ਕੌਮਵਾਦ ਬਾਰੇ  ਵਿਦਵਾਨ ਜਸਵੀਰ ਸਿੰਘ ਡੈਨਮਾਰਕ ਦੀ ਗੰਭੀਰ ਪੁਸਤਕ ਪਹਿਲੀ ਵਾਰ ਪੰਜਾਬੀ ਵਿੱਚ

ਕੌਮਵਾਦ ਬਾਰੇ  ਵਿਦਵਾਨ ਜਸਵੀਰ ਸਿੰਘ ਡੈਨਮਾਰਕ ਦੀ ਗੰਭੀਰ ਪੁਸਤਕ ਪਹਿਲੀ ਵਾਰ ਪੰਜਾਬੀ ਵਿੱਚ

•ਕੌਮ,ਕੌਮਵਾਦ,ਹਿੰਦੂ-ਕੌਮਵਾਦ ਅਤੇ ਨੇਸ਼ਨ-ਸਟੇਟ ਬਾਰੇ ਗੰਭੀਰ ਟਿੱਪਣੀਆਂ ਕੀਤੀਆਂ

 ਕੌਮ(nation), ਕੌਮਵਾਦ(nationalism),ਕੌਮ ਰਾਜ(nation-state)ਦੇ ਜਿੰਨੇ ਮਾਹਰ ਜਿੰਨੇ ਵੀ ਵਿਦਵਾਨ ਹਨ,ਇਉਂ ਸਮਝੋ,ਉਹਨਾਂ ਦੀਆਂ ਉਨੀਆਂ ਹੀ ਵਿਆਖਿਆਵਾਂ,ਉਨੀਆਂ ਹੀ ਪ੍ਰੀਭਾਸ਼ਾਵਾਂ।ਦਿਲਚਸਪ ਸੱਚ ਇਹ ਹੈ ਕਿ ਕੋਈ ਵੀ ਪਰਿਭਾਸ਼ਾ ਇਕ ਦੂਜੇ ਨਾਲ ਮੇਲ ਨਹੀਂ ਖਾਂਦੀ।ਪਰ ਇੱਕ ਸਾਂਝੇ ਤੱਥ ਉੱਤੇ ਸਾਰਿਆਂ ਦੀ ਸਹਿਮਤੀ ਹੈ ਕਿ ਕੌਮ ਜਾਂ ਕੌਮਵਾਦ ਦਾ ਰਾਜ ਨਾਲ ਕੋਈ ਰਿਸ਼ਤਾ ਹੈ।

ਹਥਲੀ ਪੁਸਤਕ(ਕੌਮਵਾਦ:ਸਿਧਾਂਤਕ ਵਿਸ਼ਲੇਸ਼ਣ) ਜਿਸ ਦਾ ਹੁਣ ਅਸੀਂ ਰਿਵਿਊ ਕਰ ਰਹੇ ਹਾਂ,ਉਸ ਕਿਤਾਬ ਦੇ ਲੇਖਕ ਜਸਵੀਰ ਸਿੰਘ ਦਾ ਮੰਨਣਾ ਹੈ ਕਿ 'ਕੌਮਵਾਦ ਰਾਜ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ ਅਤੇ ਠੰਡੀ ਜੰਗ ਦੇ ਖਾਤਮੇ ਪਿੱਛੋਂ ਕੌਮਵਾਦ ਇੱਕ ਤਾਕਤਵਰ ਰੂਪ ਅਖਤਿਆਰ ਕਰ ਗਿਆ ਹੈ'।ਡੈਨਮਾਰਕ ਸਥਿਤ ਇਸ ਉੱਘੇ ਵਿਦਵਾਨ ਨੇ ਆਪਣੀ ਪੁਸਤਕ ਵਿੱਚ ਉਹਨਾਂ ਪ੍ਰਸਿੱਧ ਵਿਦਵਾਨਾਂ ਨਾਲ ਸਾਡੀ ਜਾਣ ਪਹਿਚਾਣ ਕਰਵਾਈ ਹੈ ਜਿਨਾਂ ਨੇ ਕੌਮਵਾਦ ਅਤੇ ਕੌਮ ਦੇ ਪਿੜ ਵਿੱਚ ਗੰਭੀਰ ਅਤੇ ਬਹੁਪੱਖੀ ਵਿਚਾਰ ਸਾਡੇ ਸਾਹਮਣੇ ਲਿਆਂਦੇ ਹਨ।ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦਵਾਨ ਨੇ ਪੰਜਾਬੀ ਵਿੱਚ ਸਾਨੂੰ ਇੱਕ ਅਜਿਹੇ ਵਿਸ਼ੇ ਦੀ ਅਹਮੀਅਤ ਬਾਰੇ ਲੰਮੀ ਨੀਂਦ ਤੋਂ ਜਗਾਇਆ ਹੈ,ਜਿਸ ਬਾਰੇ ਸਾਡੀ ਸਮਝ ਤੇ ਸਾਡਾ ਗਿਆਨ ਜਾਂ ਤਾਂ ਸਤਈ ਕਿਸਮ ਦਾ ਹੈ,ਜਾਂ ਜਜ਼ਬਾਤੀ ਹੈ,ਜਾਂ ਧੁੰਦਲਾ ਹੈ ਅਤੇ ਜਾਂ ਫਿਰ ਅਸੀਂ ਇਸ ਮਹੱਤਵਪੂਰਨ ਵਿਸ਼ੇ ਦੇ ਵਿਚਾਰਧਾਰਕ ਪਹਿਲੂ ਨੂੰ ਅਣਗੌਲਿਆਂ ਕਰ ਛੱਡਿਆ ਹੈ।ਲੇਖਕ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਇਹ ਗਿਲਾ ਵੀ ਪ੍ਰਗਟ ਕੀਤਾ ਕਿ ਸਿੱਖ ਕੌਮ ਨੇ ਇਸ ਮਹੱਤਵਪੂਰਨ ਵਿਸ਼ੇ ਨੂੰ ਅਜੇ ਤੱਕ ਆਪਣੇ ਅੰਦਰ ਰਚਾਇਆ ਹੀ ਨਹੀਂ।

ਇਸ ਕਿਤਾਬ ਦੇ ਆਉਣ ਨਾਲ ਇਕ ਤਾਂ ਰਾਜਨੀਤਿਕ ਵਿਗਿਆਨ,ਸਮਾਜ ਵਿਗਿਆਨ,ਧਰਮ,ਕਲਚਰ, ਇਤਿਹਾਸ ਅਤੇ ਹੋਰ ਸਮਾਜ ਵਿਗਿਆਨਾਂ ਨਾਲ ਜੁੜੇ ਪੰਜਾਬੀ ਦਾਨਿਸ਼ਵਰਾਂ ਵਿੱਚ ਇਸ ਵਿਸ਼ੇ ਬਾਰੇ ਜਗਿਆਸਾ ਅਤੇ ਦਿਲਚਸਪੀ ਦੀ ਸੱਜਰੀ ਪ੍ਰਭਾਤ ਚੜੇਗੀ ਅਤੇ ਦੂਜਾ, ਵਿਸ਼ੇਸ਼ ਕਰਕੇ ਸਿੱਖ ਕੌਮ ਨੇਸ਼ਨ-ਸਟੇਟ ਅਤੇ ਕੌਮਵਾਦ ਬਾਰੇ ਆਪਣੀ ਸਮਝ ਨੂੰ ਅੰਤਰਰਾਸ਼ਟਰੀ ਪ੍ਰਸੰਗ ਵਿੱਚ ਚੱਲ ਰਹੀਆਂ ਵੱਡੀਆਂ ਬਹਿਸਾਂ ਨਾਲ ਜੋੜ ਕੇ ਵੇਖ,ਪਰਖ ਸਕੇਗੀ।ਇਹ ਵਿਸ਼ਾ ਤੇ ਇਹ ਕਿਤਾਬ ਸਿਰਫ ਵਿਦਵਾਨਾਂ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਸਗੋਂ ਰੁਲ ਖੁਲ ਹੋਈ ਤੇ ਖਿੰਡੀ ਹੋਈ ਕੌਮ ਦੇ ਜਾਗਦੇ ਉਹ ਤਮਾਮ ਗੰਭੀਰ ਵਿਦਿਆਰਥੀ,ਅਧਿਆਪਕ , ਸਿਆਸਤਦਾਨ ,ਪਤਰਕਾਰ, ਮੁਲਾਜ਼ਮ, ਕਥਾਕਾਰ, ਢਾਡੀ, ਰਾਗੀ,ਲੇਖਕ, ਕਲਾਕਾਰ ਅਤੇ ਹੋਰ ਵਰਗਾਂ ਨਾਲ ਜੁੜੇ ਬੁੱਧੀਜੀਵੀ ਪੜਨਗੇ ਜੋ ਸਿੱਖ ਤਰਜੇ਼-ਜੀਵਨ ਨੂੰ ਨਵਾਂ ਮੋੜ ਦੇਣਾ ਚਾਹੁੰਦੇ ਹਨ।ਇਸ ਅਹਿਮ ਵਿਸ਼ੇ ਬਾਰੇ ਸਾਡੇ ਵਿਦਵਾਨਾਂ ਵੱਲੋਂ ਲੰਮੇ ਅਰਸੇ ਤੋਂ ਧਾਰੀ ਚੁੱਪ ਨੂੰ ਵੀ ਤੋੜਨ ਵਿੱਚ ਕਿਤਾਬ ਰੋਲ ਅਦਾ ਕਰੇਗੀ।202 ਪੰਨਿਆਂ ਵਿੱਚ ਫੈਲੀ ਇਸ ਪੁਸਤਕ ਵਿੱਚ ਕੌਮਵਾਦ ਨਾਲ ਜੁੜੇ ਛੇ ਕਾਂਡ ਸ਼ਾਮਿਲ ਹਨ ਅਤੇ 'ਸਿੱਖ ਐਜੂਕੇਸ਼ਨ ਕੌਂਸਲ ਯੂਕੇ' ਵੱਲੋਂ ਛਾਪੀ ਇਸ ਕਿਤਾਬ ਦੀ ਭੂਮਿਕਾ ਡਾਕਟਰ ਪਰਗਟ ਸਿੰਘ ਹੋਰਾਂ ਲਿਖੀ ਹੈ ਜੋ ਆਕਸਫੋਰਡ ਯੂਨੀਵਰਸਿਟੀ ਵਿੱਚ ਗਣਿਤ ਦੇ ਵਿਸ਼ੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਹਨ।

ਖਾਲਿਸਤਾਨ ਅਤੇ ਖਾਲਿਸਤਾਨੀ ਜਥੇਬੰਦੀਆਂ ਨਾਲ ਜੁੜੇ ਸਰਗਰਮ ਕਾਰਕੁਨਾਂ ਲਈ ਤਾਂ ਇਹ ਕਿਤਾਬ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਜਿੱਥੇ ਉਹਨਾਂ ਦੀ ਅੰਤਰਰਾਸ਼ਟਰੀ ਸਮਝ ਵਿੱਚ ਨਵੇਂ ਤੱਤ,ਨਵੇਂ ਤੱਥ ਅਤੇ ਨਵੀਂ ਜਾਣਕਾਰੀ ਸ਼ਾਮਿਲ ਹੋਏਗੀ,ਉਥੇ ਉਹ ਚਲੰਤ ਮਾਮਲਿਆਂ ਦੇ ਸੰਘਰਸ਼ ਦੀ ਅਹਿਮੀਅਤ ਨੂੰ ਇਸ ਅਣਗੌਲੇ ਅਤੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨਾਲ ਜੋੜ ਕੇ ਜ਼ਿੰਦਗੀ ਦੇ ਮੈਦਾਨ ਵਿੱਚ ਅੱਗੇ ਵਧਣਗੇ ਅਤੇ ਸੰਘਰਸ਼ ਦੇ ਅਗਲੇ ਪੈਂਡਿਆਂ ਵਿੱਚ ਅਤੇ ਰਣਨੀਤੀਆਂ ਵਿੱਚ ਨਵੀਂ ਧੜਕਣ, ਨਵਾਂ ਜੋਸ਼ ਸ਼ਾਮਿਲ ਕਰਨਗੇ।ਇਸ ਨਾਲ ਉਹਨਾਂ ਦੀ ਰਾਜਨੀਤਿਕ ਦਿਸ਼ਾ ਅਤੇ ਤਰਜ਼-ਜ਼ਿੰਦਗੀ ਦਾ ਪੱਧਰ ਹੋਰਨਾਂ ਰਾਜਨੀਤਿਕ ਪਾਰਟੀਆਂ ਨਾਲੋਂ ਵੱਖਰਾ,ਨਿਵੇਕਲਾ ਅਤੇ ਉੱਚੀ ਪੱਧਰ ਦਾ ਵੀ ਹੋਵੇ ਗਾ।ਇਸ ਤੋਂ ਇਲਾਵਾ ਇਹਨਾਂ ਪਾਰਟੀਆਂ ਦੀ ਲੀਡਰਸ਼ਿਪ ਵਿੱਚ ਸਿੱਖ ਕੌਮ ਨਾਲ ਜੁੜੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਆਈ ਰਾਜਨੀਤਿਕ ਤੇ ਸਿਧਾਂਤਕ ਖੜੋਤ ਵਿੱਚ ਆਈਆਂ ਕਮੀਆਂ ਤੇ ਕਮਜ਼ੋਰੀਆਂ ਦਾ ਵੀ ਗਿਆਨ ਹੋਵੇਗਾ।

ਕੀ ਕੌਮ ਜਾਂ ਕੌਮਵਾਦ ਕੋਈ ਬਹੁਤ ਹੀ ਡੂੰਘਾ ਅਤੇ ਅਨੋਖੀ ਕਿਸਮ ਦਾ ਜਜ਼ਬਾ ਹੈ?ਕੀ ਇਹ ਕੋਈ ਵਿਚਾਰਧਾਰਾ ਹੈ?ਜਾਂ ਇਹ ਕੋਈ ਲਹਿਰ ਜਾਂ ਅੰਦੋਲਨ ਹੈ? ਜਾਂ ਇਹ ਕੋਈ ਇਨੀ ਵੱਡੀ ਸ਼ਕਤੀ ਹੈ ਜੋ ਧਰਮ ਤੋਂ ਵੀ ਉੱਪਰ ਸਥਾਨ ਲੈ ਚੁੱਕੀ ਹੈ?ਜਾਂ ਫਰਾਂਸੀਸੀ ਵਿਦਵਾਨ ਅਰਨਸਟ ਰੈਨਨ(1823-1892) ਮੁਤਾਬਕ ਕੀ ਕੌਮ ਇੱਕ ਰੂਹ ਹੈ,ਇਕ ਰੂਹਾਨੀ ਸਿਧਾਂਤ ਹੈ ਜਿਸ ਵਿੱਚ ਸਾਡੇ ਅਤੀਤ ਤੇ ਵਰਤਮਾਨ ਮਿਲਦੇ ਹਨ? ਜਾਂ ਜਾਹਨ ਆਰਮਸਟਰਾਂਗ ਅਨੁਸਾਰ ਤੀਬਰ ਜਜ਼ਬਿਆਂ ਦੀ ਸਾਂਝ ਵਿੱਚ ਤਾਣੇ ਪੇਟੇ ਵਾਂਗ ਓਤ ਪੋਤ ਕਿਸੇ ਗਰੁੱਪ ਨੂੰ ਹੀ ਅਸੀਂ ਕੌਮ ਕਹਿ ਸਕਦੇ ਹਾਂ? ਜਾਂ ਕੀ ਕੌਮਵਾਦ ਨੇ ਹੀ ਕੌਮ ਨੂੰ ਇਜਾਦ ਕੀਤਾ ਹੈ? ਕੀ ਇਹ ਕੋਈ ਘਟਨਾ ਹੈ?ਕੌਮ ਕਦੋਂ ਅਤੇ ਕਿਵੇਂ ਹੋਂਦ ਵਿੱਚ ਆਈ?ਕੀ ਇਹ ਵੱਖਰੇ ਵੱਖਰੇ ਰੂਪ ਵਿੱਚ ਹਰ ਦੌਰ ਵਿੱਚ ਮੌਜੂਦ ਸੀ?

ਐਂਥਨੀ ਸਮਿਥ(1939-2016) ਇਤਿਹਾਸਕ ਸਮਾਜ ਵਿਗਿਆਨੀ ਹਨ ਪਰ ਕੌਮਵਾਦ ਅਤੇ ਕੌਮ ਬਾਰੇ ਅਤੇ ਵਿਸ਼ੇਸ਼ ਕਰਕੇ ਐਥਨੀਸਿਟੀ aਦੇ ਵਰਤਾਰੇ ਬਾਰੇ ਉਹਨਾਂ ਦੀ ਸਮਝ ਅਤੀ ਬਰੀਕ ਅਤੇ ਬਹੁ ਪੱਖੀ ਹੈ।ਇਸ ਵਿਸ਼ੇ ਉੱਤੇ ਉਹਨਾਂ ਦੀ ਮਜ਼ਬੂਤ ਪਕੜ ਵੀ ਹੈ।ਦਿਲਚਸਪ ਗੱਲ ਇਹ ਹੈ ਕਿ ਸਮਿਥ ਨੇ ਸਿੱਖ ਕੌਮ ਬਾਰੇ ਵੀ ਕੁਝ ਟਿੱਪਣੀਆਂ ਕੀਤੀਆਂ ਹਨ।ਜਸਵੀਰ ਸਿੰਘ ਮੁਤਾਬਕ ਐਂਥਨੀ ਸਮਿਥ ਕੌਮਵਾਦ ਨੂੰ ਸਿਰਫ ਰਾਜਨੀਤਕ ਦੁਨੀਆ ਨਾਲ ਹੀ ਜੋੜ ਕੇ ਨਹੀਂ ਵੇਖਦੇ ਸਗੋਂ ਉਹਨਾਂ ਦਾ ਕਹਿਣਾ ਹੈ ਕਿ ਬੌਧਿਕ ਸੱਭਿਆਚਾਰਕ ਅਤੇ ਮਨੋਵਿਗਿਆਨਕ ਤੱਤ ਵੀ ਕੌਮਵਾਦ ਦੇ ਵਰਤਾਰੇ ਵਿੱਚ ਵੱਡਾ ਰੋਲ ਅਦਾ ਕਰਦੇ ਹਨ।ਕੌਮਵਾਦ ਬਾਰੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਵਿਸ਼ਾ ਕਈ ਹੋਰ ਵਿਸ਼ਿਆਂ ਨਾਲ ਵੀ ਜੁੜਿਆ ਹੋਇਆ ਹੈ ਅਰਥਾਤ ਇੰਟਰ ਡਿਸਪਲਨਰੀ ਹੈ।ਕੌਮ ਬਾਰੇ ਸਮਿਥ ਦੀ ਹੇਠ ਲਿਖੀ ਪਰਿਭਾਸ਼ਾ ਵਿਦਵਾਨਾਂ ਦੀ ਮਹਿਫਲ ਵਿੱਚ ਕਾਫੀ ਮੰਨਣ ਯੋਗ ਦੱਸੀ ਜਾਂਦੀ ਹੈ'ਕੌਮਵਾਦ ਜਾਂ ਕੌਮ ਕਿਸੇ ਵਸੋਂ ਵੱਲੋਂ ਆਪਣੀ ਵੱਖਰੀ ਪਹਿਚਾਣ, ਏਕਤਾ ਅਤੇ ਖੁਦਮੁਖਤਾਰੀ ਹਾਸਲ ਕਰਨ ਦੀ ਇੱਛਾ ਅਤੇ ਉਸ ਏਕਤਾ ਨੂੰ ਸੰਭਾਲ ਕੇ ਰੱਖਣ ਵਾਲੀ ਇੱਕ ਵਿਚਾਰਧਾਰਕ ਲਹਿਰ ਹੈ ਜਿਸ ਵਿੱਚ ਲਹਿਰ ਨਾਲ ਜੁੜੇ ਕੁਝ ਮੈਂਬਰਾਂ ਦੇ ਅੰਦਰ ਕੌਮ ਦੇ ਮਜ਼ਬੂਤ ਤੱਤਾਂ ਦੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ'।

 ਜਸਵੀਰ ਸਿੰਘ ਦੀ ਲਿਖਤ ਵਿੱਚ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਕੌਮਵਾਦ ਬਾਰੇ ਹਰੇਕ ਵਿਦਵਾਨ ਦਾ ਨਜ਼ਰੀਆ 'ਉਸ ਵਿਦਵਾਨ ਦੇ ਨਜ਼ਰੀਏ' ਮੁਤਾਬਕ ਹੀ ਪੇਸ਼ ਕੀਤਾ ਹੈ।ਪਰ ਨਾਲ ਹੀ ਕਿਤੇ ਕਿਤੇ ਉਸ ਨਜ਼ਰੀਏ ਦੀ ਆਲੋਚਨਾ ਜਾਂ ਪ੍ਰਸ਼ੰਸਾ ਨੂੰ ਵੀ ਬਣਦੀ ਥਾਂ ਦਿੱਤੀ ਹੈ। ਲੇਖਕ ਨੇ ਪਹਿਲੇ ਕਾਂਡ ਵਿੱਚ ਹੀ ਕੌਮਵਾਦ ਦਾ ਸਿਧਾਂਤਕ ਵਿਸ਼ਲੇਸ਼ਣ ਕੀਤਾ ਹੈ।ਅਸਲ ਵਿੱਚ ਇਹ ਕਾਂਡ ਬਾਕੀ ਸਾਰੇ ਕਾਂਡਾਂ ਦਾ ਇੱਕ ਤਰਾਂ ਨਾਲ ਸਾਰ ਹੈ ਅਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।

ਇਸ ਕਾਂਡ ਵਿੱਚ ਗੈਲਨਰ,ਵਾਕਰ ਕੋਨਰ,ਐਂਥਨੀ ਸਮਿਥ,ਐਂਡਰਸਨ, ਮਾਈਕਲ ਹੈਕਰ ਵਰਗੇ ਵਿਦਵਾਨ ਕੌਮਵਾਦ ਬਾਰੇ ਆਪਣੀ ਆਪਣੀ ਪੋਜ਼ਸ਼ਨ ਸਪਸ਼ਟ ਕਰਦੇ ਹਨ। ਇਸੇ ਕਾਂਡ ਵਿੱਚ ਮਾਰਕਸਵਾਦੀ

