ਸਾਕਾ ਨਕੋਦਰ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਵਿਚ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਸਾਕਾ ਨਕੋਦਰ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਵਿਚ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮਿਤੀ 22/09/2022 ਨੂੰ   ਪੰਜਾਬ ਸਰਕਾਰ ਨੂੰ ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਕਮੀਸ਼ਨ ਦੀ ਅਦਾਲਤੀ ਰਿਪੋਰਟ ਦਾ ਦੂਸਰਾ ਹਿਸਾ ਗੁੰਮ ਹੋਣ ਦੇ ਸਬੰਧੀ SIT ਦੀ ਟੀਮ ਤੋਂ ਜਾਂਚ ਦਾ ਹੁਕਮ


ਅੰਮ੍ਰਿਤਸਰ ਟਾਈਮਜ਼
ਫਰੀਮਾਂਟ
: 1986 ਦੇ ਨਕੋਦਰ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਵਿਚ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਇਸ ਮਾਮਲੇ ਦੀ  ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਹਿੱਸਾ ਜਿਸ ਵਿਚ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ, ਦੇ ਗੁੰਮ ਹੋ ਜਾਣ ਦੇ  ਮੁੱਦੇ ਤੇ ਦਾਇਰ ਪਟੀਸ਼ਨ ਤੇ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ  
ਨਕੋਦਰ ਦੇ ਗੁਰਦੁਆਰੇ ਵਿਚ 2 ਫ਼ਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਅਗਨ ਭੇਟ ਕਰ ਦਿੱਤੇ ਗਏ ਸਨ। ਘਟਨਾ ਤੋਂ ਦੋ ਦਿਨ ਬਾਅਦ ਭੜਕੇ ਲੋਕਾਂ ਨੇ ਨਕੋਦਰ ਵਿਚ ਰੋਸ ਮਾਰਚ ਕੀਤਾ ਸੀ, ਜਿਸ ਦੌਰਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਪੁਲੀਸ ਨੀਮ ਨੇ ਪ੍ਰਦਰਸ਼ਨਕਾਰੀਆਂ 'ਤੇ 300 ਗੋਲੀਆਂ ਚਲਾਈਆਂ ਸਨ। ਗੋਲੀ ਕਾਂਡ ਵਿਚ ਚਾਰ ਨੌਜਵਾਨ ਮਾਰੇ ਗਏ ਸਨ। ਉਸ ਵੇਲੇ ਦੀ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਨਿਯੁਕਤ ਕਰ ਕੇ ਰਿਪੋਰਟ ਦੇਣ ਲਈ ਆਖਿਆ ਸੀ। ਭਾਵੇਂ ਉਸੇ ਵਰ੍ਹੇ ਜਾਂਚ ਕਮਿਸ਼ਨ ਨੇ ਰਿਪੋਰਟ ਦੇ ਦਿੱਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। 
ਉਸ ਵੇਲੇ ਜ਼ਿਲ੍ਹਾ ਮੈਜਿਸਟ੍ਰੇਟ ਦਰਬਾਰਾ ਸਿੰਘ ਗੁਰੂ ਸਨ ਜਦਕਿ ਮੋਹਾਲੀ ਦੇ ਐਸਐਸਪੀ ਮੁਹੰਮਦ ਇਜ਼ਹਾਰ ਆਲਮ ਅਤੇ ਐਸਪੀ (ਅਪਰੇਸ਼ਨ) ਅਸ਼ਵਨੀ ਕਮੁਾਰ ਸ਼ਰਮਾ ਸਨ। 

