ਸਰਦਾਰ ਅਤਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਰਦਾਰ ਅਤਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਭਾਈ ਕੰਵਰਪਾਲ ਸਿੰਘ ਜੀ ਦਲ ਖਾਲਸਾ ਵਾਲਿਆਂ ਦੇ ਅਤੀ ਸਤਿਕਾਰਯੋਗ ਪਿਤਾ ਸਰਦਾਰ ਅਤਰ ਸਿੰਘ ਜੀ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਿੱਖ ਫੈਡਰੇਸ਼ਨ ਯੂਕੇ ਵੱਲੋਂ ਅਸੀਂ ਇਸ ਔਖੀ ਘੜੀ ਵਿੱਚ ਭਾਈ ਕੰਵਰਪਾਲ ਸਿੰਘ ਜੀ ਅਤੇ ਸਮੂਹ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ । ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਸਰਦਾਰ ਅਤਰ ਸਿੰਘ ਜੀ ਜੋ ਕਿ ਚੀਫ ਖਾਲਸਾ ਦੀਵਾਨ ਵਿੱਚ ਬਹੁਤ ਹੀ ਜ਼ਿਆਦਾ ਸਰਗਰਮ ਰਹੇ ਅਤੇ ਉਸ ਵਕਤ ਪੰਥਕ ਸੇਵਾਵਾਂ ਕੀਤੀਆਂ ਜਦੋਂ ਸਿੱਖ ਪੰਥ ਨੂੰ ਇਹਨਾਂ ਸੇਵਾਵਾਂ ਦੀ ਜ਼ਰੂਰਤ ਸੀ । ਇਹ ਪ੍ਰੀਵਾਰ ਜੋ ਕਿ ਆਪਣੀ ਸ਼ਖਸ਼ੀ ਰਹਿਣੀ ਨਾਲੋਂ ਪੰਥਕ ਰਹਿਣੀ ਨੂੰ ਤਰਜੀਹ ਦਿੰਦੇ ਹਨ ਸਿੱਖ ਕੌਮ ਹਮੇਸ਼ਾਂ ਐਸੇ ਪ੍ਰੀਵਾਰਾਂ ਤੇ ਮਾਣ ਕਰਦੀ ਹੈ । ਭਾਈ ਕੰਵਰਪਾਲ ਸਿੰਘ ਜੀ ਦਾ ਸਾਰਾ ਪ੍ਰੀਵਾਰ ਸਿੱਖ ਪੰਥ ਨੂੰ ਸਮਰਪਿਤ ਰਿਹਾ ਹੈ ਲੰਬੇ ਸਮੇਂ ਤੋਂ ਪ੍ਰੀਵਾਰ ਪੰਥ ਦੀ ਸੇਵਾ ਕਰਦੇ ਹੋਏ ਅਨੇਕਾਂ ਕਿਸਮ ਦੇ ਸਰਕਾਰੀ ਤਸ਼ੱਦਦ ਨੂੰ ਸਹਿਣ ਕਰ ਰਿਹਾ ਹੈ । ਅਸੀਂ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਸਰਦਾਰ ਅਤਰ ਸਿੰਘ ਜੀ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕਰਦੇ ਹਾਂ । ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਭਾਈ ਕੰਵਰਪਾਲ ਸਿੰਘ ਜੀ ਦੇ ਸਮੂਹ ਪ੍ਰੀਵਾਰ ਅਤੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿੱਛੜੀ ਹੋਈ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ।