ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 22 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- “ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਬੀਬੀ ਮਰੀਅਮ ਨਵਾਜ ਸ਼ਰੀਫ਼ ਵੱਲੋ ਜੋ ਬੀਤੇ ਦਿਨੀਂ ਪੂਰਨ ਸਤਿਕਾਰ ਤੇ ਸਰਧਾ ਨਾਲ ਸ੍ਰੀ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਨ ਆਏ ਹਨ ਅਤੇ ਨਾਲ ਹੀ ਮਰਿਯਾਦਾ ਅਨੁਸਾਰ ਲੰਗਰ ਵਿਚ ਬੈਠਕੇ ਜੋ ਲੰਗਰ ਛਕਦੇ ਹੋਏ ਸਿੱਖੀ ਮਰਿਯਾਦਾਵਾਂ ਦੇ ਸਤਿਕਾਰ ਵਿਚ ਵਾਧਾ ਕੀਤਾ ਹੈ, ਉਸਦੀ ਅਸੀ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋ ਭਰਪੂਰ ਸਵਾਗਤ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਬੀਬੀ ਮਰੀਅਮ ਨਵਾਜ ਸ਼ਰੀਫ਼ ਵੱਲੋ ਗੁਰੂਘਰ ਵਿਚ ਸਰਧਾ ਸਹਿਤ ਆ ਕੇ ਦਰਸਨ ਕਰਨ ਅਤੇ ਲੰਗਰ ਦੀ ਮਰਿਯਾਦਾ ਦੇ ਮਹੱਤਵ ਵਿਚ ਵਾਧਾ ਕਰਨ ਦੇ ਉੱਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸਿੱਖ ਕੌਮ ਵੱਲੋ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਪੁਰਾਤਨ ਇਤਿਹਾਸਿਕ, ਸਮਾਜਿਕ, ਧਾਰਮਿਕ ਰਿਤੀ-ਰਿਵਾਜਾਂ ਦੀ ਡੂੰਘੀ ਸਾਂਝ ਹੈ । ਜੋ ਬੀਬੀ ਜੀ ਨੇ ਇਸ ਮਹੱਤਵਪੂਰਨ ਵਿਸੇ ਵੱਲ ਧਿਆਨ ਦਿੰਦੇ ਹੋਏ ਸਿੱਖ ਕੌਮ ਤੇ ਆਪਣੇ ਰਿਸਤਿਆ ਨੂੰ ਮਜਬੂਤ ਕਰਨ ਲਈ ਅਮਲ ਸੁਰੂ ਕੀਤੇ ਹਨ, ਇਹ ਉੱਦਮ ਆਉਣ ਵਾਲੇ ਸਮੇ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਹਰ ਤਰ੍ਹਾਂ ਦੇ ਸੰਬੰਧਾਂ ਨੂੰ ਹੋਰ ਵਧੇਰੇ ਪ੍ਰਫੁੱਲਿਤ ਕਰਨਗੇ । ਅਸੀ ਇਹ ਵੀ ਉਮੀਦ ਕਰਦੇ ਹਾਂ ਕਿ ਬੀਬੀ ਜੀ ਇਸ ਦਿਸਾ ਵੱਲ ਵੀ ਗੰਭੀਰ ਉੱਦਮ ਕਰਨਗੇ । ਜਿਸ ਨਾਲ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਇੰਡੀਆਂ ਦੇ ਸਿੱਖ ਅਤੇ ਮੁਸਲਿਮ ਆਪੋ ਆਪਣੇ ਧਾਰਮਿਕ ਸਥਾਨਾਂ ਅਤੇ ਆਪਣੇ ਪੁਰਾਤਨ ਸ਼ਹਿਰਾਂ, ਪਿੰਡਾਂ ਦੇ ਪੂਰਨ ਆਜਾਦੀ ਨਾਲ ਬਿਨ੍ਹਾਂ ਪਾਸਪੋਰਟ ਤੋ ਯਾਤਰਾਵਾ ਕਰ ਸਕਣ ਅਤੇ ਦੋਵਾਂ ਮੁਲਕਾਂ ਦੇ ਵਪਾਰ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਹੋਰ ਤਾਕਤ ਦੇ ਸਕੇ ।
Comments (0)