤੇ ਇਹ ਧਰਤੀ ਫਿਰ ਸੂਰਜਮੁਖੀ ਦੇ ਫੁੱਲਾਂ ਨਾਲ ਭਰ ਜਾਵੇਗੀ। ਹੁਣ ਯੂਕਰੇਨ ਵਿਚ ਹਰ ਪਲ ਮੌਤ ਦਾ ਗਵਾਹ ਹੈ। ਮਿਜ਼ਾਈਲਾਂ ਨਾਲ ਆਮ ਜਨ-ਜੀਵਨ ਅਸਤ-ਵਿਅਸਤ ਹੈ ਪਰ ਫਿਰ ਵੀ ਲੋਕਾਂ ਵਿਚ ਜ਼ਿੰਦਗੀ ਨੂੰ ਜਿਊਣ ਦੀ ਲਾਲਸਾ ਹੈ। ਇਕੱਲਾ ਆਦਮੀ ਟੈਕਾਂ ਦੇ ਸਾਹਮਣੇ ਖੜ੍ਹਾ ਹੋ ਰਿਹਾ ਹੈ।

ਹਰ ਆਦਮੀ ਹਥਿਆਰਾਂ ਨਾਲ ਲੈਸ ਹੋ ਕੇ ਆਪਣੀ ਆਜ਼ਾਦੀ ਪ੍ਰਤੀ ਸੁਚੇਤ ਹੋ ਕੇ ਆਜ਼ਾਦੀ ਲਈ ਲੜ ਰਿਹਾ ਹੈ। ਯੂਕਰੇਨੀ ਕੁੜੀਆਂ-ਮੁੰਡੇ ਲੜਾਈ ਵਿਚ ਸਭ ਤੋਂ ਅੱਗੇ ਹਨ। ਇਹ ਵੀ ਹਕੀਕਤ ਹੈ ਕਿ ਖ਼ੂਨ-ਖਰਾਬੇ ਅਤੇ ਜੰਗ ਤੋਂ ਬਾਅਦ ਦੁਨੀਆ ਵਿਚ ਨਵੀਂ ਜ਼ਿੰਦਗੀ ਦਾ ਜਨਮ ਹੁੰਦਾ ਹੈ। ਬੇਗੁਨਾਹਾਂ ਦੇ ਖ਼ੂਨ ਨਾਲ ਧਰਤੀ ਲੱਥਪਥ ਹੋ ਰਹੀ ਹੈ। ਸਾਹਿਰ ਲੁਧਿਆਣਵੀ ਦੀਆਂ ਸਤਰਾਂ ਯਾਦ ਆ ਰਹੀਆਂ ਹਨ

:ਖ਼ੂਨ ਅਪਨਾ ਹੋ ਯਾ ਪਰਾਇਆ, ਨਸਲ-ਏ-ਆਦਮ ਕਾ ਖ਼ੂਨ ਹੈ ਆਖ਼ਿਰ। ਜੰਗ ਮਸ਼ਰਿਕ ਮੇਂ ਹੋ ਯਾ ਮਗਰਿਬ ਮੇਂ, ਅਮਨ-ਏ-ਆਲਮ ਕਾ ਖ਼ੂਨ ਹੈ ਆਖ਼ਿਰ। ਜੰਗ ਤੋ ਖ਼ੁਦ ਏਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹਲ ਕਰੇਗੀ।