 ਵਿਚਾਰਧਾਰਾ ਦਾ ਵੀ ਸੰਖੇਪ ਜ਼ਿਕਰ ਹੈ ਪਰ 'ਮਾਰਕਸਵਾਦ ਅਤੇ ਕੌਮਵਾਦ' ਦੇ ਕਾਂਡ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਮਾਰਕਸਵਾਦ ਇਸ ਅਹਿਮ ਵਿਸ਼ੇ ਨਾਲ ਕਿਵੇਂ ਨਜਿਠਦਾ ਹੈ ਅਤੇ ਕਿੱਥੇ ਕਿੱਥੇ ਉਹ ਪੂਰੀ ਤਰ੍ਹਾਂ ਅਸਫਲ ਹੈ। ਪੁਸਤਕ ਦੇ 52 ਪੰਨੇ ਇਸੇ ਕਾਂਡ ਲਈ ਹੀ ਵਰਤੇ ਗਏ ਹਨ। ਲੇਖਕ ਮੁਤਾਬਕ ਲੈਨਨ,ਸਟਾਲਨ,ਬਰੈਜ਼ਨੇਵ,ਖੁਰਸ਼ਚੇਵ ਅਤੇ ਗੋਰਬਾਚੋਵ ਕੌਮੀ ਮਸਲਿਆਂ ਦੇ ਹੱਲ ਸਬੰਧੀ ਸਿਧਾਂਤਕ ਤੌਰ ਤੇ 'ਪਰੋਲਤਾਰੀ ਕੌਮਾਂਤਰੀਵਾਦ' ਦੀ ਨੀਤੀ ਦੇ ਹੀ ਸਮਰਥਕ ਸਨ।ਪਰ ਅਮਲੀ ਤੌਰ ਉੱਤੇ ਇਹਨਾਂ ਵੱਲੋਂ ਕੌਮੀ ਵਖਰੇਵਿਆਂ ਨਾਲ ਨਜਿੱਠਣ ਦੇ ਪੈਂਤੜਿਆਂ ਵਿੱਚ ਫਰਕ ਸੀ। 

ਕੌਮ ਤੇ ਕੌਮਵਾਦ ਬਾਰੇ ਮਾਰਕਸਵਾਦੀ ਪਹੁੰਚ ਅਤੇ ਅਮਲ ਦਾ ਇਤਿਹਾਸ ਅਸਲ ਵਿੱਚ ਵਿਰੋਧਤਾਈਆਂ ਦਾ ਇਕ ਦਿਲਚਸਪ ਮੇਲਾ ਹੈ।ਮਾਰਕਸਵਾਦੀ ਦਰ ਅਸਲ ਕੌਮ ਦੀ ਵਿਸ਼ਾਲ ਤਾਕਤ ਅਤੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਸਕੇ।ਉਹ ਕੌਮ ਬਾਰੇ ਘੜੀ ਦੇ ਪੈਂਡੂਲਮ ਵਾਂਗ ਕਦੀ ਇਧਰ ਤੇ ਕਦੇ ਉਧਰ ਜਾਂਦੇ ਰਹੇ ਅਤੇ ਇਸ ਦਾ ਅਸਰ ਪੂਰਬੀ ਯੂਰਪ ਦੇ ਦੇਸ਼ਾਂ ਚੈਕੋ ਸਲਵਾਕੀਆ,ਯੂਗੋਸਲਾਵੀਆ, ਅਲਬਾਨੀਆ,ਰੁਮਾਨੀਆ, ਪੋਲੈਂਡ,ਬਲਗਾਰੀਆ ਅਤੇ ਹੰਗਰੀ ਆਦਿ ਮੁਲਕਾਂ ਉੱਤੇ ਵੀ ਪਿਆ।ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਸਮਾਜਵਾਦੀ ਢਾਂਚੇ ਢਹਿ ਢੇਰੀ ਹੋ ਗਏ ਅਤੇ ਵੱਖ ਵੱਖ ਕੌਮੀਅਤਾਂ ਵਿਚਕਾਰ ਹੋਈਆਂ ਜੰਗਾਂ ਕਾਰਨ ਲੱਖਾਂ ਲੋਕ ਮਾਰੇ ਗਏ। ਪਰੋਲਤਾਰੀ ਕੌਮਾਂਤਰੀਵਾਦ ਦੀ ਤਾਨਾਸ਼ਾਹੀ ਨੂੰ ਕਿਵੇਂ ਅਮਲ ਵਿੱਚ ਲਿਆਉਣਾ ਹੈ,ਕਿਵੇਂ ਇੱਕ 'ਕੌਮਾਂਤਰੀ ਬੋਲੀ' ਪੈਦਾ ਕਰਨੀ ਹੈ ਅਤੇ ਇਸ ਮੰਜ਼ਲ ਨੂੰ ਹਾਸਲ ਕਰਨ ਲਈ ਦੱਬੀਆਂ ਕੁਚਲੀਆਂ ਕੌਮਾਂ ਅਤੇ ਉਨਾਂ ਦੀਆਂ ਬੋਲੀਆਂ ਨੂੰ ਕਿਵੇਂ ਪੜਾਅਵਾਰ ਅਤੇ ਹੌਲੀ ਹੌਲੀ ਦੀ ਰਣਨੀਤੀ ਉੱਤੇ ਚੱਲ ਕੇ ਖਤਮ ਕਰਨਾ ਹੈ,ਇਸ ਬਾਰੇ ਪੰਨਾ 168 ਉੱਤੇ ਸਟਾਲਿਨ ਦਾ ਏਜੰਡਾ ਪੜਨ ਹੀ ਵਾਲਾ ਹੈ ਅਤੇ ਜਸ ਵੀਰ ਸਿੰਘ ਦਸਦਾ ਹੈ ਕਿ ਆਖਰ ਨੂੰ ਇਹ ਏਜੰਡਾ ਬੁਰੀ ਤਰ੍ਹਾਂ ਅਸਫਲ ਹੋਇਆ ਅਤੇ ਖੁਦ ਸੋਵੀਅਤ ਯੂਨੀਅਨ ਹੀ 1991 ਵਿੱਚ ਢਹਿ ਢੇਰੀ ਹੋ ਗਿਆ। ਲੇਖਕ ਇਸ ਸਬੰਧ ਵਿੱਚ ਪ੍ਰਸਿੱਧ ਰਾਜਨੀਤਕ ਵਿਦਵਾਨ ਐਰਕ ਹਾਬਸਬਾਅਦ ਦਾ ਹਵਾਲਾ ਦੇ ਕੇ ਉਸ ਦੇ ਵਿਸ਼ਲੇਸ਼ਣ ਨੂੰ ਮਹੱਤਵਪੂਰਨ ਵਿਸ਼ਲੇਸ਼ਣ ਕਰਾਰ ਦਿੰਦਾ ਹੈ।

ਕਿਤਾਬ ਦਾ ਦੂਜਾ ਕਾਂਡ ਰਾਜ (ਸਟੇਟ) ਨਾਲ ਜੁੜਿਆ ਹੋਇਆ ਹੈ।ਲੇਖਕ ਨੂੰ ਇਸ ਗੱਲ ਉੱਤੇ ਇਤਰਾਜ਼ ਹੈ ਕਿ ਜਦੋਂ ਕੌਮਵਾਦ,ਕੌਮ,ਕੌਮੀ ਰਾਜ ਅਤੇ ਰਾਜ ਵਰਗੀਆਂ ਧਾਰਨਾਵਾਂ ਦੀ 'ਬੇਢੰਗੇ ਬੇ ਅਸੂਲੇ ਅਤੇ ਅਸਪਸ਼ਟ' ਤਰੀਕੇ ਨਾਲ ਵਿਆਖਿਆ ਕੀਤੀ ਜਾਂਦੀ ਹੈ।

