ਜੂਨ-84 : ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ

ਜੂਨ-84 : ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ

ਮਨਜੀਤ ਸਿੰਘ ਟਿਵਾਣਾ

ਸਿੱਖ ਇਤਿਹਾਸ ਵਿਚ ਤਿੰਨ ਵੱਡੀਆਂ ਲੜਾਈਆਂ ਨੂੰ ਘੱਲੂਘਾਰਿਆਂ ਦਾ ਨਾਮ ਦਿੱਤਾ ਗਿਆ ਹੈ। ਪੰਜਾਬੀ ਪੀਡੀਆ ਮੁਤਾਬਿਕ 'ਘੱਲੂਘਾਰਾ' ਦਾ ਅਰਥ ਹੈ ਤਬਾਹੀ, ਬਰਬਾਦੀ ਤੇ ਸਰਵਨਾਸ਼ ਹੋਣਾ। ਪਹਿਲੇ ਦੋ ਘੱਲੂਘਾਰੇ ਭਾਰਤ ਵਿਚ ਮੁਗਲ ਹਕੂਮਤ ਦੇ ਸਮੇਂ ਵਾਪਰੇ ਜਦੋਂ ਸਿੱਖ ਕੌਮ ਅਜੇ ਪੂਰੀ ਤਰ੍ਹਾਂ ਜਥੇਬੰਦ ਨਹੀਂ ਹੋਈ ਸੀ ਤੇ ਸਿੱਖ ਮਿਸਲਾਂ ਦਾ ਦੌਰ-ਦੌਰਾ ਸੀ। ਇਹ ਵਿਦੇਸ਼ੀ ਜਰਵਾਣਿਆਂ ਦੀ ਗੁਲਾਮੀ ਦਾ ਦੌਰ ਸੀ ਤੇ ਮੁਗਲੀਆ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਸਿੱਖ ਲਹੂ ਵੀਟਵੀਂ ਜੰਗ ਲੜ ਰਹੇ ਸਨ। ਤੀਜਾ ਘੱਲੂਘਾਰਾ ਸਾਡੇ ਦੌਰ ਦਾ ਹੈ ਤੇ ਇਹ ਉਸ ਦੇਸ਼-ਹਕੂਮਤ ਦੇ ਰਾਜਕਾਲ ਵਿਚ ਵਾਪਰਿਆ ਹੈ, ਜਿਸ ਦੇਸ਼ ਨੂੰ ਆਜ਼ਾਦ ਨੂੰ ਕਰਵਾਉਣ ਲਈ ਸਿੱਖਾਂ ਨੇ ਕਦੇ ਮੁਗਲਾਂ ਤੇ ਕਦੇ ਅੰਗਰੇਜ਼ਾਂ ਨਾਲ ਵੱਡਾ ਸੰਘਰਸ਼ ਕੀਤਾ ਸੀ, ਜਿਸ ਦੇਸ਼ ਨੂੰ ਉਨ੍ਹਾਂ ਦਾ ਆਪਣਾ ਦੇਸ਼ ਕਿਹਾ ਗਿਆ ਸੀ। 

ਪਹਿਲਾ ਛੋਟਾ ਘੱਲੂਘਾਰਾ 17 ਮਈ 1746 ਨੂੰ ਵਾਪਰਿਆ ਸੀ। ਯਹੀਆ ਖ਼ਾਨ ਲਾਹੌਰ ਦਾ ਗਵਰਨਰ ਸੀ ਤੇ ਉਸ ਦਾ ਸੂਬੇਦਾਰ ਲਖਪਤ ਰਾਏ ਸੀ। ਲਖਪਤ ਰਾਏ ਦਾ ਭਰਾ ਜਸਪਤ ਰਾਏ ਵੀ ਫ਼ੌਜ ਦਾ ਸੈਨਾਪਤੀ ਸੀ। ਇਹ ਸਾਰੇ ਅੰਦਰਖਾਤੇ ਸਿੱਖਾਂ ਨੂੰ ਖਤਮ ਕਰਨ 'ਤੇ ਤੁਲੇ ਹੋਏ ਸਨ। ਦੀਵਾਨ ਲਖਪਤ ਰਾਇ ਨਾਲ ਖਾਲਸੇ ਦੀ ਕਾਹਨੂੰਵਾਨ ਦੇ ਛੰਭ ਵਿਚ ਲੜਾਈ ਹੋਈ ਸੀ। ਛੋਟੇ ਘੱਲੂਘਾਰੇ ਦੇ ਇਸ ਯੁੱਧ ਵਿਚ ਲਗਭਗ 11000 ਸਿੰਘ ਸ਼ਹੀਦ ਹੋਏ ਸਨ।

ਵੱਡਾ ਘੱਲੂਘਾਰਾ ੫ ਫਰਵਰੀ 1762 ਨੂੰ ਮਾਲੇਰਕੋਟਲਾ ਦੇ ਨਜ਼ਦੀਕ 'ਕੁੱਪ-ਰਹੀੜੇ' ਦੇ ਮੈਦਾਨ 'ਚ ਵਾਪਰਿਆ ਸੀ। ਇਸ ਦੇ ਵਾਪਰਨ ਦਾ ਕਾਰਨ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਅੰਦਰ ਸਿੱਖਾਂ ਪ੍ਰਤੀ ਅੰਤਾਂ ਦਾ ਗੁੱਸਾ ਸੀ। ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਇਥੇ ਵੀ ਖਾਲਸੇ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੂਸਤਾਨ ਦੀ ਲੁੱਟ-ਖਸੁੱਟ ਕਰਨ ਤੋਂ ਰੋਕਣਾ ਅਤੇ ਇਥੋਂ ਲੁੱਟਿਆ ਮਾਲ-ਅਸਬਾਬ ਤੇ ਬੰਦੀ ਬਣਾ ਕੇ ਕਾਬੁਲ ਲਿਜਾਈਆ ਜਾ ਰਹੀਆਂ ਹਿੰਦੂਸਤਾਨੀ ਕੁੜੀਆਂ ਨੂੰ ਅਬਦਾਲੀ ਕੋਲੋਂ ਮੁੜ ਖੋਹ ਲੈਣਾ ਹੀ ਉਸ ਨਾਲ ਲੜਾਈ ਦਾ ਕਾਰਨ ਬਣਿਆ। ਇਸ ਜੰਗ ਵਿਚ 50,000 ਦੇ ਕਰੀਬ ਸਿੱਖਾਂ ਉਤੇ ਅਚਾਨਕ ਅਬਦਾਲੀ ਦੀ ਫੌਜ ਆਣ ਪਈ। ਸਿੱਖਾਂ ਦੇ ਕਾਫਿਲੇ 'ਚ ਬਿਰਧ, ਬੱਚੇ ਤੇ ਔਰਤਾਂ ਸ਼ਾਮਿਲ ਸਨ। ਮੁਸਲਮਾਨ ਅਤੇ ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਇਸ ਜੰਗ ਵਿਚ ਮਾਰੇ ਗਏ ਸਿੱਖਾਂ ਦੀ ਗਿਣਤੀ 12 ਤੋਂ 30 ਹਜ਼ਾਰ ਦੇ ਕਰੀਬ ਸੀ। 