ਜੰਗ ਟਲਤੀ ਰਹੇ ਤੋ ਬਿਹਤਰ ਹੈ, ਆਪ ਔਰ ਹਮ ਸਭੀ ਕੇ ਆਂਗਨ ਮੇਂ, ਸ਼ਮ੍ਹਾ ਜਲਤੀ ਰਹੇ ਤੋਂ ਬਿਹਤਰ ਹੈ।ਯੂਕਰੇਨ ਦਾ ਸੱਚ ਸਵੇਤਲਾਨਾ ਦੀ ਉਸ ਕਹਾਣੀ ਵਿਚ ਵੀ ਹੈ ਜਿਸ ਵਿਚ ਉਹ ਆਪਣੇ ਮਿੱਤਰ ਦੇ ਨਾਲ ਰੂਸ ਅਤੇ ਯੂਕਰੇਨ ਦੇ ਝੰਡੇ ਵਿਚ ਲਿਪਟੀ ਹੋਈ ਬਾਰੂਦ ਦੇ ਇਸ ਸੰਸਾਰ ਵਿਚ ਇਸ ਸੜਕ ਤੇ ਪਿਆਰ ਦੀ ਉਹ ਕਹਾਣੀ ਹੈ ਜਿਸ ਦਾ ਕੋਈ ਆਦਿ-ਅੰਤ ਨਹੀਂ ਹੈ। ਸੂਰਜ ਦੀ ਧੁੱਪ ਹੀ ਜ਼ਿੰਦਗੀ ਹੁੰਦੀ ਹੈ ਤੇ ਜ਼ਿੰਦਗੀ ਸੂਰਜਾਂ ਦੇ ਸੇਕ ਵਿਚ ਅੱਗੇ ਚੱਲਦੀ ਰਹੇਗੀ। ਯੂਕਰੇਨ ਦੀ ਇਸ ਲੜਾਈ ਵਿਚ ਜਿਸ ਤਰ੍ਹਾਂ ਦੇ ਹੌਸਲੇ ਨਾਲ ਜੀਵੰਤ ਮੁਹੱਬਤ ਦੀਆਂ ਇਨ੍ਹਾਂ ਕਹਾਣੀਆਂ ਦੇ ਦ੍ਰਿਸ਼ ਮਨੁੱਖੀ ਮਨਾਂ ਨੂੰ ਹਲੂਣ ਰਹੇ ਹਨ, ਅਸਲ ਵਿਚ ਹੀ ਮੁਹੱਬਤ, ਜ਼ਿੰਦਗੀ ਦੀਆਂ ਕਹਾਣੀਆਂ ਹਨ ਜੋ ਮਨੁੱਖੀ ਇਤਿਹਾਸ ਦਾ ਉਹ ਸਫਾ ਬਣ ਗਈਆਂ ਹਨ ਜਿਸ ਵਿਚ ਯੂਕਰੇਨ ਦੀ ਇਸ ਤਰ੍ਹਾਂ ਦੀ ਸਥਿਤੀ ਤੇ ਲੜਾਈ ਦਾ ਦ੍ਰਿਸ਼ ਹੋਵੇਗਾ।ਜ਼ਿੰਦਗੀ ਵਿਚ ਲੜਨ ਵਾਲੇ ਲੋਕਾਂ ਦੀ ਇਕ ਨਵੀਂ ਕਹਾਣੀ ਦਾ ਜ਼ਿਕਰ ਹੋਵੇਗਾ। ਬਹੁਤ ਵਰ੍ਹੇ ਪਹਿਲਾਂ ਜਦੋਂ ਰੂਸੀ ਲੇਖਕ ਬੋਰਿਸ ਪੋਲੇਵਾਈ ਦੀ ਅਸਲੀ ਮਨੁੱਖ ਦੀ ਕਹਾਣੀ ਆਈ ਸੀ, ਜੰਗ ਦੇ ਦਿਨਾਂ ਦੀ ਸੰਘਰਸ਼ ਅਤੇ ਹੌਸਲੇ ਦੀ ਕਹਾਣੀ ਨੇ ਸੰਸਾਰ ਦੇ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਹੌਸਲਾ ਦਿੱਤਾ। ਪ੍ਰੇਮ ਤੇ ਰੂਸ ਦੀ ਇਸ ਜੰਗ ਵਿਚ ਜ਼ਿੰਦਗੀ ਦੀ ਉਮੀਦ ਅਜੇ ਵੀ ਬਾਕੀ ਹੈ। ਸਵੇਤਲਾਨਾ ਦੇ ਖ਼ਤਾਂ ਦੀ ਇਬਾਰਤ ਜ਼ਿੰਦਗੀ ਦੀ ਨਵੀਂ ਪਛਾਣ ਲਿਖ ਰਹੀ ਹੈ।

