ਸ਼੍ਰੋਮਣੀ ਕਮੇਟੀ ਖਿਲਾਫ ਧਰਨੇ 'ਤੇ ਬੈਠੇ ਫਾਰਗ ਮੁਲਾਜ਼ਮ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ

ਸ਼੍ਰੋਮਣੀ ਕਮੇਟੀ ਖਿਲਾਫ ਧਰਨੇ 'ਤੇ ਬੈਠੇ ਫਾਰਗ ਮੁਲਾਜ਼ਮ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਧਰਨੇ 'ਤੇ ਬੈਠੇ ਕਮੇਟੀ ਵੱਲੋਂ ਫਾਰਗ ਕੀਤੇ ਮੁਲਾਜ਼ਮਾਂ ਚ ਸ਼ਾਮਲ ਇਕ ਨੌਜਵਾਨ ਨੇ ਸੋਮਵਾਰ ਸ਼ਾਮ ਧਰਨੇ ਦੌਰਾਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਨੌਜਵਾਨ ਦੀ ਪਛਾਣ ਸਰ ਹੁਸਨ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਇਸ ਦੀ ਉਮਰ ਮਹਿਜ਼ 20 ਵਰ੍ਹਿਆਂ ਦੀ ਦੱਸੀ ਜਾ ਰਹੀ ਹੈ। ਨੌਕਰੀ ਦੌਰਾਨ ਉਹ ਇੱਥੇ ਐਨਆਰਆਈ ਸਰਾਂ ਵਿਚ ਸਫ਼ਾਈ ਸੇਵਕ ਵਜੋਂ ਤਾਇਨਾਤ ਸੀ ਤੇ ਉਸਨੂੰ ਪ੍ਰਤੀ ਦਿਨ 175 ਰੁਪਏ ਮਿਹਨਤਾਨੇ ਵਜੋਂ ਮਿਲਦੇ ਸਨ।

ਦੱਸਣਯੋਗ ਹੈ ਕਿ ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ (ਗੋਬਿੰਦ ਸਿੰਘ ਲੋਂਗੋਵਾਲ) ਬਣਨ ਮਗਰੋਂ 523 ਮੁਲਾਜ਼ਮਾਂ ਨੂੰ ਫਾਰਗ ਕੀਤਾ ਗਿਆ ਸੀ। ਧਰਨੇ ’ਤੇ ਬੈਠੇ ਨੌਜਵਾਨ ਦੇ ਸਾਥੀਆਂ ਨੇ ਦੱਸਿਆ ਕਿ ਸ਼ਾਮ ਨੂੰ ਉਸ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਹ ਉਲਟੀਆਂ ਕਰਨ ਲੱਗ ਪਿਆ। ਧਰਨਾਕਾਰੀਆਂ ਦੇ ਬੁਲਾਰੇ ਅਜੀਤ ਸਿੰਘ ਝਬਾਲ ਨੇ ਆਖਿਆ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਅਤੇ ਮੁੱਖ ਸਕੱਤਰ ਖ਼ਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਨਿਆਂ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਦਬਾਅ ਵਿਚ ਸੀ। 

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਇਕ ਬੁਲਾਰੇ ਨੇ ਆਖਿਆ ਕਿ ਧਰਨੇ ਨੂੰ ਖਤਮ ਕਰਨ ਲਈ ਹੀ ਬੀਤੇ ਦਿਨੀਂ ਇਨ੍ਹਾਂ ਫਾਰਗ ਕਰਮਚਾਰੀਆਂ ਨੂੰ ਬਹਾਲੀ ਦੀ ਸ਼ਰਤ ਸਹਿਤ ਪੇਸ਼ਕਸ਼ ਕੀਤੀ ਗਈ ਸੀ, ਪਰ ਉਹ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਚਾਹੇ ਇਹ ਫਾਰਗ ਕਰਮਚਾਰੀ ਹਨ ਪਰ ਉਹ ਇਨ੍ਹਾਂ ਨੂੰ ਆਪਣੇ ਹੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੂੰ ਬਿਹਤਰ ਇਲਾਜ ਵਾਸਤੇ ਆਖਿਆ ਗਿਆ ਹੈ। ਇਹ ਕਰਮਚਾਰੀ 28 ਮਾਰਚ ਤੋਂ ਲਗਾਤਾਰ ਧਰਨੇ ’ਤੇ ਹਨ ਅਤੇ ਲੜੀਵਾਰ ਭੁੱਖ ਹੜਤਾਲ ਕਰ ਰਹੇ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