ਤੀਜਾ ਘੱਲੂਘਾਰਾ 4 ਜੂਨ 1984 ਨੂੰ ਦਰਬਾਰ ਸਾਹਿਬ 'ਤੇ ਹਿੰਦੋਸਤਾਨੀ ਫੌਜ ਦੇ ਹਮਲੇ ਦੌਰਾਨ ਵਾਪਰਿਆ। ਇਸ ਲਈ 15,000 ਫ਼ੌਜੀਆਂ ਦਾ ਲਾਮ ਲਸ਼ਕਰ ਲਿਆਂਦਾ ਗਿਆ ਅਤੇ 35,000 ਫ਼ੌਜੀਆਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਸਨ। ਸਿੱਖਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਡੇਢ ਕੁ ਸੌ ਸਿੰਘਾਂ ਨੇ ਚਾਰ ਦਿਨ ਡਟ ਕੇ ਮੁਕਾਬਲਾ ਕੀਤਾ ਗਿਆ। ਇਸ ਹਮਲੇ ਵਿਚ ਸ੍ਰੀ ਅਕਾਲ ਤਖ਼ਤ ਢਹਿ ਢੇਰੀ ਕਰ ਦਿੱਤਾ ਗਿਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਉਨ੍ਹਾਂ ਦੇ ਖਾੜਕੂ ਸਿੰਘਾਂ ਦੇ ਨਾਲ ਹੀ ਪੰਜ-ਛੇ ਹਜ਼ਾਰ ਦੇ ਕਰੀਬ ਸਿੱਖ ਸ਼ਰਧਾਲੂਆਂ ਨੂੰ ਮਾਰ ਦਿੱਤਾ ਗਿਆ। ਸੰਤ ਭਿੰਡਰਾਂਵਾਲਿਆਂ ਸਮੇਤ ਖਾੜਕੂ ਸਿੰਘਾਂ ਦੀ ਗਿਣਤੀ 138 ਹੀ ਦੱਸੀ ਜਾਂਦੀ ਹੈ। ਬਾਕੀ ਨਿਹੱਥੇ ਸਿੱਖ ਸ਼ਰਧਾਲੂ ਅਤੇ ਦਰਬਾਰ ਸਾਹਿਬ ਦੇ ਕਰਮਚਾਰੀ ਅਤੇ ਸੇਵਾਦਾਰ ਹੀ ਸਨ। ਪੰਜਾਬ ਭਰ ਵਿਚ 37 ਹੋਰ ਗੁਰਦੁਆਰਾ ਸਾਹਿਬਾਨ ਉਪਰ ਵੀ ਭਾਰਤੀ ਫ਼ੌਜ ਨੇ ਹਮਲਾ ਕੀਤਾ। ਇਸ ਤੋਂ ਬਾਅਦ ਇਕ ਦਹਾਕਾ ਸਿੱਖ ਕਤਲੇਆਮ ਦਾ ਦੌਰ ਚੱਲਿਆ ਤੇ ਵੱਡੀ ਪੱਧਰ ਉਤੇ ਸਿੱਖਾਂ ਨੂੰ ਮਾਰਿਆ ਗਿਆ। ਸਿੱਖਾਂ ਨੇ ਵੀ ਵੱਖ-ਵੱਖ ਖਾੜਕੂ ਜਥੇਬੰਦੀਆਂ ਦੇ ਨਾਮ ਹੇਠ ਹਥਿਆਰਬੰਦ ਸੰਘਰਸ਼ ਕੀਤਾ ਤੇ ਮੁੰਹ ਤੋੜਵਾਂ ਜਵਾਬ ਦਿੱਤਾ।

ਤਿੰਨਾਂ ਹੀ ਘੱਲੂਘਾਰਿਆਂ ਦੀਆਂ ਕਈ ਗੱਲਾਂ ਸਾਂਝੀਆਂ ਹਨ। ਦੀਵਾਨ ਲਖਪਤ ਰਾਏ, ਅਹਿਮਦ ਸ਼ਾਹ ਅਬਦਾਲੀ ਤੇ ਇੰਦਰਾ ਗਾਂਧੀ ਤਿੰਨੋ ਹੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਤਿੰਨਾਂ ਹੀ ਘੱਲੂਘਾਰਿਆਂ ਦਾ ਮੁੱਢ ਖਾਲਸੇ ਵੱਲੋਂ ਸਰਬੱਤ ਦੇ ਭਲੇ ਲਈ ਤੇ ਆਮ ਲੋਕਾਂ ਦੇ ਹੱਕ-ਹਕੂਕਾਂ ਲਈ ਮੂਹਰੇ ਹੋ ਕੇ ਜਰਵਾਣਿਆਂ ਨੂੰ ਡੱਕਣ ਕਾਰਨ ਬੱਝਿਆ। ਤਿੰਨਾਂ ਹੀ ਘੱਲੂਘਾਰਿਆਂ ਦੌਰਾਨ ਦੁਸ਼ਮਣਾਂ ਦੀ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣ ਦੀ ਬਿਰਤੀ ਹਾਵੀ ਰਹੀ। ਤਿੰਨਾਂ ਹੀ ਘੱਲੂਘਾਰਿਆਂ ਵਿਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਸਿੱਖ ਮੁੜ ਪੂਰੇ ਜੋਸ਼ੋ-ਖਰੋਸ਼ ਨਾਲ ਜੰਗ ਦੇ ਮੈਦਾਨ ਵਿਚ ਆਏ। ਤਿੰਨਾਂ ਹੀ ਘੱਲੂਘਾਰਿਆਂ ਤੋਂ ਬਾਅਦ ਸਿੱਖਾਂ ਨੇ ਆਪਣੀ ਆਜ਼ਾਦੀ ਤੇ ਖੁਦ ਦਾ ਰਾਜ-ਭਾਗ ਸਥਾਪਿਤ ਕਰਨ ਵੱਲ ਪੁਲਾਂਘ ਪੁੱਟੀ। 

ਸਿੱਖ ਇਤਿਹਾਸ ਦੇ ਇਨ੍ਹਾਂ ਤਿੰਨਾਂ ਵਿਚੋਂ ਦੋ ਘੱਲੂਘਾਰਿਆਂ ਪਿੱਛੇ ਗੁਰੂ ਨਾਨਕ ਦੇ ਘਰ ਨਾਲ ਸਦੀਆਂ ਤੋਂ ਖਾਰ ਖਾਂਦੀ ਆ ਰਹੀ ਬਿਪਰਵਾਦੀ ਮਾਨਸਿਕਤਾ ਦਾ ਵੀ ਵੱਡਾ ਰੋਲ ਰਿਹਾ। ਇਸੇ ਕਰ ਕੇ ਅੱਜ ਜਦੋਂ ਸਿੱਖ ਪਹਿਲੇ ਜਾਂ ਦੂਜੇ ਘੱਲੂਘਾਰੇ ਦੀ ਯਾਦ ਮਨਾਉਂਦੇ ਹਨ, ਤਾਂ ਕਿਸੇ ਨੂੰ ਕੋਈ ਬਹੁਤਾ ਉਜਰ ਨਹੀਂ ਹੁੰਦਾ ਪਰ ਜਦੋਂ ਤੀਜੇ ਘੱਲੂਘਾਰੇ ਤੇ ਜਬਰ-ਜ਼ੁਲਮ ਨੂੰ ਯਾਦ ਕਰਨ ਦੀ ਗੱਲ ਆਉਂਦੀ ਹੈ, ਤਾਂ ਭਾਰਤੀ ਹਕੂਮਤ ਨੂੰ ਆਪਣਾ ਸਿੰਘਾਸਣ ਡੋਲਦਾ ਮਹਿਸੂਸ ਹੋਣ ਲਗਦਾ ਹੈ। ਪਹਿਲੇ ਦੋ ਘੱਲੂਘਾਰਿਆਂ ਨੇ ਸਿੱਖਾਂ ਨੂੰ ਆਪਣਾ ਆਜ਼ਾਦ ਖਾਲਸਾ ਰਾਜ ਸਥਾਪਿਤ ਕਰਨ ਦੇ ਰਾਹ ਵੱਲ ਤੋਰਿਆ ਸੀ ਤੇ ਹੁਣ ਤੀਜਾ ਘੱਲੂਘਾਰਾ ਵੀ ਇਤਿਹਾਸ ਦੁਹਰਾਉਣ ਦੇ ਰਾਹ ਪਿਆ ਹੋਇਆ ਹੈ। ਇਸੇ ਕਰ ਕੇ ਹਰ ਸਾਲ ਇਨ੍ਹਾਂ ਖਾਸ ਦਿਨਾਂ ਵਿਚ ਸਿੱਖਾਂ ਦੀ ਨਕਲੋ-ਹਰਕਤ ਉਤੇ ਖਾਸ ਨਜ਼ਰ ਰੱਖੀ ਜਾਂਦੀ ਹੈ। ਆਨੀ-ਬਹਾਨੀ ਸਿੱਖਾਂ ਨੂੰ ਆਪਸ ਵਿਚ ਵੰਡਿਆ ਤੇ ਲੜਾਇਆ ਜਾਂਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਨੂੰ ਅੱਗ ਲਗਾਈ ਜਾਂਦੀ ਹੈ ਤੇ ਕਥਿਤ ਅੱਤਵਾਦ ਵਿਰੋਧੀ ਦਿਵਸ ਮਨਾਉਣ ਦੀਆਂ ਕੋਹਝੀਆਂ ਹਰਕਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਨਿਰਸੰਦੇਹ ਤੀਜੇ ਘੱਲੂਘਾਰੇ ਨੇ ਭਾਰਤ ਅਤੇ ਸਿੱਖਾਂ ਦੇ ਸਬੰਧਾਂ ਨੂੰ ਮੁੜ-ਪਰਭਾਸ਼ਿਤ ਕੀਤਾ ਹੈ, ਸਿੱਖ ਕੌਮ ਨੂੰ ਭਾਰਤ ਵਿਚ ਆਪਣੇ ਭਵਿੱਖ ਅਤੇ ਹੋਣੀ ਦੇ ਸਵਾਲ ਦੇ ਰੂਬਰੂ ਕੀਤਾ ਹੈ। ਸਿੱਖਾਂ ਦੀ ਨਵੀਂ ਪੀੜ੍ਹੀ ਅੰਦਰ ਜੂਨ 1984 ਦੇ ਘੱਲੂਘਾਰੇ ਨੂੰ ਦੇਖਣ-ਪਰਖਣ ਲਈ ਬੀਤੇ ਦੇ ਦੋ ਵੱਡੇ ਘੱਲੂਘਾਰਿਆਂ ਸਮੇਤ ਸ਼ਾਨਾਮੱਤਾ ਸਿੱਖ ਇਤਿਹਾਸ ਪਿਆ ਹੈ। ਸਿੱਖ ਕੌਮ ਦੇ ਭਵਿੱਖ ਦੀਆਂ ਜੜ੍ਹਾਂ ਸਿੱਖ ਵਿਰਸੇ ਵਿਚ ਹੀ ਹਨ। ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਦਾ 'ਜ਼ਖਮ ਨੂੰ ਸੂਰਜ ਬਣਾਓ' ਦਾ ਹੋਕਾ ਇਸੇ ਸੰਦਰਭ ਵਿਚ ਹੀ ਹੈ। 

