ਬਿੱਜਲ ਸੱਥ ਉੱਪਰ ਸਿੱਖ ਅਵਾਜ਼/ਪਛਾਣ ਦੇ ਖਾਤਿਆਂ 'ਤੇ ਭਾਰਤ 'ਚ ਲੱਗੀਆਂ ਪਾਬੰਦੀਆਂ ਦੇ ਵਰਤਾਰੇ ਦੀ ਪੜਚੋਲ
ਭਾਰਤੀ ਹਕੂਮਤ ਲਗਾਤਾਰ ਸਿੱਖਾਂ ਦੀ ਆਵਾਜ਼ ਨੂੰ ਦਬਾ ਰਹੀ ਹੈ।
ਭਾਰਤੀ ਹਕੂਮਤ ਲਗਾਤਾਰ ਸਿੱਖਾਂ ਦੀ ਆਵਾਜ਼ ਨੂੰ ਦਬਾ ਰਹੀ ਹੈ। ਅਜੋਕੇ ਸਮੇਂ ਸਰਕਾਰਾਂ ਦੀਆ ਅਜਿਹੀਆਂ ਰਣਨੀਤੀਆਂ ਸਿੱਖ ਕੌਮ ਨੂੰ ਖ਼ਤਮ ਕਰਨ ਦੇ ਰਾਹ ਉੱਤੇ ਪੈ ਗਈਆਂ ਹਨ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕੌਮਾਂ ਨੂੰ ਖ਼ਤਮ ਕਰਨ ਦੀਆਂ ਘੜਤਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਘੜੀਆਂ ਜਾਂਦੀਆਂ ਹਨ ਤਦ ਸਭ ਤੋਂ ਪਹਿਲਾਂ ਉਨ੍ਹਾਂ ਦੇ ਇਤਿਹਾਸ ਨੂੰ ਖ਼ਤਮ ਕੀਤਾ ਜਾਂਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਉਹ ਗਿਆਨ ਹਾਸਲ ਨਾ ਕਰ ਸਕੇ ਜਿਸ ਨਾਲ ਉਨ੍ਹਾਂ ਨੂੰ ਆਪਣੀ ਵਿਲੱਖਣਤਾ ਤੇ ਫ਼ਖ਼ਰ ਹੋਵੇ। ਪੰਜਾਬ ਦੀ ਅਜੋਕੀ ਪੀੜ੍ਹੀ ਨੂੰ ਕਾਮੇਡੀਅਨ ਬਣਾ ਕੇ ਲਗਾਤਾਰ ਸ਼ੋਸਲ ਮੀਡੀਆ ਉਤੇ ਪ੍ਰਚਾਰਿਆ ਜਾ ਰਿਹਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕੀ ਸਾਡੀ ਨੌਜਵਾਨੀ ਪੀੜ੍ਹੀ ਵੀ ਹਾਸੇ ਖੇਡੀਆਂ ਦੇ ਇਸ ਦੌਰ ਵੱਲ ਲਗਾਤਾਰ ਵਧ ਰਹੀ ਹੈ।
ਜਿਨ੍ਹਾਂ ਲੋਕਾਂ ਨੇ ਤਸ਼ੱਦਦ ਦਾ ਦੌਰ ਦੇਖਿਆ ਸੀ ਉਹ ਅੱਜ ਦੇ ਮਾਹੌਲ ਨੂੰ ਵੇਖ ਕੇ ਕੌਮ ਲਈ ਚਿੰਤਾਜਨਕ ਹਨ । ਇਸ ਮਾਹੌਲ ਨੂੰ ਪੈਦਾ ਕਰਨ ਵਿੱਚ ਸਭ ਤੋਂ ਵੱਡਾ ਹੱਥ ਸਿਆਸਤੀ ਲੋਕਾਂ ਦਾ ਹੈ ਜਿਨ੍ਹਾਂ ਨੇ ਨਾ ਤਾਂ ਪੰਜਾਬ ਦੀ ਜਵਾਨੀ ਛੱਡੀ ਅਤੇ ਨਾ ਹੀ ਪੰਜਾਬ ਵਿਚ ਰਹਿਣ ਦਾ ਸੁਚੱਜਾ ਮਾਹੌਲ ਕਾਇਮ ਰੱਖਿਆ । ਮੁੱਢ ਕਦੀਮ ਤੋਂ ਹੀ ਪੰਜਾਬ ਦੇ ਲੋਕਾਂ ਨੇ ਆਪਣੇ ਉਪਰ ਤਸ਼ੱਦਦ ਸਹਿਆ ਹੈ ਬੇਸ਼ੱਕ ਭਾਵੇਂ ਉਹ ਆਪਣਿਆਂ ਤੋਂ ਹੋਵੇ ਜਾਂ ਫਿਰ ਅਬਦਾਲੀ ਵਰਗੇ ਜ਼ਾਲਮ ਕਾਰਾਂ ਤੋਂ ਹੋਵੇ ਪੰਜਾਬ ਨੇ ਸਦਾ ਹੀ ਦਰਦ ਹੰਢਾਇਆ ਹੈ । ਪੰਜਾਬੀ ਜਦੋਂ ਆਪਣੇ ਦਰਦ ਨੂੰ ਖ਼ਤਮ ਕਰਨ ਦੇ ਲਈ ਆਵਾਜ਼ ਚੁੱਕਦੇ ਹਨ ਤਦ ਉਹ ਬਾਗ਼ੀ ਅਖਵਾਉਂਦੇ ਹਨ ਤੇ ਜਦੋਂ ਜ਼ੁਲਮ ਨਾਲ ਟੱਕਰ ਲੈਣ ਦੇ ਲਈ ਤਲਵਾਰ ਚੁੱਕਦੇ ਹਨ ਤਾਂ ਉਨ੍ਹਾਂ ਨੂੰ ਅਤਿਵਾਦੀ ਦਾ ਖਿਤਾਬ ਦਿੱਤਾ ਜਾਂਦਾ ਹੈ । ਵੱਖਵਾਦੀ ਸੋਚ ਦੇ ਆਖ ਕੇ ਇਨ੍ਹਾਂ ਨੂੰ ਨਕਾਰਿਆ ਜਾਂਦਾ ਹੈ । ਅਜਿਹੀ ਸੋਚ ਦੇ ਤਹਿਤ ਹੀ ਸਮੇਂ ਦੀਆਂ ਸਰਕਾਰਾਂ ਨੇ ਬਿੱਜਲ ਸੱਥ ( ਸੋਸ਼ਲ ਮੀਡੀਆ ) ਉੱਤੇ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ 'ਤੇ ਭਾਰਤ ਵਿੱਚ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ ।ਜਿਸ ਦੇ ਚਲਦੇ ਸੋਸ਼ਲ ਮੀਡੀਆ ਦੇ ਟਵਿੱਟਰ ਉਤੇ ਅਨੇਕਾਂ ਖਾਤੇ ਜੋ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਨ ਉਨ੍ਹਾਂ ਨੂੰ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ । ਪਰ ਅਫ਼ਸੋਸ ਦੀ ਗੱਲ ਹੈ ਕੀ ਇਸ ਦੇ ਖ਼ਿਲਾਫ਼ ਹੁਣ ਤਕ ਕਿਸੇ ਨੇ ਕੋਈ ਵੀ ਆਵਾਜ਼ ਨਹੀਂ ਚੁੱਕੀ ਹੈ। ਬੇਸ਼ੱਕ ਇਸ ਗੱਲ ਨੂੰ ਕੁਝ ਪੰਥ ਦਰਦੀਆਂ ਵੱਲੋਂ ਆਮ ਲੋਕਾਂ ਨੂ ਦੱਸਿਆ ਵੀ ਜਾ ਰਿਹਾ ਹੈ ਪਰ ਇੱਕਮੁੱਠ ਹੋ ਕੇ ਕਿਸੇ ਵੀ ਸਿੱਖ ਸੰਸਥਾਵਾਂ ਨਾਲ ਜੁੜੇ ਹੋਏ ਸਿੱਖ ਨੁਮਾਇੰਦਿਆਂ ਵੱਲੋਂ ਕੋਈ ਭਰੋਸੇਯੋਗ ਕਾਰਵਾਈ ਨਹੀਂ ਕੀਤੀ ਗਈ ਹੈ। ਅਜਿਹਾ ਨਾ ਕਰਨ ਦੇ ਦੋ ਮੁੱਖ ਕਾਰਨ ਹੋ ਸਕਦੇ ਹਨ ਪਹਿਲਾ ਸਰਕਾਰਾਂ ਨਾਲ ਮਿਲੀਭੁਗਤ ਹੋ ਸਕਦੀ ਹੈ ਤੇ ਦੂਜਾ ਲੋਕ ਸਰਕਾਰਾਂ ਨਾਲ ਮੱਥਾ ਨਹੀਂ ਲਾਉਣਾ ਚਾਹੁੰਦੇ।