 ਸਿਆਸਤਦਾਨ ਅਤੇ ਕੱਚ-ਘਰੜ ਵਿਦਵਾਨ ਵੀ ਇਸ ਫਰਕ ਨੂੰ ਨਹੀਂ ਸਮਝਦੇ।ਜਸਵੀਰ ਸਿੰਘ ਦੀ ਧਾਰਨਾ ਹੈ ਕਿ ਰਾਜ ਅਤੇ ਕੌਮ ਵਿੱਚ ਢੇਰ ਸਾਰਾ ਫਰਕ ਹੁੰਦਾ ਹੈ ਅਤੇ ਰਾਜ ਦਾ ਅਸਲ ਵਿੱਚ ਮੁਢ ਤੇ ਵਿਕਾਸ ਯੂਰਪ ਵਿੱਚ ਹੀ ਹੋਇਆ। ਲੇਖਕ ਇਸ ਵਿਕਾਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਪਹਿਲਾਂ ਹਿੱਸਾ 500 ਬੀਸੀ ਤੋਂ ਸ਼ੁਰੂ ਕਰਕੇ 1500 ਈਸਵੀ ਤੱਕ ਲੈ ਕੇ ਜਾਂਦਾ ਹੈ, ਜਦਕਿ ਦੂਜਾ ਹਿੱਸਾ 1600 ਈਸਵੀ ਤੋਂ ਸ਼ੁਰੂ ਹੋ ਕੇ 1900 ਈਸਵੀ ਤੱਕ ਜਾਂਦਾ ਹੈ। ਇਥੇ ਪਾਠਕਾਂ ਦੇ ਸਹੂਲਤ ਲਈ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਸੀਂ ਕੌਮ ਦੀ ਥਾਂ ਰਾਸ਼ਟਰ ਕੌਮਵਾਦ ਦੀ ਥਾਂ ਰਾਸ਼ਟਰਵਾਦ ਅਤੇ ਨੇਸ਼ਨ- ਸਟੇਟ ਦੀ ਥਾਂ ਰਾਸ਼ਟਰ-ਰਾਜ ਦਾ ਸ਼ਬਦ ਵੀ ਵਰਤ ਸਕਦੇ ਹਾਂ।

ਜਸਵੀਰ ਸਿੰਘ ਇੱਕ ਹੋਰ ਤੱਥ ਨੂੰ ਵੀ ਸਾਡੇ ਮਨਾਂ ਵਿੱਚ ਬਿਠਾਉਣਾ ਚਾਹੁੰਦੇ ਹਨ ਕਿ 1900 ਈਸਵੀ ਤੋਂ ਪਹਿਲਾਂ ਇਤਿਹਾਸ ਦੇ ਹਰੇਕ ਪੜਾਅ ਵਿੱਚ ਬਹੁਤੇ ਰਾਜ ਨਾ ਤਾਂ ਕੌਮੀ ਸਨ ਅਤੇ ਨਾ ਹੀ ਧਾਰਮਿਕ ਇੱਕਰੂਪਤਾ ਉੱਤੇ ਆਧਾਰਤ ਸਨ,ਬਲਕਿ ਬਹੁ ਕੌਮੀ ਰੂਪ ਦੇ ਸਨ।ਇਉ ਸਮਝੋ ਕਿ ਇਹ ਸਾਰਾ ਦੌਰ ਇੱਕ ਤਰ੍ਹਾਂ ਨਾਲ ਖੇਤੀ ਆਧਾਰਤ ਸੱਭਿਆਤਾ ਸੀ। ਇਹਨਾਂ ਸਾਰੇ ਦੌਰਾਂ ਨੂੰ ਸਾਮਰਾਜ ਜਾਂ ਐਮਪਾਇਰ ਦੇ ਨਾਂ ਨਾਲ ਵੀ ਯਾਦ ਕੀਤਾ ਜਾ ਸਕਦਾ ਹੈ।

ਪਰ 1648 ਈਸਵੀ ਵਿੱਚ ਯੂਰਪ ਨੇ ਇੱਕ ਨਵਾਂ ਮੋੜ ਕੱਟਿਆ ਅਤੇ ਮਗਰੋਂ ਬਾਕੀ ਸਾਰੇ ਖਿਤੇ ਵੀ ਹੌਲੀ ਹੌਲੀ ਇਸੇ ਮੋੜ ਵੱਲ ਢਲ ਗਏ ਜਾਂ ਢਾਲ ਦਿੱਤੇ ਗਏ।ਦੂਜੇ ਸ਼ਬਦਾਂ ਵਿੱਚ 1648ਈਸਵੀ ਵਿੱਚ ਇੱਕ ਅਜਿਹੀ ਸੰਧੀ ਹੋਂਦ ਵਿੱਚ ਆਈ ਜਿਸ ਨੂੰ ਅਸੀਂ 'ਵੈਸਟਫੇਲੀਅਨ ਸੰਧੀ' ਕਹਿੰਦੇ ਹਾਂ।ਯੂਰਪ ਦੇ ਧਰਤੀ 'ਤੇ 30 ਸਾਲ ਦੇ ਭਿਆਨਕ ਖੂਨ ਖਰਾਬੇ ਤੋਂ ਪਿੱਛੋਂ ਇਹ ਸੰਧੀ ਹੋਂਦ ਵਿੱਚ ਆਈ ਤਾਂ ਇਉਂ ਸਮਝੋ ਕਿ ਮੋਟੇ ਤੌਰ ਤੇ ਹੁਣ ਦੁਨੀਆਂ 'ਮੁਲਕਾਂ' ਵਿੱਚ ਵੰਡੀ ਗਈ ਜਿਸ ਨੂੰ ਮਗਰੋਂ ਨੇਸ਼ਨ-ਸਟੇਟ ਜਾਂ ਕੌਮੀ ਰਾਜ ਕਿਹਾ ਜਾਣ ਲੱਗਾ।ਅੱਜ ਦੁਨੀਆ ਵਿੱਚ ਕਰੀਬ 193 ਨੇਸ਼ਨ ਸਟੇਟ ਹਨ।ਫਰਾਂਸ ਦੇ ਇਨਕਲਾਬ (1789 ਈਸਵੀ) ਅਤੇ ਅਮਰੀਕਾ ਦੇ ਇਨਕਲਾਬ ਮਗਰੋਂ ਨੇਸ਼ਨ-ਸਟੇਟ ਦੀ ਨੁਹਾਰ' ਮੁਹਾਂਦਰਾ,ਰੂਪ ਰੇਖਾ ਅਤੇ ਵਿਚਾਰ ਹੋਰ ਵੀ ਨਿਖਰ ਕੇ ਸਾਡੇ ਸਾਹਮਣੇ ਆਏ। ਇੱਥੇ ਇਹ ਵੀ ਯਾਦ ਕਰਾਉਣ ਅਤੇ ਹੋਰ ਸਪਸ਼ਟ ਹੋਣ ਦੀ ਲੋੜ ਹੈ ਕਿ ਵੈਸਟਫੇਲੀਆ ਜਰਮਨੀ ਦਾ ਇੱਕ ਸੂਬਾ ਸੀ।ਇਥੇ ਹੀ ਇਹ ਸੰਧੀ ਹੋਈ ਜਿਸ ਨਾਲ ਪ੍ਰਭੂ ਸੱਤਾ ਦਾ ਸਿਧਾਂਤ ਹੋਂਦ ਵਿੱਚ ਆਇਆ। ਕੌਮਾਂਤਰੀ ਪ੍ਰਣਾਲੀ ਹੋਂਦ ਵਿੱਚ ਆਈ ਅਤੇ ਕੌਮਾਂਤਰੀ ਭਾਈਚਾਰੇ ਦਾ ਆਰੰਭ ਹੋਇਆ।ਕੌਮਾਂਤਰੀ ਕਾਨੂੰਨਾਂ ਨੇ ਜਨਮ ਧਾਰਿਆ ਅਤੇ ਨੇਸ਼ਨ-ਸਟੇਟ ਵਜੂਦ ਵਿੱਚ ਆਏ ਅਤੇ ਇਹਨਾਂ ਮੁਲਕਾਂ ਦੀਆਂ ਬਾਕਾਇਦਾ ਹੱਦਾਂ ਨਿਸ਼ਚਿਤ ਹੋਈਆਂ। ਅਸੀਂ ਹੁਣ ਜਿੱਥੇ ਰਹਿ ਰਹੇ ਹਾਂ ਇਸ ਨੂੰ ਰਾਜਨੀਤਕ ਮੁਹਾਵਰੇ ਮੁਤਾਬਕ ਭਾਰਤੀ ਨੇਸ਼ਨ-ਸਟੇਟ ਕਿਹਾ ਜਾਂਦਾ ਹੈ।

ਜਦੋਂ ਅਸੀਂ ਕੌਮਵਾਦ ਜਾਂ ਰਾਸ਼ਟਰਵਾਦ ਦੀਆਂ ਵੱਖ ਵੱਖ ਵੰਨਗੀਆਂ ਦੀ ਗੱਲ ਕਰਦੇ ਹਾਂ ਤਾਂ ਇਸ ਦੀਆਂ ਦਰਜਨਾਂ ਕਿਸਮਾਂ ਹਨ,ਪਰ ਜਸਵੀਰ ਸਿੰਘ ਨੇ  ਮੋਟੇ ਤੌਰ ਤੇ ਕੌਮਵਾਦ ਦੇ ਤਿੰਨ ਰੂਪ ਦੱਸੇ ਹਨ। ਇਕ ਸਰਕਾਰੀ ਕੌਮਵਾਦ(state nationalism )ਦੂਜਾ ਸਮਾਜਕ ਕੌਮਵਾਦ(civic nationalism) ਅਤੇ ਤੀਜਾ ਕੌਮੀ ਕੌਮਵਾਦ( ethnic nationalism)ਲੇਖਕ ਸਰਕਾਰੀ ਕੌਮਵਾਦ ਨੂੰ ਲੈ ਕੇ ਭਾਰਤ ਦੀ ਮਿਸਾਲ ਦਿੰਦਾ ਹੈ ਜਿੱਥੇ ਭਾਰਤ ਦੀਆਂ ਸਰਕਾਰਾਂ ਭਾਰਤ ਵਿੱਚ ਵਸਣ ਵਾਲੀਆਂ ਸਾਰੀਆਂ ਧਾਰਮਿਕ ਅਤੇ ਸੱਭਿਆਚਾਰਕ ਕੌਮਾਂ ਦੀਆਂ ਵੱਖਰੀਆਂ ਵੱਖਰੀਆਂ ਪਛਾਣਾਂ ਨੂੰ ਇੱਕੋ ਭਾਰਤੀ ਕੌਮੀਅਤ ਵਿੱਚ ਢਾਲਣ ਦੀ ਨੀਤੀ ਉੱਤੇ ਚਲਦੀਆਂ ਹਨ। ਦੂਜੇ ਪਾਸੇ ਲੇਖਕ ਮੁਤਾਬਕ ਇਥੋਂ ਦੀ ਧਾਰਮਿਕ ਬਹੁਗਿਣਤੀ ਦਾ ਕੌਮਵਾਦ ਸਮਾਜਕ ਕੌਮਵਾਦ ਵਾਲਾ ਹੈ ਅਰਥਾਤ ਉਹ ਮੁਸਲਮਾਨਾਂ ਅਤੇ ਸਿੱਖਾਂ ਵਗੈਰਾ ਨੂੰ ਆਪਣੇ ਹਿੰਦੂ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਵਿੱਚ ਜਜ਼ਬ ਕਰਨ ਲਈ ਕਿਸੇ ਵੀ ਤਰ੍ਹਾਂ ਦੀਆਂ ਸਖਤ ਰੋਕਾਂ ਨਹੀਂ ਲਾਉਂਦੀ।ਇੱਥੇ ਲੇਖਕ ਦੀ ਇਸ ਧਾਰਨਾ ਉੱਤੇ   ਗੰਭੀਰ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ;ਕਿਉਂਕਿ ਸਰਕਾਰੀ ਕੌਮਵਾਦ ਅਤੇ ਹਿੰਦੂ ਰਾਸ਼ਟਰ ਦਾ ਕੌਮਵਾਦ ਦੋਵੇਂ ਥੋੜੇ ਬਹੁਤੇ ਫਰਕ ਨਾਲ ਇੱਕ ਦੂਜੇ ਵਿੱਚ ਘਿਓ ਖਿਚੜੀ ਹਨ। ਸਿੱਖਾਂ ਬਾਰੇ ਤਾਂ ਸਪਸ਼ਟ ਹੀ ਕਿਹਾ ਜਾਂਦਾ ਹੈ ਕਿ ਭਾਵੇਂ ਉਨਾਂ ਦੀ ਬਾਹਰੀ ਪਛਾਣ ਵੱਖਰੀ ਹੈ ਪਰ ਉਹ ਬੁਨਿਆਦੀ ਤੌਰ ਤੇ 'ਹਿੰਦੂ'ਹੀ ਹਨ। ਆਰਐਸਐਸ ਲਗਾਤਾਰ ਇਸੇ ਧਾਰਨਾ ਤੇ ਖੜੀ ਹੈ।ਇਥੋਂ ਤੱਕ ਕਿ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਰੱਖਣ ਦੀ ਓਪਰੀ ਜਿਹੀ ਖੁੱਲ ਭਾਵੇਂ ਹੈ ਪਰ ਜਦੋਂ ਕਿਸੇ ਨਗਰ ਕੀਰਤਨ ਜਾਂ ਇਕੱਠ ਵਿੱਚ ਆਪਣੀ ਵੱਖਰੀ ਹੋਂਦ ਦੇ ਨਾਅਰੇ ਲੱਗਦੇ ਹਨ ਜਾਂ ਗੱਲ ਕੀਤੀ ਜਾਂਦੀ ਹੈ ਤਾਂ ਸਹਿਜੇ ਹੀ ਉਸ ਵਰਤਾਰੇ ਨੂੰ ਵੱਖਵਾਦ,ਅੱਤਵਾਦ, ਰਾਸ਼ਟਰ ਵਿਰੋਧੀ, ਗੱਦਾਰੀ,ਅਤੇ ਦੇਸ਼ ਧ੍ਰੋਹ ਵਰਗੇ ਸ਼ਬਦਾਂ ਦੇ ਵਰਗ ਵਿੱਚ ਲਿਆਂਦਾ ਜਾਂਦਾ ਹੈ।

