ਫਲੋਰਿਡਾ ਦੀ ਇਕ ਔਰਤ ਵਿਰੁੱਧ ਨਫਰਤੀ ਅਪਰਾਧ ਤਹਿਤ ਚਲੇਗਾ ਮੁਕੱਦਮਾ

ਫਲੋਰਿਡਾ ਦੀ ਇਕ ਔਰਤ ਵਿਰੁੱਧ ਨਫਰਤੀ ਅਪਰਾਧ ਤਹਿਤ ਚਲੇਗਾ ਮੁਕੱਦਮਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 15 ਜੁਲਾਈ (ਹੁਸਨ ਲੜੋਆ ਬੰਗਾ)- ਫਲੋਰਿਡਾ ਦੀ ਇਕ ਔਰਤ ਵਿਰੁੱਧ  ਏਸ਼ੀਆਈ ਮੂਲ ਦੀਆਂ ਔਰਤਾਂ ਉਪਰ ਮਿਰਚਾਂ ਦੀ ਸਪਰੇਅ ਕਰਨ ਤੇ ਉਨਾਂ ਵਿਰੁੱਧ ਜਾਤੀ ਟਿਪਣੀਆਂ ਕਰਨ ਦੇ ਮਾਮਲੇ ਵਿਚ ਨਫਰਤੀ ਅਪਰਾਧ ਤਹਿਤ ਮੁਕੱਦਮਾ ਚੱਲੇਗਾ। ਉਸ ਵਿਰੁੱਧ ਨਫਰਤੀ ਅਪਰਾਧ ਦੇ 12 ਦੋਸ਼ ਲਾਏ ਗਏ ਹਨ। ਇਹ ਜਾਣਾਕਾਰੀ ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਦਿੱਤੀ ਹੈ। ਡਿਸਟ੍ਰਿਕਟ ਅਟਾਰਨੀ ਅਲਵਿਨ ਬਰਾਗ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ 47 ਸਾਲਾ ਮੇਡਲਾਈਨ ਬਾਰਕਰ ਵਿਰੁੱਧ ਹਮਲਾ ਕਰਨ ਤੇ ਭੜਕਾਊ ਟਿਪਣੀਆਂ ਕਰਨ ( ਨਫਰਤੀ ਅਪਰਾਧ) ਦੇ ਦੋਸ਼ ਆਇਦ ਕੀਤੇ ਗਏ ਹਨ। ਬਰਾਗ ਨੇ ਕਿਹਾ ਹੈ ਕਿ ਬਾਰਕਰ ਵੱਲੋਂ ਏਸ਼ੀਅਨ ਔਰਤਾਂ ਨੂੰ ਕਹੇ ਗਏ ਸ਼ਬਤ 'ਗੋ ਬੈਕ ਟੂ ਯੂਅਰ ਕੰਟਰੀ'  ਬਹੁਤ ਹੀ ਮਾਨਸਿਕ ਦੁੱਖ ਦੇਣ ਵਾਲੇ ਹਨ। ਇਸ ਤੋਂ ਇਲਾਵਾ ਉਸ ਨੇ ਮਿਰਚਾਂ ਦੀ ਸਪਰੇਅ ਕਰਕੇ ਸਰੀਰਕ ਨੁਕਸਾਨ ਪਹੁੰਚਾਇਆ ਹੈ।  ਇਸ ਸਮੇ ਬਾਰਕਰ ਨਿਊਯਾਰਕ ਪੁਲਿਸ ਦੀ ਹਿਰਾਸਤ ਵਿਚ ਹੈ। ਇਸਤਗਾਸਾ ਪੱਖ ਅਨੁਸਾਰ ਬਾਰਕਰ ਨੇ 4 ਏਸ਼ੀਅਨ ਔਰਤਾਂ ਉਪਰ ਹਮਲਾ ਕੀਤਾ ,ਉਨਾਂ 'ਤੇ ਮਿਰਚਾਂ ਦੀ ਸਪਰੇਅ ਕੀਤੀ ਤੇ ਕਥਿੱਤ ਤੌਰ 'ਤੇ ਏਸ਼ੀਅਨਾਂ ਬਾਰੇ ਭੱਦੀਆਂ ਟਿਪਣੀਆਂ ਕੀਤੀਆਂ। ਇਹ ਘਟਨਾ ਨਿਊਯਾਰਕ ਦੀ ਮੈਨਹਟਨ ਸਟਰੀਟ 'ਤੇ ਪਿਛਲੇ ਮਹੀਨੇ 11 ਜੂਨ ਨੂੰ ਵਾਪਰੀ ਸੀ।