ਆਰਥਿਕਤਾ ਕਮਜ਼ੋਰੀ ਦੇ ਕਾਰਨ ਵੀ ਲੋਕ ਸਰਕਾਰਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਸੋ ਆਮ ਲੋਕਾਂ ਕੋਲੋਂ ਇਸ ਸੰਘਰਸ਼ ਵਿਚ ਸਾਥ ਦੇਣ ਦੀ ਉਮੀਦ ਨਾ ਦੇ ਬਰਾਬਰ ਕੀਤੀ ਜਾ ਸਕਦੀ ਹੈ ਕਿਉਂ ਕੀ ਜਦੋਂ ਕੌਮ ਦੇ ਕੋਲ ਚੰਗਾ ਲੀਡਰ ਹੀ ਨਹੀਂ ਹੋਵੇਗਾ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਦੀ ਰਾਖੀ ਦੇ ਲਈ ਆਵਾਜ਼ ਚੁੱਕਣ ਨੂੰ ਕਹੇਗਾ । ਸੋਸ਼ਲ ਮੀਡੀਆ ਦੇ ਰਾਹੀਂ ਜੋ ਲੋਕ ਗੀਤਾਂ ਦੇ ਰਾਹੀਂ , ਪੱਤਰਕਾਰੀ ਦੇ ਜ਼ਰੀਏ ਜਾਂ ਫੇਰ ਹੋਰ ਸਿੱਖ ਸੰਸਥਾਵਾਂ ਜੋ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਦੀਆਂ ਹਨ ਉਨ੍ਹਾਂ ਦੇ ਖਾਤੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ।
ਕਲਾਕਾਰ ਭਾਈਚਾਰਾ ਵੀ ਹੁਣ ਖੁੱਲ੍ਹ ਕੇ ਨਾ ਤਾਂ ਲਿਖ ਸਕਦਾ ਹੈ ਅਤੇ ਨਾ ਹੀ ਉਸ ਨੂੰ ਗੀਤ ਦਾ ਰੂਪ ਦੇ ਸਕਦਾ ਹੈ। ਜਿਸ ਦਾ ਸਪੱਸ਼ਟ ਰੂਪ ਸਿੱਧੂ ਮੂਸੇਵਾਲੇ ਦੇ SYL ਗੀਤ ਉੱਤੇ ਭਾਰਤੀ ਸਰਕਾਰ ਵੱਲੋਂ ਲਾਈ ਪਾਬੰਦੀ ਦੇ ਨਾਲ ਹੀ ਕੰਵਰ ਗਰੇਵਾਲ ਦੇ ਰਿਹਾਈ ਦੇ ਗੀਤ 'ਤੇ ਲੱਗੀ ਪਾਬੰਦੀ ਇਸ ਗੱਲ ਦਾ ਗਵਾਹ ਹਨ ਕੀ ਅਸੀਂ ਲੋਕ ਨਾ ਤਾਂ ਆਪਣਾ ਇਤਹਾਸ ਸੁਣਾ ਸਕਦੇ ਹਨ ਤੇ ਨਾ ਹੀ ਆਪਣੇ ਹੱਕਾਂ ਦੀ ਕੋਈ ਗੱਲ ਕਰ ਸਕਦੇ ਹਾਂ ।
ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ਨੂੰ ਦੁਨੀਆਂ ਤਕ ਪਹੁੰਚਾਉਣ ਵਾਲਾ ਟਵਿੱਟਰ ਖਾਤਾ ਜਿਸ ਨੇ ਕਿਸਾਨਾਂ ਦੀ ਦੁਨੀਆਂ ਭਰ 'ਚ ਵੱਖਰੀ ਪਹਿਚਾਣ ਬਣਾ ਦਿੱਤੀ ਸੀ ਉਸ 'ਤੇ ਵੀ ਭਾਰਤ ਵਿਚ ਪਾਬੰਧੀ ਲਾ ਦਿਤੀ ਹੈ। ਖਾਲਸਾ ਏਡ ਦੇ ਮੁਖੀ ਰਾਵੀ ਸਿੰਘ ਖਾਲਸਾ ਜਿਨ੍ਹਾਂ ਨੇ ਸੰਸਾਰ ਭਰ 'ਚ ਸਿੱਖ ਕੌਮ ਨੂੰ ਇਕ ਸੇਵਾ ਪੱਖੀ ਕੌਮ ਦਾ ਰੂਪ ਵੀ ਦਿੱਤਾ ਸੀ ਉਨ੍ਹਾਂ ਦਾ ਆਪਣਾ ਖਾਤਾ ਵੀ ਭਾਰਤ ਵਿਚ ਬੰਦ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਅਨੇਕਾਂ ਅਜਿਹੇ ਖਾਤੇ ਜੋ ਸਿੱਖ ਕੌਮ ਨਾਲ ਸੰਬੰਧਿਤ ਸਨ ਉਨ੍ਹਾਂ ਨੂੰ ਭਾਰਤ ਵਿਚ ਬੰਦ ਕਰ ਦਿੱਤਾ ਹੈ। ਜਿਨ੍ਹਾਂ ਵਿਚ ਮੁੱਖ ਰੂਪ 'ਚ :@SikhLounge, @SikhFedUK, @RaviSinghKA, @JakaraMovement, @SikhPA, @SherePanjabUK, @Tractor2twitr, @dal-Khalsa, #Amritsartimes FaceBook Page, #BasicsofSikhi ;@everythings-13 ਇਸ ਤੋਂ ਇਲਾਵਾ ਹੋਰ ਵੀ ਸਿਖ ਖਾਤੇ ਹਨ ਜਿਨ੍ਹਾਂ 'ਤੇ ਭਾਰਤ ਵਿਚ ਪਾਬੰਧੀ ਲਾਈ ਗਈ ਹੈ। ਇਹ ਖਾਤੇ ਉਹ ਹਨ ਜਿਨ੍ਹਾਂ 'ਤੇ ਦੁਨੀਆਂ ਭਰ ਤੋਂ ਸਿੱਖ ਕੌਮ ਦਾ ਪ੍ਰਚਾਰ ਤੇ ਪਾਸਾਰ ਕੀਤਾ ਜਾਂਦਾ ਸੀ।
ਭਾਰਤ ਜੇਕਰ ਲੋਕਤੰਤਰ ਦੀ ਗੱਲ ਕਰਦਾ ਹੈ ਤਾਂ ਅਜਿਹਾ ਕਰਕੇ ਉਸ ਨੂੰ ਤਾਨਾਸ਼ਾਹੀ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਅਜਿਹੀਆਂ ਕਾਰਵਾਈਆਂ ਰਾਜਾਂ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਦੀਆਂ ਹਨ । ਜਿਵੇਂ ਪਿਛਲੇ ਦਿਨੀਂ ਤਾਮਿਲਨਾਡੂ ਵਿੱਚ DMK ਨੇ ਮੋਦੀ ਸਰਕਾਰ ਨੂੰ ਸਿੱਧੇ ਤੇ ਸਪਸ਼ਟ ਰੂਪ ਵਿੱਚ ਕਿਹਾ ਸੀ ਕਿ ਜੇਕਰ ਉਹ ਤਾਮਿਲਨਾਡੂ ਰਾਜ ਨੂੰ ਬਣਦੇ ਹੱਕ ਨਹੀਂ ਦੇਂਦੇ ਤਾਂ ਉਹ ਵੱਖਰੇ ਰਾਜ ਦੀ ਮੰਗ ਨੂੰ ਤੇਜ਼ ਕਰ ਸਕਦੇ ਹਨ । ਇੰਜ ਹੀ ਭਾਰਤ ਦੇ ਅਨੇਕਾਂ ਅਜਿਹੇ ਰਾਜ ਹਨ ਜੋ ਅੰਦਰੋਂ ਗਤੀ ਹੀ ਵੱਖਰੇ ਰਾਜ ਦੀ ਇੱਛਾ ਜ਼ਾਹਿਰ ਕਰਦੇ ਹਨ । ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਹਿੰਦੂ ਰਾਸ਼ਟਰ ਦਾ ਪ੍ਰਭਾਵ ਜੋ ਭਾਰਤ ਦੀ ਸਿਆਸਤ ਵਿੱਚ ਵਧ ਰਿਹਾ ਹੈ ਉਹ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਵਧਦੇ ਕਦਮ ਹਨ । ਜਦ ਕਿ ਲੋਕਤੰਤਰ ਦੇਸ਼ ਵਿੱਚ ਹਰ ਇੱਕ ਵਿਅਕਤੀ ਨੂੰ ਬੋਲਣ ਤੇ ਲਿਖਣ ਦੀ ਆਜ਼ਾਦੀ ਹੈ ਜੋ ਕਿ ਅਜੋਕੇ ਸਮੇਂ ਧੁੰਦਲੀ ਪੈਂਦੀ ਨਜ਼ਰ ਆ ਰਹੀ ਹੈ ।