 ਲੇਖਕ ਨੇ ਹਰ ਕਾਂਡ ਦੇ ਅਖੀਰ 'ਤੇ ਵਿਸ਼ੇ ਅਤੇ ਹਵਾਲਿਆਂ ਨਾਲ ਜੁੜੀਆਂ ਕਿਤਾਬਾਂ ਦੀ ਸੂਚੀ ਵੀ ਪੇਸ਼ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਹਨਾਂ ਕਿਤਾਬਾਂ ਨੂੰ ਨਿਠ ਕੇ ਪੜਿਆ ਹੈ।ਇੰਜ ਕਿਤਾਬ ਦਾ ਅਕਾਦਮਿਕ ਪੱਧਰ ਵੀ ਸਥਾਪਤ ਹੋਇਆ ਹੈ। ਕਿਤਾਬ ਦੀ ਅਗਲੀ ਐਡੀਸ਼ਨ ਵਿੱਚ ਹੋਰ ਵਾਧੇ ਕਰਨ ਦਾ ਸੁਝਾਅ ਹੈ।ਮੇਰਾ ਖਿਆਲ ਹੈ ਕਿ ਲੇਖਕ ਨੂੰ ਨੇਸ਼ਨ- ਸਟੇਟ ਦੇ ਗੁੰਝਲਦਾਰ ਵਰਤਾਰੇ ਬਾਰੇ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ ਸਿੱਖ ਕੌਮ ਦੀ ਨੇਸ਼ਨ- ਸਟੇਟ ਜਾਂ ਨੈਸ਼ਨਲ ਸਟੇਟ ਕਿਹੋ ਜਿਹੀ ਹੋਣੀ ਚਾਹੀਦੀ ਹੈ,ਉਸ ਬਾਰੇ ਸਰਲ ਤੋਂ ਬਰੀਕ ਅਤੇ ਬਹੁਪਰਤੀ ਜਾਣਕਾਰੀ ਗੰਭੀਰ ਪਾਠਕਾਂ ਤੱਕ ਪੁਜਣੀ ਚਾਹੀਦੀ ਹੈ। ਇਹ ਇਸ ਲਈ ਵੀ ਜ਼ਰੂਰੀ ਹੈ  ਕਿਉਂਕਿ ਸਿੱਖਾਂ ਦੇ ਚੇਤਨ ਵਰਗ ਦੇ ਇੱਕ ਹਿੱਸੇ ਵਿੱਚ ਨੇਸ਼ਨ-ਸਟੇਟ ਨੂੰ ਵਿੰਗੇ ਟੇਢੇ ਤਰੀਕੇ ਨਾਲ ਰੱਦ ਕੀਤਾ ਹੈ। ਕੁਝ ਲੋਕ 'ਹਾਂ ਅਤੇ ਨਾਂਹ' ਦੇ ਵਿੱਚ ਵੀ ਲਟਕ ਰਹੇ ਜਾਪਦੇ ਹਨ,ਜਦ ਕਿ ਕੁਝ ਬਿਨਾਂ ਪੜੇ ਤੋਂ ਜਾਂ ਘੱਟ ਪੜੇ ਤੋਂ ਅਤੇ ਜਾਂ ਭਾਰਤੀ ਸਟੇਟ ਦੇ ਅਸਰ ਹੇਠ ਨੇਸ਼ਨ-ਸਟੇਟ ਨੂੰ ਭੰਡ ਰਹੇ ਹਨ,ਪਰ ਇੱਕ ਹੋਰ ਵਿਦਵਾਨ ਭਾਈ ਅਵਤਾਰ ਸਿੰਘ (ਇੰਗਲੈਂਡ)ਨੇ ਇੱਕ ਖੋਜ ਪੱਤਰ 'ਰਾਸ਼ਟਰ ,ਰਾਸ਼ਟਰਵਾਦ ਅਤੇ ਰਾਸ਼ਟਰੀ-ਸਟੇਟ ਨੂੰ ਸਮਝਦਿਆਂ' ਦੇ ਸਿਰਲੇਖ ਹੇਠ ਨੇਸ਼ਨ-ਸਟੇਟ ਨੂੰ ਭੰਡਣ ਦੇ ਨਤੀਜਿਆਂ ਤੋਂ ਸਾਨੂੰ ਕਿਵੇਂ ਸਾਵਧਾਨ ਕੀਤਾ ਹੈ:'ਸਿੱਖ ਹਲਕਿਆਂ ਵਿੱਚ ਜੋ ਰਾਸ਼ਟਰਵਾਦ ਅਤੇ ਰਾਸ਼ਟਰੀ ਸਟੇਟ ਦੀ ਨਿੰਦਾ ਹੋ ਰਹੀ ਹੈ,ਉਹ ਕਿਸੇ ਡੂੰਘੀ ਅਕਾਦਮਿਕ ਕਸਰਤ ਵਿੱਚੋਂ ਨਹੀਂ ਹੋ ਰਹੀ ਬਲਕਿ ਭਾਰਤੀ ਸਟੇਟ ਦੇ ਮੌਜੂਦਾ ਸਿਆਸੀ ਪ੍ਰੋਗਰਾਮ ਮੁਤਾਬਿਕ ਭਾਰਤੀ ਸਟੇਟ ਦੀਆਂ ਘੱਟ ਗਿਣਤੀਆਂ ਬਾਰੇ ਵਿਰੋਧੀ ਨੀਤੀਆਂ ਅਤੇ ਘੱਟ ਗਿਣਤੀਆਂ ਦੇ ਸਰੀਰਕ, ਸਿਆਸੀ ਅਤੇ ਸੱਭਿਆਚਾਰਕ ਧਾਰਮਿਕ ਕਤਲੇਆਮ ਦੇ ਮੱਦੇ ਨਜ਼ਰ ਹੀ ਹੋ ਰਹੀ ਹੈ।ਅਸੀਂ ਸਮਝਦੇ ਹਾਂ ਕਿ ਭਾਰਤੀ ਸਟੇਟ ਦੀ ਤਾਨਾਸ਼ਾਹ ਨੀਤੀ ਨੂੰ ਦੇਖ ਕੇ ਅਤੇ ਹੰਢਾ ਕੇ ਇਹ ਸਿੱਟਾ ਕੱਢ ਲੈਣਾ ਕਿ ਸਮੁੱਚੇ ਰੂਪ ਵਿੱਚ ਹੀ ਨੇਸ਼ਨ-ਸਟੇਟ ਦਾ ਮਾਡਲ ਇੱਕ ਖਤਰਨਾਕ ਮਾਡਲ ਹੈ,ਇਹ ਠੀਕ ਨਹੀਂ ਹੈ।ਜਦੋਂ ਅਸੀਂ ਨੇਸ਼ਨ-ਸਟੇਟ ਨੂੰ ਮੂਲੋ ਹੀ ਰੱਦ ਕਰ ਦਿੰਦੇ ਹਾਂ ਤਾਂ ਅਸੀਂ ਇਸ ਦੇ ਨਾਲ ਹੀ ਰਾਸ਼ਟਰ (ਕੌਮ), ਰਾਸ਼ਟਰਵਾਦ (ਕੌਮਵਾਦ) ਨੂੰ ਵੀ ਨਾਲ ਹੀ ਰੱਦ ਕਰ ਦੇਂਦੇ ਹਾਂ,ਕਿਉਂਕਿ ਰਾਸ਼ਟਰ,ਰਾਸ਼ਟਰਵਾਦ ਅਤੇ ਰਾਸ਼ਟਰੀ-ਸਟੇਟ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ।ਇਹ ਤਿੰਨੇ ਇੱਕ ਦੂਜੇ ਨਾਲ ਜੁੜੇ ਹੋਏ ਹਨ।ਇਹਨਾਂ ਨੂੰ ਇੱਕ ਦੂਜੇ ਤੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ।ਜਦੋਂ ਅਸੀਂ ਰਾਸ਼ਟਰਵਾਦ ਅਤੇ ਰਾਸ਼ਟਰੀ-ਸਟੇਟ ਵਿੱਚੋਂ ਕਿਸੇ ਇੱਕ ਨੂੰ ਵੀ ਰੱਦ ਕਰਦੇ ਹਾਂ ਤਾਂ ਅਸੀਂ ਇਹਨਾਂ ਤਿੰਨਾਂ ਨੂੰ ਹੀ ਰੱਦ ਕਰ ਰਹੇ ਹੁੰਦੇ ਹਾਂ। ਇਸ ਨਾਲ ਸਿੱਖਾਂ ਦਾ ਇੱਕ ਵੱਖਰੀ ਕੌਮ ਹੋਣ ਦਾ ਦਾਅਵਾ ਵੀ ਆਪਣੇ ਆਪ ਰੱਦ ਹੋ ਜਾਂਦਾ ਹੈ।

