ਅਸੀਂ ਸਿੱਖ ਸਿਧਾਂਤ ਦੇ ਪਹਿਰੇਦਾਰ ਹਾਂ ਕਿਸੇ ਪਰਿਵਾਰ ਦੇ ਨਹੀਂ - ਪਰਮਜੀਤ ਸਿੰਘ ਖਾਲਸਾ

ਅਸੀਂ ਸਿੱਖ ਸਿਧਾਂਤ ਦੇ ਪਹਿਰੇਦਾਰ ਹਾਂ ਕਿਸੇ ਪਰਿਵਾਰ ਦੇ ਨਹੀਂ - ਪਰਮਜੀਤ ਸਿੰਘ ਖਾਲਸਾ
ਪਰਮਜੀਤ ਸਿੰਘ ਖਾਲਸਾ

ਅਮਰੀਕਾ ਦੀ ਸਿੱਖ ਅਲਾਂਇਸ ਵੱਲੋਂ ਫੈਡਰੇਸ਼ਨ ਦੀ ਸ਼ਲਾਘਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ -ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਅੰਦਰ ਉਠ ਰਹੇ ਬਗਾਵਤੀ ਸੁਰਾਂ ਨੂੰ ਦੇਖਦਿਆਂ ਪਾਰਟੀ ਅੰਦਰ ਕੀਤੀਆਂ ਤਬਦੀਲੀਆਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਸਬੰਧੀ ਦਿੱਤੇ ਬਿਆਨ ' ਤੇ ਸਖਤ ਇਤਰਾਜ਼ ਜਤਾਉਂਦਿਆਂ ਫੈੱਡਰੇਸ਼ਨ ਆਗੂ ਭਾਈ ਪਰਮਜੀਤ ਸਿੰਘ ਖਾਲਸਾ ਅਤੇ ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਕ ਸਿਧਾਂਤਕ ਅਤੇ ਪੰਥਕ ਹਿੱਤਾਂ ਦੀ ਪਹਿਰੇਦਾਰ ਜਥੇਬੰਦੀ ਹੈ , ਕਿਸੇ ਰਾਜਨੀਤਕ ਦਲ ਦਾ ਵਿੰਗ ਨਹੀਂ । ਉਨ੍ਹਾਂ ਕਿਹਾ ਕਿ 1944 ' ਚ ਹੋਂਦ ਵਿਚ ਆਈ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ , ਇਕੋ ਇਕ ਪੰਥਕ ਜਥੇਬੰਦੀ ਹੈ , ਜੋ ਸਿੱਖ ਨੌਜਵਾਨੀ ਦੀ ਸਮੁੱਚੀ ਮਰਜ਼ੀ , ਸਮੁੱਚੀ ਸੋਚ ਦਾ ਇਕ - ਇਕ ਪ੍ਰਗਟਾਉ ਹੈ। ਸਿੱਖ ਨੌਜਵਾਨੀ ਦੀ ਪ੍ਰਤੀਨਿਧਤਾ ਕਰਨ ਦਾ ਪੂਰਾ ਅਧਿਕਾਰ ਰੱਖਦੀ ਹੈ ਫੈੱਡਰੇਸ਼ਨ ਦੇ ਨੌਜਵਾਨ ਆਗੂਆਂ ਨੇ ਹਰ ਸਮੇਂ ਪੰਥਕ ਸਿਧਾਂਤਾਂ ' ਤੇ ਪਹਿਰਾ ਦਿੰਦਿਆਂ ਹਰ ਸੰਘਰਸ਼ ਮੋਹਰੇ ਹੋ ਕੇ ਲੜਿਆ ਤੇ ਹਰ ਕੁਰਬਾਨੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਕਦੇ ਪਿੱਠ ਨਹੀਂ ਦਿਖਾਈ । ਫੈਡਰੇਸ਼ਨ ਵਿਦਿਆਰਥੀ ਜਥੇਬੰਦੀ ਵਜੋਂ ਪੰਥਕ ਸਫਾ ਅੰਦਰ ਵਿਚਰਦਿਆਂ ਇਕ ਮਹਾਨ ਇਨਕਲਾਬੀ ਸੰਸਥਾ ਬਣ ਕੇ ਆਪਣੀ ਨਿਵੇਕਲੀ ਵੱਖ ਪਛਾਣ ਬਣਾਈ ਗਈ ਹੈ।