ਸਾਕਾ ਦਰਬਾਰ ਸਾਹਿਬ ਤੋਂ ਬਾਅਦ ਪੰਜਾਬ ਨੇ ਵੱਡਾ ਦਰਦ ਹੰਢਾਇਆ ਹੈ। ਹੁਣ ਲੜਾਈ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲੀ, ਪਾਣੀਆਂ ਨੂੰ ਬਚਾਉਣ ਸਮੇਤ ਹੋਰ ਸਿੱਖ ਮੰਗਾਂ ਦੀ ਤਾਂ ਹੈ ਹੀ ਪਰ ਕੌਮ ਆਪਣੇ ਅੰਤਰੀਵ ਵਿਚ ਅੰਗੜਾਈ ਲੈ ਰਹੀ ਮੁਕੰਮਲ ਆਜ਼ਾਦੀ ਦੀ ਤਾਂਘ ਪੂਰੀ ਕਰਨ ਦੇ ਪੈਂਡੇ ਉਤੇ ਕਿਵੇਂ ਤੇ ਕਿੰਨਾ ਸਾਬਤ-ਕਦਮੀ ਹੋ ਕੇ ਤੁਰਦੀ ਹੈ, ਇਹੋ ਸਾਡੇ ਭਵਿੱਖ ਦੇ ਨਕਸ਼ ਤੈਅ ਕਰੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