ਸਿੱਖ ਕੌਮ ਵਿਰੋਧੀ ਸਰਕਾਰਾਂ ਦੇ ਜ਼ਬਰ ਜੁਲਮਾਂ, ਬੇਇਨਸਾਫ਼ੀਆਂ ਅਤੇ ਵਿਤਕਰਿਆ ਦੀ ਬਦੌਲਤ ਸਿੱਖ ਤੇ ਪੰਜਾਬੀ ਕਰ ਰਹੇ ਹਨ ਦੇਸ਼ ਤੋਂ ਹਿਜਰਤ : ਮਾਨ

ਸਿੱਖ ਕੌਮ ਵਿਰੋਧੀ ਸਰਕਾਰਾਂ ਦੇ ਜ਼ਬਰ ਜੁਲਮਾਂ, ਬੇਇਨਸਾਫ਼ੀਆਂ ਅਤੇ ਵਿਤਕਰਿਆ ਦੀ ਬਦੌਲਤ ਸਿੱਖ ਤੇ ਪੰਜਾਬੀ ਕਰ ਰਹੇ ਹਨ ਦੇਸ਼ ਤੋਂ ਹਿਜਰਤ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 15 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-“ਸਿੱਖ ਕੌਮ ਤੇ ਪੰਜਾਬੀਆਂ ਨੂੰ ਆਪਣੀ ਜਨਮ ਅਤੇ ਮਾਤ ਭੂਮੀ ਨੂੰ ਛੱਡਕੇ ਬਾਹਰਲੇ ਮੁਲਕਾਂ ਵਿਚ ਹਿਜਰਤ ਕਰਕੇ, ਉਥੇ ਮਿਹਨਤ ਮੁਸੱਕਤਾਂ ਕਰਕੇ ਔਖੇ ਸਮੇ ਵਿਚ ਵਿਚਰਣ ਲਈ ਖੁਸ਼ੀ ਨਾਲ ਨਹੀਂ ਜਾਂਦੇ, ਬਲਕਿ ਲੰਮੇ ਸਮੇ ਤੋ ਜਦੋ ਤੋ ਮੁਲਕ ਦੀ ਵੰਡ ਹੋਈ ਹੈ, 1947 ਤੋਂ ਹੀ ਇਥੋ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਵੱਡੀਆ ਜਿਆਦਤੀਆ, ਬੇਇਨਸਾਫ਼ੀਆਂ ਤੇ ਜ਼ਬਰ ਜੁਲਮ ਕਰਦੇ ਆ ਰਹੇ ਹਨ । ਉਨ੍ਹਾਂ ਨੂੰ ਮਾਲੀ ਅਤੇ ਸਮਾਜਿਕ ਤੌਰ ਤੇ ਮਜਬੂਤ ਕਰਨ ਦੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਸਾਜਸੀ ਢੰਗਾਂ ਨਾਲ ਕੰਮਜੋਰ ਹੀ ਕਰਦੇ ਆ ਰਹੇ ਹਨ । ਇਸ ਲਈ ਜੇਕਰ ਅੱਜ ਵੱਡੀ ਗਿਣਤੀ ਵਿਚ ਪੰਜਾਬੀ ਤੇ ਸਿੱਖ ਨੌਜਵਾਨ ਬਾਹਰਲੇ ਮੁਲਕਾਂ ਵਿਚ ਵੱਡੀਆਂ-ਵੱਡੀਆਂ ਰਕਮਾਂ ਖਰਚ ਕਰਕੇ, ਕਰਜੇ ਚੱਕ ਕੇ ਹਿਜਰਤ ਕਰ ਰਹੇ ਹਨ । ਤਾਂ ਇਹ ਸੈਂਟਰ ਦੀਆਂ ਸਰਕਾਰਾਂ ਅਤੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਸਰਕਾਰਾਂ ਦੇ ਜ਼ਬਰ ਜੁਲਮਾਂ, ਬੇਇਨਸਾਫ਼ੀਆਂ ਅਤੇ ਵਿਤਕਰਿਆ ਦੀ ਬਦੌਲਤ ਹੀ ਕਰ ਰਹੇ ਹਨ । ਇਸ ਲਈ ਇਹ ਸਰਕਾਰਾਂ ਹੀ ਜਿੰਮੇਵਾਰ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਗ੍ਰਹਿ ਤੇ ਸਿਹਤ ਵਜੀਰ ਸ੍ਰੀ ਅਨਿਲ ਵਿਜ ਵੱਲੋ ਬਾਹਰਲੇ ਮੁਲਕਾਂ ਵਿਚ ਜਾਣ ਵਾਲੇ ਸਿੱਖਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਦਿੱਤੇ ਗਏ ਮੰਦਭਾਵਨਾ ਭਰੇ ਬਿਆਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਦੇ ਜੁਲਮਾਂ ਤੋ ਪੀੜ੍ਹਤ ਪੰਜਾਬੀ ਅਤੇ ਸਿੱਖਾਂ ਵਿਰੁੱਧ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਇ ਜੇਕਰ ਸ੍ਰੀ ਅਨਿਲ ਵਿਜ ਹਰਿਆਣੇ ਵਿਚ 1984 ਵਿਚ ਵਾਪਰੇ ਹੋਂਦ ਚਿੱਲੜ੍ਹ ਵਿਖੇ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅਤੇ ਹਰਿਆਣੇ ਵਿਚ ਸਿੱਖ ਸਖਸ਼ੀਅਤ ਦੀਪ ਸਿੱਧੂ ਦੇ ਹੋਏ ਸਾਜਸੀ ਕਤਲਾਂ ਦੇ ਸੱਚ ਨੂੰ ਇਮਾਨਦਾਰੀ ਨਾਲ ਸਾਹਮਣੇ ਲਿਆਉਣ ਲਈ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਕਾਨੂੰਨ ਅਨੁਸਾਰ ਦੋਸ਼ੀਆਂ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ ਫਿਰ ਤਾਂ ਇਹ ਇਨਸਾਫ਼ ਤੇ ਜਮਹੂਰੀਅਤ ਪੱਖੀ ਅਮਲ ਹੋਵੇਗਾ । ਜੇਕਰ ਪੀੜ੍ਹਤ ਪੰਜਾਬੀਆਂ ਤੇ ਸਿੱਖਾਂ ਵਿਰੁੱਧ ਹੀ ਇਨ੍ਹਾਂ ਨੇ ਅਜਿਹੀਆ ਕਾਰਵਾਈਆ ਕਰਨੀਆ ਹਨ, ਇਹ ਤਾਂ ਪਹਿਲੇ ਹਕੂਮਤੀ ਜ਼ਬਰ ਨੂੰ ਹੋਰ ਵਧਾਉਣ ਅਤੇ ਸਿੱਖਾਂ ਦੇ ਮਨ-ਆਤਮਾਵਾ ਵਿਚ ਹੋਰ ਨਫਰਤ ਪੈਦਾ ਕਰਨ ਵਾਲੀਆ ਕਾਰਵਾਈਆ ਹੋਣਗੀਆ ਜਿਸ ਨਾਲ ਸਿੱਖਾਂ ਵਿਚ ਵੱਡਾ ਰੋਹ ਉਤਪੰਨ ਹੋਵੇਗਾ ਅਤੇ ਉਹ ਵੀ ਰੀਐਕਸਨ ਦੇ ਤੌਰ ਤੇ ਅਜਿਹੇ ਸਿਆਸਤਦਾਨਾਂ ਤੇ ਸਰਕਾਰਾਂ ਵਿਰੁੱਧ ਰੋਸ਼ ਜਾਹਰ ਕਰਦੇ ਹੋਏ ਕਾਰਵਾਈਆ ਕਰਨਗੇ । ਜਿਸਦਾ ਮੁਲਕ ਦੀਆਂ ਸਰਕਾਰਾਂ ਤੇ ਸਿਆਸਤਦਾਨਾਂ ਨੂੰ ਜਾਂ ਇਥੋ ਦੇ ਨਿਵਾਸੀਆ ਨੂੰ ਕਿਸੇ ਤਰ੍ਹਾਂ ਦਾ ਫਾਇਦਾ ਨਹੀ ਹੋ ਸਕੇਗਾ ।