ਫਿਲਸਤੀਨ ਦੇ ਮਸ਼ਹੂਰ ਕਵੀ ਮਹਿਮੂਦ ਦਰਵੇਸ਼ ਨੇ ਇਕ ਵਾਰੀ ਲਿਖਿਆ ਸੀ ਕਿ ਜੰਗ ਤਾਂ ਖ਼ਤਮ ਹੋ ਗਈ ਨੇਤਾਵਾਂ ਦੇ ਹੱਥ ਮਿਲਾਉਣ ਦੇ ਫੋਟੋ ਖਿਚਵਾਉਂਦੇ ਹੋਏ ਪਰ ਮਾਵਾਂ ਆਪਣੇ ਪੁੱਤਰਾਂ ਨੂੰ ਉਡੀਕਦੀਆਂ ਰਹੀਆਂ, ਸਭ ਆਪਣੇ ਲੋਕਾਂ ਨੂੰ ਉਡੀਕਦੇ ਰਹੇ ਜੋ ਜੰਗ ਵਿਚ ਗਏ ਸਨ ਅਤੇ ਕਦੇ ਵੀ ਵਾਪਸ ਨਹੀਂ ਆਏ।ਜੰਗ ਦਾ ਇਹੀ ਮੰਜ਼ਰ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਇਹ ਜ਼ਿੰਦਗੀ ਹੈ, ਚੱਲਦੀ ਰਹਿੰਦੀ ਹੈ। ਇਹੀ ਜੀਵਨ ਦਾ ਰਹੱਸਮਈ ਰਸਤਾ ਹੈ ਜਿੱਥੇ ਜ਼ਿੰਦਗੀ ਦੇ ਨਵੇਂ ਰਾਹ ਦੀ ਤਲਾਸ਼ ਜੰਗ ਦੇ ਮੈਦਾਨ ਚੋਂ, ਬਾਰੂਦ ਦੇ ਢੇਰ ਤੇ ਵਰ੍ਹਦੀਆਂ ਗੋਲ਼ੀਆਂ ਅਤੇ ਤਬਾਹੀ ਤੋਂ ਬਾਅਦ ਵੀ ਚੱਲਦੀ ਰਹਿੰਦੀ ਹੈ। ਇਹੀ ਜ਼ਿੰਦਗੀ ਦਾ ਸੱਚ ਹੈ। ਸਮੇਂ ਦਾ ਕਾਲ-ਚੱਕਰ ਤੇ ਜ਼ਿੰਦਗੀ ਦਾ ਪਹੀਆ ਘੁੰਮਦਾ ਰਹਿੰਦਾ ਹੈ। ਇਹ ਆਪਣੇ ਨਿਸ਼ਾਨ ਛੱਡ ਜਾਂਦਾ ਹੈ। ਇਹ ਇਤਿਹਾਸ ਬਣ ਜਾਂਦਾ ਹੈ। ਯੂਕਰੇਨ ਦੀ ਇਹ ਲੜਾਈ ਵੀ ਖ਼ਤਮ ਹੋ ਜਾਵੇਗੀ ਤੇ ਫਿਰ ਸਵੇਤਲਾਨਾ ਦਾ ਇਕ ਵਾਰ ਫਿਰ ਖ਼ੁਸ਼ਬੂ ਨਾਲ ਭਰਿਆ ਹੋਇਆ ਯੂਕਰੇਨ ਸਾਹਮਣੇ ਆਵੇਗਾ। ਪਿਆਰ ਅਤੇ ਜ਼ਿਦਗੀ ਇਕ ਗੁਲਦਸਤਾ ਹੈ ਅਤੇ ਪੂਰੀ ਦੁਨੀਆ ਨੂੰ ਅਮਨ ਦੀਆਂ ਉਮੀਦਾਂ ਨਾਲ ਫਿਰ ਤੋਂ ਜੀਵਤ ਕਰ ਦੇਵੇਗਾ ਕਿਉਂਕਿ ਦੁਨੀਆ ਵਿਚ ਉਮੀਦ ਹੀ ਜ਼ਿੰਦਗੀ ਹੈ।

   ਕਿ੍ਸ਼ਨ ਕੁਮਾਰ ਰੱਤੂ

 

-

 

-