1986 ਸਾਕਾ ਨਕੋਦਰ ਬੇਅਦਬੀ ਕਾਂਡ ਦਾ ਅਸਲ ਮਾਮਲਾ*

1986 ਸਾਕਾ ਨਕੋਦਰ ਬੇਅਦਬੀ ਕਾਂਡ ਦੇ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਦੂਸਰਾ ਹਿੱਸਾ ਸਰਕਾਰੀ ਰਿਕਾਰਡਾਂ ਵਿੱਚੋਂ ਗ਼ਾਇਬ ਹੋਣ ਦੀ ਜਾਂਚ ਕਰਵਾਉਣ ਸੰਬੰਧੀ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਜੀ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਤੇ ਸਮਾਜ ਸੇਵੀ ਐਡਵੋਕੇਟ ਹਰੀ ਚੰਦ ਅਰੋੜਾ ਜੀ ਰਾਹੀਂ ਦਾਇਰ ਕੀਤੀ ਪਟੀਸ਼ਨ ਤੇ ਮਾਨਯੋਗ ਜਸਟਿਸ ਨਮਿਤ ਕੁਮਾਰ ਜੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 1986 ਸਾਕਾ ਨਕੋਦਰ ਅਦਾਲਤੀ ਜਾਂਚ ਰਿਪੋਰਟ ਦੇ ਦੂਸਰੇ ਭਾਗ ਦੇ "ਗੁੰਮ" ਹੋਣ ਦੀ SIT ਟੀਮ ਬਣਾਕੇ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।  4 ਫਰਵਰੀ 1986 ਨੂੰ ਪੰਜਾਬ ਪੁਲਿਸ ਨੇ ਨਕੋਦਰ ਵਿੱਚ ਸਿੱਖਾਂ ਦੇ ਇੱਕ ਸ਼ਾਂਤਮਈ ਕਾਫਿਲੇ ਉੱਪਰ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸਿੱਖਾਂ ਦਾ ਇਹ ਕਾਫਿਲਾ ਦੋ ਦਿਨ ਪਹਿਲਾਂ (ਭਾਵ 2 ਫਰਵਰੀ 1986) ਨੂੰ ਗੁਰਦੁਆਰਾ ਗੁਰੂ ਅਰਜਨ ਜੀ, ਨਕੋਦਰ ਵਿਖੇ ਅਗਨ ਭੇਟ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ ਲਿਜਾਣ ਵਾਸਤੇ ਜਾ ਰਿਹਾ ਸੀ। ਸਾਕਾ ਨਕੋਦਰ 1986 ਦੌਰਾਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਇਹ ਸਾਕਾ ਵਰਤਾ ਦੇਣ ਤੋਂ ਬਾਅਦ ਸ਼ਹੀਦ ਹੋਏ ਸਿੱਖ ਨੌਜਵਾਨਾਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ, ਸ਼ਹੀਦ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ, ਸ਼ਹੀਦ ਭਾਈ ਝਿਲਮਣ ਸਿੰਘ ਜੀ ਗੋਰਸੀਆਂ ਅਤੇ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਸਨ ਦਿੱਤੀਆਂ ਅਤੇ ਆਪੇ ਹੀ ਇਨ੍ਹਾਂ ਦਾ ਬਿਨਾ ਮਰਿਆਦਾ ਦੇ ਤੇਲ ਪਾ ਕੇ ਸਸਕਾਰ ਕਰ ਦਿੱਤਾ ਸੀ।  ਇਨ੍ਹਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੇ ਅੱਜ ਵੀ ਇਨ੍ਹਾਂ ਸ਼ਹੀਦ ਸਿੰਘਾਂ ਅਤੇ ਇਸ ਸਾਕੇ ਦੀ ਯਾਦ ਨੂੰ ਸੰਭਾਲਿਆ ਹੋਇਆ ਹੈ ਅਤੇ ਦੋਸ਼ੀਆਂ ਨੂੰ ਇਨਸਾਫ ਦੇ ਕਟਿਹਰੇ ਵਿੱਚ ਖੜ੍ਹਾ ਕਰਨ ਲਈ ਬਾਪੂ ਬਲਦੇਵ ਸਿੰਘ ਜੀ 1986 ਤੋਂ ਲਗਾਤਾਰ ਸਿਰੜ ਨਾਲ ਸੰਘਰਸ਼ ਕਰ ਰਹੇ ਹਨ।