ਫੈੱਡਰੇਸ਼ਨ ਬਾਰੇ ਕਿਸੇ ਰਾਜਨੀਤਕ ਧਿਰ ਨੂੰ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ । ਫੈੱਡਰੇਸ਼ਨ ਦੀ ਲੀਡਰਸ਼ਿਪ ਆਪਣੇ ਫੈਸਲੇ ਖੁਦ ਲੈਣ ਦੇ ਸਮਰੱਥ ਹੈ ।
  ਅਮਰੀਕਾ ਤੋਂ ਸਿੱਖ ਅਲਾਂਇਸ ਦੇ ਬੁਲਾਰੇ ਭਾਈ ਜਸਦੇਵ ਸਿੰਘ ਨੇ ਕਿਹਾ ਹੈ ਕਿ ਬੀਤੇ ਸਮੇਂ ਫੈਡਰੇਸ਼ਨ ਨੌਜਵਾਨਾਂ ਨੂੰ ਭਵਿੱਖ ਦੀ ਰਾਜਨੀਤੀ ਲਈ ਤਿਆਰ ਕਰਦੀ ਸੀ। ਫੈਡਰੇਸ਼ਨ ਲੀਡਰ ਬਹੁਤ ਵਧੀਆ ਬੁਲਾਰੇ ਹੁੰਦੇ ਸਨ ਕਿਉਂ ਕਿ ਉਹਨਾਂ ਦੇ ਕੈਂਪ ਲਾ ਕੇ ਟ੍ਰੇਨਿੰਗ ਦਿੱਤੀ ਜਾਂਦੀ ਸੀ। ਉਹ ਨਿੱਤਨੇਮੀ ਤੇ ਤਿਆਗ ਵਾਲੇ ਹੁੰਦੇ ਸਨ ਅਤੇ ਪੰਥਕ ਸੰਕਟ ਵੇਲੇ ਮੋਹਰੀ ਰੋਲ ਨਿਭਾਉਂਦੇ ਸਨ ਪਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਏ ਨੇ ਫੈਡਰੇਸ਼ਨ ਖਤਮ ਕਰਣ ਲਈ ਗੈਂਗਸਟਰਾਂ ਤੇ ਸਿੱਖੀ ਸਰੂਪ ਰਹਿਤ ਨੌਜਵਾਨਾਂ ਨੂੰ ਲੀਡਰਸ਼ਿਪ ਵਿੱਚ ਲੈ ਆਂਦਾ ਹੈ। ਉਸ ਵੱਲੋਂ ਪੰਥਕ ਪ੍ਰੰਪਰਾ ਨੂੰ ਤਿਲਾਂਜਲੀ ਦੇ ਕੇ ਚਲਾਏ ਕਾਰਪੋਰੇਟ ਮਾਡਲ ਦੇ ਨਤੀਜੇ ਪੰਥ ਅੱਜ ਭੁਗਤ ਰਿਹਾ ਹੈ। ਇਹ ਗੁਰੂ ਦੀ ਕ੍ਰਿਪਾ ਹੀ ਹੈ ਕਿ ਪੰਥ ਨੇ ਇਸ ਪਰਿਵਾਰ ਨੂੰ ਪਹਿਚਾਣ ਲਿਆ ਹੈ, ਹੁਣ ਚਾਹੇ ਜਿੰਨਾ ਮਰਜ਼ੀ ਤਰਲੋਮੱਛੀ ਹੋਈ ਜਾਣ ਇਹਨਾਂ ਦੀ ਪੰਥ ਵਿੱਚ ਸ਼ਾਖ ਦੁਬਾਰਾ ਨਹੀਂ ਉੱਭਰੇਗੀ। ਭਾਈ ਪਰਮਜੀਤ ਸਿੰਘ ਖਾਲਸਾ ਅਤੇ ਭਾਈ ਮੇਜਰ ਸਿੰਘ ਨੇ ਫੈਡਰੇਸ਼ਨ ਦੇ ਸਿਧਾਂਤ ਨੂੰ ਸਾਂਭਦੇ ਹੋਏ ਅੱਜ ਵੀ ਨੌਜਵਾਨਾਂ ਦੇ ਕੈਂਪ ਲਾ ਕੇ ਆਪਣਾ ਫਰਜ਼ ਨਿਭਾ ਰਹੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਫੈਡਰੇਸ਼ਨ ਵਿਰੋਧੀ ਬਿਆਨ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।