ਪਰ ਅਵਤਾਰ ਸਿੰਘ ਸਾਨੂੰ ਇਸ ਗੱਲ ਤੋਂ ਵੀ ਸਾਵਧਾਨ ਕਰਦੇ ਹੋਏ ਕਹਿ ਰਹੇ ਹਨ ਕਿ ਰਾਸ਼ਟਰਵਾਦ ਅਤੇ ਫਾਸ਼ੀਵਾਦ ਦਰਮਿਆਨ ਫਰਕ ਹੁੰਦਾ ਹੈ ।ਬਹੁਤ ਵੱਡਾ ਫਰਕ ਹੈ।ਪਰ ਸਵਾਲ ਨਿਸ਼ਾਨਿਆਂ ਦਾ ਹੈ।ਰਾਸ਼ਟਰਵਾਦ ਦੇ ਨਿਸ਼ਾਨੇ ਜੇ ਮਨੁੱਖਤਾਵਾਦੀ ਫਿਲਾਸਫੀ ਤੋਂ ਥਿੜਕ ਜਾਣ ਤਾਂ ਫਿਰ ਉਹ ਫਾਸ਼ੀਵਾਦ ਦਾ ਰੂਪ ਅਖਤਿਆਰ ਕਰ ਲੈਂਦੇ ਹਨ। ਭਾਰਤ ਦੇ ਜਿਸ ਸਿਆਸੀ ਦ੍ਰਿਸ਼ ਨੂੰ ਦੇਖ ਕੇ ਸਿੱਖ ਵਿਦਵਾਨ ਰਾਸ਼ਟਰਵਾਦ ਅਤੇ ਰਾਸ਼ਟਰੀ ਸਟੇਟ ਨੂੰ ਰੱਦ ਕਰ ਰਹੇ ਹਨ,ਉਹ ਗਲਤੀ ਰਾਸ਼ਟਰੀ ਸਟੇਟ ਦੀ ਨਹੀਂ ਹੈ ਬਲਕਿ ਇੱਕ ਬਹੁ-ਰਾਸ਼ਟਰੀ ਸਟੇਟ (ਨੈਸ਼ਨਲ ਸਟੇਟ) ਨੂੰ ਬੰਦੂਕ ਦੀ ਨੋਕ 'ਤੇ ਰਾਸ਼ਟਰੀ ਸਟੇਟ ਬਣਾਉਣ ਦੇ ਯਤਨਾਂ ਦੀ ਹੈ।ਭਾਰਤ ਇੱਕ ਰਾਸ਼ਟਰੀ ਸਟੇਟ ਨਹੀਂ ਹੈ ਬਲਕਿ ਬਹੁ ਰਾਸ਼ਟਰੀ ਸਟੇਟ ਹੈ।ਭਾਰਤ ਦੇ ਹਾਕਮ 1947 ਤੋਂ ਹੀ ਇਸ ਬਹੁ ਰਾਸ਼ਟਰੀ ਸਟੇਟ ਨੂੰ ਇੱਕ ਰਾਸ਼ਟਰੀ ਸਟੇਟ ਬਣਾਉਣ ਦੇ ਯਤਨ ਕਰ ਰਹੇ ਹਨ,ਕਿਉਂਕਿ ਉਹ ਭਾਰਤ ਦੇ ਕੁਦਰਤੀ ਸਿਆਸੀ ਵਹਾਅ ਦੇ ਖਿਲਾਫ ਲੜ ਰਹੇ ਹਨ।ਇਸੇ ਲਈ ਉਹ ਹਰ ਕਿਸਮ ਦਾ ਘੋਰ ਤਸ਼ੱਦਦ, ਮਾਰਾਮਰਾਈ,ਕਤਲੇਆਮ ਅਤੇ ਜ਼ਲਾਲਤ ਘੱਟ ਗਿਣਤੀਆਂ ਦੇ ਪੱਲੇ ਪਾ ਰਹੇ ਹਨ। ਦੁਨੀਆ ਵਿੱਚ ਸਿਰਫ ਇੱਕੀ ਮੁਲਕ ਹੀ ਰਾਸ਼ਟਰੀ-ਸਟੇਟਾਂ ਹਨ ਜਿੱਥੇ ਇੱਕ ਹੀ ਕੌਮ ਵਸਦੀ ਹੈ ਅਤੇ ਹੋਰ ਕੋਈ ਵੀ ਘੱਟ ਗਿਣਤੀ ਭਾਈਚਾਰਾ,ਸਮੂਹ ਜਾਂ ਕੌਮ ਨਹੀਂ ਵੱਸਦੀ।ਅਸਲੀ ਰਾਸ਼ਟਰੀ-ਸਟੇਟਾਂ ਇਨਾਂ 21 ਮੁਲਕਾਂ ਨੂੰ ਹੀ ਆਖਿਆ ਜਾ ਸਕਦਾ ਹੈ।ਬਾਕੀ ਸਾਰੀ ਦੁਨੀਆ ਦੇ ਮੁਲਕ ਬਹੁ-ਰਾਸ਼ਟਰੀ ਅਰਥਾਤ ਨੈਸਨਲ ਸਟੇਟ ਹਨ।ਸਿੱਖ ਵਿਦਵਾਨਾਂ ਨੂੰ ਨੇਸ਼ਨ-ਸਟੇਟ ਅਤੇ ਨੈਸ਼ਨਲ-ਸਟੇਟ ਦੇ ਫਰਕ ਨੂੰ ਸਮਝਣਾ ਚਾਹੀਦਾ ਹੈ।'

ਪਿਛਲੇ ਕੁਝ ਵਰਿਆਂ ਤੋਂ ਭਾਰਤ ਦੀ ਬਹੁ ਗਿਣਤੀ ਨਾਲ ਸਬੰਧਤ ਵਿਦਵਾਨਾਂ ਨੇ ਹਿੰਦੂ ਰਾਸ਼ਟਰ ਦੇ ਸੰਕਲਪ ਅਤੇ ਇਸ ਸੰਕਲਪ ਦੀ ਵਿਆਖਿਆ ਅਤੇ ਹਮਾਇਤ ਵਿੱਚ ਥਬਿਆਂ ਦੇ ਥੱਬੇ ਲੇਖ ਲਿਖੇ ਹਨ ਅਤੇ ਲਗਾਤਾਰ ਲਿਖੇ ਜਾ ਰਹੇ ਹਨ ।ਕਈ ਚੈਨਲ ਤਾਂ ਇਸ ਵਿਸ਼ੇ ਉੱਤੇ ਵੱਡੀਆਂ ਅਤੇ ਇੱਕ ਪਾਸੜ ਬਹਿਸਾਂ ਦੀ ਮੂਸਲਾਧਾਰ ਬਾਰਿਸ਼ ਕਰ ਰਹੇ ਹਨ। ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।ਸਵਾਲ ਪੈਦਾ ਹੁੰਦਾ ਹੈ ਕਿ ਕੀ ਹਿੰਦੂ ਰਾਸ਼ਟਰ ਐਮਪਾਇਰ ਕਾਇਮ ਕਰਨ ਦੇ ਕਿਸੇ ਪੁਰਾਣੇ ਮਾਡਲ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨ ਵੱਲ ਵਧ ਰਿਹਾ ਹੈ?ਕੀ ਇੱਕ ਬੋਲੀ ਅਤੇ ਇੱਕ ਸੱਭਿਆਚਾਰ ਨਾਲ ਸਾਰਿਆਂ ਨੂੰ ਨਰੜਿਆ ਜਾ ਰਿਹਾ ਹੈ?ਅਗਲੀ ਪੁਸਤਕ ਇਹਨਾਂ ਗੰਭੀਰ ਵਿਸ਼ਿਆਂ ਨੂੰ ਆਪਣੀ ਸੋਚ ਦਾ ਹਿੱਸਾ ਬਣਾਏਗੀ, ਇਸ ਦੀ ਲੇਖਕ ਤੋਂ ਉਮੀਦ ਕੀਤੀ ਜਾਂਦੀ ਹੈ।

 ਜਸਵੀਰ ਸਿੰਘ ਵੱਲੋਂ ਇਸ ਮਹੱਤਵਪੂਰਨ ਵਿਸ਼ੇ ਉੱਤੇ ਕੀਤੇ ਗਏ ਪਲੇਠੇ ਯਤਨ ਦੀ ਹਰ ਪਾਸਿਓਂ ਪ੍ਰਸ਼ੰਸਾ ਅਤੇ ਸਵਾਗਤ ਕੀਤਾ ਜਾਣਾ ਚਾਹੀਦਾ ਹੈ।

 

 

ਕਰਮਜੀਤ ਸਿੰਘ ਚੰਡੀਗੜ੍ਹ

ਸੀਨੀਅਰ ਪੱਤਰਕਾਰ