Reuters ਅਨੁਸਾਰ, ਯੂਐਸ ਸੋਸ਼ਲ ਮੀਡੀਆ ਕੰਪਨੀ ਦੀ ਨਿਆਂਇਕ ਸਮੀਖਿਆ ਕਰਵਾਉਣ ਦੀ ਕੋਸ਼ਿਸ਼ ਸਮੱਗਰੀ ਰੈਗੂਲੇਸ਼ਨ ਨੂੰ ਲੈ ਕੇ ਨਵੀਂ ਦਿੱਲੀ ਨਾਲ ਵਧ ਰਹੇ ਟਕਰਾਅ ਦਾ ਹਿੱਸਾ ਹੈ। ਜਿਸ ਕਰਕੇ ਟਵਿੱਟਰ ਨੂੰ ਭਾਰਤ ਦੇ ਆਈਟੀ ਮੰਤਰਾਲੇ ਦੁਆਰਾ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਉਸਨੇ ਕੁਝ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਤਾਂ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।ਟਵਿੱਟਰ ਨੂੰ ਪਿਛਲੇ ਸਾਲ ਭਾਰਤੀ ਅਧਿਕਾਰੀਆਂ ਦੁਆਰਾ ਇੱਕ ਸੁਤੰਤਰ ਸਿੱਖ ਰਾਜ ਦਾ ਸਮਰਥਨ ਕਰਨ ਵਾਲੇ ਖਾਤਿਆਂ ਸਮੇਤ ਸਮੱਗਰੀ ਅਤੇ ਦਰਜਨਾਂ ਟਵੀਟਾਂ 'ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜਿਸ ਦੇ ਚਲਦੇ ਸਿੱਖਾਂ ਨਾਲ ਸਬੰਧਤ ਖਾਤੇ ਭਾਰਤ ਵਿਚ ਬੰਦ ਕੀਤੇ ਜਾ ਰਹੇ ਹਨ।
ਸਿੱਖ ਕੌਮ ਇਸ ਸਮੇਂ ਦੁਨੀਆਂ ਭਰ 'ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਰਹੀ ਹੈ । ਕੈਨੇਡਾ ਅਮਰੀਕਾ ਤੇ ਯੂਰਪ ਦੀਆਂ ਅਨੇਕਾਂ ਅਜਿਹੀਆਂ ਸਟੇਟਾਂ ਵਿੱਚ ਉੱਚ ਅਹੁਦਿਆਂ ਤੇ ਸਿੱਖ ਆਪਣੀਆਂ ਸੇਵਾਵਾਂ ਨਿਭਾਅ ਕੇ ਉਨ੍ਹਾਂ ਦੇਸ਼ਾਂ ਨੂੰ ਤਰੱਕੀ ਦੇ ਰਾਹ ਉੱਤੇ ਲਿਜਾ ਰਹੇ ਹਨ। ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਜ਼ਰੀਆ ਹੈ ਜਿੱਥੇ ਆਪਣੀ ਗੱਲ ਸਪੱਸ਼ਟ ਤੇ ਸਿੱਧੀ ਰੱਖੀ ਜਾ ਸਕਦੀ ਹੈ ਪਰ ਭਾਰਤੀ ਸਰਕਾਰ ਦੀਆਂ ਅਜਿਹੀਆਂ ਕਾਰਗੁਜ਼ਾਰੀਆਂ ਨੇ ਲੋਕਤੰਤਰ ਨੂੰ ਅਣਦੇਖਿਆਂ ਕਰ ਕੇ ਤਾਨਾਸ਼ਾਹੀ ਨੂੰ ਬੜਾਵਾ ਦਿੱਤਾ ਹੈ।
ਸਰਬਜੀਤ ਕੌਰ ਸਰਬ
Comments (0)